ਸਰਦੀਆਂ ''ਚ ਵਧ ਰਿਹਾ ਧੁੰਦ ਦਾ ਪ੍ਰਕੋਪ-ਸੁਚੇਤ ਹੋਣ ਲੋਕ

11/20/2017 5:02:26 PM

ਜਦੋਂ ਵੀ ਹਰ ਸਾਲ ਸਰਦੀਆਂ ਦੀ ਰੁੱਤ ਸ਼ੁਰੂ ਹੁੰਦੀ ਹੈ ਉਸਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ ਸੰਘਣੀ ਧੁੰਦ ਦਾ ਆਉਣਾ। ਇਹ ਧੁੰਦ ਕਈ ਵਾਰ ਤਾਂ ਇੰਨੀ ਸੰਘਣੀ ਹੁੰਦੀ ਹੈ ਕਿ ਥੋੜ੍ਹੇ ਕਦਮਾਂ ਪਰ ਵੀ ਕੁਝ ਨਜ਼ਰ ਨਹੀ ਆਉਂਦਾ। ਇਹ ਸੰਘਣੀ ਧੁੰਦ ਸੜਕਾਂ ਪਰ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅਤੇ  ਸੜਕਾਂ ਪਰ ਰਸਤਾ ਜਾਂ ਸਾਹਮਣੇ ਤੋਂ ਆਉਣ ਵਾਲੀਆਂ ਗੱਡੀਆਂ ਦੇ ਨਜ਼ਰ ਨਾ ਆਉਣ ਕਾਰਣ ਕਈ ਵਾਰ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਇਸ ਤਰ੍ਹਾਂ ਇਹ ਧੁੰਦ ਪ੍ਰਕੋਪ ਦਾ ਕਾਰਣ ਬਣਦੀ ਹੈ। 
ਇਸ ਸਾਲ ਨਵੰਬਰ ਦੇ ਸ਼ੁਰੂ ਵਿੱਚ ਹੀ ਇਹ ਧੁੰਦ ਸ਼ੁਰੂ ਹੋ ਗਈ ਪਰ ਇਸ ਧੁੰਦ ਦਾ ਬਹੁਤਾ ਕਾਰਣ ਪ੍ਰਦੂਸ਼ਿਤ ਹਵਾ ਨੂੰ ਦੱਸਿਆ ਗਿਆ। ਕਈ ਵੱਡੇ ਸ਼ਹਿਰਾਂ ਵਿੱਚ ਇਸ ਦਾ ਪ੍ਰਕੋਪ ਬਹੁਤ ਜਿਆਦਾ ਦੇਖਣ ਨੁੰ ਮਿਲਿਆ। ਦਿੱਲੀ ਦੀ ਪ੍ਰਦੂਸ਼ਿਤ ਹਵਾ ਪਰ ਤਾਂ ਖੂਬ ਸਿਆਸਤ ਵੀ ਹੋਈ। ਪਰ ਇਸ ਧੁੰਦ ਦਾ ਕਾਰਣ ਪੰਜਾਬ ਵਿੱਚ ਬਹੁਤ ਜਿਆਦਾ ਦੇਖਣ ਨੂੰ ਮਿਲਿਆ ਜਿਸਦੇ ਨਤੀਜੇ ਵੱਜੋਂ ਕਈ ਥਾਵਾਂ ਪਰ ਭਿਆਨਕ ਹਾਦਸੇ ਵਾਪਰੇ ਅਤੇ ਬਹੁਤ ਸਾਰੀਆਂ, ਮਨੁੱਖੀ ਜਾਨਾਂ ਅਜਾਈ ਗਈਆਂ। ਧੁੰਦ ਹੋਵੇ ਜਾਂ ਨਾ  ਸੜਕਾਂ ਪਰ ਤਾਂ ਆਵਾਜਾਈ ਬਣੀ ਹੀ ਰਹਿੰਦੀ ਹੈ ਅਤੇ ਅੱਜ ਕੱਲ ਤਾਂ ਆਵਾਜਾਈ ਵੀ ਇੰਨੀ ਵਧ ਚੁੱਕੀ ਹੈ ਕਿ ਚੰਗੇ-ਭਲੇ ਮੌਸਮ ਵਿੱਚ ਵੀ ਸੜਕਾਂ ਤੇ ਚੱਲਣਾ ਬਹੁਤ ਮੁਸ਼ਿਕਲ ਲੱਗਦਾ ਹੈ। ਗੱਡੀਆਂ ਦੀਆਂ ਲੰਬੀਆਂ ਲਾਈਨਾਂ ਜਾਂ ਕਈ ਥਾਵਾਂ ਲੱਗੇ ਜਾਮ ਆਵਾਜਾਈ ਦੀ ਚਾਲ ਨੂੰ ਜਰੂਰ ਮੱਧਮ ਕਰਦੇ ਹਨ ਅਤੇ ਇਸਦੇ ਨਾਲ ਹੀ ਇਹ ਵਾਹਨ ਹਵਾ ਦੇ ਪ੍ਰਦੂਸ਼ਣ ਵਿੱਚ ਵੀ ਵਾਧਾ ਕਰਦੇ ਹਨ। ਅਜਿਹੀ ਹਾਲਤ ਵਿੱਚ ਜੇ ਧੁੰਦ ਹੋਵੇਗੀ ਤਾਂ ਖਤਰਾ ਹੋਰ ਵੀ ਵੱਧ ਜਾਂਦਾ ਹੈ।
