ਭੱਜਦੌੜ ਭਰੀ ਇਸ ਜ਼ਿਦਗੀ ਵਿਚ ਖ਼ਤਮ ਹੋ ਰਿਹਾ ਸਾਂਝਾ ਪਰਿਵਾਰ!

Tuesday, Jan 23, 2024 - 02:40 PM (IST)

ਭੱਜਦੌੜ ਭਰੀ ਇਸ ਜ਼ਿਦਗੀ ਵਿਚ ਖ਼ਤਮ ਹੋ ਰਿਹਾ ਸਾਂਝਾ ਪਰਿਵਾਰ!

ਅੱਜ ਦਾ ਦੌਰ ਭੱਜਦੌੜ ਦਾ ਦੌਰ ਹੈ। ਹਰ ਪਾਸੇ ਪੈਸੇ, ਸ਼ੋਹਰਤ ਅਤੇ ਤੱਰਕੀ ਦਾ ਰੌਲ਼ਾ ਸੁਣਨ ਨੂੰ ਮਿਲ ਰਿਹਾ ਹੈ। ਹਰ ਮਨੁੱਖ ਆਪਣੇ ਜੀਵਨ ਵਿਚ ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦਾ ਹੈ। ਵਧੀਆ ਰੁਜ਼ਗਾਰ, ਵੱਡਾ ਘਰ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਹਰ ਮਨੁੱਖ ਦਾ ‘ਸੁਫ਼ਨਾ’ ਬਣ ਗਿਆ ਹੈ। ਇਹਨਾਂ ਸੁਫ਼ਨਿਆਂ ਦੀ ਪੂਰਤੀ ਲਈ ਮਨੁੱਖ ਦਿਨ-ਰਾਤ ਤਰਲੋਮੱਛੀ ਹੋਇਆ ਫਿਰਦਾ ਹੈ ਅਤੇ ਭੱਜਦੌੜ ਭਰੀ ਜ਼ਿੰਦਗੀ ਜੀਅ ਰਿਹਾ ਹੈ। ਖ਼ਬਰੇ! ਇਸੇ ਕਰਕੇ ਹੀ ਮਨੁੱਖ ਮਾਨਸਿਕ ਸਕੂਨ ਤੋਂ ਸੱਖਣਾ ਹੋ ਗਿਆ ਹੈ ਅਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ। ਸਾਡੇ ਸਮਾਜ ਦਾ ਅਮੁੱਲ ਹਿੱਸਾ ਰਹੇ ‘ਸਾਂਝੇ ਪਰਿਵਾਰ’ ਹੁਣ ਖ਼ਤਮ ਹੋਣ ਕਿਨਾਰੇ ਹਨ। ਅੱਜ ਜਿੱਥੇ ‘ਪਰਵਾਸ’ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ, ਉੱਥੇ ਹੀ ਵੱਡੇ ਸ਼ਹਿਰਾਂ ਨੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਨੂੰ ਆਪਣੇ ਕਲਾਵੇ ਵਿਚ ਸਮੇਟ ਲਿਆ ਹੈ। ਪਿੰਡ ਅਤੇ ਛੋਟੇ ਸ਼ਹਿਰ ਸਹਿਜੇ– ਸਹਿਜੇ ਖ਼ਤਮ ਹੋ ਰਹੇ ਹਨ।

ਪੈਸੇ, ਰੁਜ਼ਗਾਰ ਅਤੇ ਐਸ਼ੋ-ਆਰਾਮ ਦੀ ਚਾਹਤ ਕਰਕੇ ਬਹੁਤਾਤ ਗਿਣਤੀ ਵਿਚ ਬੱਚੇ ਆਪਣੇ ਹੀ ਘਰਾਂ ਤੋਂ ਅੱਜ ਦੂਰ ਹੋਈ ਜਾ ਰਹੇ ਹਨ ਅਤੇ ਘਰਾਂ ਵਿਚ ਰਹਿ ਰਹੇ ਬਜ਼ਰੁਗ ਮਾਂ-ਬਾਪ ਇਕਲਾਪੇ ਦਾ ਸੰਤਾਪ ਹੰਢਾਉਂਦੇ ਰਹਿੰਦੇ ਹਨ। ਇਸ ਇਕੱਲਤਾ ਨੇ ਬਜ਼ੁਰਗਾਂ ਨੂੰ ਮਾਨਸਿਕ ਰੂਪ ਵਿਚ ਕਮਜ਼ੋਰ ਕਰਕੇ ਰੱਖ ਦਿੱਤਾ ਹੈ। ਜਿਹਨਾਂ ਘਰਾਂ ਵਿਚ ਕਦੇ ਰੌਣਕਾਂ, ਹਾਸੇ- ਠੱਠੇ ਹੁੰਦੇ ਸਨ, ਉਹ ਘਰ ਅੱਜ ਸੁੰਨੇ ਅਤੇ ਵੀਰਾਨ ਪਏ ਹੋਏ ਵਿਖਾਈ ਦੇ ਰਹੇ ਹਨ। ਬਜ਼ੁਰਗ ਮਾਂ-ਬਾਪ ਨੂੰ ਸੰਭਾਲਣ ਵਾਲਾ ਕੋਈ ਧੀ-ਪੁੱਤ ਨਜ਼ਰ ਨਹੀਂ ਆਉਂਦਾ। 

