05 ਜੂਨ, 2019 ਲਈ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਵਿਸ਼ੇਸ਼
Wednesday, Jun 05, 2019 - 01:37 PM (IST)

ਸਾਲ 2019 ਨੂੰ ਵਿਸਵ ਵਾਤਾਵਰਣ ਦਿਵਸ ਦੇ ਪ੍ਰੋਗਰਾਮ ਦੀ ਮੇਜ਼ਵਾਨੀ ਚੀਨ ਕਰ ਰਿਹਾ ਹੈ ਅਤੇ ਇਸ ਸਾਲ ਦਾ ਮੁੱਖ ਉਦੇਸ਼ ਹਵਾ ਦੇ ਪ੍ਰਦੂਸ਼ਣ ਨੂੰ ਹਰਾਉਣਾ ਹੈ। ਵਿਸ਼ਵ ਸਿਹਤ ਸੰਗਠਨ 2014 ਦੀ ਰਿਪੋਰਟ ਅਨੁਸਾਰ ਹਵਾ ਪ੍ਰਦੂਸ਼ਣ ਕਾਰਨ ਹੀ ਲੱਗਭੱਗ ਸੱਤ ਮਿਲੀਅਨ ਵਿਅਕਤੀਆਂ ਦੀ ਮੌਤ ਹੋਈ ਹੈ। ਪੰਜਾਬ ਪ੍ਰਦੂਸ਼ਣ ਨਿੰਯਤਰਣ ਬੋਰਡ ਵਿੱਚ ਕਰਮਚਾਰੀਆਂ ਦੀ ਘਾਟ ਸੂਬੇ ਵਿੱਚ ਪ੍ਰਦੂਸ਼ਣ ਫੈਲਣ ਤੋਂ ਰੋਕਣ ਵਿੱਚ ਵੱਡੀ ਰੁਕਾਵਟ।
5 ਜੂਨ ਦਾ ਦਿਹਾੜਾ ਵਿਸ਼ਵ ਵਾਤਾਵਰਣ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਣ ਤੇ ਚਿੰਤਾ ਦਾ ਪ੍ਰਗਟਾਵਾ ਕਰਨ ਲਈ ਲੱਗਭੱਗ ਹਰ ਕਸਬੇ ਸ਼ਹਿਰ ਵਿੱਚ ਸਰਕਾਰ ਅਤੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਪ੍ਰੋਗਰਾਮ ਕੀਤੇ ਜਾਣਗੇ। ਇਸ ਲਈ ਸੰਯੁਕਤ ਰਾਸ਼ਟਰ ਸੰਘ ਨੇ ਸਾਲ 1972 ਤੋਂ ਹਰ ਸਾਲ 05 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਸੀ। ਇਸਦਾ ਮੁੱਖ ਉਦੇਸ਼ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਲਿਆਂਦੇ ਹੋਏ ਰਾਜਨੀਤਿਕ ਚੇਤਨਾ ਜਗਾਉਣਾ ਅਤੇ ਆਮ ਜਨਤਾ ਨੂੰ ਪ੍ਰ੍ਰੇਰਿਤ ਕਰਨਾ ਸੀ। ਇਸ ਸਾਲ 2019 ਨੂੰ ਵਿਸਵ ਵਾਤਾਵਰਣ ਦਿਵਸ ਦੇ ਪ੍ਰੋਗਰਾਮ ਦੀ ਮੇਜ਼ਵਾਨੀ ਚੀਨ ਕਰ ਰਿਹਾ ਹੈ ਅਤੇ ਇਸ ਸਾਲ ਦਾ ਮੁੱਖ ਉਦੇਸ਼ ਹਵਾ ਦੇ ਪ੍ਰਦੂਸ਼ਣ ਨੂੰ ਹਰਾਉਣਾ ਹੈ।
ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈਕੇ ਅੱਜ ਪੂਰਾ ਵਿਸ਼ਵ ਚਿੰਤਿਤ ਹੈ। ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ ਆਦਿ ਹੈ। ਪ੍ਰਦੂਸ਼ਣ ਕਾਰਨ ਮਨੁੱਖੀ ਜੀਵਨ ਸਮੇਤ ਹੋਰ ਕਈ ਪ੍ਰਜਾਤੀਆਂ ਨੂੰ ਵੱਡਾ ਖਤਰਾ ਹੋ ਗਿਆ ਹੈ ਪਰ ਵਾਤਾਵਰਣ ਵਿੱਚ ਪ੍ਰਦੂਸ਼ਣ ਵਧਾਉਣ ਲਈ ਸਿਰਫ ਮਾਨਵ ਹੀ ਜਿੰਮੇਵਾਰ ਹੈ। ਜਿਵੇਂ-ਜਿਵੇਂ ਵਿਕਾਸ ਹੋ ਰਿਹਾ ਹੈ ਪ੍ਰਦੂਸ਼ਣ ਵੀ ਵੱਧਦਾ ਜਾ ਰਿਹਾ ਹੈ। ਵਧਦਾ ਸ਼ਹਿਰੀਕਰਣ ਅਤੇ ਉਦਯੋਗਿਕਰਣ ਵਾਤਾਵਰਣ ਲਈ ਵੱਡਾ ਖਤਰਾ ਬਣ ਰਹੇ ਹਨ। ਹਵਾ ਵਿੱਚ ਵਧੱ ਰਹੇ ਪ੍ਰਦੂਸ਼ਣ ਨੇ ਵਾਤਾਵਰਣ ਨੂੰ ਬਹੁਤ ਜ਼ਿਆਦਾ ਹੈ। ਹਵਾ ਵਿੱਚ ਪ੍ਰਦੂਸ਼ਣ ਉਦੋਂ ਵਧੱਦਾ ਹੈ ਜਦੋ
ਵਾਯੂਮੰਡਲ ਵਿੱਚ ਗੈਸਾਂ ਧਾਤੂਆਂ ਅਤੇ ਜੈਵਿਕ ਅਣੂਆਂ ਸਮੇਤ ਪਦਾਰਥਾਂ ਦੇ ਨੁਕਸਾਨਦੇਹ ਜਾਂ ਵੱਧ ਮਾਤਰਾ ਵਿੱਚ ਹੁੰਦੀਆਂ ਹਨ। ਇਸ ਨਾਲ ਮਨੁੱਖਾਂ ਸਮੇਤ ਹੋਰ ਜੀਵਾਂ ਨੂੰ ਐਲਰਜ਼ੀ ਸਮੇਤ ਕਈ ਖਤਰਨਾਕ ਰੋਗ ਲੱਗ ਸਕਦੇ ਹਨ ਅਤੇ ਮੌਤ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ 2014 ਦੀ ਰਿਪੋਰਟ ਅਨੁਸਾਰ ਹਵਾ ਪ੍ਰਦੂਸ਼ਣ ਕਾਰਨ ਹੀ ਲੱਗਭੱਗ ਸੱਤ ਮਿਲੀਅਨ ਵਿਅਕਤੀਆਂ ਦੀ ਮੋਤ ਹੋਈ ਹੈ। ਵਾਤਾਵਰਣ ਵਿਗਿਆਨੀਆਂ ਨੇ ਬੀਤੇ ਸਮੇਂ ਵਿੱਚ ਜੋ ਸ਼ੰਕੇ ਜਾਹਿਰ ਕੀਤੇ ਸਨ ਉਹ ਅੱਜ ਸੱਚ ਹੋਣ ਵੱਲ ਵੱਧ ਰਹੇ ਹਨ। ਓਜ਼ੋਨ ਪਰਤ ਵਿੱਚ ਛੇਕ ਹੋ ਜਾਣੇ, ਗਲੇਸ਼ੀਅਰਾਂ ਦਾ ਲਗਾਤਾਰ ਪਿਘਲਣਾ ਤੇ ਆਲਮੀ ਤਪਸ਼ ਦਾ ਵੱਧਣਾ ਇਸਦੇ ਮਾਰੂ ਪ੍ਰਭਾਵਾਂ ਦੇ ਸਪੱਸ਼ਟ ਲੱਛਣ ਹਨ। ਪ੍ਰਦੂਸ਼ਣ ਕਾਰਨ ਕੈਂਸਰ ਵਰਗੀ ਬਿਮਾਰੀਆਂ ਨੇ ਦੁਨੀਆਂ ਭਰ ਵਿੱਚ ਪੈਰ ਪਸਾਰ ਲਏ ਹਨ। ਅੱਜ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ ਜਿਸ ਨਾਲ ਧਰੁਵਾਂ ਤੇ ਪਈ ਬਰਫ ਪਿਘਲ ਰਹੀ ਹੈ। ਜੇਕਰ ਇਸ ਪਾਸੇ ਹੁਣ ਵੀ ਧਿਆਨ ਨਾ ਦਿੱਤਾ ਤਾਂ ਸਮੁੰਦਰਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਤੱਟਵਰਤੀ ਇਲਾਕੇ ਇਸ ਵਿੱਚ ਡੁੱਬ ਜਾਣਗੇ। ਪੈਰਾਵੈਂਗਨੀ ਕਿਰਨਾਂ ਧਰਤੀ ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। ਗਰੀਨ ਹਾਊਸ ਪ੍ਰਭਾਵ ਵਿੱਚ ਵਾਧਾ ਹੋ ਰਿਹਾ ਹੈ। ਕਾਰਬਨ ਡਾਈਆਕਸਾਈਡ ਗੈਸ ਦੀ ਹਵਾ ਵਿੱਚ ਮਾਤਰਾ 0.03% ਤੋਂ ਵੱਧ ਰਹੀ ਹੈ। ਇਹ ਗਰਮੀ ਨੂੰ ਵਧਾਉਣ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਪੈਟ੍ਰੋਲੀਅਮ ਪਦਾਰਥਾਂ ਦੀ ਅਥਾਹ ਵਰਤੋਂ ਕਰਨ ਨਾਲ ਜ਼ਹਿਰੀਲੇ ਧੂੰਏ ਦੀ ਵੱਧ ਪੈਦਾਵਾਰ ਹੋ ਰਹੀ ਹੈ। ਫਰਿਜ਼ ਅਤੇ ਏਅਰ ਕੰਡੀਸ਼ਨਰਾਂ ਦੀ ਵੱਧ ਰਹੀ ਵਰਤੋਂ ਅਤੇ ਤੇਜ਼ੀ ਨਾਲ ਵੱਧ ਰਹੇ ਉਦਯੋਗੀਕਰਨ ਨਾਲ ਕਾਰਬਨ ਡਾਈਆਕਸਾਈਡ ਵਿੱਚ ਵਾਧਾ ਹੋ ਰਿਹਾ ਹੈ ਅਤੇ ਸੀ.ਐਫ.ਸੀ. ਗੈਸ ਦਾ ਰਿਸਾਵ ਹੋ ਰਿਹਾ ਹੈ। ਵਾਤਾਵਰਣ ਬਾਰੇ ਜੇਕਰ ਭਾਰਤ ਦੀ ਗੱਲ ਕਰੀਏ ਤਾ ਹਾਲਾਤ ਬਹੁਤੇ ਚੰਗੇ ਨਜ਼ਰ ਨਹੀਂ ਆਉਂਦੇ। ਦੇਸ਼ ਦੀਆਂ ਲੱਗਭੱਗ ਸਾਰੀਆਂ ਨਦੀਆਂ, ਦਰਿਆਵਾਂ ਅਤੇ ਪਾਣੀ ਦੇ ਹੋਰ ਕੁਦਰਤੀ ਸੋਮਿਆਂ ਵਿੱਚ ਕਿਸੇ ਨਾ ਕਿਸੇ ਤਰ•ਾਂ ਫੈਕਟਰੀਆਂ ਤੇ ਸ਼ਹਿਰਾਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਇਹ ਪਾਣੀ ਦੇ ਸਰੋਤ ਖਤਰਨਾਕ ਸਾਬਤ ਹੋ ਰਹੇ ਹਨ। ਸਮੇਂ ਸਮੇਂ ਤੇ ਇਨ•ਾਂ ਦਰਿਆਵਾਂ ਵਿੱਚ ਵੱਖ ਵੱਖ ਉਦਯੋਗਾਂ ਵਿੱਚ ਪੈ ਰਹੇ ਪ੍ਰਦੂਸ਼ਣ ਕਾਰਨ ਪਾਣੀ ਵਿੱਚ ਰਹਿਣ ਵਾਲੇ ਜੀਵ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਹਨ। ਪ੍ਰਦੂਸ਼ਤ ਪਾਣੀ ਕਾਰਨ ਲੋਕ ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਖੇਤਾਂ ਵਿੱਚ ਰਸਾਇਣਕ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਹ ਜ਼ਹਿਰ ਧਰਤੀ ਹੇਠਲੇ ਪਾਣੀ ਤੱਕ ਵੀ ਪਹੁੰਚ ਗਈ ਹੈ। ਉਦਯੋਗਾਂ ਵਲੋਂ ਹਵਾ ਵਿੱਚ ਛੱਡੇ ਜਾ ਰਹੇ ਜਹਰੀਲੇ ਧੂੰਏ ਅਤੇ ਗੈਸਾਂ ਕਾਰਨ ਕਈ ਵਾਰ ਸਾਹ ਲੈਣਾਂ ਵੀ ਮੁਸ਼ਕਿਲ ਹੋ ਜਾਂਦਾ ਹੈ। ਸਮੇਂ ਸਮੇਂ ਤੇ ਉਦਯੋਗਾਂ ਵਿੱਚ ਹੋ ਰਹੇ ਹਾਦਸਿਆਂ ਕਾਰਨ ਨੁਕਸਾਨ ਹੋ ਰਿਹਾ ਹੈ। ਸਮਾਜਿਕ, ਧਾਰਮਿਕ, ਰਾਜਨੀਤਿਕ ਕਾਰਜਾਂ ਲਈ ਉੱਚੀ ਅਵਾਜ਼ ਵਿੱਚ ਵੱਜਦੇ ਸਪੀਕਰ ਅਵਾਜ਼ ਦੇ ਪ੍ਰਦੂਸ਼ਣ ਵਿੱਚ ਅਥਾਹ ਵਾਧਾ ਕਰ ਰਹੇ ਹਨ ਅਤੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਨਿਰਮਾਣ ਅਤੇ ਵਿਕਾਸ ਕਾਰਜਾਂ ਲਈ ਰੁੱਖਾਂ ਦੀ ਕਟਾਈ ਹੋ ਰਹੀ ਹੈ। ਰੁੱਖ ਜੋ ਸਾਡੇ ਜੀਵਨ ਅਤੇ ਵਾਤਾਵਰਣ ਦੇ ਸਭ ਤੋਂ ਅਹਿਮ ਕਾਰਕ ਹਨ ਉਹ ਲਗਾਤਾਰ ਖਤਮ ਹੁੰਦੇ ਜਾ ਰਹੇ ਹਨ ਜਿਸ ਕਾਰਨ ਧਰਤੀ ਦਾ ਪਰਿਵਰਤਨ ਚੱਕਰ ਬੁਰੀ ਤਰ•ਾਂ ਪ੍ਰਭਾਵਿਤ ਹੋ ਰਿਹਾ ਹੈ। ਗੱਡੀਆਂ ਦਾ ਧੂੰਆਂ, ਕਾਰਖਾਨਿਆਂ ਦੀ ਗੰਦਗੀ, ਨਾਲੀਆਂ ਦਾ ਗੰਦਾ ਪਾਣੀ, ਇਹਨਾਂ ਸਭ ਨੇ ਸਾਡੇ ਜੀਵਨ ਦੀਆਂ ਜ਼ਰੂਰਤਾਂ ਹਵਾ, ਪਾਣੀ ਅਤੇ ਧਰਾਤਲ ਨੂੰ ਦੂਸ਼ਿਤ ਕਰਕੇ ਕਈ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਉਦਯੋਗਿਕ ਕ੍ਰਾਂਤੀ ਤੋਂ ਬਾਦ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਿੱਚ 40 ਫੀਸਦੀ ਵਾਧਾ ਹੋਇਆ ਹੈ। ਲੋਕ ਵੱਡੀ ਮਾਤਰਾ ਵਿੱਚ ਕੁਦਰਤੀ ਸਾਧਨਾਂ ਦਾ ਦੁਰਉਪਯੋਗ ਕਰਦੇ ਹਨ। ਖੇਤੀ ਦੀ ਰਹਿੰਦ ਖੂਹੰਦ ਅੰਨੇਵਾਹ ਜਲਾਉਣ ਨਾਲ ਹੀ ਹਰ ਸਾਲ ਹਰਿਆਣਾ ਅਤੇ ਦਿੱਲੀ ਸਮੇਤ ਦੇਸ਼ ਦੇ ਕਈ ਭਾਗਾਂ ਵਿੱਚ ਕਈ ਦਿਨ ਅਸਮਾਨ ਵਿੱਚ ਧੂੰਏ ਦੇ ਕਾਲੇ ਬੱਦਲ ਹੀ ਨਜ਼ਰ ਆਂਦੇ ਹਨ। ਭਾਰਤ ਵਿੱਚ ਵਾਤਾਵਰਣ ਸੁਰੱਖਿਆ ਅਧਿਨਿਯਮ ਸਭ ਤੋਂ ਪਹਿਲਾਂ 19 ਨਵੰਬਰ, 1986 ਨੂੰ ਲਾਗੂ ਹੋਇਆ ਸੀ, ਜਿਸ ਵਿੱਚ ਵਾਤਾਵਰਣ ਦੀ ਗੁਣਵੱਤਾ ਦੇ ਮਾਣਕ ਨਿਰਧਾਰਤ ਕੀਤੇ ਗਏ ਸੀ ਪਰ ਸਿਰਫ ਕਾਨੂੰਨ ਬਣਾ ਦੇਣ ਨਾਲ ਹੀ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਨਹੀਂ ਬਚਾਇਆ ਜਾ ਸਕਦਾ ਹੈ। ਸਰਕਾਰ ਨੂੰ ਪ੍ਰਦੂਸ਼ਣ ਕਰਨ ਵਾਲੇ ਅਦਾਰਿਆਂ ਅਤੇ ਇਸ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਸੱਖਤ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਵਾਤਾਵਰਣ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵਲੋਂ ਕੇਂਦਰੀ ਪ੍ਰਦੂਸ਼ਣ ਨਿੰਯਤਰਣ ਬੋਰਡ ਅਤੇ ਰਾਜਾਂ ਵਿੱਚ ਰਾਜ ਪ੍ਰਦੂਸ਼ਣ ਨਿੰਯਤਰਣ ਬੋਰਡ ਬਣਾਏ ਗਏ ਹਨ। ਪੰਜਾਬ ਵਿੱਚ ਕੰਮ ਕਰ ਰਹੇ ਪੰਜਾਬ ਪ੍ਰਦੂਸ਼ਣ ਨਿੰਯਤਰਣ ਬੋਰਡ ਨੂੰ ਪੰਜਾਬ ਰਾਜ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਣ ਮੁੱਕਤ ਰੱਖਣ ਦੀ ਜਿੰਮੇਬਾਰੀ ਦਿਤੀ ਗਈ ਹੈ। ਇਸ ਵਿਭਾਗ ਕੋਲ ਜਿੰਮੇਬਾਰੀ ਬੇਸ਼ੱਕ ਵੱਡੀ ਹੈ ਪਰੰਤੂ ਬੋਰਡ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੱਡੀ ਘਾਟ ਇਸਦੇ ਕੰਮਾ ਵਿੱਚ ਰੋੜ੍ਹਾ ਬਣੀ ਹੋਈ ਹੈ। ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਕੁੱਲ 648 ਅਸਾਮੀਆਂ ਹਨ ਜਿਹਨਾਂ ਵਿੱਚੋਂ 421 ਅਸਾਮੀਆਂ ਭਰੀਆਂ ਹਨ ਅਤੇ 227 ਅਸਾਮੀਆਂ ਖਾਲੀ ਹਨ ਜਿਨ੍ਹਾਂ ਵਿੱਚ ਵਾਤਾਵਰਣ ਇੰਜਨੀਅਰ, ਸਹਾਇਕ ਵਾਤਾਵਰਣ ਇੰਜਨੀਅਰ, ਸਹਾਇਕ ਵਿਗਿਆਨਕ ਅਫਸਰ, ਸਿਸਟਮ ਐਨਾਲਿਸਟ, ਜੂਨੀਅਰ ਵਿਗਿਆਨਕ ਅਫਸਰ, ਕਨੂੰਨੀ ਅਫਸਰ ਗ੍ਰੇਡ 2, ਜੂਨੀਅਰ ਵਾਤਾਵਰਣ ਇੰਜਨੀਅਰ, ਵਿਗਿਆਨਕ ਸਹਾਇਕ, ਜੂਨੀਅਰ ਸਹਾਇਕ, ਕਲਰਕ, ਰਿਸੈਪਸ਼ਨਿਸਟ, ਕਲਰਕ ਲੇਖਾ, ਸਟੈਨੋ ਟਾਇਪੀਸਟ, ਡਰਾਇਵਰਾਂ ਦੀਆਂ ਪੋਸਟਾਂ ਸ਼ਾਮਿਲ ਹਨ। ਅਸਾਮੀਆਂ ਖਾਲੀ ਹੋਣ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪ੍ਰਦੂਸ਼ਣ ਤੇ ਨਿਯੰਤਰਣ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਇਹ ਸੋਚਣ ਵਾਲੀ ਗੱਲ ਹੈ। ਪੰਜਾਬ ਪ੍ਰਦੂਸ਼ਣ ਨਿਯੰਤਰਣ ਬੌਰਡ ਦੀ ਸਾਲਾਨਾ ਰਿਪੋਰਟ ਅਨੁਸਾਰ ਪਿਛਲੇ ਸਾਲਾਂ ਦੀਆਂ 118 ਸ਼ਿਕਾਇਤਾਂ ਬਕਾਇਆ ਸਨ ਅਤੇ 01 ਸਾਲ ਵਿੱਚ ਲੱਗਭੱਗ 1140 ਸਿਕਾਇਤਾਂ ਵੱਖ ਵੱਖ ਤਰੀਕਿਆਂ ਰਾਹੀਂ ਬੌਰਡ ਕੋਲ ਪਹੁੰਚੀਆਂ ਹਨ ਜਿਨ੍ਹਾਂ ਵਿੱਚੋਂ 996 ਦਾ ਨਿਪਟਾਰਾ ਕੀਤਾ ਗਿਆ। ਇਸੇ ਤਰਾਂ ਵੱਖ ਵੱਖ ਅਦਾਲਤਾਂ ਵਿੱਚ ਵਾਤਾਵਰਣ ਪ੍ਰਦੂਸ਼ਣ ਸਬੰਧੀ 1073 ਕੇਸ ਦਾਇਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 869 ਕੇਸਾਂ ਸਬੰਧੀ ਹੁਕਮ ਜਾਰੀ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 157 ਬੌਰਡ ਦੇ ਹੱਕ ਵਿੱਚ, 356 ਬੌਰਡ ਦੇ ਵਿਰੋਧ ਵਿੱਚ, ਗੈਰ ਹਾਜ਼ਰ ਹੋਣ ਕਾਰਨ 49 ਖਾਰਜ ਕੀਤੇ ਗਏ, 223 ਕੇਸ ਵਾਪਸ ਲਏ ਗਏ ਅਤੇ 204 ਕੇਸ ਅਦਾਲਤਾਂ ਵਿੱਚ ਬਕਾਇਆ ਪਏ ਹਨ। ਇਸੇ ਤਰਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੌਰਟ, ਮਾਣਯੋਗ ਸੁਪਰੀਮ ਕੌਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਵੀ ਕਈ ਕੇਸ ਚੱਲ ਰਹੇ ਹਨ। ਸਰਕਾਰ, ਪ੍ਰਦੂਸ਼ਣ ਨਿਯੰਤਰਣ ਬੌਰਡ ਦੇ ਨਾਲ ਨਾਲ ਸਾਨੂੰ ਸਭਨੂੰ ਮਿਲਕੇ ਅਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਦੀ ਮਾਰ ਤੋ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਅਪਣੀਆਂ ਆਣ ਵਾਲੀਆਂ ਪੀੜ•ੀਆਂ ਨੂੰ ਸਾਫ ਅਤੇ ਪ੍ਰਦੂਸ਼ਣ ਮੁੱਕਤ ਵਾਤਾਵਰਣ ਦੇ ਸਕੀਏ। ਸਰਕਾਰ ਦੇ ਨਾਲ ਨਾਲ ਜੇਕਰ ਹਰ ਵਿਅਕਤੀ ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਕੋਸ਼ਿਸ਼ ਕਰੇ ਤਾਂ ਹੀ ਵਾਤਾਵਰਣ ਨੂੰ ਪ੍ਰਦੂਸ਼ਣ ਮੁੱਕਤ ਰੱਖਿਆ ਜਾ ਸਕਦਾ ਹੈ ਨਹੀਂ ਤਾਂ ਇਹ ਦਿਨ ਮਨਾਉਣਾ ਇੱਕ ਖਾਨਾਪੂਰਤੀ ਹੀ ਬਣਕੇ ਰਹਿ ਜਾਵੇਗਾ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ (ਪੰਜਾਬ)
9417563054