ਸਰਦੀਆਂ ਵਿੱਚ ਪੈਣ ਵਾਲੀ ਇਹ ਧੁੰਦ ਅਤੇ ਪ੍ਰਦੂਸ਼ਿਤ ਹਵਾ ਸਕੂਲੀ ਬੱਚਿਆ ਨੂੰ ਵਿਸ਼ੇਸ਼ ਤੌਰ ਤੇ ਪ੍ਰਭਾਵਿਤ ਕਰਦੀ ਹੈ। ਬੱਚਿਆ ਨੂੰ ਅਲੱਗ ਅਲੱਗ ਵਾਹਨਾਂ ਰਾਹੀਂ ਸਵੇਰੇ ਜਲਦੀ ਜਲਦੀ ਆਪਣੇ ਸਕੂਲਾ ਵਿੱਚ ਪਹੁੰਚਣਾ ਹੁੰਦਾ ਹੈ। ਸਮੇਂ ਦੀ ਘਾਟ ਕਾਰਣ ਜਲਦੀ ਦੇ ਚੱਕਰ ਵਿੱਚ ਇਹ ਵਾਹਨ ਤੇਜ ਵੀ ਚਲਦੇ ਦੇਖੇ ਜਾਂਦੇ ਹਨ ਪਰ ਇਹ ਤੇਜੀ  ਬੱਚਿਆਂ ਦੀ ਜਾਨ ਲਈ ਖਤਰਾ ਵੀ ਬਣ ਜਾਂਦੀ ਹੈ। ਇਹੀ ਕਾਰਣ ਹੈ ਕਿ ਕਈ ਸਰਕਾਰਾਂ ਨੇ ਇਸ ਸਾਲ ਨਵੰਬਰ ਵਿੱਚ ਕਈ ਦਿਨਾਂ ਲਈ ਸਕੂਲ ਬੰਦ ਰੱਖੇ ਅਤੇ ਫਿਰ ਸਮੇਂ ਵਿੱਚ ਤਬਦੀਲੀ ਵੀ ਕੀਤੀ। ਧੁੰਦ ਕਿਉਂਕਿ ਸਵੇਰੇ ਸਵੇਰੇ ਵੱਧ ਅਤੇ ਬਾਅਦ  ਵਿੱਚ ਦਿਨ ਚੜ੍ਹਨ ਦੇ ਨਾਲ ਨਾਲ ਘੱਟਦੀ ਜਾਂਦੀ ਹੈ, ਬੱਚਿਆਂ ਦੇ ਬਚਾਅ ਲਈ ਇਹ ਇੱਕ ਸਧਾਰਨ ਪ੍ਰਬੰਧ ਹੈ, ਪਰ ਇਹ ਆਖਰੀ ਅਤੇ ਮੁਕੰਮਲ ਪ੍ਰਬੰਧ ਨਹੀਂ ਹੈ। ਇਹ ਦੋ-ਚਾਰ ਦਿਨ ਦੀ ਗੱਲ ਨਹੀਂ ਹੈ। ਕਈ ਵਾਰ  ਸਰਦੀਆਂ ਵਿੱਚ ਇਹ ਧੁੰਦ ਲੰਬੀ ਵੱਧ ਜਾਂਦੀ ਹੈ ਤਾਂ ਇਸ ਤਰ੍ਹਾਂ ਬੱਚਿਆਂ ਦੀ ਰੋਜ਼ਾਨਾ ਪੜ੍ਹਾਈ ਪਰ ਵੀ ਅਸਰ ਪੈਂਦਾ ਹੈ। ਪਰ ਬੱਚਿਆਂ ਦੇ ਜੀਵਨ ਨੂੰ ਸੁਰੱਖਿਅਤ ਰੱਖਣਾ ਅਤੇ ਸ਼ੁੱਧ ਹਵਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਪੜ੍ਹਾਈ ਲਈ ਵੀ  ਬੱਚਿਆਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। 
