ਭੈਣਜੀ ਤੋਂ ਮੈਡਮ ਜੀ ਤੱਕ ਦਾ ਸਫ਼ਰ

09/27/2021 6:19:06 PM

ਗੱਲਾਂ ਭਾਵੇਂ ਜ਼ਿਆਦਾ ਪੁਰਾਣੀਆਂ ਨਹੀਂ, ਮਸਾਂ ਦੋ-ਢਾਈ ਦਹਾਕੇ ਪਹਿਲਾਂ ਦੀਆਂ ਹੀ ਹਨ, ਜਦੋਂ ਮਾਂ ਜਾਂ ਵੱਡੀ ਭੈਣ ਵਾਂਗ ਸਕੂਲਾਂ ’ਚ ਪਿਆਰ ਦੇ ਨਾਲ-ਨਾਲ ਸਖਤੀ ਰੱਖਣ ਵਾਲੇ ਭੈਣਜੀ ਹੁੰਦੇ ਸਨ। ਭੈਣਜੀ ਸ਼ਬਦ ’ਚ ਅੱਜ ਦੇ ਮੈਡਮ ਜੀ ਸ਼ਬਦ ਤੋਂ ਕਿਤੇ ਜ਼ਿਆਦਾ ਆਪਣਾਪਣ ਸੀ। ਭੈਣਜੀ ਦੀ ਕਲਾਸ ਉਸ ਦੇ ਆਪਣੇ ਪਰਿਵਾਰ ਸਮਾਨ ਸੀ। ਭੈਣਜੀ ਆਪਣੀ ਕਲਾਸ ਨੂੰ ਪਿਆਰ ਦੇ ਨਾਲ-ਨਾਲ ਪੂਰਨ ਸਖਤੀ ਵਰਤਦੇ ਹੋਏ ਅਨੁਸ਼ਾਸਨ ’ਚ ਰੱਖਦੇ। ਉਹ ਆਪਣੇ ਬੱਚਿਆਂ ਨੂੰ ਉੱਚੇ ਮੁਕਾਮ ’ਤੇ ਪਹੁੰਚਾਉਣ ਲਈ ਮਿਹਨਤ ਕਰਾਉਂਦੇ ਹੋਏ ਸਖਤ ਰਾਹਾਂ ’ਤੇ ਤੋਰਦੇ ਕਿਉਂਕਿ ਇੱਕ ਵਾਰ ਬੱਚਾ ਔਖਿਆਈ ’ਚੋਂ ਗੁਜ਼ਰ ਕੇ ਜ਼ਿੰਦਗੀ ਭਰ ਧੋਖਾ ਨਹੀਂ ਸੀ ਖਾਂਦਾ। ਅੱਜ ਵਰਗੇ ਸਾਧਨ ਵਸੀਲੇ ਨਾ ਹੋਣ ਕਾਰਨ ਭੈਣਜੀ ਜ਼ਿਆਦਾਤਰ ਸਾਈਕਲ ਦੀ ਸਵਾਰੀ ਕਰ ਕੇ ਹੀ ਸਕੂਲ ਪਹੁੰਚਦੇ, ਉਹ ਵੀ ਕਈ ਮੀਲ ਸਾਈਕਲ ਚਲਾ ਕੇ। ਭੈਣਜੀ ਦੀ ਕਲਾਸ ਦੇ ਮੂਹਰਲੀ ਕਤਾਰ ਵਾਲੇ ਆਗੂ ਬੱਚਿਆਂ ਦਾ ਟੋਲਾ ਸਕੂਲ ਦੇ ਗੇਟ ਤੋਂ ਹੀ ਭੈਣਜੀ ਦਾ ਸਾਈਕਲ ਫੜਨ ਲਈ 15 ਮਿੰਟ ਪਹਿਲਾਂ ਹੀ ਉਡੀਕ ’ਚ ਹੁੰਦਾ। ਉਹ ਭੈਣਜੀ ਨਾਲ ਦੂਹਰਾ ‘ਜੀ’ ਲਗਾ ਕੇ, ਭੈਣਜੀ ਜੀ ਕਹਿ ਕੇ ਭੈਣਜੀ ਦਾ ਮਾਣ-ਸਤਿਕਾਰ ਵਧਾਈ ਰੱਖਦੇ।

ਉਹ ਭੈਣਜੀ ਦੇ ਸਕੂਲ ਪਹੁੰਚਣ ਤੋਂ ਲੈ ਕੇ ਛੁੱਟੀ ਸਮੇਂ ਤੱਕ ਆਪਣੇ ਸਤਿਕਾਰਯੋਗ ਭੈਣਜੀ ਦੀ ਸੇਵਾ ਲਈ ਹਰ ਪਲ ਤੱਤਪਰ ਰਹਿੰਦੇ। ਭੈਣਜੀ ਵੱਲੋਂ ਕੋਈ ਵੀ ਚੀਜ਼ ਮੰਗਵਾਉਣ ’ਤੇ ਇੱਕ ਬੱਚੇ ਦੀ ਜਗ੍ਹਾ ਪੰਜ-ਸੱਤ ਬੱਚੇ ਵੱਧ ਤੋਂ ਵੱਧ ਸਪੀਡ ਨਾਲ ਪਹਿਲਾਂ ਚੀਜ਼ ਲਿਆ ਕੇ ਦੇਣ ਲਈ ਪੂਰੀ ਵਾਹ ਲਗਾਉਂਦੇ। ਭਾਵੇਂ ਉਦੋਂ ਦੇ ਭੈਣਜੀਆਂ ਨੂੰ ਸਵਾਟਰ ਬੁਣਨ ਜਿਹੇ ਕੰਮ ਕਰਨ ਕਰਕੇ ਅੱਜ ਵੀ ਬਦਨਾਮ ਕੀਤਾ ਜਾ ਰਿਹਾ ਹੈ ਪਰ ਉਹ ਆਪਣੇ ਸਕੂਲੀ ਜਾਂ ਕਲਾਸ ਦੇ ਕੰਮਾਂ ਪ੍ਰਤੀ ਪੂਰਨ ਸਮਰਪਿਤ ਸਨ। ਭਾਵੇਂ ਸਾਰੇ ਮੁੱਖ ਕੰਮ ਅਤੇ ਪੜ੍ਹਾਈ ਕਰਾਉਣ ਤੋਂ ਬਾਅਦ ਸਮੇਂ ’ਚੋਂ ਸਮਾਂ ਕੱਢ ਕੇ ਸਵਾਟਰ ਵੀ ਬੁਣ ਲੈਂਦੇ ਹੋਣ, ਕਿਉਂ ਜੋ ਉਸ ਸਮੇਂ ਹੱਥ ’ਚ ਅੱਜ ਦਾ ਮੋਬਾਈਲ ਫੋਨ ਨਹੀਂ ਸੀ ਹੁੰਦਾ। ਭੈਣਜੀ ਦਾ ਆਪਣਾ ਟਾਈਮ ਟੇਬਲ, ਆਪਣਾ ਤਰੀਕਾ ਅਤੇ ਆਪਣੀ ਮਿਹਨਤ ਸੀ ਕਿ ਕਲਾਸ ਦੇ ਜ਼ਿਆਦਾਤਰ ਬੱਚੇ ਛੋਟੇ ਤੋਂ ਵੱਡੇ ਅਹੁਦਿਆਂ ’ਤੇ ਸੈੱਟ ਹੁੰਦੇ। ਇਕੱਲਾ ਪੜ੍ਹ ਕੇ ਪੈਸਾ ਕਮਾਉਣਾ ਹੀ ਨਹੀਂ, ਭੈਣਜੀ ਦਾ ਪੜ੍ਹਾਇਆ ਬੱਚਿਆਂ ’ਚ ਨੈਤਿਕ ਗੁਣ, ਕਦਰਾਂ-ਕੀਮਤਾਂ ਵੀ ਭਰਦਾ ਸੀ। ਜਿਥੇ ਭੈਣਜੀ ਦਾ ਪਿਆਰ ਬੱਚਿਆਂ ਦਾ ਮਨ ਮੋਂਹਦਾ ਸੀ, ਉੱਥੇ ਭੈਣਜੀ ਦੇ ਡੰਡੇ ਦਾ ਵੀ ਆਪਣਾ ਹੀ ਕਮਾਲ ਸੀ। ਕਲਾਸ ਦੇ ਆਗੂ ਬੱਚਿਆਂ ਵੱਲੋਂ ਭਗੌੜੇ ਬੱਚੇ ਨੂੰ ਰਸਤੇ ਆਦਿ ’ਚੋਂ ਚੁੱਕ ਕੇ ਲਿਆਂਦਾ ਜਾਂਦਾ ਅਤੇ ਭੈਣਜੀ ਲਈ ਵਧੀਆ ਤੋਂ ਵਧੀਆ ਡੰਡਾ ਪੇਸ਼ ਕੀਤਾ ਜਾਂਦਾ, ਜੋ ਬੱਚਿਆਂ ਨੂੰ ਹਮੇਸ਼ਾ ਸਿੱਧੇ ਰਾਹ ’ਤੇ ਜਾਣ ਲਈ ਪ੍ਰੇਰਦਾ।

