ਸਫ਼ਲ ਅਧਿਆਪਕ ਅਤੇ ਗੁਰਬਾਣੀ ਦੇ ਉੱਚ ਵਿਆਖਿਆ ਕਾਰ ‘ਪ੍ਰਿੰਸੀਪਲ ਤੇਜਾ ਸਿੰਘ’
01/11/2021 3:25:14 PM
ਪ੍ਰਿੰਸੀਪਲ ਤੇਜਾ ਸਿੰਘ (2 ਜੂਨ 1894 - 10 ਜਨਵਰੀ 1958)
ਗੁਰਬਾਣੀ, ਸਿੱਖ ਇਤਿਹਾਸ ਅਤੇ ਪੰਜਾਬੀ ਸਾਹਿਤ ਨਾਲ ਜੁੜੇ ਲੋਕ ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਬਾਰੇ ਸਭ ਚੰਗੀ ਤਰ੍ਹਾਂ ਜਾਣਦੇ ਹਨ। ਇਕ ਸਫ਼ਲ ਅਧਿਆਪਕ, ਉੱਚ ਪਾਏ ਦੇ ਗੁਰਬਾਣੀ ਵਿਆਖਿਆ ਕਾਰ, ਉਤਮ ਨੀਤੀਵਾਨ, ਲੇਖਕਾਂ ਨੂੰ ਘੜ੍ਹਨ ਵਾਲੀ ਟਕਸਾਲ, ਵਿਦਵਤਾ ਦਾ ਵਗਦਾ ਮਹਾਂਸਾਗਰ ਸੀ, ਇਹ ਗੁਰੂ ਕਾ ਸਿੱਖ।
2 ਜੂਨ 1894 ਨੂੰ ਰਾਵਲਪਿੰਡੀ ਦੇ ਅਡਿਆਲੇ ਪਿੰਡ ਵਿੱਚ ਬੀਬੀ ਸੁਰਸਤੀਤੀ ਦੀ ਕੁਖੋਂ, ਭਾਈ ਭਲਾਕਰ ਸਿੰਘ ਦੀਆਂ ਅੱਖਾਂ ਦਾ ਨੂਰ 'ਤੇਜ ਰਾਮ' ਪੈਦਾ ਹੋਇਆ। ਤੇਜ ਰਾਮ ਦਾ ਦਾਦਾ ਨਰੈਣ ਸਿੰਘ ਬੜ੍ਹਾ ਸਿਰੜੀ ਤੇ ਸੇਵਾ ਭਾਵ ਵਾਲਾ ਪੁਰਖ ਸੀ। ਉਹ ਪੱਕਾ ਨਿਤਨੇਮੀ ਸਿੱਖ ਸੀ। ਉਹ ਆਪ ਚਾਹੇ ਅਨਪੜ੍ਹ ਸੀ ਪਰ ਦੂਜਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਬਹੁਤ ਕਰਦਾ ਸੀ। ਉਹ ਬਹੁਤ ਸੁੰਦਰ ਤੁਕਬੰਦੀ ਵੀ ਕਰ ਲੈਂਦਾ ਸੀ। ਤੇਜ ਰਾਮ ਦਾ ਪਿਤਾ ਭਾਈ ਭਲਾਕਰ ਸਿੰਘ ਰਾਵਲਪਿੰਡੀ ਵਿੱਚ ਕੰਮ ਕਰਦਾ ਹੋਣ ਕਾਰਨ ਘਰ ਤੇ ਪਰਿਵਾਰ ਦੀ ਜ਼ਿੰਮੇਵਾਰੀ ਬੀਬੀ ਸੁਰਸਤੀ ’ਤੇ ਸੀ। ਇਹ ਬੀਬੀ ਸੁਭਾਅ ਪੱਖੋਂ ਬਹੁਤ ਦਲੇਰ ਸੀ। ਕੱਲੀ ਚੋਰਾਂ ਨਾਲ ਟਕਰਾਉਣ ਦਾ ਹੀਆ ਰੱਖਦੀ ਸੀ। ਹਿੰਦੂ ਪਰਿਵਾਰ ਵਿਚੋਂ ਆਉਣ ਕਰਕੇ ਉਹ ਵਹਿਮ ਭਰਮ, ਸ਼ਰਾਧ, ਥਿਤ ਵਾਰ ਆਦਿ ਨੂੰ ਮੰਨਦੀ ਸੀ। ਅੰਮ੍ਰਿਤਸਰ ਰਹਿੰਦਿਆਂ ਉਸਦਾ ਰੋਜ਼ਾਨਾ ਨੰਗੇ ਪੈਰੀਂ ਦਰਬਾਰ ਸਾਹਿਬ ਜਾਣ ਦਾ ਨੇਮ ਸੀ। ਪ੍ਰਿੰਸੀਪਲ ਤੇਜਾ ਸਿੰਘ ਰੂਪੀ ਫੁੱਲ ਦੀ ਸੁੰਗਧੀ ਪਿੱਛੇ ਉਸਦੇ ਦਾਦੇ ਤੇ ਮਾਂ ਬਾਪ ਦੀ ਸ਼ਖ਼ਸੀਅਤ ਦਾ ਬਹੁਤ ਹੱਥ ਹੈ।
ਤੇਜ ਰਾਮ ਦੀ ਮੁੱਢਲੀ ਵਿਦਿਆ ਗੁਰਦੁਆਰੇ ਤੇ ਮਸੀਤ ਵਿਚੋਂ ਆਰੰਭ ਹੁੰਦੀ ਹੈ। ਬਾਬਾ ਖੇਮ ਸਿੰਘ ਬੇਦੀ ਦਾ ਰਾਵਲਪਿੰਡੀ ਇਲਾਕੇ ਵਿੱਚ ਬਹੁਤ ਬੋਲ ਬਾਲਾ ਸੀ। ਉਨ੍ਹਾਂ ਦੀ ਪ੍ਰੇਰਨਾ ਸਦਕਾ ਇਹ ਬਾਲਕ ਵੀ ਤੇਜ ਰਾਮ ਤੋਂ ਤੇਜਾ ਸਿੰਘ ਬਣ ਗਿਆ। ਪੈਸੇ ਦੀ ਕਮੀ ਕਰਕੇ ਘਰਦੇ ਅੱਗੇ ਪੜ੍ਹਾ ਨਹੀਂ ਸਕਦੇ ਸਨ ਪਰ ਵਿੱਦਿਆ ਪ੍ਰਾਪਤੀ ਦੀ ਧੁਨ ਵਿੱਚ ਮਸਤ ਹੋਇਆ ਤੇਜਾ ਸਿੰਘ ਦੋ ਪੈਸੇ ਲੈ, ਰਾਵਲਪਿੰਡੀ ਵੱਲ ਘਰਦਿਆਂ ਤੋਂ ਚੋਰੀ ਤੁਰ ਪਏ। ਆਪਣੀ ਪੜ੍ਹਾਈ ਲਈ ਨੌਕਰ ਬਣੇ, ਪਾਣੀ ਢੋਇਆ, ਭਾਂਡੇ ਮਾਂਜੇ, ਕੱਪੜੇ ਧੋਤੇ, ਬਜ਼ੁਰਗ ਦੀ ਮੁਠੀ ਚਾਪੀ ਕੀਤੀ। 6ਵੀਂ ਤੇ 8ਵੀਂ ਦੀ ਪੜ੍ਹਾਈ ਇਕ ਮਾਮੀ ਤੇ ਭਰਾ ਕਾਹਨ ਸਿੰਘ ਦੀ ਬਦੌਲਤ ਸਿਰੇ ਲੱਗੀ। ਹੈੱਡਮਾਸਟਰ ਕੁਦਨ ਲਾਲ ਦਾ ਤੇਜਾ ਸਿੰਘ ਨੂੰ ਅੰਗਰੇਜ਼ੀ ਵਾਲੇ ਪਾਸੇ ਤੋਂ ਘੜ੍ਹਨ ਵਿੱਚ ਖ਼ਾਸ ਯੋਗਦਾਨ ਹੈ। ਉਹ ਆਪ ਆਪਣੀ ਜੀਵਨੀ ਵਿੱਚ ਲਿਖਦੇ ਹਨ ਕਿ 'ਉਸਦਾ (ਕੁੰਦਨ ਲਾਲ) ਦਾ (ਪੜ੍ਹਾਉਣ) ਢੰਗ ਏਨਾ ਚੰਗਾ ਸੀ ਕਿ ਮੈਂ ਕਹਿ ਸਕਦਾ ਹਾਂ ਕਿ ਹੁਣ ਤੱਕ ਮੈਂ ਓਹੋ ਜੇਹਾ ਉਸਤਾਦ ਕੋਈ ਨਹੀਂ ਡਿੱਠਾ'। ਇਥੇ ਰਾਵਲਪਿੰਡੀ ਵਿੱਚ ਇਨੇ ਨੇਕ ਉਸਤਾਦ ਦੀ ਬਦੌਲਤ ਕਵਿਤਾ ਵਿਚ ਵੀ ਹੱਥ ਖ਼ੋਲ੍ਹਣਾ ਸ਼ੁਰੂ ਕਰ ਦਿੱਤਾ ਸੀ। ਅੰਗਰੇਜ਼ੀ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ ’ਤੇ ਨਾਟਕ ਵੀ ਲਿਖੇ। ਮਹੀਨੇ ਵਿੱਚ 26 ਦਿਨ ਥੀਏਟਰ ਵੀ ਵੇਖਿਆ। ਇਥੋਂ ਚਿੱਤਰਕਾਰੀ ਦਾ ਸ਼ੌਕ ਵੀ ਪੈਦਾ ਹੋਇਆ। ਨਕਸ਼ੇ ਬਣਾਉਣ ਵਿੱਚ ਖ਼ਾਸ ਮੁਹਾਰਤ ਹਾਸਲ ਸੀ। ਮਿਡਲ ਦਾ ਇਮਤਿਹਾਨ ਰਾਵਲਪਿੰਡੀ ਡਵੀਜਨ ਵਿੱਚ ਅਵਲ ਆ ਕੇ ਪਾਸ ਕੀਤਾ, ਜਿਸ ਕਾਰਨ ਵਜੀਫਾ ਲੱਗ ਗਿਆ ਤੇ ਤੇਜਾ ਸਿੰਘ ਅਗਲੀ ਪੜ੍ਹਾਈ ਲਈ ਰਾਵਲਪਿੰਡੀ ਤੋਂ ਅੰਮ੍ਰਿਤਸਰ ਆ ਗਿਆ। ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐੱਫ.ਏ. ਪਾਸ ਕੀਤੀ, ਫਿਰ ਗਾਰਡਨ ਕਾਲਜ ਰਾਵਲਪਿੰਡੀ ਤੋਂ ਬੀ.ਏ ਕੀਤੀ ਤੇ ਨਾਲ ਹੀ ਉਥੇ ਅਧਿਆਪਨ ਦੇ ਕਿੱਤੇ ਨੂੰ ਅਪਣਾ ਐੱਮ.ਏ ਅੰਗਰੇਜ਼ੀ ਦੀ ਡਿਗਰੀ ਹਾਸਲ ਕੀਤੀ। ਮਾਰਚ 1919 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਪ੍ਰੋਫ਼ੈਸਰ ਲੱਗ ਗਏ। ਇਥੇ ਇਹ ਅੰਗਰੇਜ਼ੀ, ਧਰਮ ਤੇ ਇਤਿਹਾਸ ਦਾ ਵਿਸ਼ਾ ਪੜ੍ਹਾ ਰਹੇ ਸਨ।
ਵਿਰਾਸਤ ਵਿੱਚ ਮਿਲੀ ਹੋਈ ਸਿੱਖੀ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿੱਚ ਇਨ੍ਹਾਂ ਨੂੰ ਲਿਆ ਖੜ੍ਹਾ ਕੀਤਾ। ਉਸ ਵਕਤ ਕਈ ਇਤਿਹਾਸਕ ਗੁਰਦੁਆਰਿਆਂ ਵਿਚਲੇ ਵਿਗੜੇ ਪ੍ਰਬੰਧ ਨੂੰ ਠੀਕ ਕਰਨ ਲਈ ਪੰਥ ਨੇ, ਜੋ ਘਾਲਣਾ ਘਾਲੀ, ਉਸ ਵਿੱਚ ਪ੍ਰੋਫ਼ੈਸਰ ਤੇਜਾ ਸਿੰਘ ਦਾ ਯੋਗਦਾਨ ਬਹੁਤ ਸ਼ਾਨਦਾਰ ਸੀ। ਸ਼੍ਰੋਮਣੀ ਕਮੇਟੀ ਦੀ ਕਾਇਮੀ ਤੋਂ ਲੈ ਕੇ ਉਸਦੇ ਪ੍ਰਚਾਰ ਪ੍ਰਸਾਰ ਦਾ ਖਾਕਾ ਤਿਆਰ ਕਰਨ ਵਿੱਚ ਇਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਈ। ਜੇਲ ਯਾਤਰਾ ਵੀ ਕੀਤੀ। ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਨੂੰ ਇਨ੍ਹਾਂ ਨੇ ਆਪਣੇ ਹਥੀਂ 1922 ਵਿੱਚ ' Gurdwara Reform Movement and Sikh Awakening ' ਨਾਮ ਥੱਲੇ ਛਾਪਿਆ।
ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੂੰ ਗੋਰਾਸ਼ਾਹੀ ਤੋਂ ਮੁਕਤ ਕਰਾਉਣ ਲਈ ਚੱਲੀ ਐਜੀਟੇਸ਼ਨ ਵਿੱਚ ਅਸਤੀਫਾ ਦੇਣ ਵਾਲੇ 13 ਪ੍ਰੋਫ਼ੈਸਰਾਂ ਵਿਚੋਂ ਤੇਜਾ ਸਿੰਘ ਵੀ ਇੱਕ ਸੀ। ਆਪਣੇ ਆਸ਼ੇ ਵਿੱਚ ਕਾਮਯਾਬ ਹੋਣ ਉਪਰੰਤ ਦੁਬਾਰਾ 20 ਵਰ੍ਹੇ ਖਾਲਸਾ ਕਾਲਜ ਦੇ ਪ੍ਰੋਫ਼ੈਸਰ ਰਹੇ। ਇਸ ਸਮੇਂ ਵਿੱਚ ਤੇਜਾ ਸਿੰਘ ਦਾ ਕੱਦ ਏਨਾ ਉੱਚਾ ਹੋ ਚੁੱਕਾ ਸੀ ਕਿ ਪੰਜਾਬ ਦੀ ਹਰ ਛੋਟੀ ਵੱਡੀ ਸਾਹਿਤਕ, ਧਾਰਮਿਕ ਸਭਾ, ਪੰਜਾਬੀ ਸਭਾ, ਕਵੀ ਦਰਬਾਰ, ਪੁਸਤਕਾਂ ਦੇ ਮੁਖ ਬੰਦ ਜਾਂ ਰੀਵਿਊ ਲਈ ਇਨ੍ਹਾਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਸੀ। ਇਸ ਸਮੇਂ ਵਿੱਚ ਕਿਤੇ ਉਹ ਪ੍ਰਧਾਨਗੀ ਕਰ ਰਹੇ ਹੁੰਦੇ, ਕਿਸੇ ਨੂੰ ਭਾਸ਼ਨ ਸੁਣਾ ਰਹੇ ਹੁੰਦੇ, ਕੋਈ ਉਨ੍ਹਾਂ ਕੋਲੋਂ ਅੱਗੇ ਵੱਧਣ ਦੀ ਆਸੀਸ ਲੈ ਰਿਹਾ ਹੁੰਦਾ (ਇਸ ਸਬੰਧੀ ਕਦੇ ਪ੍ਰੋ.ਮੋਹਨ ਸਿੰਘ, ਦਲੀਪ ਕੌਰ ਟਿਵਾਣਾ ਜਾਂ ਬਲਵੰਤ ਗਾਰਗੀ ਦੇ ਤੇਜਾ ਸਿੰਘ ਬਾਰੇ ਕੀਤੇ ਜ਼ਿਕਰ ਪੜ੍ਹੇ ਜਾ ਸਕਦੇ ਹਨ)। ਤੇਜਾ ਸਿੰਘ ਦੀ ਇਹ ਖ਼ਾਸੀਅਤ ਸੀ ਕਿ ਉਹ ਚਾਹੇ ਪੜ੍ਹਾ ਰਹੇ ਹੋਣ, ਜੇਲ ਵਿੱਚ ਹੋਣ ਜਾਂ ਰੋਗੀ ਅਵਸਥਾ, ਸਾਹਿਤ ਨਾਲ ਹਰ ਵਕਤ ਜੁੜੇ ਰਹਿਣਾ, ਨਵਾਂ-ਨਵਾਂ ਕੁਝ ਬੁਣਦੇ ਰਹਿਣਾ। ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਇੱਕ ਭਗਤ ਲਛਮਨ ਸਿੰਘ ਹੁਣਾਂ ਨਾਲ ਬਹੁਤ ਨਿੱਘੇ ਸਬੰਧ ਸਨ। ਉਨ੍ਹਾਂ ਦੀ ਸ਼ਖ਼ਸੀਅਤ ਨੇ ਵੀ ਇਨ੍ਹਾਂ ’ਤੇ ਬਹੁਤ ਪ੍ਰਭਾਵ ਪਾਇਆ।
