ਅਗੇਤੀ ਗਰਮੀ ਖ਼ਤਰੇ ਦੀ ਘੰਟੀ, ਕਿਸਾਨਾਂ ਨੂੰ ਸਤਾਉਣ ਲੱਗਾ ਇਹ ਡਰ

02/09/2023 9:56:19 PM

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਖੇਤਾਂ ਵਿਚ ਲਹਿਰਾ ਰਹੀ ਫ਼ਸਲ ਨੂੰ ਵੇਖ ਕੇ ਕਿਸਾਨ ਖ਼ੁਸ਼ ਹੋ ਰਹੇ ਹਨ ਉਥੇ ਦੂਜੇ ਪਾਸੇ ਫਰਵਰੀ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਯਕਦਮ ਮੌਸਮ ਵਿਚ ਸ਼ੁਰੂ ਹੋਈ ਤਪਸ਼ ਕਰ ਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਕਿਸਾਨਾਂ ਨੂੰ ਕਣਕ ਦੇ ਦਾਣੇ ਸੁੰਗੜਨ ਦਾ ਡਰ ਸਤਾਉਣ ਲੱਗਾ ਹੈ। ਦਰਅਸਲ ਕਣਕ ਹਾਲੇ ਪੱਕਣੀ ਸ਼ੁਰੂ ਹੋਣੀ ਹੈ ਅਤੇ ਜੇਕਰ ਇਹ ਗਰਮੀ ਦਾ ਵਰਤਾਰਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅੱਧ ਅਪ੍ਰੈਲ ਤੱਕ ਜਦੋਂ ਕਣਕ ਦੀ ਕਟਾਈ ਕਰਨੀ ਹੈ, ਉਸ ਤੋਂ ਪਹਿਲਾਂ ਗਰਮੀ ਜ਼ਿਆਦਾ ਪੈਣ ਕਰ ਕੇ ਕਣਕ ਦੇ ਦਾਣੇ ਸੁੰਗੜਨ ਦਾ ਡਰ ਹੈ, ਜਿਸ ਕਰ ਕੇ ਕਿਸਾਨਾਂ ਨੂੰ ਵੱਡੀ ਢਾਹ ਲੱਗ ਸਕਦੀ ਹੈ।

ਇਹ ਵੀ ਪੜ੍ਹੋ :  ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਸਰਕਾਰ ਦਾ ਸ਼ਲਾਘਾਯੋਗ ਕਦਮ

ਨੌਜਵਾਨ ਕਿਸਾਨ ਗੁਰਜੰਟ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਪਹਿਲ ਠੰਡ ਪੈਣ ਕਰ ਕੇ ਕਿਸਾਨਾਂ ਨੂੰ ਆਸ ਸੀ ਕਿ ਕਣਕ ਦਾ ਐਂਤਕੀ ਝਾੜ ਬੰਪਰ ਹੋਵੇਗਾ ਜੋ ਕਿਸਾਨਾਂ ਦੇ ਵਾਰੇ ਨਿਆਰੇ ਕਰ ਦੇਵੇਗਾ ਪਰ ਹੁਣ ਗਰਮੀ ਵਧਣ ਕਰ ਕੇ ਕਿਸਾਨਾਂ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਕਣਕ ਦਾ ਝਾੜ ਘੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦੀ ਫ਼ਸਲ ’ਤੇ ਹਾਲੇ ਤੱਕ ਕਿਸੇ ਵੀ ਬੀਮਾਰੀ ਦਾ ਹਮਲਾ ਨਹੀਂ ਹੋਇਆ ਹੈ ਪਰ ਜੇਕਰ ਗਰਮੀ ਵਧਦੀ ਹੈ ਤਾਂ ਇਸ ਨਾਲ ਕਈ ਬੀਮਾਰੀਆਂ ਵੀ ਕਣਕ ਦੀ ਫ਼ਸਲ ਨੂੰ ਘੇਰ ਸਕਦੀਆਂ ਹਨ।

ਇਹ ਵੀ ਪੜ੍ਹੋ : ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ, ਦੱਸੀ 2001 ਦੀ ਘਟਨਾ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਲਵਜੀਤ ਸਿੰਘ ਦੱਧਾਹੂਰ ਨੇ ਮੰਨਿਆ ਕਿ ਕਣਕ ਦੀ ਫ਼ਸਲ ਲਈ ਜ਼ਿਆਦਾ ਗਰਮੀ ਲਾਹੇਵੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਨ੍ਹੀ ਦਿਨੀਂ ਪਾਰਾ 22 ਡਿਗਰੀ ਤੱਕ ਪੁੱਜਣ ਲੱਗਾ ਹੈ, ਜਿਸ ਕਰ ਕੇ ਕਿਸਾਨ ਕੁਝ ਚਿੰਤਾ ਵਿਚ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਕੁਝ ਮੌਸਮ ਬਦਲਿਆ ਹੈ ਅਤੇ ਪਿਛਲੇ ਪੰਜ ਦਿਨਾਂ ਨਾਲੋਂ ਅੱਜ ਮੌਸਮ ਠੰਡਾ ਹੈ।

ਇਹ ਵੀ ਪੜ੍ਹੋ : ਜਾਣੋ ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਜਾ ਰਹੇ ਬੈਲਿਸਟਿਕ ਹੈਲਮੇਟ ਦੀ ਖ਼ਾਸੀਅਤ

ਉਨ੍ਹਾਂ ਕਿਹਾ ਕਿ ਜੇਕਰ ਮਾਰਚ ਦੇ ਆਖ਼ਰੀ ਹਫ਼ਤੇ ਤੱਕ ਜ਼ਿਆਦਾ ਗਰਮੀ ਨਹੀਂ ਪੈਂਦੀ ਤਾਂ ਸਚਮੁੱਚ ਕਣਕ ਦਾ ਝਾੜ ਸਹੀ ਹੋਵੇਗਾ ਪਰ ਜੇਕਰ ਤਪਸ਼ ਦਿਨੋਂ-ਦਿਨ ਵਧਦੀ ਹੈ ਤਾਂ ਇਹ ਜ਼ਰੂਰ ਖ਼ਤਰੇ ਦੀ ਘੰਟੀ ਹੈ। ਇਕ ਹੋਰ ਕਿਸਾਨ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਜ਼ਿਆਦਾ ਕੋਹਰੇ ਕਰ ਕੇ ਸਬਜ਼ੀਆਂ ਤੇ ਖ਼ਾਸਕਰ ਆਲੂ ਦੀ ਫ਼ਸਲ ਦਾ ਨੁਕਸਾਨ ਹੋਇਆ ਪਰ ਇਹ ਠੰਡਾ ਕੋਹਰਾ ਕਣਕ ਲਈ ਠੀਕ ਸੀ। ਹੁਣ ਜਦੋਂ ਗਰਮੀ ਪੈਣ ਲੱਗੀ ਹੈ ਤਾਂ ਆਲੂਆਂ ਦੀ ਫ਼ਸਲ ਵਿਚ ਮਾਰ ਖਾਣ ਵਾਲੇ ਕਿਸਾਨਾਂ ਨੂੰ ਕਣਕ ਦੇ ਝਾੜ ਘਟਣ ਦਾ ਝੋਰਾ ਵੀ ਸਤਾਉਣ ਲੱਗਾ ਹੈ। ਦੂਜੇ ਪਾਸੇ ਖ਼ੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਨਾ ਤਾਂ ਹਾੜ੍ਹੀ ਦੀ ਫ਼ਸਲ ਨੂੰ ਕੋਈ ਰੋਗ ਹੈ ਅਤੇ ਨਾ ਹੀ ਤਪਸ਼ ਕਰ ਕੇ ਝਾੜ ਘਟਣ ਦੀ ਕੋਈ ਦਿੱਕਤ। ਉਨ੍ਹਾਂ ਕਿਹਾ ਕਿ ਜੇਕਰ ਹੋਰ ਤਪਸ਼ ਵਧਦੀ ਹੈ ਤਾਂ ਫਿਰ ਜ਼ਰੂਰ ਥੋੜ੍ਹਾ ਨੁਕਸਾਨ ਹੋ ਸਕਦਾ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Harnek Seechewal

Content Editor

Related News