ਹਾਦਸੇ ’ਚ ਜ਼ਖਮੀ ਬਜ਼ੁਰਗ ਦੀ ਇਲਾਜ ਦੌਰਾਨ ਮੌਤ
Wednesday, Jan 28, 2026 - 06:30 PM (IST)
ਮੋਗਾ (ਆਜ਼ਾਦ) : ਮੋਗਾ-ਲੁਧਿਆਣਾ ਜੀ ਟੀ ਰੋਡ ’ਤੇ ਬਿਜਲੀ ਘਰ ਦੇ ਕੋਲ ਬੀਤੀ 26 ਜਨਵਰੀ ਨੂੰ ਲਾਵਾਰਸ ਪਸ਼ੂਆਂ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਕੇਵਲ ਸਿੰਘ (61) ਅਤੇ ਅਜਮੇਰ ਸਿੰਘ ਦੋਵੇਂ ਨਿਵਾਸੀ ਪਿੰਡ ਮਹੇਸ਼ਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਜਿਨਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕੇਵਲ ਸਿੰਘ ਨੇ ਦਮ ਤੋੜ ਦਿੱਤਾ ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆ ਫੋਕਲ ਪੁਆਇੰਟ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਵਿਰਦੀ ਨੇ ਦੱਸਿਆ ਕਿ ਕੇਵਲ ਸਿੰਘ ਆਪਣੇ ਰਿਸ਼ਤੇਦਾਰ ਅਜਮੇਰ ਸਿੰਘ ਨਾਲ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚੋਂ ਕਿਸੇ ਮਰੀਜ਼ ਦਾ ਪਤਾ ਲੈਣ ਉਪਰੰਤ ਵਾਪਸ ਪਿੰਡ ਜਾ ਰਹੇ ਸੀ ਤਾਂ ਬਿਜਲੀ ਘਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਏ।
ਜਿਨਾਂ ਨੂੰ ਸਮਾਜ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ, ਡਾਕਟਰਾਂ ਨੇ ਦੋਵਾਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਏਮਜ਼ ਹਸਪਤਾਲ ਬਠਿੰਡਾ ਰੈਫਰ ਕੀਤਾ, ਜਿੱਥੇ ਇਲਾਜ ਦੌਰਾਨ ਕੇਵਲ ਸਿੰਘ ਦੀ ਮੌਤ ਹੋ ਗਈ ਜਦਕਿ ਅਜਮੇਰ ਸਿੰਘ ਜੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਪਾਲ ਕੌਰ ਦੇ ਬਿਆਨਾਂ ’ਤੇ ਅਧੀਨ ਧਾਰਾ 194 ਬੀ.ਐਨ.ਐਸ ਦੇ ਤਹਿਤ ਕਾਰਵਾਈ ਕਰਨ ਦੇ ਬਾਅਦ ਅੱਜ ਲਾਸ਼ ਨੂੰ ਸਿਵਿਲ ਮੋਗਾ ਵਿਚੋਂ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕੀਤਾ ਗਿਆ।
