ਭਾਰਤੀ ''ਚ ਅੰਧ-ਵਿਸ਼ਵਾਸ ਦਾ ਮੌਜੂਦਾ ਦੌਰ ਅਤੇ ਇਸ ਤੋਂ ਮੁਕਤੀ ਦਾ ਰਾਹ

Tuesday, Sep 13, 2022 - 01:30 PM (IST)

ਭਾਰਤੀ ''ਚ ਅੰਧ-ਵਿਸ਼ਵਾਸ ਦਾ ਮੌਜੂਦਾ ਦੌਰ ਅਤੇ ਇਸ ਤੋਂ ਮੁਕਤੀ ਦਾ ਰਾਹ

ਕਿਸੇ ਸਮੇਂ ਮਹਾਨ ਵਿਗਿਆਨੀ ਗੈਲੀਲਿਓ ਨੂੰ ਧਾਰਮਿਕ ਕੱਟੜਵਾਦੀਆਂ ਦੇ ਵਿਰੋਧ ਦਾ ਸਾਹਮਣਾ ਇਸ ਕਰਕੇ ਕਰਨਾ ਪਿਆ ਸੀ ਕਿ ਉਨ੍ਹਾਂ ਨੇ ਬੜੀ ਮਿਹਨਤ ਤੋਂ ਬਾਅਦ ਇਹ ਸਿੱਧ ਕੀਤਾ ਸੀ ਕਿ ਧਰਤੀ ਗੋਲ ਹੈ ਅਤੇ ਸੂਰਜ ਦੇ ਦੁਆਲੇ ਘੁੰਮਦੀ ਹੈ। ਇਸ ਮਹਾਨ ਵਿਗਿਆਨੀ ਨੂੰ ਕਈ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ। ਪਿੱਛੇ ਜਿਹੇ ਚਰਚ ਦੇ ਪੌਪ ਵਲੋਂ ਇੱਕ ਬਿਆਨ ਰਾਹੀਂ ਦੱਸਿਆ ਕਿ ਉਸ ਵੇਲੇ ਗੈਲੀਲਿਓ ਠੀਕ ਸੀ ਅਖ਼ੀਰ ਸੱਚ ਦੀ ਜਿੱਤ ਹੋਈ। 

ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਕਿ ਭਾਵੇਂ ਅਸੀਂ ਮੌਜੂਦਾ ਵਿਗਿਆਨ ਤੇ ਤਕਨਾਲੌਜੀ ਦੇ ਯੁੱਗ ਵਿੱਚ ਵਿਚਰ ਰਹੇ ਹਾਂ ਪਰ ਇਸ ਦੇ ਬਾਵਜੂਦ ਸਾਡਾ ਸਮਾਜ ਬਹੁਤ ਸਾਰੇ ਵਹਿਮਾਂ-ਭਰਮਾਂ ਅਤੇ ਅੰਧ ਵਿਸ਼ਵਾਸਾਂ ਨਾਲ ਭਰਿਆ ਪਿਆ ਹੈ। ਇਹ ਵਹਿਮ ਭਰਮ ਤੇ ਅੰਧ-ਵਿਸ਼ਵਾਸ ਸਾਡੇ ਆਰਥਿਕ, ਸਰੀਰਿਕ, ਮਾਨਸਿਕ ਅਤੇ ਸਮਾਜਿਕ ਵਿਕਾਸ ਦੇ ਰਸਤੇ ਵਿੱਚ ਮੁੱਖ ਰੁਕਾਵਟ ਬਣੇ ਹੋਏ ਹਨ। ਇਹ ਨਾ ਸਿਰਫ਼ ਵਿਅਕਤੀ ਦੀ ਮਾਨਸਿਕਤਾ ਨੂੰ ਕਮਜ਼ੋਰ ਤੇ ਬਿਮਾਰ ਕਰਕੇ ਉਸ ਦੀ ਸੋਚਣ ਤੇ ਸਮਝਣ ਦੀ ਤਾਕਤ ਨੂੰ ਖ਼ਤਮ ਕਰਦੇ ਹਨ ਬਲਕਿ ਉਸਨੂੰ ਕਈ ਵਾਰ ਮਾਨਸਿਕ ਰੋਗੀ ਬਣਾਉਣ ਲਈ ਵੀ ਜ਼ਿੰਮੇਵਾਰ ਹੁੰਦੇ ਹਨ। ਦੁਨੀਆ ਵਿੱਚ ਅੰਧ-ਵਿਸ਼ਵਾਸ ਫੈਲਾਉਣ ਦਾ ਮੁੱਖ ਸਰੋਤ ਅਧਿਆਤਮਕਵਾਦ ਦੀ ਅਸਲ ਸਮਝ ਨਾ ਹੋਣਾ ਹੈ। ਸਦੀਆਂ ਤੋਂ ਲੋਕਾਂ ਨੂੰ ਸ਼ਰਧਾ ਦੀ ਆੜ ਹੇਠ ਪਰਮਾਤਮਾ, ਆਤਮਾ, ਸਵਰਗ ਨਰਕ, ਯਮਰਾਜ, ਧਰਮ ਰਾਜ, ਪੁਨਰ ਜਨਮ, ਚੌਰਾਸੀ ਲੱਖ ਜੂਨਾਂ, ਪਿਛਲਾ ਅਗਲਾ ਜਨਮ, ਭਟਕਦੀ ਰੂਹ, ਭੂਤ ਪ੍ਰੇਤ ਆਦਿ ਨੂੰ ਲੈ ਕੇ ਡਰਾਵਾ ਦੇ ਕੇ ਉਨ੍ਹਾਂ ਦੀ ਮਾਨਸਿਕਤਾ ਨੂੰ ਕਮਜ਼ੋਰ ਅਤੇ ਬਿਮਾਰ ਬਣਾਇਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਮੌਜੂਦਾ ਵਿਗਿਆਨਕ ਯੁੱਗ ਵਿੱਚ ਵੀ ਅਨਪੜ੍ਹ ਅਤੇ ਪੜ੍ਹੇ ਲਿਖੇ ਲੋਕ ਵੀ ਇਨ੍ਹਾਂ ਦੀ ਹੋਂਦ 'ਤੇ ਅੱਖਾਂ ਮੀਟ ਕੇ ਵਿਸ਼ਵਾਸ ਕਰੀ ਜਾ ਰਹੇ ਹਨ ਜਦੋਂਕਿ ਵਿਗਿਆਨ ਨੂੰ ਸਮੁੱਚੇ ਬ੍ਰਹਿਮੰਡ ਵਿੱਚ ਇਨ੍ਹਾਂ ਦੀ ਹੋਂਦ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਮਿਲ ਸਕਿਆ।

