ਕੁੱਖ, ਰੁੱਖ, ਜਲ ਤੇ ਜੰਗਲ- ਜੇ ਬਚਣਗੇ ਤਾਂ ਹੋਵੇਗਾ ਮੰਗਲ

10/12/2019 2:37:42 PM

ਸੰਸਾਰ ਵਿੱਚ ਮਨੁੱਖੀ ਸਮਾਜ ਹਰ ਸਮੇਂ ਸੁੱਖ ਅਤੇ ਖੁਸ਼ਹਾਲੀ ਤਾਂ ਭਾਲਦਾ ਹੈ ਪਰ ਉਹ ਇਹ ਗੱਲ ਭੁੱਲ ਜਾਂਦਾ ਹੈ ਕਿ ਉਸਦੇ ਇਸ ਸੁੱਖ ਦਾ ਅਧਾਰ ਕੀ ਹੈ ਅਤੇ ਇਹ ਸੁੱਖ ਅਤੇ ਖੁਸ਼ਹਾਲੀ ਉਸ ਨੂੰ ਕਿਥੋਂ ਮਿਲ ਸਕਦੀ ਹੈ?  ਹਰ ਤਰ੍ਹਾਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਮਨੁੱਖਾਂ ਦੇ ਵੀ ਆਪਣੇ-ਆਪਣੇ ਵਿਚਾਰ ਹਨ। ਕੋਈ ਪ੍ਰਮਾਤਮਾ ਦੀ ਭਗਤੀ ਕਰਕੇ ਅਥਾਹ ਸੁੱਖ ਪਾਉਣ ਦਾ ਯਤਨ ਕਰਦਾ ਹੈ ਤਾਂ ਕੋਈ ਵੱਧ ਤੋਂ ਵੱਧ ਧਨ ਦੌਲਤ ਇਕੱਠਾ ਕਰਕੇ, ਉਸ ਦੋਲਤ ਨੂੰ ਆਪਣੇ ਸੁੱਖ ਦਾ ਸਾਧਨ ਸਮਝਦਾ ਹੈ। ਕਈ ਔਲਾਦ ਪ੍ਰਾਪਤੀ ਕਰਕੇ, ਆਪਣੇ ਪੁੱਤਾਂ ਧੀਆਂ ਰਾਹੀਂ ਸੁੱਖ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ। ਪਰ ਇਸ ਤਰ੍ਹਾਂ ਦਾ ਸੁੱਖ ਵਿਅਕਤੀਗਤ ਤੌਰ ਤੇ ਭਾਵੇ ਕਦੇ ਕਿਸੇ ਨੂੰ ਮਿਲ ਜਾਂਦਾ ਹੋਵੇ ਪਰ ਸਮੂਹਿਕ ਰੂਪ ਵਿੱਚ ਪੂਰੇ ਸਮਾਜ ਨੂੰ ਸੁੱਖ ਪਹੁੰਚਾਉਣ ਲਈ ਅਤੇ ਸਮਾਜ ਨੂੰ ਸੁਦ੍ਰਿੜ ਅਤੇ ਸੁੱਖਮਈ ਬਨਾਉਣ ਲਈ ਕੁੱਝ ਹੋਰ ਗੱਲਾਂ ਵੀ ਜ਼ਰੂਰੀ ਹਨ।
ਮਨੁੱਖਤਾ ਦੇ ਭਲੇ ਲਈ ਜ਼ਰੂਰੀ ਹੈ ਕਿ ਕੁੱਖ ਅਤੇ ਰੁੱਖ ਦੀ ਸੰਭਾਲ ਕੀਤੀ ਜਾਵੇ। ਜਦੋਂ ਸਮਾਜ ਵਿੱਚ ਗਿਰਾਵਟ ਆਉਂਦੀ ਹੈ ਤਾਂ ਉਹ ਚੰਗੀਆਂ ਗੱਲਾਂ ਨੂੰ ਛੱਡ ਬੁਰਾਈਆਂ ਦਾ ਪੱਲਾ ਫੜ੍ਹ ਲੈਂਦਾ ਹੈ ਜਿਸ ਤਰ੍ਰਾਂ ਬਹੁਤ ਸਮੇਂ ਤੋਂ ਅਸੀਂ ਦੇਖਦੇ ਆਏ ਹਾਂ ਕਿ ਸਾਡੇ ਦੇਸ਼ ਭਾਰਤ ਵਿੱਚ ਅਨਪੜ੍ਹਤਾ ਹੋਣ ਦੇ ਕਾਰਨ ਲੜਕੀਆਂ ਨੂੰ ਕੁੱਖ ਵਿੱਚ ਹੀ ਮਾਰ ਮਕਾਉਂਦੇ ਰਹੇ ਹਨ ਜਾਂ ਇਹ ਕਹਿ ਲਵੋ ਕਿ ਮਨੁੱਖ ਲੜਕੀ ਦੀ ਪੈਦਾਇਸ਼ ਤੋਂ ਡਰਨ ਲੱਗ ਗਿਆ ਹੈ। ਪਰ ਜਦੋਂ ਅਸੀਂ ਇੱਕ ਸੱਭਿਅਤ ਸਮਾਜ ਦੀ ਗੱਲ ਕਰਦੇ ਹਾਂ ਤਾਂ ਸਮਾਜ ਵਿੱਚ ਮੁੰਡੇ-ਕੁੜੀਆਂ ਦਾ ਅਨੁਪਾਤ ਬਰਾਬਰ ਹੋਣਾ ਜ਼ਰੂਰੀ ਹੈ ਨਹੀਂ ਤਾਂ ਸਮਾਜ ਵਿੱਚ ਸੰਤੁਲਨ ਬਰਕਰਾਰ ਨਹੀਂ ਰਹਿ ਸਕਦਾ ਅਤੇ ਪੂਰੇ ਸਮਾਜ ਨੂੰ ਇਸ ਦਾ ਨੁਕਸਾਨ ਉਠਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਭਰੂਣ ਹੱਤਿਆ ਜਿਹੇ ਘਿਨੌਣੇ ਅਪਰਾਧ ਨੂੰ ਤਿਆਗ, ਸਾਨੂੰ ਮੁੰਡੇ ਅਤੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਅਤੇ ਬੱਚੀਆਂ ਦੀ ਕੁੱਖ ਵਿੱਚ ਸੰਭਾਲ ਕਰਨੀ ਜ਼ਰੂਰੀ ਹੈ।
ਇਸ ਦੇ ਨਾਲ ਹੀ ਧਰਤੀ ਨੂੰ ਹਰਿਆਵਲੀ ਬਨਾਉਣ ਲਈ ਸਾਨੂੰ ਰੁੱਖਾਂ ਦੀ ਸਭਾਲ ਵੱਲ ਉਚੇਚੇ ਧਿਆਨ ਦੇਣਾ ਚਾਹੀਦਾ ਹੈ। ਇਹ ਕੰਮ ਇੱਕ ਜਾਂ ਦੋ ਵਿਅਕਤੀਆਂ ਦਾ ਨਹੀਂ ਹੈ ਬਲਕਿ ਪੂਰੇ ਸਮਾਜ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਅੰਨ੍ਹੇਵਾਹ ਰੁੱਖਾਂ ਨੂੰ ਕੱਟ ਕੇ ਧਰਤੀ ਨੂੰ ਬੰਜ਼ਰ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਇਕ-ਇਕ ਰੁੱਖ ਦੇ ਕਿੰਨੇ ਸੁੱਖ ਹਨ ਇਸ ਦੀ ਹਰ ਸਮਾਜਿਕ ਪ੍ਰਾਣੀ ਨੂੰ ਸਮਝ ਹੋਣੀ ਚਾਹੀਦੀ ਹੈ। ਰੁੱਖਾਂ ਦੇ ਸੁੱਖਾਂ ਤਾਂ ਅਸੀਂ ਉਂਗਲੀਆਂ ਤੇ ਗਿਣ ਵੀ ਨਹੀਂ ਸਕਦੇ ਤਾਂ ਫਿਰ ਉਨ੍ਹਾਂ ਨਾਲ ਦੂਰ-ਵਿਵਹਾਰ ਕਿਉਂ ਕੀਤਾ ਜਾਵੇ? ਇਕ-ਇਕ ਰੁੱਖ ਮਨੁੱਖ ਦੀ ਜੀਵਨ ਰੇਖਾ ਹੈ ਅਤੇ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖਾਂ ਦੀ ਸੰਭਾਲ ਨਾਲ ਉਹ ਆਪਣੇ ਜੀਵਨ ਦੀ ਅਤੇ ਸਮਾਜ ਦੀ ਸੰਭਾਲ ਕਰ ਸਕਦਾ ਹੈ। ਭਾਵੇ ਇਕੱਲਾ-ਇਕੱਲਾ ਰੁੱਖ ਵੀ ਮਨੁੱਖ ਲਈ ਬਹੁਤ ਲਾਭਕਾਰੀ ਹੈ ਪਰ ਜੇ ਰੁੱਖ ਜੰਗਲਾਂ ਦੇ ਰੂਪ ਵਿੱਚ ਸੰਭਾਲ ਲਏ ਜਾਣ ਤਾਂ ਜੰਗਲਾਂ ਦੇ ਮਨੁੱਖਾਂ, ਪਸ਼ੂ-ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਅਨੇਕ ਲਾਭ ਹਨ ਅਤੇ ਜੰਗਲ ਜਿੱਥੇ ਜੰਗਲੀ ਜਾਨਵਰਾਂ ਦਾ ਵਸੇਬਾ ਹੁੰਦੇ ਹਨ ਉਥੇ ਮਨੁੱਖ ਲਈ ਤਾਂ ਜੰਗਲ ਵਰਦਾਨ ਹਨ। ਜੰਗਲ ਦੇ ਨਾਲ ਹੀ ਮਨੁੱਖ ਦੇ ਜੀਵਨ ਵਿੱਚ ਮੰਗਲ ਆਉਂਦਾ ਹੈ। ਮਨੁੱਖ ਨੂੰ ਹਰ ਸਮੇਂ ਜੰਗਲਾਂ ਤੇ ਟੇਕ ਰੱਖਣੀ ਪੈਂਦੀ ਹੈ। ਵਰਖਾ ਦਾ ਬਹੁਤ ਦਰਮਦਾਰ ਜੰਗਲਾਂ ਤੇ ਨਿਰਭਰ ਹੁੰਦਾ ਹੈ। ਜਿੰਨੇ ਵੱਧ ਜੰਗਲ ਹੋਣਗੇ ਉਨੀ ਹੀ ਵੱਧ ਵਰਖਾ ਦੀ ਸੰਭਾਵਨਾ ਹੋ ਜਾਂਦੀ ਹੈ। ਬਹੁਤ ਤਰ੍ਹਾਂ ਦੀ ਜੜ੍ਹੀਆਂ-ਬੂਟੀਆਂ ਅਤੇ ਦਵਾਈਆਂ ਜੰਗਲਾਂ ਤੋਂ ਪ੍ਰਾਪਤ ਹੋ ਜਾਂਦੀਆਂ ਹਨ।  ਸ਼ੁਰੂ-ਸ਼ੁਰੂ ਵਿੱਚ ਮਨੁੱਖ ਨੇ ਆਪਣਾ ਜੀਵਨ ਜੰਗਲਾਂ ਤੋਂ ਹੀ ਸ਼ੁਰੂ ਕੀਤਾ ਸੀ ਪਰ ਅੱਜ ਉਹ ਵਿਗਿਆਨ ਦੇ ਯੁੱਗ ਵਿੱਚ ਇਨ੍ਹਾਂ ਜੰਗਲਾਂ ਨੂੰ ਵਿਸਾਰ ਰਿਹਾ ਹੈ ਅਤੇ ਭੁੱਲ ਗਿਆ ਹੈ ਕਿ ਮਨੁੱਖਾਂ ਲਈ ਲੱਕੜ ਜੰਗਲਾਂ ਤੋਂ ਹੀ ਪ੍ਰਾਪਤ ਹੁੰਦੀ ਹੈ ਅਤੇ ਵਾਤਾਵਰਣ ਨੂੰ ਸੁੱਧ ਰੱਖਣ ਵਿੱਚ ਇਹ ਜੰਗਲ ਹੀ ਮਨੁੱਖ ਦੀ ਸੇਵਾ ਕਰਦੇ ਹਨ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਮਨੁੱਖ ਆਪਣੇ ਸਮਾਜ ਦੀ ਖੁਸ਼ਹਾਲੀ ਲਈ ਵੱਧ ਤੋਂ ਵੱਧ ਜੰਗਲ ਲਗਾਵੇ ਅਤੇ ਜੰਗਲਾਂ ਦੀ ਅੰਧਾ-ਧੁੰਦ ਕਟਾਈ ਨੂੰ ਰੋਕ ਕੇ, ਹਰੇ-ਭਰੇ ਜੰਗਲਾਂ ਦੀ ਸੰਭਾਲ ਕਰੇ।