ਇਸ ਸਮੇਂ ਇੱਕ ਘਟਨਾ ਦਾ ਉਲੇਖ, ਉਨ੍ਹਾਂ ਦੀ ਆਪਣੀ ਜ਼ੁਬਾਨ ਤੋਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ, ਜੋ ਇਤਿਹਾਸ ਵਿੱਚ ਬਹੁਤ ਵੱਡੀ ਥਾਂ ਰੱਖਦੀ ਹੈ "ਅਛੂਤ ਜਾਤੀਆਂ ਦੇ ਲੀਡਰ ਡਾਕਟਰ ਅੰਬੇਦਕਾਰ ਦੀ ਪੰਜਾਬ ਫੇਰੀ ਨੇ ਸਿੱਖਾਂ ਨੂੰ ਉਮੈਦ ਦੁਆਈ ਕਿ ਦੱਖਣ ਦੇ ਲੱਖਾਂ ਪਛੜੀਆਂ ਸ਼੍ਰੇਣੀਆਂ ਦੇ ਲੋਕ ਸਿੱਖੀ ਧਾਰਨ ਲਈ ਤਿਆਰ ਹਨ। ਉਨ੍ਹਾਂ ਵਿਚੋਂ 5 ਕੁ ਸੌ ਅੰਮ੍ਰਿਤਸਰ ਆਏ ਅਤੇ ਅਕਾਲ ਤਖ਼ਤ ਉਤੇ ਆ ਕੇ ਅੰਮ੍ਰਿਤ ਛਕਿਆ। ਅੰਮ੍ਰਿਤ ਦੀਆਂ ਪੰਜ ਬਾਣੀਆਂ ਪੜ੍ਹਨ ਮਗਰੋਂ ਮੈਂ ਅੰਗਰੇਜ਼ੀ ਵਿੱਚ ਅੰਮ੍ਰਿਤ ਪ੍ਰਚਾਰ ਕੀਤਾ ਅਤੇ ਅੰਗਰੇਜ਼ੀ ਵਿੱਚ ਅਰਦਾਸ ਕੀਤੀ। ਇਹ ਇਤਿਹਾਸ ਵਿਚ ਪਹਿਲਾ ਮੌਕਾ ਸੀ, ਜਦੋਂ ਅਕਾਲ ਤਖ਼ਤ ਉਤੇ ਅੰਗਰੇਜ਼ੀ ਬੋਲੀ ਵਿਚ ਸਿੱਖ ਸੰਸਕਾਰ ਕੀਤਾ ਗਿਆ।"
ਇਸ ਸਮੇਂ ਜਿੱਥੇ ਚੀਫ ਖਾਲਸਾ ਦੀਵਾਨ, ਗੁਰਸੇਵਕ ਸਭਾ ਆਦਿ ਨਾਲ ਜੁੜ ਕੇ ਪੰਥ ਦੀ ਚੜ੍ਹਦੀ ਕਲਾ ਲਈ ਤੇਜਾ ਸਿੰਘ ਹੁਣੀ ਕੰਮ ਕਰ ਰਹੇ ਸਨ, ਉਥੇ ਹੀ ਮਲਾਇਆ ਤੇ ਥਾਈਲੈਂਡ ਆਦਿ ’ਚ 300 ਦੇ ਕਰੀਬ ਭਾਸ਼ਨ ਦੇ ਕੇ ਆਏ। ਇਸਦੇ ਨਾਲ, ਜੋ ਮਹਾਨ ਕੰਮ ਉਨ੍ਹਾਂ ਕੀਤਾ ਉਹ ਸੀ, ਬਾਵਾ ਹਰਕਿਸ਼ਨ ਸਿੰਘ ਤੇ ਨਰੈਣ ਸਿੰਘ ਹੁਣਾਂ ਦੇ ਸਹਿਯੋਗ ਨਾਲ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਾਰ ਪੋਥੀਆਂ ਵਿੱਚ ਸ਼ਬਦਾਰਥ' ਤਿਆਰ ਕਰਨਾ। ਇਸ ਵਿੱਚ ਇੱਕ ਪਾਸੇ ਗੁਰਬਾਣੀ ਤੇ ਦੂਜੇ ਪਾਸੇ ਸਨਮੁੱਖ ਉਸ ਬਾਣੀ ਵਿਚਲੇ ਔਖੇ ਸ਼ਬਦਾਂ ਦੇ ਅਰਥ ਜਾਂ ਉਸ ਸ਼ਬਦ ਨਾਲ ਜੁੜੀਆ ਇਤਿਹਾਸਕ ਸਾਖੀ, ਭਾਵ ਆਦਿ ਦਾ ਜ਼ਿਕਰ ਕੀਤਾ ਹੈ।
