ਗੱਡੀਆਂ ਦੀਆਂ ਖਿੜਕੀਆਂ ਟਕਰਾਉਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, 2 ਨੌਜਵਾਨ ਹੋਏ ਜ਼ਖ਼ਮੀ

06/10/2024 4:13:51 AM

ਮੋਗਾ (ਆਜ਼ਾਦ)- ਮੋਗਾ ਰੋਡ ’ਤੇ ਸਥਿਤ ਗਿੱਲ ਢਾਬੇ ਨੇੜੇ ਬੀਤੀ ਦੇਰ ਰਾਤ ਗੱਡੀਆਂ ਦੀਆਂ ਖਿੜਕੀਆਂ ਟਕਰਾ ਜਾਣ ਕਾਰਨ ਹੋਏ ਮਾਮੂਲੀ ਵਿਵਾਦ ਸਬੰਧੀ ਲੜਾਈ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਦੋਵੇਂ ਧਿਰਾਂ ਦੇ ਦੋ ਨੌਜਵਾਨ ਜ਼ਖਮੀ ਹੋ ਗਏ। ਸਵੈ-ਰੱਖਿਆ ’ਚ ਇਕ ਧਿਰ ਵੱਲੋਂ ਜ਼ਮੀਨ ਉੱਤੇ ਦੋ ਗੋਲੀਆਂ ਵੀ ਚਲਾਈਆਂ ਗਈਆਂ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਬਾਘਾਪੁਰਾਣਾ ਦੀ ਪੁਲਸ ਉਥੇ ਪਹੁੰਚੀ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਿਤ ਗੋਇਲ ਵਾਸੀ ਬਾਘਾਪੁਰਾਣਾ ਨੇ ਦੱਸਿਆ ਕਿ ਉਸ ਦਾ ਨਿਹਾਲ ਸਿੰਘ ਵਾਲਾ ਰੋਡ ’ਤੇ ਪੈਟਰੋਲ ਪੰਪ ਹੈ ਅਤੇ ਮੋਗਾ ਰੋਡ ’ਤੇ ਸਥਿਤ ਐੱਚ.ਪੀ. ਪੈਟਰੋਲ ਪੰਪ ਵਿਚ ਵੀ ਉਸ ਦੀ ਹਿੱਸੇਦਾਰੀ ਹੈ।

ਬੀਤੀ ਰਾਤ ਕਰੀਬ 9.30 ਵਜੇ ਮੈਂ ਅਤੇ ਮੇਰਾ ਸਾਥੀ ਰਾਮ ਕੁਮਾਰ ਬਾਂਸਲ ਵਾਸੀ ਕਾਲੇਕੇ ਰੋਡ ਬਾਘਾਪੁਰਾਣਾ ਅਤੇ ਰਮਨ ਸੰਧੂ ਵਾਸੀ ਫਰੀਦਕੋਟ, ਰਿੰਪੀ ਗੋਇਲ ਆਪਣੀ ਸਕਾਰਪੀਓ ਕਾਰ ’ਚ ਬਾਘਾਪੁਰਾਣਾ ਵੱਲ ਆ ਰਹੇ ਸੀ ਤਾਂ ਮੋਗਾ ਰੋਡ ’ਤੇ ਸਥਿਤ ਗਿੱਲ ਢਾਬੇ ਕੋਲ ਪਹੁੰਚੇ ਤਾਂ ਰਿੰਪੀ ਗੋਇਲ ਨੇ ਕਾਰ ਦੀ ਪਿਛਲੀ ਖਿੜਕੀ ਖੋਲ੍ਹੀ, ਕਾਰ ਤੋਂ ਹੇਠਾਂ ਉਤਰ ਕੇ ਗਿੱਲ ਢਾਬੇ ’ਤੇ ਖਾਣਾ ਆਰਡਰ ਕਰਨ ਲਈ ਚਲਾ ਗਿਆ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਮੋਦੀ ਕੈਬਨਿਟ ਦਾ ਹਿੱਸਾ ਬਣੇ ਰਵਨੀਤ ਬਿੱਟੂ, ਅਜਿਹਾ ਕਰਨ ਵਾਲੇ ਬਣੇ ਤੀਜੇ ਮੰਤਰੀ

