ਅਸੀਂ ਮੰਗਤੇ ਨਹੀਂ

05/18/2020 11:17:24 AM

ਕੋਵਿਡ-19 ਦੀ ਮਹਾਮਾਰੀ ਕਰਕੇ ਇਸ ਸਮੇਂ ਅਸੀਂ ਸਾਰੇ ਹੀ ਬਹੁਤ ਬੁਰੇ ਦੌਰ ਵਿਚੋਂ ਗੁਜ਼ਰ ਰਹੇ ਹਾਂ। ਸਾਰੇ ਖੇਤਰਾਂ ਦੀਆਂ ਆਰਥਿਕ ਗਤੀਵਿਧੀਆਂ ਲਗਭਗ ਰੁਕ ਗਈਆਂ ਹਨ ਅਤੇ ਸਮੁੱਚੇ ਵਿਸ਼ਵ ਦੀ ਆਰਥਿਕ ਵਿਵਸਥਾ ਠੱਲ ਗਈ ਹੈ। ਜੇ ਆਪਾਂ ਪਿਛਾਂਹ ਝਾਤ ਮਾਰੀਏ ਤਾਂ ਲਾਕਡਾਊਨ ਦੀ ਮੌਜੂਦਾ ਸਥਿਤੀ ਤੋਂ ਪਹਿਲਾਂ ਵੀ ਸਾਡੇ ਸੂਬੇ ਦੀ ਆਰਥਿਕ ਸਥਿਤੀ ਕੋਈ ਵਧੀਆ ਨਹੀਂ ਸੀ। ਇਸ ਦਾ ਕਾਰਨ ਸੂਬੇ ਉੱਪਰ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ, ਸਬਸਿਡੀਆਂ ਅਤੇ ਸਮਾਜ ਭਲਾਈ ਸਕੀਮਾਂ ਦੇ ਰੂਪ ਵਿਚ ਵੱਡੇ ਖਰਚਿਆਂ ਦੇ ਬੋਝ ਦੇ ਨਾਲ-ਨਾਲ, ਸੂਬੇ ਸਿਰ ਚੜ੍ਹੇ ਵੱਡੇ ਕਰਜ਼ਿਆਂ ਦੀਆਂ ਕਿਸ਼ਤਾਂ ਅਤੇ ਉਨ੍ਹਾਂ ਦੇ ਵਿਆਜ ਦੀਆਂ ਅਦਾਇਗੀਆਂ ਦਾ ਭਾਰ ਵੀ ਹੈ। 

ਸੂਬੇ ਦੀ ਲੀਹੋਂ ਉਤਰੀ ਅਰਥ-ਵਿਵਸਥਾ ਨੂੰ ਮੁੜ ਆਪਣੇ ਪੈਰਾਂ ’ਤੇ ਲਿਆਉਣ ਲਈ, ਰਾਜ ਸਰਕਾਰ ਮਾਹਿਰਾਂ ਨਾਲ ਲਗਾਤਾਰ ਵਿਚਾਰ-ਵਟਾਂਦਰੇ ਕਰ ਰਹੀ ਹੈ ਤਾਂ ਜੋ ਵਿਕਾਸ ਦੀ ਰਫ਼ਤਾਰ ਤੇਜ ਕਰਨ ਲਈ ਇਸ ਦਿਸ਼ਾ ਵਿਚ ਹਰ ਸੰਭਵ ਕਦਮ ਚੁੱਕੇ ਜਾ ਸਕਣ। ਪਰ ਦੂਜੇ ਪਾਸੇ ਵੱਖੋ-ਵੱਖਰੇ ਖੇਤਰਾਂ ਦੇ ਪ੍ਰਤੀਨਿਧ ਰਾਜ ਸਰਕਾਰ ਤੋਂ ਸਬਸਿਡੀਆਂ ਜਾਂ ਹੋਰ ਤਰ੍ਹਾਂ ਨਾਲ ਵੱਡੀ ਵਿੱਤੀ ਸਹਾਇਤਾ ਦੀਆਂ ਬੜੇ ਜ਼ੋਰ ਨਾਲ ਉਮੀਦਾਂ ਲਾਈ ਬੈਠੇ ਹਨ, ਹਾਲਾਂਕਿ ਉਨ੍ਹਾਂ ਤੋਂ ਸੂਬੇ ਦੀ ਅਰਥ ਵਿਵਸਥਾ ਕੋਈ ਗੁੱਝੀ ਨਹੀਂ ਹੈ। ਉਨ੍ਹਾਂ ਦੀਆਂ ਅਜਿਹੀਆਂ ਮੰਗਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮਹਾਮਾਰੀ ਦਾ ਸਭ ਤੋਂ ਵੱਧ ਨੁਕਸਾਨ ਸਿਰਫ਼ ਉਨ੍ਹਾਂ ਦੇ ਖੇਤਰ ਨੂੰ ਹੋਇਆ ਹੋਵੇ ਪਰ ਮਹਾਮਾਰੀ ਨਾਲ ਸੂਬੇ ਦੀ ਸਰਕਾਰ ਕੋਲ ਫੰਡਾਂ ਦਾ ਹੜ੍ਹ ਆ ਗਿਆ ਹੋਵੇ ਅਤੇ ਸੂਬੇ ਦਾ ਖਜ਼ਾਨਾ ਰਾਤੋ-ਰਾਤ ਭਰ ਗਿਆ ਹੋਵੇ ।

ਇਸ ਵਰਤਾਰੇ ਕਰਕੇ ਮੈਨੂੰ ਇਕ ਅਜਿਹੀ ਘਟਨਾ ਮੁੜ ਯਾਦ ਆਉਂਦੀ ਹੈ, ਜੋ ਮੇਰੇ ਮਨ ਵਿਚ ਡੂੰਘੀ ਛਪੀ ਹੋਈ ਹੈ। ਇਹ ਸਮਾਜ ਦੀ ਸੋਚ ਵਿਚ ਆਈ ਵੱਡੀ ਤਬਦੀਲੀ ਦਾ ਇਸ਼ਾਰਾ ਵੀ ਕਰਦੀ ਹੈ। ਮੇਰਾ ਪਿੰਡ ਅੰਮ੍ਰਿਤਸਰ-ਤਰਨਤਾਰਨ ਸੜਕ ’ਤੇ ਪੈਂਦਾ ਹੈ। ਉਸ ਇਲਾਕੇ ਵਿਚ ਜੋਤਾਂ ਮੁਕਾਬਲਤਨ ਛੋਟੀਆਂ ਹੋਣ ਕਰਕੇ, ਹਾੜੀ ਦੇ ਮੌਸਮ ਵਿਚ ਸਿਰਫ਼ ਉਹ ਕਿਸਾਨ ਹੀ ਸਾਰੀ ਜ਼ਮੀਨ ’ਤੇ ਫ਼ਸਲ ਬੀਜਦੇ ਸਨ, ਜਿਨ੍ਹਾਂ ਕੋਲ ਸਿੰਚਾਈ ਦੀਆਂ ਚੰਗੀਆਂ ਸਹੂਲਤਾਂ ਹੁੰਦੀਆਂ ਸਨ। ਅਸੀਂ 4-5 ਏਕੜ ਵਿਚ ਬਰਸੀਮ ਅਤੇ ਕਮਾਦ ਅਤੇ ਬਾਕੀ ਵਿਚ ਕਣਕ ਜਾਂ ਬੇਰੜਾ (ਕਣਕ-ਛੋਲਿਆਂ ਨੂੰ ਰਲਾ ਕੇ ਬੀਜਣਾ) ਬੀਜਦੇ ਸਾਂ। ਸਾਉਣੀ ਦੇ ਸੀਜ਼ਨ ਵਿਚ ਅੱਧੀ ਜਾਂ ਅੱਧੀ ਤੋਂ ਥੋੜੀ ਵੱਧ ਜ਼ਮੀਨ ਵਿਚ ਮੱਕੀ, ਝੋਨਾ, ਨਰਮਾ ਅਤੇ ਚਾਰਾ ਬੀਜਦੇ। ਬਾਕੀ ਰਹਿੰਦੀ ਜ਼ਮੀਨ ਵਾਹਣ ਰਖਦੇ। ਇਨ੍ਹਾਂ ਖਾਲੀ ਪੈਲੀਆਂ ਨੂੰ ਅਸੀਂ ਵਾਰ-ਵਾਰ ਵਾਹੁੰਦੇ ਤਾਂ ਜੋ ਇਹ ਜ਼ਮੀਨ ਕਣਕ ਦੀ ਫ਼ਸਲ ਲਈ ਵਧੀਆ ਤਿਆਰ ਕੀਤੀ ਜਾਵੇ। ਇਸ ਦੇ ਪਿੱਛੇ 'ਦੱਬ ਕੇ ਵਾਹ ਤੇ ਰੱਜ ਕੇ ਖਾਹ' ਦਾ ਲੋਕ-ਵਿਸ਼ਵਾਸ ਵੀ ਕੰਮ ਕਰਦਾ ਸੀ। ਇਉਂ ਕਣਕ ਸਾਡੇ ਇਲਾਕੇ ਦੀ ਮੁੱਖ ਫ਼ਸਲ ਸੀ ਅਤੇ ਇਸ ਦੇ ਮੁਕਾਬਲੇ ਕੋਈ ਹੋਰ ਫ਼ਸਲ ਨੇੜੇ-ਤੇੜੇ ਵੀ ਨਹੀਂ ਸੀ ਆਉਂਦੀ। ਪਿੰਡ ਵਿਚ ਕਿਸ ਦੀ ਖੇਤੀ ਸਭ ਤੋਂ ਚੰਗੀ ਹੈ, ਉਸ ਦਾ ਆਧਾਰ ਕਣਕ ਦੀ ਫ਼ਸਲ ਹੁੰਦੀ ਸੀ। ਇਸੇ ਆਧਾਰ ’ਤੇ ਹੀ ਕਿਸੇ ਕਿਸਾਨ ਦੀ ਭੱਲ ਬਣਦੀ। ਸਾਡੇ ਪਿੰਡ ਵਿਚ ਮੇਰੇ ਪਿਤਾ ਜੀ ਵੀ ਅਜਿਹੇ ਤਿੰਨ-ਚਾਰ ਕਿਸਾਨਾਂ ਵਿਚੋਂ ਸਨ, ਜੋ ਵਾਰੋ-ਵਾਰੀ ਕਣਕ ਦੀ ਪੈਦਾਵਾਰ ਲੈਣ ਵਿਚ ਮੋਹਰੀ  ਹੋਣ ਦਾ ਜੱਸ ਖੱਟਦੇ । 

