ਕਿਸਾਨ ਕਲੱਬ ਦੀ ਮਾਸਿਕ ਮੀਟਿੰਗ ਵਿਚ ਖੇਤੀ ਮਾਹਿਰਾਂ ਵਲੋਂ ਵੱਖ-ਵੱਖ ਨੁਕਤਿਆਂ ਤੇ ਵਿਚਾਰ

Monday, Sep 10, 2018 - 11:51 AM (IST)

ਅੱਜ ਪੀਏਯੂ ਵਿਚ ਕਿਸਾਨ ਕਲੱਬ ਦੀ ਮਹੀਨਾਵਾਰ ਮੀਟਿੰਗ ਵਿਚ ਖੇਤੀ ਮਾਹਿਰਾਂ ਨੇ ਖੇਤੀ ਨਾਲ ਸੰਬੰਧਿਤ ਵੱਖ-ਵੱਖ ਨੁਕਤਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਿਚ ਇਹ ਮੁੱਦਾ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਕਿ ਦਵਾਈਆਂ ਲਈ ਖੁੰਬਾਂ ਦੀ ਖੇਤੀ ਮੁਨਾਫੇ ਦੇ ਪੱਖ ਤੋਂ ਇਕ ਵਧੀਆ ਬਦਲ ਹੋ ਸਕਦੀ ਹੈ। ਇਸ ਤੋਂ ਬਿਨਾਂ ਜਿਨ੍ਹਾਂ ਇਲਾਕਿਆਂ ਵਿਚ ਬਰਸਾਤ ਦਾ ਪਾਣੀ ਭਰਨ ਨਾਲ ਝੋਨੇ ਦਾ ਨੁਕਸਾਨ ਹੋਇਆ ਹੈ ਉਥੇ ਬਦਲਵੀਆਂ ਫਸਲਾਂ ਸੰਬੰਧੀ ਵਿਚਾਰ ਕੀਤੀ ਗਈ। ਕਿਸਾਨ ਕਲੱਬ ਦੇ ਔਰਤ ਵਿੰਗ ਨੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤਰੀ ਖੋਜ ਸਟੇਸ਼ਨ ਬੱਲੋਵਾਲ ਸੌਂਖੜੀ ਦਾ ਦੌਰਾ ਕੀਤਾ। 370 ਕਿਸਾਨਾਂ ਅਤੇ 33 ਕਿਸਾਨ ਬੀਬੀਆਂ ਪੂਰੇ ਪੰਜਾਬ ਵਿਚੋਂ ਇਸ ਕੈਂਪ ਵਿਚ ਹੁੰਮ-ਹੁੰਮਾ ਕੇ ਸ਼ਾਮਲ ਹੋਈਆਂ । 

ਕੈਂਪ ਦੇ ਕੁਆਰਡੀਨੇਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਵਾਗਤੀ ਸ਼ਬਦਾਂ ਦੇ ਨਾਲ ਸਹਿਕਾਰੀ-ਖੇਤੀ ਨੂੰ ਚੰਗੇ ਆਰਥਿਕ ਮੁਨਾਫ਼ੇ ਲਈ ਸਮੇਂ ਦੀ ਲੋੜ ਕਿਹਾ। ਇਸ ਤੋਂ ਉਪਰੰਤ ਚਿੱਟੀ ਮੱਖੀ ਦੇ ਪ੍ਰਬੰਧ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਬਾਰੇ ਇਕ ਡਾਕੂਮੈਂਟਰੀ ਫਿਲਮ ਕਿਸਾਨਾਂ ਨੂੰ ਦਿਖਾਈ ਗਈ। 

ਕਿਸਾਨ ਕਲੱਬ ਦੇ ਔਰਤ ਵਿੰਗ ਦੀ ਕੁਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਪੀਏਯੂ ਕਿਸਾਨ ਕਲੱਬ ਵਲੋਂ ਖੇਤੀ ਕਰਨ ਵਾਲੀਆਂ ਬੀਬੀਆਂ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਵਾਲੇ ਵਿਸਥਾਰ ਵਿਚ ਚਾਨਣਾ ਪਾਇਆ। ਮਾਈਕ੍ਰੋਬਾਇਆਲੋਜੀ ਮਾਹਿਰ ਡਾ. ਐਚ ਐਸ ਸੋਢੀ ਨੇ ਦਵਾਈਆਂ ਲਈ ਉਗਾਈਆਂ ਜਾਣ ਵਾਲੀਆਂ ਖੁੰਬਾਂ ਦੇ ਮਹੱਤਵ ਬਾਰੇ ਕਿਸਾਨਾਂ ਨੂੰ ਵਿਸਥਾਰ ਵਿਚ ਦੱਸਿਆ ਅਤੇ ਇਹਨਾਂ ਖੁੰਬਾਂ ਦੀ ਖੇਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਵੀ ਕੀਤਾ । ਪੀਏਯੂ ਦੇ ਇਕ ਹੋਰ ਮਾਹਿਰ ਡਾ. ਐੱਚ ਐੱਸ ਮਿਨਹਾਸ ਨੇ ਖੇਤੀ ਵਿਭਿੰਨਤਾ ਬਾਰੇ ਭਾਸ਼ਣ ਦਿੰਦਿਆਂ ਬਦਲਵੇਂ ਫਸਲੀ ਤੰਤਰ ਦੇ ਨੁਕਤੇ ਸਾਂਝੇ ਕੀਤੇ। 

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਤੋਂ ਮਾਹਿਰ ਦੇ ਤੌਰ ਤੇ ਸ਼ਾਮਲ ਹੋਏ ਡਾ. ਜਸਵਿੰਦਰ ਸਿੰਘ ਨੇ ਚੰਗੀ ਪਸ਼ੂ ਖੁਰਾਕ ਦੇ ਤੱਤਾਂ ਬਾਰੇ ਕਿਸਾਨਾਂ ਨਾਲ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਿਨਾਂ ਗੁਰਦਾਸਪੁਰ ਤੋਂ ਨੌਜਵਾਨ ਕਿਸਾਨ ਵਜੋਂ ਸ਼ਾਮਲ ਹੋਏ ਹਰਿੰਦਰ ਸਿੰਘ ਨੇ ਖੇਤੀ ਵਿਚ ਕਾਮਯਾਬੀ ਲਈ ਆਪਣੇ ਨੁਕਤੇ ਹਾਜ਼ਰ ਕਿਸਾਨਾਂ ਨਾਲ ਸਾਂਝੇ ਕੀਤੇ। ਚੰਗੀ ਸਿਹਤ ਸੰਭਾਲ ਬਾਰੇ ਭਾਸ਼ਣ ਦਿੰਦਿਆਂ ਫੋਰਟਿਸ ਹਸਪਤਾਲ ਦੇ ਡਾ. ਸੰਦੀਪ ਚੋਪੜਾ ਨੇ ਹਾਜ਼ਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਕੈਂਪ ਦੌਰਾਨ ਖੇਤੀ ਉਤਪਾਦਾਂ ਦੇ ਆਪਸੀ ਵਟਾਂਦਰੇ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਸਥਾਰ ਵਿਚ ਵਿਚਾਰਾਂ ਹੋਈਆਂ ।


Related News