ਦੁਨੀਆ 'ਚ ਆਤਮਾ ਅਤੇ ਭੂਤਾਂ ਪ੍ਰੇਤਾਂ ਦੀ ਹੋਂਦ ਨੂੰ ਵੀ ਮੰਨਿਆ ਜਾਂਦਾ ਹੈ। ਭੂਤ ਦਾ ਸ਼ਬਦੀ ਅਰਥ ਹੈ ਗੁਜਰ ਚੁੱਕਾ, ਇਸੇ ਲਈ ਭੂਤਕਾਲ ਨੂੰ ਬੀਤ ਚੁੱਕੇ ਸਮੇਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਸਮੁੱਚੇ ਸੰਸਾਰ ਵਿੱਚ ਭੂਤਾਂ ਪ੍ਰੇਤਾਂ ਨੂੰ ਮਰ ਚੁੱਕੇ ਵਿਅਕਤੀਆਂ ਦੇ ਤੌਰ ’ਤੇ ਸੰਬੋਧਨ ਕੀਤਾ ਜਾਂਦਾ ਹੈ। ਭੂਤ ਪ੍ਰੇਤ ਮਨੁੱਖੀ ਮਨ ਦੇ ਇਸ ਵਹਿਮ ਦੀ ਉਪਜ ਹਨ ਕਿ ਜਦੋਂ ਤਕ ਆਤਮਾ ਨੂੰ ਮੁਕਤੀ ਨਹੀਂ ਮਿਲਦੀ, ਉਹ ਲਗਾਤਾਰ ਭਟਕਦੀ ਰਹਿੰਦੀ ਹੈ। ਮੌਤ ਦਾ ਡਰ ਦਰਅਸਲ ਹਰ ਮਨੁੱਖ ਦੇ ਮਨ ਵਿੱਚ ਅਚੇਤ ਜਾਂ ਸੁਚੇਤ ਰੂਪ ਵਿੱਚ ਹਮੇਸ਼ਾ ਬਣਿਆ ਰਹਿੰਦਾ ਹੈ ਅਤੇ ਮੌਤ ਦੇ ਇਸੇ ਡਰ ਨੂੰ ਆਤਮਾ ਦੇ ਭਟਕਣ ਜਾਂ ਭੂਤ ਪ੍ਰੇਤ ਬਣਨ ਨਾਲ ਜੋੜ ਕੇ ਵੇਖਿਆ ਜਾਂਦਾ ਹੈ।ਡਾਕਟਰੀ ਵਿਗਿਆਨ ਅਨੁਸਾਰ ਜਦੋਂ ਕੋਈ ਵਿਅਕਤੀ ਕਿਸੇ ਵੀ ਕਾਰਨ ਮਰ ਜਾਂਦਾ ਹੈ ਤਾਂ ਉਸ ਨੂੰ ਜਲਾਉਣ ਜਾਂ ਦਬਾਉਣ ਤੋਂ ਬਾਅਦ ਉਸ ਦੀ ਸਵਾਹ/ਮਿੱਟੀ ਬਣ ਜਾਂਦੀ ਹੈ। ਇਸ ਸਵਾਹ ਜਾਂ ਮਿੱਟੀ ਨੂੰ ਭੌਤਿਕ ਹੋਂਦ ਵਾਲੇ ਮਨੁੱਖੀ ਰੂਪ ਵਿੱਚ ਕਿਸੇ ਵੀ ਤਰ੍ਹਾਂ ਬਦਲਿਆ ਨਹੀਂ ਜਾ ਸਕਦਾ। ਇਸ ਸਮੇਂ ’ਤੇ ਕਦੇ ਵੀ ਕਿਸੇ ਨੇ ਨਾ ਤਾਂ ਮ੍ਰਿਤਕ ਸਰੀਰ ਵਿੱਚੋਂ ਕੋਈ ਆਤਮਾ ਨਿਕਲਦੀ ਵੇਖੀ ਹੈ ਅਤੇ ਨਾ ਹੀ ਉਸਨੂੰ ਕਿਸੇ ਭੂਤ ਪ੍ਰੇਤ ਵਿੱਚ ਤਬਦੀਲ ਹੁੰਦਾ ਵੇਖਿਆ ਹੈ। ਕਿਸੇ ਵਿਅਕਤੀ ਦੀ ਦਿਮਾਗ਼ੀ ਮੌਤ ਹੋਣ ਨਾਲ ਉਸ ਵਿਚਲੀ ਚੇਤਨਤਾ ਵੀ ਉਸੇ ਵਕਤ ਖ਼ਤਮ ਹੋ ਜਾਂਦੀ ਹੈ। ਇਸ ਲਈ ਮੌਤ ਉਪਰੰਤ ਸਰੀਰ ਵਿੱਚੋਂ ਕਿਸੇ ਕਥਿਤ ਆਤਮਾ ਦੇ ਨਿਕਲਣ ਜਾਂ ਭੂਤ ਪ੍ਰੇਤ ਬਣ ਕੇ ਭਟਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 