ਮਨੁੱਖੀ ਜਾਨਾਂ ਅਤੇ ਖਾਸ ਕਰਕੇ ਸਵੇਰੇ ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਧੁੰਦ ਦੇ ਪ੍ਰਕੋਪ ਤੋਂ ਬਚਾਉਣ ਲਈ, ਸਾਨੂੰ ਸੱਭ ਨੂੰ ਸੁਚੇਤ ਹੋਣ ਦੀ ਲੋੜ ਹੈ। ਪਹਿਲਾਂ ਤਾਂ ਮਨੁੱਖ ਕੋਈ ਗਲਤੀ ਨਾ ਕਰੇ ਤਾਂ ਕਿ ਉਸਦੀ ਇਸ ਗਲਤੀ ਨਾਲ ਵਾਤਾਵਰਣ ਦੂਸ਼ਿਤ ਨਾ ਹੋਵੇ। ਸਰਦੀਆਂ ਵਿੱਚ ਪਰਾਲੀ, ਪੱਤਿਆਂ ਅਤੇ ਗੰਦੇ ਕੂੜੇ ਕਰਕਟ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ ਵਾਹਨਾਂ ਨੂੰ ਧੂਆਂ ਰਹਿਤ ਰੱਖਣ ਵਿੱਚ ਸਰਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਸਵੇਰ ਸਮੇਂ ਬੱਚਿਆਂ ਨੂੰ ਸਕੂਲ ਛੱਡਣ ਲਈ ਸਮੇਂ ਦਾ ਧਿਆਨ ਰੱਖ ਕਾਹਲੀ ਨੂੰ ਤਿਆਗ ਅਰਾਮ ਨਾਲ ਚਲਣਾ ਚਾਹੀਦਾ ਹੈ। ਸਕੂਲੀ ਬੱਚਿਆਂ ਨੂੰ ਲਿਆਉਣ, ਲਿਜਾਣ ਵਾਲੀਆਂ ਬੱਸਾਂ ਨੂੰ ਘੱਟ ਗਤੀ ਤੇ ਚਲਣ ਲਈ ਡਰਾਈਵਰਾਂ ਨੂੰ ਪ੍ਰੇਰਣਾ ਚਾਹੀਦਾ ਹੈ। ਵੱਧ ਆਵਾਜਾਈ ਸਮੇਂ ਕੋਈ ਕਾਹਲੀ ਨਹੀਂ ਕਰਨੀ ਚਾਹੀਦੀ ਸਗੋਂ ਲਾਇਨ ਵਿੱਚ ਰਹਿ ਕੇ ਹੀ ਚੱਲਣ ਨਾਲ ਸਫ਼ਰ ਜਲਦੀ ਮੁਕਦਾ ਹੈ। ਕਿਸੇ ਵੀ ਗੱਡੀ ਦੇ ਡਰਾਈਵਰ ਨੂੰ ਉਸ ਦੀ ਗੱਡੀ ਵਲੋਂ ਛੱਡੇ ਜਾਣ ਵਾਲੇ ਧੂੰਏ ਅਤੇ ਉਡਾਈ ਗਈ ਮਿੱਟੀ ਤੋਂ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਤੁਹਾਡੇ ਫਾਇਦੇ ਵਿੱਚ ਹੀ ਸਭ ਦਾ ਫਾਇਦਾ ਹੈ। ਸਕੂਲ ਵਿੱਚ ਬੱਚਿਆਂ ਦਾ ਸਮਾਂ ਘੱਟ ਹੋਣ ਕਾਰਨ ਸਰਦੀਆਂ ਵਿੱਚ ਬੱਚਿਆਂ ਨੂੰ ਘਰ ਰਹਿੰਦੇ ਸਮੇਂ ਵੱਧ ਪੜ੍ਹਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਸੱਭ ਦੇ ਭਲੇ ਲਈ ਹਰ ਇੱਕ ਨੂੰ ਸੁਚੇਤ ਹੋਣ ਦੀ ਲੋੜ ਹੈ।  
ਬਹਾਦਰ ਸਿੰਘ ਗੋਸਲ,
ਮਕਾਨ ਨੰ: 3098, ਸੈਕਟਰ-37ਡੀ, 
ਚੰਡੀਗੜ੍ਹ। ਮੋ.ਨੰ: 98764-52223
     


Related News