ਮਾਰਚ 1961 ਵਿਚ ਅੰਮ੍ਰਿਤਸਰ-ਤਰਨਤਾਰਨ-ਪੱਟੀ-ਖੇਮਕਰਨ ਦੀ ਬੈਲਟ ਵਿਚ ਤਕੜੀ ਗੜ੍ਹੇਮਾਰ ਹੋਈ। ਕਣਕ ਦੀ ਫ਼ਸਲ ਪੱਕਣ ਦੇ ਨੇੜੇ ਖੜੀ ਸੀ ਅਤੇ ਉਸ ਦਾ ਜੋ ਨੁਕਸਾਨ ਹੋਇਆ ਉਹ ਭੁੱਲਦਾ ਨਹੀਂ। ਪੱਕੀ ਕਣਕ ਦੇ ਬੂਟੇ, ਗੜ੍ਹਿਆਂ ਦੀ ਮਾਰ ਝੱਲ ਨਾ ਸਕੇ ਅਤੇ ਸਿੱਟੇ ਟੁੱਟ ਕੇ ਹੇਠਾਂ ਡਿੱਗ ਪਏ। ਸਾਡੀ ਕਣਕ ਦੀ ਪੈਦਾਵਰ ਜੋ ਆਮ ਤੌਰ ਤੇ 275-300 ਕੱਚੇ ਮਣ (ਕੱਚੇ ਮਣ ਵਿਚ 16 ਸੇਰ ਹੁੰਦੇ ਸਨ। 16 ਸੇਰ ਅਰਥਾਤ 15 ਕਿਲੋ ਤੋਂ ਥੋੜਾ ਘੱਟ) ਹੁੰਦੀ ਸੀ, ਘੱਟ ਕੇ ਤਕਰੀਬਨ 120 ਕੱਚੇ ਮਣ ਰਹਿ ਗਈ। ਉਸ ਕਿਸਾਨ ਦੀ ਹਾਲਤ ਦਾ ਭਲੀ-ਭਾਂਤ ਅੰਦਾਜ਼ਾ ਲਗ ਸਕਦਾ ਹੈ, ਜਿਸ ਦੀ ਪੈਦਾਵਾਰ 50% ਤੋਂ ਵੀ ਘਟ ਗਈ ਹੋਵੇ । ਸਾਡੇ ਇਲਾਕੇ ਵਿਚ ਦੋ ਵਿਧਾਨ ਸਭਾ ਚੋਣ ਹਲਕੇ ਪੈਂਦੇ ਸਨ, ਜਿਨ੍ਹਾਂ ਦੀ ਵਾਗਡੋਰ ਅਸਰ-ਰਸੂਖ ਸ਼ਖਸੀਅਤਾਂ ਨੇ ਸੰਭਾਲੀ ਹੋਈ ਸੀ, ਜਿਨ੍ਹਾਂ ਵਿਚੋਂ ਇਕ ਸ. ਪ੍ਰਤਾਪ ਸਿੰਘ ਕੈਰੋਂ, ਉਸ ਵੇਲੇ ਦੇ ਮੁੱਖ ਮੰਤਰੀ, ਪੰਜਾਬ ਅਤੇ ਦੂਜੇ ਸ. ਗੁਰਦਿਆਲ ਸਿੰਘ ਢਿੱਲੋਂ, ਉਸ ਵੇਲੇ ਦੇ ਸਪੀਕਰ, ਵਿਧਾਨ ਸਭਾ ਸਨ । ਇਹ ਸ਼ਾਇਦ ਉਨ੍ਹਾਂ ਦੇ ਪ੍ਰਭਾਵ ਸਦਕਾ ਸੀ ਜਾਂ ਸਰਕਾਰੀ ਤੰਤਰ ਦੀ ਚੰਗੀ ਕਾਰਗੁਜ਼ਾਰੀ ਅਤੇ ਸਦਭਾਵਨਾ ਸਦਕਾ ਸੀ ਕਿ ਪ੍ਰਭਾਵਿਤ ਪਿੰਡਾਂ ਵਿਚ ਬਿਨਾਂ ਦੇਰ ਕੀਤਿਆਂ ਹਰ ਵਿਅਕਤੀ ਨੂੰ 60 ਕਿਲੋ ਕਣਕ ਦੇਣ ਦਾ ਪ੍ਰਬੰਧ ਕੀਤਾ ਗਿਆ । ਮੇਰੇ ਪਿਤਾ ਜੀ ਪਿੰਡ ਦੇ ਸਰਪੰਚ ਸਨ ਅਤੇ ਜਦੋਂ ਕਣਕ ਵੰਡਣੀ ਸੀ , ਉਨ੍ਹਾਂ ਨੇ ਮੇਰੀ ਡਿਊਟੀ ਇਸਦਾ ਰਿਕਾਰਡ ਰੱਖਣ ਤੇ ਲਾ ਦਿੱਤੀ । ਮੈਂ ਥੋੜੇ ਦਿਨ ਪਹਿਲਾਂ ਨੌਵੀਂ ਪਾਸ ਕੀਤੀ ਸੀ। ਸੋ ਉਸ ਜ਼ਮਾਨੇ ਦੇ ਹਿਸਾਬ ਨਾਲ ਕਾਫ਼ੀ ਪੜ੍ਹਿਆ ਲਿਖਿਆ ਸਾਂ। ਸ਼ਾਮ ਦੇ ਲਗਭਗ 4.00-4.30 ਵਜੇ ਵੰਡ-ਵੰਡਈਏ ਦਾ ਇਹ ਕੰਮ ਜਦੋਂ ਨੇਪਰੇ ਚੜ੍ਹਨ ਤੇ ਆ ਗਿਆ ਤਾਂ ਪੰਚਾਇਤ ਸਕੱਤਰ ਦੇ ਧਿਆਨ ਵਿੱਚ ਆਇਆ ਕਿ 8-10 ਪਰਿਵਾਰ ਅਜਿਹੇ ਹਨ, ਜਿਨ੍ਹਾਂ ਨੇ ਇਹ ਕਣਕ ਨਹੀਂ ਸੀ ਲਈ। (ਇਨ੍ਹਾਂ ਪਰਿਵਾਰਾਂ ਵਿਚ ਸਾਡਾ ਪਰਿਵਾਰ ਵੀ ਸ਼ਾਮਲ ਸੀ ਪਰ ਮੇਰੇ ਪਿਤਾ ਜੀ ਨੇ ਪੰਚਾਇਤ ਸਕੱਤਰ ਨੂੰ ਸਵੇਰੇ ਹੀ ਦੱਸ ਦਿੱਤਾ ਸੀ ਕਿ ਸਰਪੰਚ ਹੋਣ ਦੇ ਨਾਤੇ ਅਤੇ ਪਿੰਡ ਦੇ ਵੱਡੇ ਜ਼ਿਮੀਂਦਾਰ ਹੋਣ ਕਰਕੇ ਉਹ ਇਹ ਸਰਕਾਰੀ ਕਣਕ ਨਹੀਂ ਲੈਣਗੇ ।) ਜਦੋਂ ਪੰਚਾਇਤ ਸਕੱਤਰ ਅਤੇ ਮੇਰੇ ਪਿਤਾ ਜੀ ਇਸ ਬਾਬਤ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਵੇਖਿਆ ਕਿ ਪੰਚਾਇਤ ਦਾ ਇਕ ਮੈਂਬਰ, ਜਿਸ ਨੇ ਹਾਲੀ ਕਣਕ ਨਹੀਂ ਸੀ ਲਈ, ਲਗਭਗ 10 ਬੰਦਿਆਂ ਦੇ ਗਰੁੱਪ ਵਿਚ ਖੜ੍ਹਾ ਸੀ, ਜਿਸ ਵਿਚ 4-5 ਹੋਰ ਵੀ ਅਜਿਹੇ ਬੰਦੇ ਸਨ, ਜਿਨ੍ਹਾਂ ਨੇ ਇਹ ਕਣਕ ਨਹੀਂ ਸੀ ਲਈ। ਇਹ 55-60 ਵਰ੍ਹਿਆਂ ਦੇ, ਤਕਰੀਬਨ ਛੇ ਫੁੱਟ ਲੰਬੇ, ਖੁੱਲ੍ਹੀ ਦਾੜੀ ਅਤੇ ਚਿੱਟੀ ਜਟਕਾ ਸਟਾਈਲ ਪੱਗ ਵਾਲੇ ਭਾਈ ਬੂਟਾ ਸਿੰਘ ਜੀ ਸਨ। ਬੜੀ ਪ੍ਰਭਾਵਸ਼ਾਲੀ ਸਖਸ਼ੀਅਤ ਦੇ ਮਾਲਕ ਹੋਣ ਕਰਕੇ ਹੀ ਸ਼ਾਇਦ ਪਿੰਡ ਵਿਚ ਉਨ੍ਹਾਂ ਨੂੰ 'ਭਾਈ ਜੀ' ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਪੰਚਾਇਤ ਸਕੱਤਰ ਨੇ ਉਨ੍ਹਾਂ ਨੂੰ ਉੱਚੀ ਅਵਾਜ਼ ਵਿਚ ਕਿਹਾ, "ਭਾਈ ਜੀ ਤੁਸੀਂ ਵੀ ਕਣਕ ਲੈ ਲਓ ਅਸੀਂ ਕੰਮ ਖਤਮ ਕਰੀਏ"।  ਭਾਈ ਸਾਹਿਬ ਨੇ ਅੱਗੋਂ ਗਰਜ਼ਵੀਂ ਅਵਾਜ਼ ਵਿਚ ਕਿਹਾ, "ਬਾਊ ਜੀ ਅਸੀਂ ਜੱਟ ਵਾਂ, ਮੰਗਤੇ ਨਹੀਂ"।