ਨਤੀਜਨ, ਸਾਡੇ ਸਮਾਜ ਵਿਚ ‘ਬਿਰਧ ਆਸ਼ਰਮ’ ਨਾਮ ਦੀ ਬੀਮਾਰੀ ਆ ਗਈ ਹੈ। ਇਹ ‘ਬਿਰਧ ਆਸ਼ਰਮ’ ਸਾਡੇ ਭਾਰਤੀ ਸਮਾਜ ਦਾ ਹਿੱਸਾ ਨਹੀਂ ਸਨ। ਪਰ! ਸਮੇਂ ਦੇ ਗੇੜ ਨੇ ਇਹ ਸਮੱਸਿਆ ਸਾਡੇ ਸਮਾਜ ਦੇ ਸਾਹਮਣੇ ਖੜੀ ਕਰ ਦਿੱਤੀ ਹੈ। ਜਿਹਨਾਂ ਘਰਾਂ ਦੇ ਬੱਚੇ ਵੱਡੇ ਸ਼ਹਿਰਾਂ ਵਿਚ ਨੌਕਰੀ ਕਰਨ ਲਈ ਚਲੇ ਜਾਂਦੇ ਹਨ ਜਾਂ ਜਿਹਨਾਂ ਘਰਾਂ ਦੇ ਬੱਚੇ ਵਿਦੇਸ਼ਾਂ ਵਿਚ ‘ਪਰਵਾਸ’ ਕਰ ਜਾਂਦੇ ਹਨ, ਉਹਨਾਂ ਦੇ ਮਾਂ-ਬਾਪ ਆਪਣੇ ਬੁਢਾਪੇ ਨੂੰ ਕੱਟਣ ਵਾਸਤੇ ‘ਬਿਰਧ ਆਸ਼ਰਮਾਂ’ ਦਾ ਸਹਾਰਾ ਲੈ ਰਹੇ ਹਨ। ਇਸ ਤੋਂ ਇਲਾਵਾ ਘਰਾਂ ਦੇ ਨਿੱਕੇ-ਮੋਟੇ ਝਗੜਿਆਂ ਕਰਕੇ ਵੀ ਬੱਚੇ ਆਪਣੇ ਮਾਂ-ਬਾਪ ਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੇ।

ਅੱਜ ‘ਪਰਿਵਾਰ’ ਦਾ ਮਤਲਬ ਸਿਰਫ਼ ਪਤਨੀ ਅਤੇ ਬੱਚੇ ਹੋ ਗਏ ਹਨ, ਜਦੋਂਕਿ ਪੁਰਾਣੇ ਵਰ੍ਹਿਆਂ ਵਿਚ ਪਰਿਵਾਰ ਦਾ ਮਤਲਬ ਪਤਨੀ, ਬੱਚੇ, ਮਾਂ- ਬਾਪ, ਚਾਚੇ, ਤਾਏ, ਭੂਆ ਫੁੱਫੜ ਅਤੇ ਹੋਰ ਰਿਸ਼ਤੇਦਾਰ ਹੁੰਦੇ ਸਨ। ਸਾਡੇ ਸਮਾਜ ਵਿਚ ‘ਸਾਂਝੇ ਪਰਿਵਾਰਾਂ’ ਦਾ ਪ੍ਰਚੱਲਨ ਹੁੰਦਾ ਸੀ। ਪਿੰਡ ਦੀ ਨੂੰਹ-ਧੀ ਕੇਵਲ ਇੱਕ ਪਰਿਵਾਰ ਦੀ ਨੂੰਹ-ਧੀ ਹੀ ਸਮਝੀ ਨਹੀਂ ਸੀ ਜਾਂਦੀ, ਸਗੋਂ ਉਹ ਸਾਰੇ ਪਿੰਡ ਦੀ ਨੂੰਹ-ਧੀ ਸਮਝੀ ਜਾਂਦੀ ਸੀ। ਉਹ ਪਿੰਡ ਦੀ ਇੱਜ਼ਤ ਸਮਝੀ ਜਾਂਦੀ ਸੀ।