ਮਨੋਵਿਗਿਆਨ ਅਨੁਸਾਰ ਜਿਨ੍ਹਾਂ ਵਿਅਕਤੀਆਂ ਵਿੱਚ ਵਿਗਿਆਨਕ ਸੋਚ ਅਤੇ ਸਵੈ-ਵਿਸ਼ਵਾਸ ਦੀ ਘਾਟ ਹੁੰਦੀ ਹੈ, ਉਹੀ ਆਤਮਾ ਅਤੇ ਭੂਤਾਂ ਪ੍ਰੇਤਾਂ ਦੀ ਹੋਂਦ ਨੂੰ ਮੰਨਦੇ ਹਨ। ਬੇਸ਼ਕ ਸਮੇਂ ਸਮੇਂ ਉੱਤੇ ਦੁਨੀਆ ਵਿੱਚ ਕਈ ਬਾਬਿਆਂ, ਤਾਂਤਰਿਕਾਂ , ਯੋਗੀਆਂ, ਦੇਵ ਪੁਰਸ਼ਾਂ, ਸਵਾਮੀਆਂ ਅਤੇ ਜੋਤਸ਼ੀਆਂ ਵੱਲੋਂ ਆਪਣੇ ਵਿੱਚ ਕੋਈ ਦੈਵੀ ਸ਼ਕਤੀ ਜਾਂ ਕਾਲਾ ਇਲਮ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅੱਜ ਤਕ ਅਜਿਹੇ ਕਿਸੇ ਵੀ ਦਾਅਵੇਦਾਰ ਨੇ ਕਿਸੇ ਕਥਿਤ ਭੂਤ ਪ੍ਰੇਤ ਜਾਂ ਆਤਮਾ ਦੀ ਹੋਂਦ ਨੂੰ ਸਪੱਸ਼ਟ ਵਿਗਿਆਨਕ ਸਬੂਤਾਂ ਨਾਲ ਖ਼ੁਦ ਵੇਖਣ ਜਾਂ ਹੋਰਨਾਂ ਨੂੰ ਵਿਖਾਉਣ ਵਿੱਚ ਸਫ਼ਲਤਾ ਹਾਸਲ ਨਹੀਂ ਕੀਤੀ। ਹਾਕਮ ਜਮਾਤਾਂ ਵੱਲੋਂ ਦੇਸ਼ ਵਿਚਲਾ ਸਿੱਖਿਆ ਪਾਠਕ੍ਰਮ ਢਾਂਚਾ ਸ਼ੁਰੂ ਤੋਂ ਹੀ ਰੂੜੀਵਾਦੀ, ਅਧਿਆਤਮਕ ਅਤੇ ਮਿਥਿਹਾਸਕ ਲੀਹਾਂ ਉੱਤੇ ਉਸਾਰਿਆ ਗਿਆ ਹੈ, ਜਿਸ ਕਰਕੇ ਬੱਚਿਆਂ ਅਤੇ ਵਿਦਿਆਰਥੀਆਂ ਦੇ ਮਨਾਂ ਵਿੱਚ ਭੂਤ ਪ੍ਰੇਤਾਂ, ਭਟਕਦੀਆਂ ਰੂਹਾਂ, ਲੋਕ ਪ੍ਰਲੋਕ ਅਤੇ ਚੌਰਾਸੀ ਲੱਖ ਜੂਨਾਂ ਆਦਿ ਦੀਆਂ ਕਾਲਪਨਿਕ ਕਥਾਵਾਂ ਅਤੇ ਹੋਰ ਕਈ ਤਰ੍ਹਾਂ ਦੇ ਅੰਧ ਵਿਸ਼ਵਾਸ਼ ਹਮੇਸ਼ਾਂ ਲਈ ਉਕਰ ਜਾਂਦੇ ਹਨ। ਪਾਖੰਡੀ ਬਾਬਿਆਂ ਅਤੇ ਤਾਂਤਰਿਕਾਂ ਵੱਲੋਂ ਕਥਿਤ ਭੂਤ ਪ੍ਰੇਤ ਜਾਂ ਓਪਰੀ ਸ਼ੈਅ ਕੱਢਣ ਦੇ ਬਹਾਨੇ ਮਰੀਜ਼ਾਂ ਨੂੰ ਸੰਗਲਾਂ ਅਤੇ ਚਿਮਟਿਆਂ ਨਾਲ ਜਾਨੋਂ ਮਾਰਨ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ, ਪਰ ਅਜਿਹੀਆਂ ਗ਼ੈਰ ਕਾਨੂੰਨੀ ਦੁਕਾਨਾਂ ਬੰਦ ਕਰਾਉਣ ਲਈ ਸਰਕਾਰਾਂ ਵੱਲੋਂ ਪਾਖੰਡੀਆਂ ਦੇ ਖ਼ਿਲਾਫ਼ ਕਦੇ ਵੀ ਕੋਈ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। 

ਇਹ ਵੱਡਾ ਦੁਖਾਂਤ ਹੈ ਅਕਸਰ ਕਈ ਟੀਵੀ ਚੈਨਲਾਂ ਵੱਲੋਂ ਸੁੰਨੀਆਂ ਥਾਵਾਂ ਜਾਂ ਕਬਰਸਤਾਨਾਂ ਵਿੱਚ ਕਥਿਤ ਭੂਤ ਪ੍ਰੇਤਾਂ ਅਤੇ ਭਟਕਦੀਆਂ ਰੂਹਾਂ ਦੀ ਹੋਂਦ ਨੂੰ ਸਾਬਤ ਕਰਨ ਦੀਆਂ ਸਨਸਨੀਖੇਜ਼ ਰਿਪੋਰਟਾਂ ਵਿਖਾਈਆਂ ਜਾਂਦੀਆਂ ਹਨ, ਪਰ ਵਿਗਿਆਨੀਆਂ ਅਤੇ ਤਰਕਸ਼ੀਲ ਬੁੱਧੀਜੀਵੀਆਂ ਵੱਲੋਂ ਅਜਿਹੇ ਗ਼ੈਰ ਵਿਗਿਆਨਕ ਵਰਤਾਰਿਆਂ ਦੀ ਵਿਗਿਆਨਕ ਜਾਂਚ ਪੜਤਾਲ ਦੌਰਾਨ ਉਨ੍ਹਾਂ ਨੂੰ ਕਿਸੇ ਭੂਤ ਪ੍ਰੇਤ ਜਾਂ ਰੂਹ ਦਾ ਸਾਇਆ ਵਿਖਾਈ ਨਹੀਂ ਦਿੱਤਾ। ਧਰਮ ਪ੍ਰਚਾਰਕਾਂ ਅਤੇ ਪੰਡਿਤਾਂ ਪੁਜਾਰੀਆਂ ਵੱਲੋਂ ਸਦੀਆਂ ਤੋਂ ਇਹ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਸ ਮਨੁੱਖ ਦੀ ਮੌਤ ਬੇਵਕਤ ਜਾਂ ਗ਼ੈਰ ਕੁਦਰਤੀ ਢੰਗ ਨਾਲ ਹੁੰਦੀ ਹੈ ਜਾਂ ਕਿਸੇ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਜਾਂ ਅੰਤਿਮ ਰਸਮਾਂ ਨਹੀਂ ਕੀਤੀਆਂ ਜਾਂਦੀਆਂ ਤਾਂ ਉਸ ਦੀ ਗਤੀ ਨਹੀਂ ਹੁੰਦੀ ਅਤੇ ਉਸ ਦੀ ਆਤਮਾ ਭੂਤ ਪ੍ਰੇਤ ਬਣ ਕੇ ਭਟਕਦੀ ਰਹਿੰਦੀ ਹੈ, ਪਰ ਇਸ ਵਿੱਚ ਰਤਾ ਵੀ ਸੱਚਾਈ ਨਹੀਂ ਹੈ। ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਵਿਕਸਤ ਦੇਸ਼ਾਂ ਦੇ ਲੋਕ ਸਾਡੇ ਲੋਕਾਂ ਵਾਂਗ ਅੰਧ-ਵਿਸ਼ਵਾਸਾਂ ਵਿੱਚ ਬਿਲਕੁਲ ਯਕੀਨ ਨਹੀਂ ਰੱਖਦੇ ਅਤੇ ਇੱਕ ਸਿਹਤਮੰਦ, ਖ਼ੁਸ਼ਹਾਲ ਅਤੇ ਲੰਮਾ ਜੀਵਨ ਯਕੀਨੀ ਬਣਾਉਣ ਲਈ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਸਖ਼ਤ ਮਿਹਨਤ ਕਰਦੇ ਹਨ, ਜਿਸ ਤੋਂ ਸਾਨੂੰ ਅਤੇ ਸਾਡੀਆਂ ਸਰਕਾਰਾਂ ਨੂੰ ਸਬਕ ਸਿੱਖਣ ਦੀ ਲੋੜ ਹੈ।