1945 ਵਿੱਚ ਬੰਬਈ ਖਾਲਸਾ ਕਾਲੇਜ ਦੇ ਪ੍ਰਿੰਸੀਪਲ ਦੇ ਰੂਪ ਵਿੱਚ ਨਿਯੁਕਤੀ ਹੋਈ। 3 ਸਾਲ ਬਾਅਦ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਕੱਤਰ ਦਾ ਅਹੁਦਾ ਸੰਭਾਲਿਆ। ਜਨਵਰੀ 1949 ਵਿੱਚ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਬਣੇ। ਪੰਜਾਬੀ ਮਹਿਕਮੇ ਦੇ ਵਾਗ ਡੋਰ ਸੰਭਾਲੀ। ਪੈਪਸੂ ਸਰਕਾਰ ਨੇ ਇਨ੍ਹਾਂ ਨੂੰ ਇਨ੍ਹਾਂ ਦੀਆਂ ਸੇਵਾਵਾਂ ਬਦਲੇ 1951 ਵਿਚ ਸਨਮਾਨਿਤ ਕੀਤਾ। 1956 ਵਿੱਚ ਇਨ੍ਹਾਂ ’ਤੇ ਅਭਿਨੰਦਨ ਗ੍ਰੰਥ ਵੀ ਪ੍ਰਕਾਸ਼ਿਤ ਹੋਇਆ। ਹਰਨਾਮ ਸਿੰਘ ਸ਼ਾਨ ਹੁਣਾਂ ਦੀ ਕਾਫ਼ੀ ਖਿਦਮਤ ਕੀਤੀ। ਇਥੇ ਸਿੱਖ ਕੌਮ ਅਤੇ ਪੰਜਾਬੀ ਸਾਹਿਤ ਦਾ ਇਹ ਮਹਾਨ ਸੂਰਜ 10 ਜਨਵਰੀ 1958 ਨੂੰ ਸਦਾ ਲਈ ਛਿਪ ਗਿਆ।
ਪ੍ਰਿੰਸੀਪਲ ਤੇਜਾ ਸਿੰਘ ਦੀਆਂ ਕੁਝ ਲਿਖਤਾਂ
Sikhism:it's Ideals and Institutions, Essays in Sikhism, A short history of the Sikhs (with Dr.Ganda Singh),High Roads of Sikh History , ਅੰਗਰੇਜ਼ੀ ਪੰਜਾਬੀ ਸ਼ਬਦ ਕੋਸ਼, ਅੰਗਰੇਜ਼ੀ ਵਿੱਚ ਜਪੁ ਸਾਹਿਬ, ਆਸਾ ਕੀ ਵਾਰ, ਸੁਖਮਨੀ ਸਾਹਿਬ ਆਦਿ ਬਾਣੀਆਂ ਦਾ ਤਰਜ਼ਮਾ, ਗੁਰਬਾਣੀ ਨੂੰ ਸਮਝਣ ਲਈ, ਸ਼ਬਦਾਂਤਿਕ ਲਗਾਂ ਮਾਤ੍ਰਾ ਦੇ ਗੁਝੇ ਭੇਦ ਲਿਖੇ, ਅੰਗਰੇਜ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਦੋ ਰਾਗਾਂ ਦਾ ਟੀਕਾ, ਨਵੀਆਂ ਸੋਚਾਂ, ਸਹਿਜ ਸੁਭਾ, ਸਾਹਿਤ ਦਰਸ਼ਨ, ਘਰ ਦਾ ਪਿਆਰ, ਪੰਜਾਬੀ ਕਿਵੇਂ ਲਿਖੀਏ ਆਦਿ।
ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਨੇ ਆਪਣਾ ਜੀਵਨ ਆਪਣੇ ਹੱਥੀਂ ‘ਆਰਸੀ’ ਨਾਮ ਥੱਲੇ ਪ੍ਰਕਾਸ਼ਿਤ ਕੀਤਾ। ਇਹ ਕਿਤਾਬ ਸਭ ਨੂੰ ਪੜ੍ਹਨੀ ਚਾਹੀਦੀ ਹੈ।
ਬਲਦੀਪ ਸਿੰਘ ਰਾਮੂੰਵਾਲੀਆ