ਗਲਤ ਕੁਰਸੀਨਾਮੇ ਦੇ ਆਧਾਰ ’ਤੇ ਜ਼ਮੀਨ ਦਾ ਕਰਵਾਇਆ ਇੰਤਕਾਲ, 6 ਨਾਮਜ਼ਦ
Saturday, Aug 08, 2026 - 07:26 PM (IST)
ਮੋਗਾ, (ਆਜ਼ਾਦ)-ਮੋਗਾ ਜ਼ਿਲੇ ਦੇ ਪਿੰਡ ਦੱਦਾਹੂਰ ਵਾਸੀ ਹਰਪਾਲ ਕੌਰ ਨੇ ਕੁਝ ਵਿਅਕਤੀਆਂ ’ਤੇ ਨੰਬਰਦਾਰ ਨਾਲ ਕਥਿਤ ਮਿਲੀਭੁਗਤ ਕਰ ਕੇ ਕੁਰਸੀਨਾਮੇ ਦੇ ਆਧਾਰ ’ਤੇ ਪਿੰਡ ਤਾਰੇਵਾਲਾ ਵਿਖੇ ਸਥਿਤ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਸਿਟੀ ਸਾਊਥ ਪੁਲਸ ਵੱਲੋਂ ਹਰਪਾਲ ਕੌਰ ਵਾਸੀ ਪਿੰਡ ਦੱਦਾਹੂਰ ਦੀ ਸ਼ਿਕਾਇਤ ’ਤੇ ਤਨਜੀਤ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਜੋਤ ਸਿੰਘ ਵਾਸੀ ਨਵਾਂ ਮੋਗਾ ਤਾਰੇਵਾਲਾ, ਪੂਰਨ ਸਿੰਘ ਨੰਬਰਦਾਰ ਵਾਸੀ ਸਿੰਘਾਂਵਾਲਾ ਅਤੇ ਗੁਰਜਿੰਦਰ ਸਿੰਘ ਗਿੱਲ ਵਾਸੀ ਨਵਾਂ ਮੋਗਾ ਤਾਰੇਵਾਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਚੜਿੱਕ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਜ਼ਿਲੀ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਹਰਪਾਲ ਕੌਰ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਕਰ ਕੇ ਗਲਤ ਕੁਰਸੀਨਾਮਾ ਤਿਆਰ ਕੀਤਾ ਅਤੇ ਇਸ ਨੂੰ ਮਾਲ ਵਿਭਾਗ ਕੋਲ ਪੇਸ਼ ਕਰ ਦਿੱਤਾ। ਇਸ ਤੋਂ ਬਾਅਦ ਉਕਤ ਕੁਰਸੀਨਾਮੇ ਦੇ ਆਧਾਰ ’ਤੇ ਜ਼ਮੀਨ ਦਾ ਇੰਤਕਾਲ ਕਰਵਾ ਲਿਆ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਵੱਲੋਂ ਇਸ ਤਰ੍ਹਾਂ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਜ਼ਿਲਾ ਪੁਲਸ ਮੁਖੀ ਦੇ ਹੁਕਮਾਂ ’ਤੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਵੇਂ ਧਿਰਾਂ ਨੂੰ ਆਪਣਾ-ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਪੁਲਸ ਵੱਲੋਂ ਕੀਤੀ ਜਾਂਚ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਜਾਂਚ ਅਧਿਕਾਰੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
