ਪਰਿਵਾਰਾਂ ਵਿਚ ਅਲੋਪ ਹੋ ਰਹੀ ਏਕਤਾ ਅਤੇ ਭਾਈਚਾਰਕ ਸਾਂਝ
Friday, Aug 10, 2018 - 05:34 PM (IST)
ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਜਦ ਇਕੋ ਪਰਿਵਾਰ ਵਿਚ ਘੱਟੋ-ਘੱਟ ਦਸ-ਬਾਰਾਂ ਬੱਚੇ ਹੋਇਆ ਕਰਦੇ ਸਨ। ਉਨ੍ਹਾਂ ਸਮਿਆਂ ਵਿਚ ਪਰਿਵਾਰ ਨਿਯੋਜਨ ਦੇ ਤਰੀਕੇ ਵੀ ਘੱਟ ਸਨ ਅਤੇ ਆਪਣੇ ਆਪ ਹੀ ਉਮਰ ਦੇ ਲਿਹਾਜ ਨਾਲ ਬੱਚਿਆਂ ਦਾ ਜੰਮਣਾ ਬੰਦ ਹੁੰਦਾ ਸੀ।ਉਨ੍ਹਾਂ ਵੇਲਿਆਂ ਵਿਚ ਹਰੇਕ ਘਰ ਦੇ ਇਕ ਜਾਂ ਦੋ ਵਿਅਕਤੀਆਂ ਦਾ ਵਿਆਹ ਨਾ ਹੋਣਾ ਆਮ ਜਿਹੀ ਗੱਲ ਸੀ।ਘਰ ਦੇ 8-10 ਮੈਂਬਰਾਂ ਵਿਚੋਂ ਇਕ-ਦੋ ਮੈਂਬਰ ਤਾਂ ਕੁਆਰੇ ਰਹਿ ਹੀ ਜਾਂਦੇ ਸਨ ਅਤੇ ਜ਼ਿਆਦਾਤਰ ਲੋਕ ਅਨਪੜ੍ਹ ਸਨ, ਜਿਹੜਾ ਘਰ ਦਾ ਮੈਂਬਰ ਕੋਈ ਚਾਰ ਅੱਖਰ ਪੜ੍ਹ ਵੀ ਜਾਂਦਾ ਸੀ ਤਾਂ ਘਰ ਦੀ ਵਾਗਡੋਰ ਉਸਦੇ ਹਵਾਲੇ ਹੀ ਹੁੰਦੀ ਸੀ ਮਤਲਬ ਸ਼ਹਿਰੋਂ ਘਰ ਦਾ ਰਾਸ਼ਨ ਲਿਆਉਣਾ,ਆੜਤੀਆਂ ਨਾਲ ਹਿਸਾਬ-ਕਿਤਾਬ ਕਰਨਾ,ਜ਼ਮੀਨਾਂ ਦਾ ਲੇਖਾ-ਜੋਖਾ ਇਕੋ ਮੈਂਬਰ ਦੇ ਜੁੰਮੇ ਹੁੰਦਾ ਸੀ ਬਾਕੀ ਮੈਂਬਰ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਫਸਲਾਂ ਦੀ ਦੇਖਭਾਲ ਕਰਨ ਵਿਚ ਮਸ਼ਤ ਹੁੰਦੇ ਸਨ,ਉਹ ਦੁਨੀਆਦਾਰੀ ਤੋਂ ਪਰ੍ਹੇ ਟੈਨਸ਼ਨ ਮੁਕਤ ਆਪਣੀ ਜ਼ਿੰਦਗੀ ਜਿਉਂਦੇ ਸਨ।ਉਨ੍ਹਾਂ ਵੇਲ੍ਹਿਆਂ ਦੀਆਂ ਔਰਤਾਂ ਮਤਲਬ ਸਾਡੀਆਂ ਦਾਦੀਆਂ-ਪੜ੍ਹਦਾਦੀਆਂ ਦੀ ਗੱਲ ਕਰੀਏ ਜਿਹੜੀਆਂ 15-20 ਜਣਿਆਂ ਦੇ ਟੱਬਰ ਦੀ ਰੋਟੀ ਇਕ ਚੁੱਲ੍ਹੇ ਤੇ ਬਨਾਉਂਦੀਆਂ ਸਨ,ਘਰਾਂ ਵਿਚ ਏਕਤਾ ਹੁੰਦੀ ਸੀ ਇਸ ਤੋਂ ਇਲਾਵਾ ਘਰ ਵਿਚ ਰੱਖੇ ਪਸ਼ੂ-ਡੰਗਰਾ ਨੂੰ ਹਰਾ-ਚਾਰਾ ਪਾਉਣਾ,ਉਨ੍ਹਾਂ ਦੀ ਸੰਭਾਲ ਕਰਨਾ ਅਤੇ ਉਸਤੋਂ ਬਾਅਦ ਉਨ੍ਹਾਂ ਦਾ ਦੁੱਧ ਚੋਣਾਂ,ਦੁੱਧ ਰਿੜਕਣਾਂ ਆਦਿ ਘਰ ਦਾ ਸਾਰਾ ਕੰਮ ਘਰ ਦੀਆਂ ਔਰਤਾਂ ਰਲਕੇ ਅਤੇ ਵੰਡ ਕੇ ਕਰਦੀਆਂ ਸਨ। ਘਰ ਦੇ ਸਾਰੇ ਮੈਂਬਰ ਆਪਣੇ-ਆਪਣੇ ਕੰਮ ਧੰਦਿਆਂ ਵਿਚ ਮਸਤ ਚੈਨ ਦੀ ਜ਼ਿੰਦਗੀ ਬਤੀਤ ਕਰਦੇ ਸਨ ਅਤੇ ਜੋ ਕੁੱਝ ਘਰ ਵਿਚ ਰੁੱਖੀ-ਮਿੱਸੀ ਬਣਦੀ ਉਸ ਨੂੰ ਖਾ-ਪੀ ਕੇ ਗੁਜਾਰਾ ਕਰ ਲੈਂਦੇ ਸਨ।ਘਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਸਲਾਹ-ਮਸ਼ਵਰਾ ਕਰਦੇ ਸਨ ਅਤੇ ਔਰਤਾਂ ਦੀ ਦਖਲ-ਅੰਦਾਜੀ ਨਹੀਂ ਸੀ ਹੁੰਦੀ। ਸਾਰੇ ਪਰਿਵਾਰ ਵਿਚ ਇਕਸੁਰਤਾਂ,ਭਾਈਵਾਲੀ ਅਤੇ ਪ੍ਰੇਮ ਪਿਆਰ ਹੱਦੋਂ ਵੱਧ ਹੁੰਦਾ ਸੀ।ਆਂਡ-ਗੁਆਂਢ ਇਥੋਂ ਤੱਕ ਕਿ ਸਾਰੇ ਪਿੰਡਾਂ ਦੇ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਇਕ-ਜੁੱਟ ਹੋ ਕੇ ਰਹਿਣਾ,ਇਕ ਦੂਜੇ ਦੇ ਵਿਆਹ-ਸ਼ਾਦੀਆਂ,ਮਰਨੇ ਆਦਿ ਤੇ ਇਕੱਠੇ ਹੋ ਕੇ ਮਦਦ ਕਰਨੀ, ਇਕ-ਦੂਜੇ ਦਾ ਦੁੱਖ-ਸੁੱਖ ਵੰਡਾਉਣਾਂ ਆਪਣਾ ਫਰਜ ਸਮਝਦੇ ਸੀ।ਸਾਰੇ ਲੋਕਾਂ ਦਾ ਆਪਸ ਵਿਚ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਅਤੇ ਆਪਸ ਵਿਚ ਮਿਲ-ਜੁਲ ਕੇ ਖੁਸ਼ ਰਹਿੰਦੇ ਸਨ।
ਪਰ ਹੁਣ ਸਮੇਂ ਦੇ ਨਾਲ ਦੇਸ਼ ਦੀ ਅਬਾਦੀ ਵਿਚ ਅਥਾਹ ਵਾਧਾ ਹੋਇਆ ਹੈ ।ਦੇਸ਼ ਵਿਚ ਪੜ੍ਹਾਈ-ਲਿਖਾਈ ਹਰ ਪਿੰਡਾਂ-ਸ਼ਹਿਰਾਂ ਵਿਚ ਸਕੂਲ-ਕਾਲਜ ਖੋਲ੍ਹੇ ਗਏ ਹਨ ਅਤੇ ਅੱਜਕਲ ਦੀ ਨੌਜਵਾਨ ਪੀੜ੍ਹੀ ਜਿੱਥੇ ਪੜ੍ਹ ਲਿਖ ਕੇ ਚੰਗੇ ਅਫਸਰ,ਫੌਜ ਵਿਚ,ਪੁਲੀਸ ਵਿਚ ਜਾਂ ਹੋਰਨਾਂ ਵਿਭਾਗਾਂ ਵਿਚ ਨੌਕਰੀਆਂ ਤੇ ਲਗ ਚੁਕੇ ਹਨ ਜਾਂ ਲੱਗਣਾਂ ਚਾਹੁੰਦੇ ਹਨ ਉਹ ਗੱਲ੍ਹਾਂ ਨਹੀਂ ਰਹੀਆਂ,ਜਿਵੇਂ-ਜਿਵੇਂ ਵਿਗਿਆਨਕ ਖੋਜੀਆਂ ਵਲੋਂ ਦੇਸ਼ ਦੀ ਤਰੱਕੀ ਲਈ ਨਵੀਆਂ-ਨਵੀਆਂ ਖੋਜ਼ਾਂ ਕਰਕੇ ਕਾਢਾਂ ਕੱਢੀਆਂ ਜਾ ਰਹੀਆਂ ਹਨ,ਫੈਕਟਰੀਆਂ ਆਦਿ ਲਗਾਈਆਂ ਜਾ ਰਹੀਆਂ ਹਨ ਉੱਥੇ ਹੁਣ ਮੋਬਾਇਲਾਂ ਨੇ ਜਿੱਥੇ ਵਪਾਰਿਕ ਸੁਵਿਧਾ ਅਤੇ ਦੇਸ਼-ਵਿਦੇਸ਼ ਵਿਚ ਪਲ-ਪਲ ਦੀ ਜਾਣਕਾਰੀ ਦਾ ਸੁੱਖ ਦਿਖਾਇਆ ਹੈ ਉਥੇ ਹੀ ਆਪਸੀ ਭਾਈਚਾਰਕ,ਰਿਸ਼ਤੇਦਾਰੀਆਂ ਵਿਚ ਖਟਾਸ ਪੈਦਾ ਕਰ ਦਿੱਤੀ ਹੈ।ਅੱਜਕਲ ਦੀਆਂ ਲੜਕੀਆਂ ਜਿੱਥੇ ਪੜ੍ਹ-ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਰਹੀਆਂ ਹਨ ਉਥੇ ਉਹ ਘਰ ਦੇ ਕੰਮ ਦਾ ਬੋਝ ਆਪਣੇ ਸਿਰ ਨਹੀਂ ਲੈਂਦੀਆਂ।ਅਗਾਂਹਵਧੂ ਵਿਚਾਰਾਂ ਵਿਚ ਪਲ ਰਹੀ ਨਵੀਂ ਪੀੜ੍ਹੀ ਕਿਸੇ ਮਾਂ-ਪਿਓੁ ਜਾਂ ਸੱਸ ਦੀ ਹੈਂਕੜੀ ਨਹੀਂ ਝੱਲਦੀ ਅਤੇ ਮਸਤ ਚਾਲ ਵਿਚ ਚੱਲ ਕੇ ਹੀ ਰਾਜੀ ਹੈ।ਅੱਜਕਲ ਦੀ ਨੌਜਵਾਨ ਪੀੜ੍ਹੀ ਵੀ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੋ ਰਹੀ ਹੈ।ਹਰ ਕੋਈ ਇਕੱਲਾ ਰਹਿਣ ਦਾ ਚਾਹਵਾਨ ਹੈ। ਖੁਨ ਚਿਟਾ ਹੋ ਰਿਹਾ ਹੈ।ਅੱਜ ਦੀ ਪੀੜ੍ਹੀ ਪੜ੍ਹਾਈਆਂ ਦੇ ਬੋਝ ਹੇਠ ਦੱਬੀ ਅਤੇ ਉਪਰੋਂ ਬੇਰੁਜ਼ਗਾਰੀ ਦੀ ਮਾਰ ਹੇਠ ਦੱਬੀ ਹੋਣ ਕਰਕੇ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਇਕੱਲਤਾ ਵਿਚ ਰਹਿਣਾ ਪਸੰਦ ਕਰਦੀ ਹੈ ਅਤੇ ਇਕੱਠੇ ਇਕ ਘਰ ਵਿਚ ਰਹਿਣ ਤੋਂ ਕਤਰਾਉਂਦੀ ਹੈ।ਕੁੱਲ ਮਿਲਾ ਕੇ ਅੱਜ ਦੀ ਪੀੜ੍ਹੀ ਅਤੇ ਤਿੰਨ ਕੁ ਦਹਾਕੇ ਪਹਿਲਾਂ ਦੀ ਪੀੜ੍ਹੀ ਵਿਚ ਦਿਨ ਰਾਤ ਦਾ ਫਰਕ ਆ ਚੁੱਕਾ ਹੈ।
ਮਨਜੀਤ ਪਿਉਰੀ ਗਿੱਦੜਬਾਹਾ
ਮੋਬਾਇਲ— 94174 47986
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ
