ਕਵਿਤਾ ਖਿੜਕੀ 'ਚ ਪੜ੍ਹੋ ਸੁਖਵਿੰਦਰ ਅੰਮ੍ਰਿਤ ਦੀ ਰਚਨਾ 'ਮਾਂ ਬੋਲੀ ਦੀ ਆਰਤੀ'

Thursday, Feb 09, 2023 - 04:56 PM (IST)

ਕਵਿਤਾ ਖਿੜਕੀ 'ਚ ਪੜ੍ਹੋ ਸੁਖਵਿੰਦਰ ਅੰਮ੍ਰਿਤ ਦੀ ਰਚਨਾ 'ਮਾਂ ਬੋਲੀ ਦੀ ਆਰਤੀ'

ਮਾਂ ਬੋਲੀ ਦੀ ਆਰਤੀ

ਹੇ  ਮੇਰੀ   ਮਾਤ-ਬੋਲੀ  ਹੇ  ਅਖੰਡ ਦੀਪਮਾਲਾ
ਖਿੰਡਿਆ ਹੈ ਦੂਰ ਤੀਕਰ ਤੇਰੀ ਹੋਂਦ ਦਾ ਉਜਾਲਾ

ਤੇਰੇ ਹਰਫ਼ ਹੀਰੇ ਮੋਤੀ ਤੇਰੇ ਸ਼ਬਦ ਨੇ ਸ਼ੁਆਵਾਂ
ਤੇਰੇ  ਵਾਕ ਨੇ ਅਸੀਸਾਂ  ਤੇਰੇ  ਬੋਲ ਨੇ ਦੁਆਵਾਂ
ਤੂੰ  ਸਦੀਵਤਾ  ਦਾ ਸੋਮਾ ਤੂੰ ਹੈਂ ਪ੍ਰੇਮ ਦਾ ਉਛਾਲਾ...

ਮਿੱਠੇ ਨੇ  ਗੀਤ  ਤੇਰੇ  ਪਾਵਨ  ਹੈ  ਤੇਰੀ  ਬਾਣੀ
ਧੋਂਦੇ   ਨੇ  ਪੈਰ  ਤੇਰੇ   ਸੁਬ੍ਹਾ  ਸ਼ਾਮ  ਪੰਜ  ਪਾਣੀ
ਸਭ   ਤੀਰਥਾਂ  ਤੋਂ  ਸੁੱਚੀ  ਹੈ  ਤੇਰੀ  ਪਾਠਸ਼ਾਲਾ...

ਜੁਗ ਜੁਗ  ਜਿਉਣ  ਸ਼ਾਲਾ ਤੇਰੇ ਕੋਰੜੇ ਸਵਈਏ
ਮੌਲਣ ਤੇਰੇ  ਲਿਖਾਰੀ  ਵਿਗਸਣ  ਤੇਰੇ ਗਵਈਏ
ਹਰ  ਇਕ ਦਿਸ਼ਾ 'ਚ ਹੋਵੇ ਤੇਰਾ  ਹੀ  ਬੋਲ-ਬਾਲਾ...

ਤੇਰੇ  ਜਲੌਅ  ਦੇ  ਸਾਹਵੇਂ   ਗੂੜ੍ਹਾ  ਹਨ੍ਹੇਰ  ਕੀ  ਹੈ
ਕੀ  ਨੇ  ਤੂਫ਼ਾਨ  ਝੱਖੜ   ਰੁੱਤਾਂ  ਦਾ   ਫੇਰ  ਕੀ ਹੈ
ਤੇਰੀ  ਡਾਲ ਤੋਂ ਨਾ ਕੋਈ  ਪੱਤਾ ਵੀ ਕਿਰਨ ਵਾਲਾ...

ਹੇ  ਮੇਰੀ   ਮਾਤ-ਬੋਲੀ  ਮੈਂ   ਤੈਨੂੰ   ਪਿਆਰਦੀ  ਹਾਂ 
ਲਿਖ ਲਿਖ ਲਹੂ ‘ਨਾ ਨਗਮੇਂ ਤੇਰੇ ਸਿਰ ‘ਤੋਂ ਵਾਰਦੀ ਹਾਂ
ਤੂੰ  ਹੈਂ  ਮੇਰੀ  ਕਰਮ-ਭੂਮੀ  ਤੂੰ  ਹੈਂ  ਮੇਰੀ ਰੰਗਸ਼ਾਲਾ…

ਹੇ   ਮੇਰੀ   ਮਾਤ-ਬੋਲੀ   ਹੇ  ਅਖੰਡ   ਦੀਪਮਾਲਾ
ਖਿੰਡਿਆ  ਹੈ ਦੂਰ  ਤੀਕਰ ਤੇਰੀ  ਹੋਂਦ ਦਾ ਉਜਾਲਾ...


