ਪੰਜਾਬ ਦਾ ਉੱਭਰਦਾ ਮੁੱਦਾ ਅਫ਼ੀਮ ਦੀ ਖੇਤੀ, ਜਾਣੋ ਕੀ ਸਹੀ ਤੇ ਕੀ ਗ਼ਲਤ

08/01/2022 3:05:35 PM

ਅਕਸਰ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਪਰ ਇਸ ਦੇ ਨਾਲ ਹੀ ਇੱਕ ਗੱਲ ਹੋਰ ਜੋੜ ਲਈ ਜਾਵੇ ਤਾਂ ਵਧੀਆ ਹੀ ਹੋਵੇਗਾ ਕਿ ਪੰਜਾਬ ਦੀ ਧਰਤੀ ਮੁੱਦਿਆਂ ਦੀ ਧਰਤੀ ਵੀ ਹੈ, ਹਰ ਰੋਜ਼ ਇੱਕ ਨਵਾਂ ਮੁੱਦਾ ਜਨਮ ਲੈਂਦਾ ਹੈ ਜਿਸ ਉੱਤੇ ਹਰ ਇੱਕ ਦੀਆਂ ਆਪਣੀਆਂ ਵਿਚਾਰਧਾਰਾ ਹੁੰਦੀਆਂ ਹਨ। ਇਸੇ ਤਰ੍ਹਾਂ ਹੀ ਇੱਕ ਐਸਾ ਮੁੱਦਾ ਹੈ ਖਸ-ਖਸ ਦੀ ਖੇਤੀ ਦਾ ਮੁੱਦਾ, ਭਾਵ ਅਫੀਮ ਦੀ ਖੇਤੀ ਦਾ ਮੁੱਦਾ। ਸਾਡੇ ਮਾਂ-ਪਿਓ ਅਤੇ ਅਧਿਆਪਕ ਬਚਪਨ ਤੋਂ ਹੀ ਸਿੱਖਿਆ ਦਿੰਦੇ ਹਨ ਕੇ ਨਸ਼ਿਆਂ ਤੋਂ ਬਚੋ ਪਰ ਫਿਰ ਅਸੀਂ ਲੋਕ ਇਸ ਦੀ ਹਾਮੀ ਭਰਦੇ ਹਾਂ ਜਦਕਿ ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਨਸ਼ਾ ਕੋਈ ਵੀ ਹੋਵੇ ਗ਼ਲਤ ਹੀ ਹੈ ਅਤੇ ਨਸ਼ੇ ਨੇ ਕਿਸੇ ਦਾ ਕੁਝ ਵੀ ਸਵਾਰਿਆ ਨਹੀਂ  ਬਲਕਿ ਉਜਾੜਾ ਹੀ ਕੀਤਾ ਹੈ।

 ਅਕਸਰ ਲੋਕ ਹਾਮੀ ਭਰਦੇ ਹੋਏ ਕਹਿੰਦੇ ਹਨ ਕਿ ਅਫੀਮ ਖਾ ਕੇ ਮਨ ਉਦਾਸ ਨਹੀਂ ਹੁੰਦਾ ਅਤੇ ਇੱਕ ਵੱਖਰੀ ਹੀ ਲੋਰ ਹੁਲਾਰਾ ਦਿੰਦੀ ਹੈ ਅਤੇ ਇਹ ਚਿੱਟੇ ਵਰਗੇ ਨਸ਼ਿਆਂ ਤੋਂ ਕਿਤੇ ਵਧੀਆ ਹੈ ਪਰ ਸਾਨੂੰ ਇੱਥੇ ਸਮਝਣ ਦੀ ਲੋੜ ਹੈ ਕਿ ਨਸ਼ਾ ਕੋਈ ਵੀ ਹੋਵੇ ਕਦੇ ਵੀ ਵਧੀਆ ਨਹੀਂ ਹੁੰਦਾ। ਮੰਨਿਆ ਕਿ ਬਹੁਤ ਦਵਾਈਆਂ ਵਿੱਚ ਅਫੀਮ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸੋਧ ਕੇ ਬਹੁਤ ਥੋੜ੍ਹੀ ਭਾਵ ਨਾ ਮਾਤਰ ਮਾਤਰਾ ਨੂੰ ਜੇਕਰ ਨਸ਼ੇ ਦੀ ਮਾਤਰਾ ਨਾਲ ਤੋਲਿਆ ਜਾਵੇ ਤਾਂ ਗ਼ਲਤ ਹੈ ਜਾਂ ਕਹੀਏ ਕਿ ਇਹ ਬਹਾਨਾ ਲੱਭਣ ਵਾਲੀ ਗੱਲ ਹੈ। ਨਸ਼ੇ ਦੀ ਲੋਰ ਵਿੱਚ ਸਰੀਰ ਦੀ ਸਹਿਣ ਸ਼ਕਤੀ ਨੂੰ ਅੱਖੋਂ ਪਰੋਖੇ ਕਰਕੇ ਜ਼ਿਆਦਾ ਕੀਤਾ ਕੰਮ ਸਰੀਰ ਲਈ ਨੁਕਸਾਨ ਦੇਹ ਹੀ ਸਿੱਧ ਹੋਵੇਗਾ। ਕਿਸੇ ਵੀ ਮਸ਼ੀਨ ਤੋਂ ਜੇਕਰ ਲਗਾਤਾਰ ਬਿਨਾਂ ਰੁਕੇ ਅਸੀਂ ਕੰਮ ਲਈ ਜਾਈਏ ਤਾਂ ਯਕੀਨਨ ਗਰਮ ਹੋ ਕੇ ਖ਼ਰਾਬ ਤਾਂ ਹੋਵੇਗੀ ਹੀ। ਅਫੀਮ ਦੇ ਸੇਵਨ ਨਾਲ ਪਾਚਨ ਸਬੰਧੀ ਬਿਮਾਰੀਆਂ ਅਤੇ ਕਬਜ਼ ਦੀ ਸਮੱਸਿਆ ਆਮ ਹੀ ਰਹਿੰਦੀ ਹੈ, ਇਸ ਨਾਲ ਚਮੜੀ ਦੀ ਖਾਰਿਸ਼, ਲਾਲੀ ਅਤੇ ਢਿੱਡ ਦਾ ਭਾਰਾਪਣ, ਉਲਟੀਆਂ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਲਗਾਤਾਰ ਅਫੀਮ ਖਾਣ ਕਰਕੇ ਚਿੰਤਾ ਰੋਗ, ਸੁਭਾਅ ਵਿੱਚ ਤਬਦੀਲੀ ਭਾਵ ਖਿਝੇ ਰਹਿਣਾ ਅਤੇ ਚੁੱਪ ਚੁੱਪ ਰਹਿਣਾ ਜਾਂ ਲੋੜ ਤੋਂ ਵੱਧ ਬੋਲਣਾ, ਨਜ਼ਰ ਦੀ ਸਮੱਸਿਆ ਅਤੇ ਨਿਗ੍ਹਾ ਦਾ ਚੰਗੀ ਤਰ੍ਹਾਂ ਫੋਕਸ ਨਾ ਕਰਨਾ, ਛਾਤੀ ਅਤੇ ਢਿੱਡ ਵਿੱਚ ਜਲਣ, ਤਰੇਲੀਆਂ ਦਾ ਆਉਣਾ, ਸਰੀਰ ਦਾ ਤਾਪਮਾਨ ਘਟਣਾ, ਉਲਝਣ ਵਿੱਚ ਰਹਿਣਾ ਭਾਵ ਕਿਸੇ ਵੀ ਕੰਮ ਨੂੰ ਕਰਨ ਅਤੇ ਸਮਝਣ ਵਿਚ ਸਪਸ਼ਟ ਨਾ ਹੋਣਾ, ਦਿਮਾਗ ਦੀ ਕਿਰਿਆ ਦੀ ਗਤੀ ਧੀਮੀ ਕਰਨ ਕਰਕੇ ਵਿਅਕਤੀ ਫ਼ੈਸਲੇ ਲੈਣ ਵਿੱਚ ਪ੍ਰੇਸ਼ਾਨ ਰਹਿਣ ਲੱਗਦਾ ਹੈ, ਸਾਹ ਦੀਆਂ ਬਿਮਾਰੀਆਂ ਅਤੇ ਗਲੇ ਵਿੱਚ ਤਣਾਅ, ਹਲਕਾ ਹਲਕਾ ਸਿਰ ਦਰਦ ਰਹਿਣਾ, ਬੈਠ ਕੇ ਉੱਠਣ ਸਮੇਂ ਚੱਕਰ ਆਉਣਾ ਜਾਂ ਬੇਹੋਸ਼ੀ ਦਾ ਸਾਹਮਣਾ, ਦਿਮਾਗ ਦਾ ਕਹਾਣੀਆਂ ਬਣਾਉਣਾ ਜਿਵੇਂ ਕਿ ਕਿਸੇ ਸੋਚ ਨੂੰ ਪ੍ਰਤੱਖ ਜਾਪਣਾ ਅਤੇ ਸੱਚ ਮੰਨ ਲੈਣਾ, ਸੁਸਤੀ ਪੈਣਾ, ਬੋਲਣ ਵਿੱਚ ਸਮੱਸਿਆ, ਅੱਖਾਂ ਦਾ ਸੁੱਕਾਪਣ ਅਤੇ ਕਮਜ਼ੋਰੀ, ਇਹ ਸਭ ਬਿਮਾਰੀਆਂ ਇਸ ਨਸ਼ੇ ਕਰਕੇ ਉਪਜਦੀਆਂ ਹਨ।

ਇਸੇ ਲਈ ਲੋਕ ਇਸਨੂੰ ਦਵਾਈ ਰੂਪੀ ਖਾਣ ਦਾ ਦਾਅਵਾ ਕਰਦੇ ਹਨ ਪਰ ਨਸ਼ਾ ਕਦੇ ਵੀ ਦਵਾਈ ਨਹੀਂ ਹੋ ਸਕਦਾ ਅਤੇ ਥੋੜ੍ਹੀ ਮਾਤਰਾ ਵਿੱਚ ਸ਼ੁਰੂ ਕੀਤਾ ਨਸ਼ਾ ਕਦੋਂ ਵਧੀ ਹੋਈ ਮਾਤਰਾ ਦਾ ਰੂਪ ਧਾਰਨ ਕਰ ਲੈਂਦਾ ਹੈ ਪਤਾ ਹੀ ਨਹੀਂ ਲੱਗਦਾ। ਉਦਾਹਰਣ ਦੇ ਤੌਰ 'ਤੇ ਲਗਾਤਾਰ ਥੋੜ੍ਹੀ ਮਾਤਰਾ ਵਿੱਚ ਖਾਣ ਨਾਲ ਸਰੀਰ ਓਨੀ ਮਾਤਰਾ ਦਾ ਧਾਰਨੀ ਹੋ ਜਾਂਦਾ ਹੈ ਅਤੇ ਫਰਕ ਪੈਣਾ ਬੰਦ ਹੋ ਜਾਂਦਾ ਹੈ ਫਿਰ ਸਰੀਰ ਨੂੰ ਨਸ਼ਾ  ਦੇਣ ਲਈ ਨਸ਼ੇ ਦੀ ਮਾਤਰਾ ਨੂੰ ਵਧਾਉਣਾ ਪੈਂਦਾ ਹੈ ਅਤੇ ਵਧਦਿਆਂ-ਵਧਦਿਆਂ ਕਦੋਂ ਇਹ ਦਵਾਈ ਰੂਪੀ ਮਾਤਰਾ ਨਸ਼ੇ ਦੀ ਲੋੜ ਨਸ਼ੇ ਦੀ ਤੋੜ ਦਾ ਰੂਪ ਹਾਸਿਲ ਕਰ ਲੈਂਦੀ ਹੈ ਪਤਾ ਹੀ ਨਹੀਂ ਚੱਲਦਾ। ਥੋੜ੍ਹੀ ਮਾਤਰਾ ਵਿਚ ਨਸ਼ੇ ਨੂੰ ਅਧੀਨ ਰੱਖਣ ਵਾਲਾ ਵਿਅਕਤੀ ਕਦੋਂ ਨਸ਼ੇ ਦੇ ਅਧੀਨ ਹੋ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਅਤੇ ਸਰੀਰ ਦੀ ਲੋੜ ਬਣਿਆ ਨਸ਼ਾ ਜਦੋਂ ਨਾ ਮਿਲਣ ਉੱਤੇ ਸਰੀਰ ਤੋੜਦਾ ਹੈ ਤਾਂ ਇਨਸਾਨ ਕੋਲ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਬਚਦਾ। ਜੋ ਨਸ਼ਾ ਸਿੱਧਾ ਦਿਮਾਗ ਉੱਪਰ ਹੀ ਅਸਰ ਕਰੇ ਉਸ ਤੋਂ ਘਾਤਕ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਇੱਕ ਦਿਮਾਗ ਹੀ ਤਾਂ ਹੈ ਜੋ ਸਾਡੇ ਸਰੀਰ ਨੂੰ ਨਿਯੰਤਰਿਤ ਕਰਦਾ ਹੈ।

ਮੇਰੀ ਇੱਕ ਬੇਨਤੀ ਹੈ ਕਿ ਅਸੀਂ ਪਹਿਲਾਂ ਹੀ ਚਿੱਟੇ ਆਦਿ ਨਸ਼ਿਆਂ ਕਰਕੇ ਭਿਆਨਕ ਲਪੇਟ ਵਿਚ ਉਲਝੇ ਹੋਏ ਹਾਂ, ਇਸ ਅਫੀਮ ਨੂੰ ਸਰਕਾਰਾਂ ਤੋਂ ਮੰਗ ਕੇ ਆਪਣੇ ਪੈਰੀਂ ਆਪ ਹੀ ਕੁਹਾੜਾ ਨਾ ਮਾਰੀਏ। ਨਸ਼ੇ ਬਿਨਾਂ ਜੀਵਨ ਅਤੇ ਸਰੀਰ ਰੰਗ ਭਰਿਆ ਹੈ ਇਸ ਸਭ ਦਾ ਉਜਾੜਾ ਨਾ ਕਰੀਏ ਅਤੇ ਆਪਣੇ ਆਪ ਨੂੰ ਅਤੇ ਆਪਣਿਆਂ ਨੂੰ ਇਸ ਕੋਹੜ ਤੋਂ ਬਚਾਈਏ।

ਪੁਸ਼ਪਿੰਦਰ ਜੀਤ ਸਿੰਘ ਭਲੂਰੀਆ
ਕੋਟਕਪੂਰਾ।

ਨੋਟ ਇਹ ਲੇਖਕ ਦੇ ਨਿੱਜੀ ਵਿਚਾਰ ਹਨ।


Harnek Seechewal

Content Editor

Related News