ਅੱਜ ਕੱਲ ਸਮਾਜ ਦੇ ਸਾਰੇ ਵਰਗਾਂ ਵਿਚ ਹਰ ਕਿਸੇ ਨੂੰ ਸਬਸਿਡੀ ਦੀ ਲਾਲਸਾ ਹੈ। ਸਬਸਿਡੀਆਂ ਹਾਸਲ ਕਰਨ ਦੀ ਇਸ ਹੋੜ ਵਿਚ ਅਸੀਂ ਆਪਣੇ ਅਮੀਰ ਸੂਬੇ ਨੂੰ ਗਰੀਬ ਅਤੇ ਕਰਜ਼ਾਈ ਕਰਕੇ ਰੱਖ ਦਿੱਤਾ ਹੈ। ਰੱਬ ਦੇ ਰੰਗ ਦੇਖੋ, ਸੂਬਾ ਗਰੀਬ ਪਰ ਵਸਨੀਕ ਅਮੀਰ। ਸਮਾਜ ਦੀ ਇਸ ਬਦਲ ਰਹੀ ਨਾਕਾਰਤਮਕ ਤਬਦੀਲੀ ਤੋਂ ਦਿਲ ਦੁਖੀ ਅਤੇ ਨਿਰਾਸ਼ ਹੁੰਦਾ ਹੈ ! ਭਾਈ ਬੂਟਾ ਸਿੰਘ ਦੀ ਦਲੇਰ ਗੜਕ ਕਿ "ਅਸੀਂ ਮੰਗਤੇ ਨਹੀਂ ਹਾਂ" ਕਿਤੇ ਗੁੰਮ ਹੋ ਗਈ ਹੈ । 