 ਦੁਨੀਆ ਦੇ ਸਭ ਤੋਂ ਵੱਧ ਅਮੀਰ ਅਤੇ ਵਿਕਾਸਸ਼ੀਲ ਦੇਸ਼ ਅੰਧ-ਵਿਸ਼ਵਾਸ ਵਿਚ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਦੇ ਉਹ ਲੋਕ ਸਿਰਫ਼ ਸਖ਼ਤ ਮਿਹਨਤ ਅਤੇ ਖੁਦ 'ਤੇ ਵਿਸ਼ਵਾਸ ਰੱਖਦੇ ਹਨ। ਸਾਡੇ ਦੇਸ਼ ਵਿੱਚ ਗ਼ਰੀਬੀ ਦਾ ਸਭ ਤੋਂ ਵੱਡਾ ਕਾਰਨ ਅੰਧ-ਵਿਸ਼ਵਾਸ ਹੀ ਹੈ ਕਿਉਂਕਿ ਅਸੀਂ ਹੱਥ ਦੀਆਂ ਲਕੀਰਾਂ ਅਤੇ ਕਿਸਮਤ ਤੋਂ ਬਿਨਾ ਅੱਗੇ ਜਾਣਾ ਹੀ ਨਹੀਂ ਚਾਹੁੰਦੇ। ਅਸੀਂ ਸਕੂਲਾਂ ਅਤੇ ਵਿਗਿਆਨ ਘਰਾਂ ਵਿੱਚ ਜਾਣ ਦੀ ਬਜਾਏ ਅਸੀਂ ਬਿਨਾਂ ਜਾਣਕਾਰੀ ਲਏ ਸਦੀਆਂ ਤੋਂ ਉਨ੍ਹਾਂ ਸਥਾਨਾਂ ਨੂੰ ਪੂਜਦੇ ਆ ਰਹੇ ਹਾਂ ਜਿਨ੍ਹਾਂ ਬਾਰੇ ਸਾਡੇ ਬਜ਼ੁਰਗਾਂ ਨੂੰ ਵੀ ਪਤਾ ਨਹੀਂ। ਭਾਰਤ ਵਿੱਚ ਧਰਮ ਅਤੇ ਅੰਧ-ਵਿਸ਼ਵਾਸ ਇੱਕ ਧੰਦਾ ਬਣ ਚੁੱਕਾ ਹੈ। ਸ਼ਾਤਿਰ ਲੋਕ ਸੰਤ, ਬਾਬਿਆਂ ਅਤੇ ਜੋਤਸ਼ੀਆਂ ਦੇ ਰੂਪ ਵਿੱਚ ਆਮ ਅਤੇ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਆ ਰਹੇ ਹਨ ਅਤੇ ਠੱਗਦੇ ਰਹਿਣਗੇ ਕਿਉਂਕਿ ਸੱਚ ਲਿਖਣ ਅਤੇ ਬੋਲਣ ਵਾਲੇ ਦਾ ਹਸ਼ਰ ਮਹਾਨ ਵਿਗਿਆਨੀ ਗੈਲੀਲਿਓ ਵਰਗਾ ਵੀ ਹੋ ਸਕਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਵਿਗਿਆਨ ਦੀ ਵੀ ਕਦਰ ਕੀਤੀ ਜਾਵੇ। ਸਰਕਾਰਾਂ ਵੱਲੋਂ ਖ਼ੁਦ ਵੱਡੇ ਵੱਡੇ ਪ੍ਰੋਜੈਕਟ ਅੰਧ-ਵਿਸ਼ਵਾਸ ਤੋਂ ਸ਼ੁਰੂ ਕੀਤੇ ਜਾਂਦੇ ਹਨ। ਜੇਕਰ ਭਾਰਤ ਵਿੱਚ ਕੋਈ ਸ਼ਕਤੀ ਨਾਂ ਦੀ ਚੀਜ਼ ਹੁੰਦੀ ਤਾਂ ਸ਼ਾਇਦ ਫ਼ੌਜ ਅਤੇ ਪੁਲਸ ਦੀ ਲੋੜ ਨਾ ਪੈਂਦੀ, ਕੋਈ ਵੀ ਗ਼ਰੀਬ ਭੁੱਖਾ ਨਾ ਸੌਂਦਾ, ਕਿਸੇ ਬੱਚੀ ਨਾਲ ਬਲਾਤਕਾਰ ਨਾ ਹੁੰਦਾ। ਜਦੋਂ ਤੱਕ ਭਾਰਤ ਅੰਧ-ਵਿਸ਼ਵਾਸ ਤੋਂ ਮੁਕਤ ਨਹੀਂ ਹੋ ਜਾਂਦਾ ਉਦੋਂ ਤੱਕ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਆਉਣਾ ਨਾ ਮੁਮਕਿਨ ਹੈ।

ਕੁਲਦੀਪ ਸਿੰਘ ਰਾਮਨਗਰ
ਨੋਟ: ਇਹ ਲੇਖਕ ਦੇ ਨਿੱਜੀ ਵਿਚਾਰ ਹਨ।


author

Harnek Seechewal

Content Editor

Related News