ਸਥਾਪਨਾ ਦਿਹਾੜੇ 'ਤੇ ਵਿਸ਼ੇਸ਼: ਮਨੁੱਖੀ ਅਧਿਕਾਰਾਂ ਦੀ ਭਾਵਨਾ ਨੂੰ ਵਿਕਸਤ ਕਰਨ ਦਾ ਮੰਚ 'ਸੰਯੁਕਤ ਰਾਸ਼ਟਰ'

10/24/2020 1:54:28 PM

ਸੰਯੁਕਤ ਰਾਸ਼ਟਰ ਇਕ ਅੰਤਰਰਾਸ਼ਟਰੀ ਸੰਗਠਨ ਹੈ ਜਿਸਦੀ ਸਥਾਪਨਾ ਅੱਜ ਦੇ ਦਿਨ 24 ਅਕਤੂਬਰ, 1945 ਨੂੰ ਹੋਈ ਸੀ ਅਤੇ ਸੰਯੁਕਤ ਰਾਸ਼ਟਰ ਦਿਵਸ ਸਭ ਤੋਂ ਪਹਿਲਾਂ 24 ਅਕਤੂਬਰ 1948 ਨੂੰ ਮਨਾਇਆ ਗਿਆ। ਸਾਲ 2020 ਸੰਯੁਕਤ ਰਾਸ਼ਟਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਕੋਵਿਡ-19 ਕਾਰਨ ਇਸ ਸਬੰਧੀ ਹੋਣ ਵਾਲੇ ਸਮਾਰੋਹਾਂ 'ਤੇ ਵੀ ਪ੍ਰਭਾਵ ਪੈ ਰਿਹਾ ਹੈ। 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ, ਜਿਸ ਭਵਿੱਖ ਦੀ ਅਸੀਂ ਆਸ ਕਰਦੇ ਹਾਂ, ਉਸ ਦੇ ਨਿਰਮਾਣ 'ਚ ਵਿਸ਼ਵਵਿਆਪੀ ਸਹਿਯੋਗ ਦੀ ਭੂਮਿਕਾ ਬਾਰੇ ਇਕ ਵਿਸ਼ਾਲ ਅਤੇ ਸੰਮਲਿਤ ਵਿਸ਼ਵਵਿਆਪੀ ਗੱਲਬਾਤ ਦਾ ਐਲਾਨ ਕੀਤਾ ਹੈ। ਜੇਕਰ ਇਤਿਹਾਸ ਵੇਖੀਏ ਤਾਂ 19ਵੀਂ ਸਦੀ 'ਚ ਯੂਰਪ ਦੇ ਕਈ ਦੇਸ਼ਾਂ 'ਚ ਮਹਾਂਯੁੱਧ ਹੋਇਆ ਜਿਸ ਨੂੰ ਪਹਿਲਾ ਵਿਸ਼ਵ ਯੁੱਧ ਕਿਹਾ ਜਾਂਦਾ ਹੈ ਜੋ ਕਿ 1914 ਤੋਂ ਲੈ ਕੇ 1918 ਤੱਕ ਚੱਲਿਆ। ਇਸ ਮਹਾਂਯੁੱਧ 'ਚ ਜਿਹੜੇ ਦੇਸ਼ ਸ਼ਾਮਲ ਸਨ ਉਨ੍ਹਾਂ ਦਾ ਤਾਂ ਨੁਕਸਾਨ ਹੋਇਆ ਹੀ ਸੀ ਪਰ ਜਿਹੜੇ ਸ਼ਾਮਲ ਵੀ ਨਹੀਂ ਸਨ, ਉਨ੍ਹਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯੁੱਧ ਕਾਰਨ ਹੋਣ ਵਾਲੀ ਤਬਾਹੀ ਨੂੰ ਵੇਖਦੇ ਹੋਏ ਅਤੇ ਭਵਿੱਖ 'ਚ ਇਸ ਤਬਾਹੀ ਤੋਂ ਬਚਣ ਲਈ ਇਕ ਅੰਤਰਰਾਸਟਰੀ ਸੰਸਥਾ ਲੀਗ ਆਫ ਨੈਸ਼ਨਜ਼ ਬਣਾਉਣ ਦਾ ਫੈਸਲਾ ਕੀਤਾ ਗਿਆ। ਲੀਗ ਆਫ ਨੈਸ਼ਨਜ਼ ਦੀ ਸਥਾਪਨਾ 28 ਜੂਨ 1919 ਨੂੰ ਫਰਾਂਸ 'ਚ ਹੋਏ ਸਮਝੌਤੇ ਅਤੇ ਦਸਤਖਤਾਂ ਤੋਂ ਬਾਅਦ ਹੋਈ। ਲੀਗ ਆਫ ਨੈਸ਼ਨਜ਼ ਦੀ ਸਥਾਪਨਾ ਤੋਂ ਬਾਅਦ ਦੋ ਦਹਾਕਿਆਂ ਤੱਕ ਯੁੱਧ ਤੋਂ ਬਚਣ ਲਈ ਬਹੁਤ ਸਾਰਾ ਕੰਮ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਝਗੜਿਆਂ ਨੂੰ ਸੁਲਝਾਉਣਾ ਸੀ। ਇਸ ਕੋਲ ਆਪਣੇ ਫੈਸਲੇ ਮਨਵਾਉਣ ਲਈ ਆਪਣੀ ਕੋਈ ਵੀ ਸੈਨਿਕ ਸ਼ਕਤੀ ਨਹੀਂ ਸੀ। ਇਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੁਝ ਦੇਸ਼ਾਂ ਦੇ ਝਗੜੇ ਨਿਪਟਾਉਣ 'ਚ ਇਹ ਨਾਕਾਮ ਰਿਹਾ ਅਤੇ ਸਾਲ 1939 'ਚ ਦੂਜਾ ਵਿਸ਼ਵ ਯੁੱਧ ਲੱਗ ਗਿਆ ਜੋ ਕਿ 1939 ਤੋਂ 1945 ਤੱਕ ਲਗਭਗ ਛੇ ਸਾਲ ਚੱਲਿਆ ਅਤੇ ਇਸ 'ਚ ਬਹੁਤ ਹੀ ਨੁਕਸਾਨ ਹੋਇਆ।

ਜਰਮਨੀ ਦੇ ਸ਼ਾਸ਼ਕ ਹਿਟਲਰ ਅਤੇ ਉਸ ਦੇ ਸਾਥੀਆਂ ਨੇ ਇਸ ਸੰਸਥਾ ਲੀਗ ਆਫ ਨੈਸ਼ਨਜ਼ ਦਾ ਆਧਾਰ ਹੀ ਖਤਮ ਕਰ ਦਿੱਤਾ। ਅਮਰੀਕਾ ਦੁਆਰਾ ਜਪਾਨ ਦੇ ਸ਼ਹਿਰਾਂ ਨਾਗਾਸਾਕੀ ਅਤੇ ਹੀਰੋਸ਼ੀਮਾ ਤੇ ਕੀਤੇ ਗਏ ਬੰਬ ਹਮਲਿਆਂ ਨਾਲ ਭਿਅੰਕਰ ਤਬਾਹੀ ਹੋਈ। ਇਸ ਤਬਾਹੀ ਨੂੰ ਵੇਖ ਕੇ ਅਮਨ ਪਸੰਦ ਕਈ ਰਾਸ਼ਟਰਾਂ ਨੇ ਬੈਠਕ ਕੀਤੀ ਅਤੇ ਵਿਸ਼ਵ ਸ਼ਾਂਤੀ ਲਈ ਯੋਜਨਾ ਬਣਾਈ। 25 ਅਪ੍ਰੈਲ, 1945 ਨੂੰ ਸੈਨ ਫਰਾਂਸਿਸਕੋ 'ਚ ਸੰਯੁਕਤ ਰਾਸ਼ਟਰ ਸੰਮੇਲਨ ਹੋਇਆ ਅਤੇ 24 ਅਕਤੂਬਰ 1945 ਨੂੰ ਅਧਿਕਾਰਤ ਤੌਰ 'ਤੇ ਸੰਯੁਕਤ ਰਾਸ਼ਟਰ ਬਣਾਇਆ ਗਿਆ। ਅਮਰੀਕਾ ਦੇ ਰਾਸ਼ਟਰਪਤੀ ਰੁਜ਼ਵੇਲਟ, ਇੰਗਲੈਂਡ ਦੇ ਪ੍ਰਧਾਨ ਮੰਤਰੀ ਚਰਚਿਲ ਅਤੇ ਰੂਸ ਦੇ ਆਗੂ ਸਟਾਲਿਨ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ 24 ਅਕਤੂਬਰ 1945 ਨੂੰ ਅਮਰੀਕਾ ਦੇ ਸਾਨ ਫਰਾਂਸਿਸਕੋ 'ਚ 50 ਦੇਸ਼ਾਂ ਨੇ ਮਿਲ ਕੇ ਸੰਯੁਕਤ ਰਾਸ਼ਟਰ ਸੰਘ ਦਾ ਆਪਣਾ ਸੰਵਿਧਾਨ ਬਣਾਇਆ ਜਿਸਦਾ ਮੁੱਖ ਉਦੇਸ਼ ਵੱਖ-ਵੱਖ ਦੇਸ਼ਾਂ 'ਚ ਸ਼ਾਂਤਮਈ ਸਬੰਧ ਕਾਇਮ ਰੱਖਣਾ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਵਿਕਾਸ ਲਈ ਸਹਿਯੋਗ ਕਰਨਾ ਰੱਖਿਆ ਗਿਆ। ਇਸ ਦੇ ਸੰਵਿਧਾਨ ਅਨੁਸਾਰ ਇਸ ਦਾ ਮੁੱਖ ਕੰਮ ਕਿਸੇ ਵੀ ਦੇਸ਼ ਦੁਆਰਾ ਦੂਜੇ 'ਤੇ ਕੀਤੇ ਜਾਣ ਵਾਲੇ ਹਮਲਿਆਂ ਨੂੰ ਰੋਕਣਾ, ਅੰਤਰਰਾਸ਼ਟਰੀ ਸੁਰੱਖਿਆ ਅਤੇ ਸ਼ਾਂਤੀ ਕਾਇਮ ਰੱਖਣਾ, ਬਰਾਬਰਤਾ ਅਤੇ ਸਵੈ ਨਿਰਣੈ ਦੇ ਅਧਿਕਾਰ ਦੇ ਆਧਾਰ 'ਤੇ ਵੱਖ-ਵੱਖ ਦੇਸ਼ਾਂ 'ਚ ਮਿੱਤਰਤਾ ਵਾਲੇ ਸਬੰਧ ਕਾਇਮ ਕਰਨਾ, ਅੰਤਰਰਾਸ਼ਟਰੀ ਆਧਾਰ 'ਤੇ ਵੱਖ-ਵੱਖ ਦੇਸ਼ਾਂ 'ਚ ਸਮਾਜਿਕ ਆਰਥਿਕ ਸੰਸਕ੍ਰਿਤਕ ਅਤੇ ਹੋਰ ਮਾਨਵੀ ਸਬੰਧਾਂ 'ਚ ਆਪਸੀ ਸਹਿਯੋਗ ਦਾ ਵਿਕਾਸ ਕਰਨਾ, ਨਸਲ, ਜਾਤ, ਧਰਮ, ਭਾਸ਼ਾ, ਲਿੰਗ ਆਦਿ ਦੇ ਆਧਾਰ ਤੇ ਹੋਣ ਵਾਲੇ ਵਿਤਕਰਿਆਂ ਨੂੰ ਖਤਮ ਕਰਨਾ ਅਤੇ ਮਨੁੱਖੀ ਅਧਿਕਾਰਾਂ ਦੀ ਭਾਵਨਾ ਨੂੰ ਵਿਕਸਿਤ ਕਰਨਾ।

PunjabKesari

10 ਜਨਵਰੀ, 1946 ਨੂੰ ਲੰਡਨ ਦੇ ਬੇਸਟਮਿੰਸਟਰ ਹਾਲ 'ਚ ਇਸ ਦਾ ਪਹਿਲਾ ਸੰਮੇਲਨ ਹੋਇਆ ਜਿਸ 'ਚ ਇਸ ਦਾ ਮੁੱਖ ਦਫ਼ਤਰ ਮੈਨਹੈਟਨ ਟਾਪੂ ਨਿਉਯਾਰਕ ਸ਼ਹਿਰ ਵਿੱਚ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਦੀਆਂ ਕੁਝ ਸੰਸਥਾਵਾਂ ਦੇ ਦਫ਼ਤਰ ਜਨੇਵਾ, ਕੋਪਨਹੇਵਨ ਆਦਿ 'ਚ ਵੀ ਬਣਾਏ ਗਏ ਹਨ। ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਵੇਲੇ ਸਿਰਫ 04 ਭਾਸ਼ਾਵਾਂ ਨੂੰ ਹੀ ਰਾਜ ਭਾਸਾਵਾਂ ਦਾ ਦਰਜਾ ਦਿੱਤਾ ਗਿਆ ਸੀ ਪਰ ਹੁਣ ਅਰਬੀ, ਚੀਨੀ, ਅੰਗਰੇਜ਼ੀ, ਫਰਾਂਸਿਸੀ, ਸਪੇਨੀ ਅਤੇ ਰੂਸੀ ਇਸ ਦੀਆਂ ਅਧਿਕਾਰਤ ਭਾਸ਼ਾਵਾਂ ਬਣਾਈਆਂ ਗਈਆਂ। ਭਾਰਤ ਨੇ ਬੇਸ਼ੱਕ ਹਿੰਦੀ ਨੂੰ ਰਾਜ ਭਾਸ਼ਾ ਬਣਾਉਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ ਪਰ ਅਜੇ ਤੱਕ ਹਿੰਦੀ ਨੂੰ ਇਸ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਸਮੇਂ-ਸਮੇਂ 'ਤੇ ਭਾਰਤ ਦੇ ਕਈ ਆਗੂਆਂ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਵਰਗੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਿ ਨੇ ਸੰਯੁਕਤ ਰਾਸ਼ਟਰ 'ਚ ਹਿੰਦੀ ਭਾਸ਼ਾ 'ਚ ਹੀ ਅਪਣਾ ਭਾਸ਼ਣ ਦਿੱਤਾ ਹੈ। ਮੌਜੂਦਾ ਸਮੇਂ ਵਿਸ਼ਵ ਦੇ ਸਾਰੇ ਮਾਨਤਾ ਪ੍ਰਾਪਤ 193 ਦੇਸ਼ ਇਸ ਦੇ ਮੈਂਬਰ ਹਨ। ਸੰਯੁਕਤ ਰਾਸ਼ਟਰ ਸੰਘ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਕਈ ਸ਼ਾਖਾਵਾਂ ਬਣਾਈਆਂ ਗਈਆਂ ਹਨ ਜਿਨ੍ਹਾਂ 'ਚੋਂ ਪ੍ਰਮੁੱਖ ਆਮ ਸਭਾ ਜੋ ਕਿ ਸੰਯੁਕਤ ਰਾਸ਼ਟਰ ਸੰਘ ਦੇ ਸਾਰੇ ਮਾਮਲਿਆਂ ਸਬੰਧੀ ਫੈਸਲੇ ਕਰਦੀ ਹੈ, ਬਜਟ ਨੂੰ ਪਾਸ ਕਰਦੀ ਹੈ, ਸੰਯੁਕਤ ਰਾਸ਼ਟਰ ਸੰਘ ਦੇ ਫੈਸਲਿਆਂ ਨੂੰ ਨਾਂ ਮੰਨਣ ਵਾਲੇ ਦੇਸ਼ਾਂ ਦੀ ਮੈਂਬਰਸ਼ਿਪ ਰੱਦ ਕਰਨ ਸਬੰਧੀ ਫੈਸਲਾ ਕਰਨਾ, ਨਵੇਂ ਦੇਸਾਂ ਨੂੰ ਮੈਂਬਰਸ਼ਿਪ ਦੇਣ ਸਬੰਧੀ ਫੈਸਲੇ ਕਰਨਾ ਸ਼ਾਮਲ ਹੈ। ਸੰਯੁਕਤ ਰਾਸ਼ਟਰ ਸੰਘ ਦੀ ਇਕ ਸ਼ਾਖਾ ਸੁਰੱਖਿਆ ਪ੍ਰੀਸ਼ਦ ਹੈ ਜਿਸ ਦੇ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ, ਚੀਨ 05 ਸਥਾਈ ਮੈਂਬਰ ਹਨ ਅਤੇ 10 ਹੋਰ ਮੈਂਬਰਾ ਦੀ ਨਿਯੁਕਤੀ ਸਾਧਾਰਣ ਸਭਾ ਕਰਦੀ ਹੈ ਜਿਨ੍ਹਾਂ ਦਾ ਕਾਰਜਕਾਲ 02 ਸਾਲ ਤੱਕ ਹੁੰਦਾ ਹੈ ਅਤੇ ਇਨ੍ਹਾਂ ਕੋਲ ਵੀਟੋ ਅਧਿਕਾਰ ਹੁੰਦਾ ਹੈ ਅਤੇ ਇਹ ਦੇਸ਼ਾਂ 'ਚ ਯੁੱਧ ਸ਼ੁਰੁ ਹੋਣ ਦੀ ਹਾਲਤ 'ਚ ਯੁੱਧ ਰੋਕਣ ਲਈ ਯੁੱਧ ਵਿਰਾਮ ਦੇ ਆਦੇਸ਼ ਦਿੰਦੀ ਹੈ ਅਤੇ ਜੇਕਰ ਜ਼ਰੂਰਤ ਪਵੇ ਤਾਂ ਮੈਂਬਰ ਦੇਸ਼ਾਂ ਨੂੰ ਸੈਨਿਕ ਸਹਾਇਤਾ ਦਿੰਦੀ ਹੈ।

ਸੰਯੁਕਤ ਰਾਸ਼ਟਰ ਸੰਘ ਦੀ ਇਕ ਹੋਰ ਮਹੱਤਵਪੂਰਨ ਸ਼ਾਖਾ ਅੰਤਰਰਾਸ਼ਟਰੀ ਅਦਾਲਤ ਹੈ ਜਿਸ ਦੇ 15 ਜੱਜ ਹੁੰਦੇ ਹਨ ਜਿਨ੍ਹਾਂ ਦੀ ਚੋਣ ਸਥਾਈ ਸਭਾ ਅਤੇ ਸੁਰੱਖਿਆ ਪ੍ਰੀਸ਼ਦ ਕਰਦੀ ਹੈ ਅਤੇ ਇਨ੍ਹਾਂ ਦਾ ਕਾਰਜਕਾਲ 9 ਸਾਲ ਲਈ ਹੁੰਦਾ ਹੈ ਅਤੇ ਇਨ੍ਹਾਂ 'ਚੋਂ ਇਕ ਤਿਹਾਈ ਹਰ ਤਿੰਨ ਸਾਲ ਬਦਲਦੇ ਹਨ। ਇਹ ਅਦਾਲਤ ਅੰਤਰਰਾਸਟਰੀ ਝਗੜਿਆ ਦਾ ਨਿਪਟਾਰਾ ਕਰਦੀ ਹੈ। ਇਨ੍ਹਾਂ ਤੋਂ ਇਲਾਵਾ ਹੋਰ ਸ਼ਾਖਾਵਾਂ ਸਮਾਜਿਕ-ਆਰਥਿਕ ਪ੍ਰੀਸ਼ਦ, ਨਿਆਏ ਪ੍ਰੀਸ਼ਦ, ਸਕੱਤਰ ਆਦਿ ਵੀ ਹਨ। ਸੰਯੁਕਤ ਰਾਸ਼ਟਰ ਦੀਆਂ ਕਈ ਹੋਰ ਸੰਸਥਾਵਾਂ ਵੀ ਹਨ ਜਿਨ੍ਹਾਂ 'ਚ ਵਿਸ਼ਵ ਸਿਹਤ ਸੰਗਠਨ, ਖੁਰਾਕ ਅਤੇ ਖੇਤੀ ਸੰਗਠਨ, ਸੰਯੁਕਤ ਰਾਸ਼ਟਰ ਵਿੱਦਿਅਕ ਵਿਗਿਆਨਕ ਅਤੇ ਸੰਸਕ੍ਰਿਤਿਕ ਸੰਗਠਨ, ਯੂਨੀਸੈਫ, ਅੰਤਰਰਾਸ਼ਟਰੀ ਮਜ਼ਦੂਰ ਸੰਗਠਨ, ਸ਼ਰਨਾਰਥੀਆਂ ਲਈ ਸੰਯੁਕਤ ਰਾਸਟਰ ਹਾਈ ਕਮਿਸ਼ਨਰ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਆਦਿ ਹਨ ਜੋ ਕਿ ਆਪਣੇ-ਆਪਣੇ ਖੇਤਰ 'ਚ ਸਫਲਤਾ ਪੂਰਬਕ ਕੰਮ ਕਰ ਰਹੀਆਂ ਹਨ। ਸੰਯੁਕਤ ਰਾਸ਼ਟਰ ਸੰਘ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਕਿ ਇਸ ਦੁਆਰਾ ਲਗਭਗ 100 ਦੇਸ਼ਾਂ 'ਚ ਜਲਵਾਯੂ ਬਦਲਾਓ ਅਤੇ ਊਰਜਾ ਬਚਾਓ ਲਈ ਪ੍ਰੋਗਰਾਮ ਚੱਲ ਰਹੇ ਹਨ, 3.6 ਕਰੋੜ ਸ਼ਰਨਾਰਥੀਆਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ, ਵੱਖ-ਵੱਖ ਦੇਸ਼ਾਂ 'ਚ ਬੱਚਿਆਂ ਲਈ ਬੀਮਾਰੀਆਂ ਤੋਂ ਬਚਾਓ ਲਈ ਟੀਕਾਕਰਨ ਪ੍ਰੋਗਰਾਮ ਚੱਲ ਰਿਹਾ ਹੈ, ਗਰਭਵਤੀ ਮਹਿਲਾਵਾਂ ਦੀ ਸਿਹਤ ਦੀ ਸਾਂਭ ਸੰਭਾਲ ਲਈ ਪ੍ਰੋਗਰਾਮ ਚੱਲ ਰਹੇ ਹਨ, ਕਈ ਦੇਸ਼ਾਂ 'ਚ ਗਰੀਬੀ ਅਤੇ ਭੁੱਖਮਰੀ ਦੂਰ ਕਰਨ ਲਈ ਪ੍ਰੋਗਰਾਮ ਚੱਲ ਰਹੇ ਹਨ। ਸੰਯੁਕਤ ਰਾਸ਼ਟਰ ਸੰਘ ਨੇ ਲਗਭਗ 80 ਦੇਸ਼ਾਂ ਨੂੰ ਆਜ਼ਾਦ ਕਰਵਾਉਣ ਲਈ ਮੁੱਖ ਭੂਮਿਕਾ ਨਿਭਾਈ ਹੈ, ਵਿਸ਼ਵ ਦੇ 04 ਮਹਾਂਦੀਪਾਂ 'ਚ ਸ਼ਾਂਤੀ ਕਾਇਮ ਰੱਖਣ ਅਤੇ  ਆਪਸੀ ਸਬੰਧ ਸੁਖਾਵੇਂ ਰੱਖਣ ਲਈ ਕੰਮ ਕੀਤਾ ਹੈ। ਪੂਰੀ ਦੁਨੀਆ ਦੇ ਜੋ ਵੀ ਲੋਕ ਬੁਨਿਆਦੀ ਅਧਿਕਾਰਾਂ ਅਤੇ ਵਿਸ਼ੇਸ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਨ ਉਹ ਸਭ ਸੰਯੁਕਤ ਰਾਸ਼ਟਰ ਵਲੋਂ ਕੀਤੀਆਂ ਗਈਆਂ ਕੋਸ਼ਿਸਾਂ ਅਤੇ ਕੰਮਾਂ ਦਾ ਹੀ ਨਤੀਜਾ ਹੈ।

ਸੰਯੁਕਤ ਰਾਸਟਰ ਵਲੋਂ ਵਿਸ਼ਵ 'ਚ ਸ਼ਾਂਤੀ ਬਣਾ ਕੇ ਰੱਖਣ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਹਰ ਸੰਭਬ ਕੋਸ਼ਿਸ਼ ਕੀਤੀ ਜਾਂਦੀ ਹੈ। ਸੰਯੁਕਤ ਰਾਸ਼ਟਰ ਦੀ ਕਾਰਗੁਜ਼ਾਰੀ ਬਾਰੇ ਕਈ ਵਾਰ ਵਿਤਕਰੇ ਦੀ ਭਾਵਨਾ ਦੇ ਇਲਜ਼ਾਮ ਲੱਗਦੇ ਹਨ ਜੋ ਕਿ ਇਸ ਦੇ ਭਵਿੱਖ ਲਈ ਉਚਿਤ ਨਹੀਂ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਕਈ ਵਾਰ ਸੰਯੁਕਤ ਰਾਸ਼ਟਰ ਵਿੱਚ ਕੁੱਝ ਪ੍ਰਭਾਵਸਾਲੀ ਦੇਸ਼ਾਂ ਨੇ ਮਨਮਾਨੀ ਕੀਤੀ ਹੈ ਅਤੇ ਸੰਯੁਕਤ ਰਾਸਟਰ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਨਿਰਪੱਖ ਤੌਰ 'ਤੇ ਕੰਮ ਕਰਨ ਲਈ ਕਈ ਦੇਸ਼ ਸਮੇਂ-ਸਮੇਂ 'ਤੇ ਮੰਗ ਕਰਦੇ ਹਨ। ਭਾਰਤ 'ਚ ਸੰਯੁਕਤ ਰਾਸ਼ਟਰ ਦੀਆਂ 26 ਵੱਖ-ਵੱਖ ਏਜੰਸੀਆਂ ਕੰਮ ਕਰ ਰਹੀਆਂ ਹਨ। ਅੱਜ ਵਿਸ਼ਵ ਪੱਧਰ 'ਤੇ ਸੰਯੁਕਤ ਰਾਸ਼ਟਰ ਦਿਵਸ ਮਨਾਇਆ ਜਾ ਰਿਹਾ ਹੈ ਪਰ ਜਰੂਰਤ ਹੈ ਕਿ ਸੰਯੁਕਤ ਰਾਸ਼ਟਰ ਦੇ ਉਦੇਸ਼ਾਂ ਦੀ ਪੂਰਤੀ ਲਈ ਸਮੂਹ ਮੈਂਬਰ ਦੇਸ਼ ਪੂਰਾ ਸਹਿਯੋਗ ਕਰਨ ਅਤੇ ਸੰਯੁਕਤ ਰਾਸ਼ਟਰ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਸੰਯੁਕਤ ਰਾਸ਼ਟਰ ਬਿਨ੍ਹਾਂ ਕਿਸੇ ਦਬਾਓ ਅਤੇ ਪੱਖਪਾਤ ਦੇ ਕੰਮ ਕਰੇ ਤਾਂ ਜੋ ਸੰਯੁਕਤ ਰਾਸ਼ਟਰ ਦੀ ਮਹੱਤਤਾ ਕਾਇਮ ਰਹਿ ਸਕੇ।  

ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜ਼ਿਲ੍ਹਾ ਰੂਪਨਗਰ (ਪੰਜਾਬ)
9417563054


Aarti dhillon

Content Editor

Related News