ਆਓ ਅਸੀਂ ਹਮੇਸ਼ਾਂ ਯਾਦ ਰੱਖੀਏ ਕਿ ਵੰਡ ਦੌਰਾਨ ਸਾਡੇ ਪੁਰਖੇ ਜੋ "ਇੱਧਰ" ਨੂੰ ਆਏ ਸੀ, ਉਨ੍ਹਾਂ ਕੋਲ ਦੁੱਖਾਂ ਦੀ ਪੰਡ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਮੁੜ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਅਤੇ ਆਪਣੀ ਸਖਤ ਮਿਹਨਤ ਅਤੇ ਲਗਨ ਸਦਕਾ ਉੱਚੀਆਂ ਬੁਲੰਦੀਆਂ ਨੂੰ ਵੀ ਛੋਹਿਆ। ਮੈਂ ਆਪਣੀ ਇਸ ਮਾਣਮੱਤੀ ਅਤੇ ਅਣਖੀ ਪੰਜਾਬੀ ਕੌਮ ਨੂੰ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕਰਦਾ ਹਾਂ ਕਿ ਆਪਣੀ ਜ਼ਮੀਰ ਨੂੰ ਜਗਾਈਏ। ਦੂਜਿਆਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਾ ਮੰਗੀਏ । ਆਪਣੇ ਘਰ ਨੂੰ ਬਚਾਉਣਾ ਸਾਡਾ ਸਾਡਾ ਪਹਿਲਾ ਫ਼ਰਜ਼ ਹੈ। ਸਾਡਾ ਲੋਕ ਅਖਾਣ ਵੀ ਹੈ ਕਿ, 'ਰੱਬ ਉਨ੍ਹਾਂ ਦੀ ਮਦਦ ਕਰਦਾ ਹੈ, ਜੋ ਆਪਣੀ ਮਦਦ ਆਪ ਕਰਦੇ ਹਨ'। ਸੋ ਆਓ, ਆਪਣਾ ਘਰ ਅਸੀਂ ਆਪ ਹੀ ਸੰਭਾਲੀਏ ! 

ਬਲਦੇਵ ਸਿੰਘ ਢਿੱਲੋਂ
ਪਦਮਸ਼੍ਰੀ ਅਵਾਰਡੀ 
ਵਾਈਸ ਚਾਂਸਲਰ , ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ  
ਈਮੇਲ : dhillonbaldevsingh0gmail.com


rajwinder kaur

Content Editor

Related News