ਭੈਣਜੀ ਤੋਂ ਬਣਦੀ ਸੇਵਾ ਲੈ ਕੇ ਘਰੋਂ ਦੂਹਰੀ ਸੇਵਾ ਹੁੰਦੀ ਪਰ ਭੈਣਜੀ ’ਤੇ ਕਦੇ ਉਂਗਲ ਨਾ ਚੁੱਕੀ ਜਾਂਦੀ ਕਿਉਂ ਜੋ ਭੈਣਜੀ ਬੱਚਿਆਂ ਦਾ ਭਲਾ ਹੀ ਤਾਂ ਸੋਚਦੀ। ਕਲਾਸ ’ਚ ਭੈਣਜੀ ਤੋਂ ਇੱਕ ਨੰਬਰ, ਦੋ ਨੰਬਰ ਜਾਂ ਪੰਜ ਨੰਬਰ ਕੋਡ ਰਾਹੀਂ ਛੁੱਟੀ ਲਈ ਜਾਂਦੀ। ਇੱਕ ਨੰਬਰ ਪਾਣੀ ਪੀਣ, ਦੋ ਬਾਥਰੂਮ ਜਾਣ ਅਤੇ ਪੰਜ ਨੰਬਰ ਦੀ ਛੁੱਟੀ ਜੋ ਬੜੀ ਮੁਸ਼ਕਿਲ ਨਾਲ ਐਮਰਜੈਂਸੀ ਹਾਲਤਾਂ ’ਚ ਵੱਡਾ ਕੰਮ ਕਰਨ ਲਈ ਹੀ ਮਿਲਦੀ, ਜਿਸ ਤੋਂ ਵਾਪਸ ਆਉਣਾ ਔਖਾ ਹੀ ਹੁੰਦਾ ਸੀ ਕਿਉਂ ਜੋ ਉਨ੍ਹਾਂ ਸਮਿਆਂ ’ਚ ਪੰਜ ਨੰਬਰ ਜਾਣ ਲਈ ਸਕੂਲਾਂ ’ਚ ਬਹੁਤਾ ਪ੍ਰਬੰਧ ਨਾ ਹੁੰਦਾ। ਬੱਚਿਆਂ ਵੱਲੋਂ ਦੇਸੀ ਖੇਡਾਂ ਗੁੱਲੀ ਡੰਡਾ, ਬਾਂਟੇ, ਜੱਗ ਭੰਨਣ ਆਦਿ ਖੇਡਾਂ ਹੀ ਖੇਡੀਆਂ ਜਾਂਦੀਆਂ। ਮਹੀਨੇ ’ਚ ਇੱਕ-ਅੱਧੀ ਵਾਰ ਪਿੰਡ ਦੇ ਲੋਕਾਂ ਵੱਲੋਂ ਚੌਲਾਂ ਆਦਿ ਦਾ ਭੰਡਾਰਾ ਲਗਾ ਕੇ ਸਕੂਲ ’ਚ ਸਿੱਧੇ ਤੌਰ ’ਤੇ ਵਰਤਾਇਆ ਜਾਂਦਾ, ਬੱਚੇ ਆਪਣੀਆਂ ਕਾਪੀਆਂ ਦੇ ਪੇਜ ਪਾੜ ਕੇ ਪੂਰੇ ਚਾਵਾਂ ਨਾਲ ਪੇਜਾਂ ਉੱਤੇ ਚੌਲ ਪਵਾ ਕੇ ਖਾਂਦੇ, ਉਦੋਂ ਕੋਈ ਕੁਲਚੇ, ਬਰਗਰ ਜਾਂ ਕੁਰਕੁਰੇ ਆਦਿ ਨਹੀਂ ਸੀ ਬਣੇ। ਬੱਚੇ ਜ਼ਿਆਦਾਤਰ ਮਿੱਟੀ ਵਿੱਚ ਹੀ ਘੁਲਦੇ ਖੇਡਦੇ ਤੇ ਸਰੀਰਕ ਤੱਤ ਪੂਰੇ ਕਰਦੇ, ਅੱਜ ਵਾਂਗ ਆਇਰਨ ਵਿਟਾਮਿਨਾਂ ਦੀ ਕਦੇ ਘਾਟ ਨਹੀਂ ਸੀ ਹੋਈ। ਬੱਚਿਆਂ ਦੇ ਹਾਸੋਹੀਣੇ ਨਾਮ ਲਏ ਜਾਂਦੇ, ਭੂੰਡੀ, ਬੱਕਰਵੱਢ, ਮਿੱਟੀ ਖਾਣਾ, ਟਿੱਡਾ, ਬੀਂਡਾ, ਰੀਠਾ, ਗੰਜਾ, ਟੋਲੂ ਪਰ ਕੋਈ ਗੁੱਸਾ ਨਾ ਕਰਦਾ। ਬੱਚੇ ਨਵੀਆਂ-ਨਵੀਆਂ ਘਤਿੱਤਾਂ ਕਰਦੇ ਪਰ ਘਰਾਂ ’ਚ ਉਲ੍ਹਾਂਭੇ ਦੇਣ ਦਾ ਰਿਵਾਜ ਨਹੀਂ ਸੀ। ਲੜ-ਭਿੜ ਕੇ ਥੋੜ੍ਹੀ ਦੇਰ ਬਾਅਦ ਹੀ ਆਮ ਵਾਂਗ ਹੋ ਜਾਂਦੇ। ਛੁੱਟੀ ਵੇਲੇ ਘਰ ਭੱਜਣ ਦੀ ਕਾਹਲ ਹੁੰਦੀ। ਬਲਦ ਗੱਡੇ ਮਗਰ ਭੱਜ ਕੇ ਬੈਠਣ ਦਾ ਨਜ਼ਾਰਾ ਲੈਂਦੇ ਤੇ ਬਲਦ ਨੂੰ ਹੇ-ਹੇ-ਹੇ, ਤੱਤਾ-ਤੱਤਾ, ਚੱਲ ਚੱਲ, ਹਟ ਹਟ, ਭੱਜ ਭੱਜ ਘੋੜਿਆ ਗੁਲਾਬੀ ਫੁੱਲ ਤੋੜਿਆ ਕਹੀ ਜਾਂਦੇ।