ਅੱਜ ਬਜ਼ੁਰਗ ਮਾਂ-ਬਾਪ ਆਪਣੇ ਬੱਚਿਆਂ ਨੂੰ ਮਿਲਣ ਨੂੰ ਤਰਸ ਜਾਂਦੇ ਹਨ ਪਰ! ਬੱਚਿਆਂ ਦੇ ਸਿਰ 'ਤੇ ਕਾਮਯਾਬੀ ਅਤੇ ਪੈਸੇ ਦਾ ਭੂਤ ਸਵਾਰ ਹੋ ਗਿਆ ਹੈ ਜਾਂ ਇੰਝ ਕਹਿ ਲਵੋ ਕਿ ਸਮੇਂ ਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਬੱਚੇ ਚਾਅ ਕੇ ਵੀ ਆਪਣੇ ਪਿੰਡਾਂ-ਸ਼ਹਿਰਾਂ ਵਿਚ ਕਾਮਯਾਬੀ ਪ੍ਰਾਪਤ ਨਹੀਂ ਕਰ ਪਾਉਂਦੇ। ਇਸ ਲਈ ਉਹਨਾਂ ਨੂੰ ਮਜ਼ਬੂਰਨ ਘਰੋਂ ਬਾਹਰ ਨਿਕਲਣਾ ਪੈਂਦਾ ਹੈ। ਇਹ ਕੇਵਲ ਸਮੇਂ ਦੇ ਬਦਲਾਅ ਕਰਕੇ ਹੋ ਰਿਹਾ ਹੈ। ਕੋਰੋਨਾ ਕਾਲ ਵੇਲੇ ਕਈ ਧੀਆਂ-ਪੁੱਤਾਂ ਨੇ ਆਪਣੇ ਮ੍ਰਿਤਕ ਮਾਂ-ਬਾਪ ਦਾ ‘ਅੰਤਿਮ ਸੰਸਕਾਰ’ ਤੱਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ‘ਸੰਸਕਾਰ’ ਸਾਡੇ ਸਮਾਜ ਦਾ ਹਿੱਸਾ ਨਹੀਂ ਕਹੇ ਜਾ ਸਕਦੇ। ਸਾਡੇ ਸਮਾਜ ਵਿਚ ਤਾਂ ‘ਸਰਵਣ ਪੁੱਤਰਾਂ’ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਖ਼ੈਰ!

ਨੌਜਵਾਨ ਪੀੜੀ ਨੂੰ ਜਿੱਥੇ ਰੁਜ਼ਗਾਰ ਪ੍ਰਾਪਤੀ ਲਈ ਯਤਨ ਕਰਨੇ ਚਾਹੀਦੇ ਹਨ, ਪੈਸਾ ਕਮਾਉਣਾ ਚਾਹੀਦਾ ਹੈ, ਉੱਥੇ ਹੀ ਆਪਣੇ ਸਮਾਜ ਦੀ ‘ਚੰਗੀ ਬਣਤਰ’ ਲਈ ਵੀ ਕਈ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਹਨ। ਜੇਕਰ ਸਾਡੇ ਸਮਾਜ ਵਿਚ ਇੰਝ ਹੀ ਗਿਰਾਵਟ ਵੱਧਦੀ ਗਈ ਤਾਂ ਅਸੀਂ ‘ਅਮੀਰ’ ਤਾਂ ਜ਼ਰੂਰ ਹੋ ਜਾਵਾਂਗੇ ਪਰ! ਸਾਡੀ ਸਮਾਜਿਕ ਬਣਤਰ ਢਹਿ-ਢੇਰੀ ਹੋ ਜਾਵੇਗੀ। ਉਦੋਂ ਸਾਡੇ ਕੋਲ ਪੈਸਾ, ਸ਼ੋਹਰਤ ਤੇ ਰੁਜ਼ਗਾਰ ਤਾਂ ਹੋਵੇਗਾ ਪਰ! ‘ਸਾਂਝੇ ਪਰਿਵਾਰ’ ਨਹੀਂ ਹੋਣਗੇ।

ਡਾ: ਨਿਸ਼ਾਨ ਸਿੰਘ ਰਾਠੌਰ


author

rajwinder kaur

Content Editor

Related News