ਇਨ੍ਹਾਂ ਸਭ ਤੋਂ ਵੀ ਵੱਧ ਮਨੁੱਖ ਲਈ ਪਾਣੀ ਜ਼ਰੂਰੀ ਹੈ। ਪਾਣੀ ਦੀ ਸੰਭਾਲ ਮਨੁੱਖ ਦੇ ਜੀਵਨ ਲਈ ਬਹੁਤ ਜ਼ਰੂਰੀ ਹੈ। ਪਾਣੀ ਹੀ ਜੀਵਨ ਹੈ ਅਤੇ ਪਾਣੀ ਦਾ ਪੀਣ ਯੋਗ ਸ਼ੁੱਧ ਹੋਣਾ ਵੀ ਅਤਿ ਜ਼ਰੂਰੀ ਹੈ। ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਇਸ ਦੀ ਸੰਭਾਲ ਮਨੁੱਖ ਦੇ ਜੀਵਨ ਦਾ ਆਧਾਰ ਅਤੇ ਸੰਜੀਵਨੀ ਹੈ। ਪਾਣੀ ਤੋਂ ਬਿਨਾਂ ਮਨੁੱਖ ਤਾਂ ਕੀ ਹੋਰ ਜੀਵ-ਜੰਤੂ ਵੀ ਪਾਣੀ ਤੋਂ ਬਿਨਾਂ ਜੀਵਤ ਨਹੀਂ ਰਹਿ ਸਕਦੇ। ਇੱਥੋਂ ਤੱਕ ਕਿ ਬਹੁਤ ਜਾਵੇ ਜੀਵ ਤਾਂ ਰਹਿੰਦੇ ਹੀ ਪਾਣੀ ਵਿੱਚ ਹਨ । ਸਾਡੇ ਗੁਰੂ ਸਾਹਿਬਾਨ ਜੀ ਵਲੋਂ ਵੀ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਜੋ ਪਾਣੀ ਦੀ ਮਨੁੱਖ ਅਤੇ ਜੀਵ-ਜੰਤੂਆਂ ਲਈ ਮਹੱਤਤਾ ਨੂੰ ਦਰਸਾਉਂਦਾ ਹੈ। ਮਨੁੱਖ ਨੂੰ ਪਾਣੀ ਦੇ ਕੁਦਰਤੀ ਸੋਮਿਆ ਦੀ ਸੰਭਾਲ ਕਰਕੇ, ਆਪਣੇ ਅਤੇ ਭਵਿੱਖ ਲਈ ਪਾਣੀ ਦੀ ਬਚਤ ਕਰਨੀ ਜ਼ਰੂਰੀ ਹੈ। ਜੇਕਰ ਧਰਤੀ ਤੋਂ ਪਾਣੀ ਘਟਦਾ ਗਿਆ ਤਾਂ ਹੋ ਸਕਦਾ ਹੈ ਕਿ ਇਸ ਧਰਤੀ ਤੇ ਬਹੁਤ ਸਾਰੇ ਜੀਵਾਂ ਦਾ ਅੰਤ ਹੋ ਜਾਵੇਗਾ । ਅੱਜ ਕੱਲ ਗਲੋਬਲ ਤਪਸ਼ ਦਾ ਕਾਰਣ ਵੀ, ਧਰਤੀ ਤੇ ਘੱਟ ਰਿਹਾ ਪਾਣੀ ਹੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕੁੱਖ ਦੀ ਸੰਭਾਲ, ਰੁੱਖਾਂ ਦੀ ਬਹੁਤਾਂਤ, ਪਾਣੀ ਦੀ ਬਚਤ ਅਤੇ ਜੰਗਲਾਂ ਦਾ ਵਾਧਾ ਹੀ ਮਨੁੱਖ ਨੂੰ ਖੁਸ਼ਹਾਲੀ ਅਤੇ ਖੁਸ਼ੀ ਪ੍ਰਦਾਨ ਕਰ ਸਕਦਾ ਹੈ। ਸੰਸਾਰ ਵਿੱਚ ਭਰਪੂਰ ਜੰਗਲਾਂ ਦੀ ਹਰਿਆਲੀ, ਮਨੁੱਖ ਦੀਆਂ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਲਾਹੇਵੰਦ ਹੋ ਸਕਦੀ ਹੈ।

ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ।
ਮੋਬਾਇਲ ਨੰ: 98764-52223


Aarti dhillon

Content Editor

Related News