ਭੈਣਜੀ ਦਾ ਮਹੀਨੇ ’ਚ ਇੱਕ ਦਿਨ ਪੇ-ਡੇਅ ਵੀ ਹੁੰਦਾ, ਜਿਸ ਦਿਨ ਸਾਰੇ ਭੈਣਜੀ ਮਾਸਟਰ ਆਪਣੀ ਮਹੀਨੇ ਦੀ ਸੇਵਾ ਮਜ਼ੂਰੀ ਲੈਣ ਬੀ. ਪੀ. ਈ. ਓ. ਦਫਤਰ ਜਾਂਦੇ, ਉਸ ਦਿਨ ਆਮ ਦਿਨਾਂ ਤੋਂ ਪਹਿਲਾਂ ਜਾਂ ਅੱਧੀ ਛੁੱਟੀ ਸਾਰੀ ਹੋ ਜਾਂਦੀ, ਜਿਸ ਦਾ ਵੱਖਰਾ ਹੀ ਸੁਆਦ ਹੁੰਦਾ ਪਰ ਪੇੜੇ ਪੇੜੇ ਕਰਦੇ ਸੁਣਦੇ ਪਰ ਪੂਰੀ ਸਮਝ ਨਾ ਹੁੰਦੀ। ਪਿੰਡ ਦੇ ਸਾਰੇ ਛੋਟੇ-ਵੱਡੇ ਘਰਾਂ ਦੇ ਬੱਚੇ ਇਕੋ ਸਕੂਲ ਵਿੱਚ ਹੀ ਪੜ੍ਹਦੇ। ਪਿੰਡ ਦਾ ਸਕੂਲ, ਗੁਰਦੁਆਰੇ ਮੰਦਰ ਸਮਾਨ ਸੀ। ਮਾਪਿਆਂ ਵੱਲੋਂ ਆਪਣੀ ਖੁਸ਼ੀ ਨਾਲ ਹੀ ਬੱਚਿਆਂ ਦੇ ਗੁਰੂ ਭੈਣਜੀ ਜਾਂ ਮਾਸਟਰ ਜੀ ਲਈ ਚਾਹ, ਲੱਸੀ, ਦੁੱਧ ਆਦਿ ਰਾਹੀਂ ਸੇਵਾ ਕੀਤੀ ਜਾਂਦੀ। ਉਨ੍ਹਾਂ ਸਮਿਆਂ ’ਚ ਭੈਣਜੀ ਮਾਸਟਰ ਜੀ ਦਾ ਪੂਰਾ ਸਤਿਕਾਰ ਸੀ। 31 ਮਾਰਚ ਨੂੰ ਨਤੀਜੇ ਵਾਲੇ ਦਿਨ ਬੱਚਿਆਂ ਵਿੱਚ ਮੇਲੇ ਜਾਣ ਜਿੰਨਾ ਉਤਸ਼ਾਹ ਹੁੰਦਾ। ਇੱਕ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਬੱਚਿਆਂ ਵੱਲੋਂ ਆਪਣੇ ਭੈਣਜੀ ਲਈ ਦੂਰ ਦੁਰੇਡਿਓਂ ਸੁਗੰਧਿਤ ਫੁੱਲ ਇਕੱਠੇ ਕਰਕੇ ਨਤੀਜਾ ਆਉਣ ’ਤੇ ਆਪਣੇ ਭੈਣਜੀ ਉੱਪਰ ਵਰਸਾਏ ਜਾਂਦੇ। ਉਦੋਂ ਦਾ ਤੇਤੀ ਫੀਸਦੀ ਨਤੀਜਾ ਹੀ ਅੱਜ ਦੇ ਏ ਪਲੱਸ ਗ੍ਰੇਡ ਤੋਂ ਜ਼ਿਆਦਾ ਵਧੀਆ ਸੀ। ਭੈਣਜੀ ਤੋਂ ਪੜ੍ਹੇ ਨੂੰ ਟਿਊਸ਼ਨ ਨਾ ਰੱਖਣੀ ਪੈਂਦੀ। ਉਦੋਂ ਦੇ ਪੜ੍ਹੇ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕਰਮਚਾਰੀ ਅੱਜ ਵੀ ਆਪਣੇ ਭੈਣਜੀ ਮਾਸਟਰ ਜੀ ਨੂੰ ਸਿਜਦਾ ਕਰਦੇ ਹਨ। ਪ੍ਰਮਾਤਮਾ ਗੁਰੂ ਸਮਾਨ ਭੈਣਜੀ ਮਾਸਟਰਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ। ਅੱਜ ਦੀ ਮੈਡਮ ਜੀ ਤੋਂ ਭਾਵੇਂ ਸਮੇਂ ਦੇ ਹਾਲਾਤ ਨੇ ਡੰਡਾ ਖੋਹ ਲਿਆ ਹੈ, ਮੈਡਮ ਜੀ ਵੀ ਹੁਣ ਸਮੇਂ ਅਨੁਸਾਰ ਢਲ ਗਏ ਹਨ ਪਰ ਅੱਜ ਦੇ ਮੈਡਮ ਜੀ ਵੀ ਭੈਣਜੀ ਬਣਨ ਦੀ ਕੋਸ਼ਿਸ਼ ਕਰਦੇ ਹੋਏ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਾਕੇ ਚੰਗੀ ਸਿੱਖਿਆ ਦਿੰਦੇ ਹੋਏ ਵਧੀਆ ਸਮਾਜ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਸਭ ਨੂੰ ਆਪਣੇ ਬੱਚਿਆਂ ਦੇ ਗੁਰੂ, ਮੈਡਮ ਜੀ ਜਾਂ ਸਰ ਜੀ ਨੂੰ ਬੱਚਿਆਂ ਦੇ ਮਾਰਗਦਰਸ਼ਕ ਮੰਨਦੇ ਹੋਏ ਪੂਰਾ ਸਤਿਕਾਰ ਦੇਣਾ ਹੋਵੇਗਾ ਕਿਉਂਕਿ ਅਧਿਆਪਕ ਦੀ ਇੱਜ਼ਤ ’ਚ ਹੀ ਛੁਪਿਆ ਹੁੰਦਾ ਹੈ ਤਰੱਕੀ ਦਾ ਅਸਲੀ ਰਾਜ਼। ਭੈਣਜੀ ਮਾਸਟਰ ਜੀ ਜਾਂ ਗੁਰੂ ਲਈ ਕਿਸੇ ਸ਼ਾਇਰ ਦੀਆਂ ਸਤਰਾਂ ਹਨ :
ਤੈਨੂੰ ਦੇਖਣ ਲਈ ਖ਼ੁਦਾ ਨੂੰ ਯਾਦ ਕਰਦੇ,
ਤੈਨੂੰ ਯਾਦ ਤੇ ਖ਼ੁਦਾ ਨੂੰ ਅਸੀਂ ਭੁੱਲ ਬੈਠੇ,
ਤੇਰੀ ਦੀਦ ਬਿਨਾਂ ਸਾਡੀ ਈਦ ਨਹੀਂ,
ਹਰ ਪਲ ਤੇਰੀ ਉਮਰ ਲਈ ਦੁਆ ਕਰਦੇ।

ਗੁਰਾਂਦਿੱਤਾ ਸਿੰਘ ਮਨੂ (ਮੈਥ ਮਾਸਟਰ)
ਮੋਬਾ : 8872526500

 


Manoj

Content Editor

Related News