ਸੁਖਵਿੰਦਰ ਅੰਮ੍ਰਿਤ

------

ਆਖੇ ਕੌਣ ਇਹਨੂੰ ਇਨਸਾਨ ਜੀ

ਮੇਰੇ ਕੱਪੜਿਆਂ ਨੂੰ ਵੇਖਦੈ ਇਹ ਜਹਾਨ ਜੀ
ਕਿਰਦਾਰ ਮੇਰੇ ਦੀ ਕਿਸੇ ਨੂੰ ਨਾ ਪਛਾਣ ਜੀ

ਚੰਗੇ ਸੰਸਕਾਰਾਂ ਦੀ ਨਾ ਬਾਤ ਕੋਈ ਪੁੱਛਦਾ
ਕਾਰ ਕੋਠੀ ਵੇਖ ਲੋਕ ਸਮਝਦੇ ਨੇ ਸ਼ਾਨ ਜੀ।

ਤਰੱਕੀ ਇਨਸਾਨੀਅਤ ਨੇ ਏਨੀ ਕਰ ਲਈ
ਮਾਂ-ਬਾਪ ਨੂੰ ਵੀ ਸਮਝਣ ਲੱਗੇ ਸਾਮਾਨ ਜੀ।

ਰਿਸ਼ਤਿਆਂ ਨੂੰ ਫੂਕ,ਹੱਥ ਸੇਕਦਾ ਇਹ ਫਿਰੇ
ਆਖੇ ਕੌਣ, ਕਿਵੇਂ ਇਹਨੂੰ ਇਨਸਾਨ ਜੀ।

ਆਖਿਰ ਅਮਲਾਂ ਦੇ ਪੈਣੇ ਅੱਗੇ ਮੁੱਲ ਸੱਜਣਾ
ਭਾਵੇਂ ਗੀਤਾ ਪੜ , ਭਾਵੇਂ ਤੂੰ ਕੁਰਾਨ ਜੀ।

ਸੁਰਿੰਦਰ ਕੌਰ


----------

ਨੀਲੇ ਜਿਹੇ ਰੰਗ ਦੀ ਚਿੱਠੀ

ਮੁੜਕੇ ਨਾ ਆਈ ਵਤਨੋਂ
ਨੀਲੇ ਜਿਹੇ ਰੰਗ ਦੀ ਚਿੱਠੀ,
ਕਿਵੇਂ ਲਿਖਵਾਂਦੀ ਸੀ ਉਹ
ਖੌਰੇ ਕੀ ਪਾਉਂਦੀ ਸੀ ਉਹ
ਲਿਖਕੇ ਉਹ ਨਾਮ ਰੱਬ ਦਾ,
ਪੁੱਛਦੀ ਸੀ ਹਾਲ ਉਹ ਸਭ ਦਾ
ਲੱਗਦੀ ਸੀ ਸ਼ਹਿਦ ਤੋਂ ਮਿੱਠੀ,
ਮੁੜਕੇ ਨਾ ਆਈ ,
ਬੇਬੇ ਦੀ ਚਿੱਠੀ 
ਨੀਲੇ ਜਿਹੇ ਰੰਗ ਦੀ ਚਿੱਠੀ

ਦਿਖਿਆ ਨਹੀਂ ਕਦੇ ਟੱਲੀ ਵਜਾਉਂਦਾ
ਓ ਡਾਕੀਆ
ਸਾਈਕਲ 'ਤੇ ਆਉਂਦਾ,
ਓ ਡਾਕੀਆ,
ਖ਼ੁਸ਼ੀਆਂ, ਗ਼ਮੀਆਂ ਲੈ ਕੇ ਆਉਂਦਾ,
ਓ ਡਾਕੀਆ
ਕਦੇ ਬਾਪੂ ਦੀ, ਕਦੇ ਭੈਣ ਦੀ, ਕਦੇ ਸੱਜਣਾਂ ਦੀ
ਮੋਹ ਭਰੀ ਫੜਾਉਂਦਾ ਸੀ ਚਿੱਠੀ,
ਓ ਨੀਲੇ ਜਿਹੇ ਰੰਗ ਦੀ
ਮੁੜਕੇ ਨਾ ਆਈ ਚਿੱਠੀ।

ਬੇਬੇ ਦੀ ਚਿੱਠੀ, ਉਹ ਪਿਆਰਾਂ ਦੀ ਚਿੱਠੀ,
ਚਿਰਾਂ ਤੋਂ ਪੜ੍ਹੀ ਨਾ ਲਿਖੀ ਮੈਂ ਚਿੱਠੀ,
ਚਿਰਾਂ ਬਾਅਦ ਮਿਲਦੀ ਸੀ ਭਾਵੇਂ,
ਪਰ ਮਾਖਿਓਂ ਸੀ ਮਿੱਠੀ
ਮੁੜਕੇ ਨੀ ਮਿਲੀ
ਓ ਮਾਂ ਦੀ ਚਿੱਠੀ,
ਓ ਸੱਜਣਾਂ ਦੀ ਚਿੱਠੀ,
ਨੀਲੇ ਜਿਹੇ ਰੰਗ ਦੀ ਚਿੱਠੀ।

ਕੁਲਦੀਪ ਸਿੰਘ ਰਾਮਨਗਰ
 


author

Harnek Seechewal

Content Editor

Related News