ਇਸੇ ਦੌਰਾਨ ਇਕ ਰਿਟਜ਼ ਕਾਰ ਉੱਥੇ ਆਈ, ਜਿਸ ਨੇ ਸਾਡੇ ਕੋਲ ਆ ਕੇ ਆਪਣੀ ਕਾਰ ਦੀ ਖਿੜਕੀ ਖੋਲ੍ਹ ਦਿੱਤੀ ਤੇ ਇਸ ਕਾਰਨ ਸਾਡੀ ਕਾਰ ਨੂੰ ਝਰੀਟਾਂ ਲੱਗ ਗਈਆਂ। ਜਦੋਂ ਅਸੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਦੋਸ਼ੀ ਗੁਰਪ੍ਰੀਤ ਸ਼ਰਮਾ, ਜਿੰਦਰ ਸਿੰਘ ਅਤੇ ਪੇਸ਼ ਸਿੰਘ ਵਾਸੀ ਪਿੰਡ ਗਿੱਲ ਆਪਣੀ ਕਾਰ ਵਿੱਚੋਂ ਬਾਹਰ ਆ ਗਏ ਅਤੇ ਗਾਲੀ-ਗਲੋਚ ਕਰਨ ਲੱਗੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਸ ਦੌਰਾਨ ਉਸ ਨੇ ਕਾਰ 'ਚੋਂ ਲੋਹੇ ਦਾ ਖੰਡਾ ਕੱਢ ਕੇ ਮੇਰੇ ’ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਮੈਂ ਜ਼ਖਮੀ ਹੋ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਢਾਬੇ ਦੇ ਅੰਦਰ ਭੱਜਿਆ ਅਤੇ ਹੇਠਾਂ ਡਿੱਗ ਪਿਆ।

ਇਸ ਦੌਰਾਨ ਮੈਂ ਸਵੈ-ਰੱਖਿਆ ਲਈ ਜ਼ਮੀਨ ’ਤੇ ਆਪਣੀ ਲਾਇਸੰਸੀ ਪਿਸਤੌਲ ਤੋਂ ਦੋ ਗੋਲੀਆਂ ਚਲਾਈਆਂ। ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਕਥਿਤ ਦੋਸ਼ੀ ਆਪਣੇ ਸਾਥੀਆਂ ਸਮੇਤ ਉਥੋਂ ਫ਼ਰਾਰ ਹੋ ਗਏ। ਮੈਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਲੜਾਈ ਗੱਡੀ ਦੀ ਖਿੜਕੀ ਨੂੰ ਟੱਕਰ ਮਾਰਨ ਦੇ ਮਾਮਲੇ ਨੂੰ ਲੈ ਕੇ ਹੋਈ ਸੀ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਕਤ ਲੜਾਈ ਵਿਚ ਦੂਜੀ ਧਿਰ ਦਾ ਗੁਰਪ੍ਰੀਤ ਸ਼ਰਮਾ ਵੀ ਜ਼ਖਮੀ ਹੋ ਗਿਆ, ਜਿਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਉਣ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ- ਜੇ.ਪੀ. ਨੱਢਾ ਨੇ ਮੋਦੀ ਕੈਬਨਿਟ 'ਚ ਮੰਤਰੀ ਵਜੋਂ ਚੁੱਕੀ ਸਹੁੰ, ਹੁਣ ਕੌਣ ਹੋਵੇਗਾ ਭਾਜਪਾ ਦਾ ਕੌਮੀ ਪ੍ਰਧਾਨ ?

 

ਉਨ੍ਹਾਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ’ਚ ਤਿੰਨ ਕਥਿਤ ਦੋਸ਼ੀਆਂ ਗੁਰਪ੍ਰੀਤ ਸ਼ਰਮਾ, ਜਿੰਦਰ ਅਤੇ ਪੇਸ਼ ਸਿੰਘ ਸਾਰੇ ਵਾਸੀ ਪਿੰਡ ਗਿੱਲ ਖਿਲਾਫ ਥਾਣਾ ਬਾਘਾਪੁਰਾਣਾ ’ਚ ਕਾਤਲਾਨਾ ਹਮਲਾ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Harpreet SIngh

Content Editor

Related News