ਕਹਾਣੀਨਾਮਾ: ਪੜ੍ਹੋ ਬੀਤ ਚੁੱਕੇ ਬਚਪਨ ਦੀਆਂ ਬਾਤਾਂ ਪਾਉਂਦੀਆਂ ਦੋ ਮਿੰਨੀ ਕਹਾਣੀਆਂ

Friday, May 28, 2021 - 04:26 PM (IST)

ਕਹਾਣੀਨਾਮਾ: ਪੜ੍ਹੋ ਬੀਤ ਚੁੱਕੇ ਬਚਪਨ ਦੀਆਂ ਬਾਤਾਂ ਪਾਉਂਦੀਆਂ ਦੋ ਮਿੰਨੀ ਕਹਾਣੀਆਂ

ਉਹ ਵੀ ਵੇਲਾ ਸੀ ..

ਜਦੋਂ ਜੁਆਕ ਪੜ੍ਹਾਈ ਤੋਂ ਬਹੁਤ ਡਰਦੇ ਹੁੰਦੇ ਸੀ ..ਦਾਦੀਆਂ ਨੇ ਰੋਂਦਿਆਂ ਕੁਰਲੌਂਦਿਆਂ ਨੂੰ ਬਾਂਹ ਫੜ੍ਹ ਗਲੀ ਵਿੱਚ ਦੀ ਧੂੰਹਦਿਆਂ ਸਕੂਲ ਜਾਹ ਭੈਣ ਜੀ ਨੂੰ ਬਾਂਹ ਫੜ੍ਹਾਉਣੀ .. ਇੱਕ ਅੱਧ ਬੇਬੇ ਹੋਰ ਨਾਲ ਰਲ ਜਾਂਦੀ ਸੀ ਸਾਥ ਦੇਣ ਨੂੰ ..ਖੁੱਲ੍ਹੇ ਦੁੜੰਗੇ ਲਾਉਂਦੇ ਜੁਆਕ ਕਿੱਥੋਂ ਬੱਝ ਕੇ ਬਹਿੰਦੇ ਸਨ ,ਭਲਾ ਸਕੂਲ ਵਿੱਚ ..?
ਨਾ ਨਹਾਉਣਾ ਨਾ ਧੁਆਉਣਾ ਤੱਤੇ ਪਾਣੀ ਨਾਲ ਮੂੰਹ ਧੋਕੇ ਸਕੂਲ ਛੱਡ ਆਉਣਾ ..ਭੈਣਜੀ , “ਘਰੇ ਬ੍ਹਾਲਾ  ਹੀ ਸਤਾਉਂਦੇ ਆ , ਕੋਈ ਕੌਲ੍ਹਾ ਕੰਧ ਨੀ ਛੱਡਦੇ ਟੱਪਣੋਂ .. ਜਾਏ ਖਣਿਆ ਦੇ  .. !
ਮਖਾ , ਕੋਈ ਮੱਤ ਬੁੱਧ ਸਿੱਖ ਲੈਣ ... !
ਨਈਂ ਤਾਂ ਡੰਗਰਾਂ ਵਾਗੂੰ ਫਿਰਨਗੇ ਸਾਰੀ ਉਮਰ ਧੱਪ ਧੱਪ ਪੈਰ ਮਾਰਦੇ ਬੀਹਾਂ ‘ ਚ ..ਜੇ ਦੋ ਅੱਖਰ ਠੌਣ ਜੋਗੇ ਹੋਗੇ ਤਾਂ ਮਾੜ੍ਹਾ ਮੋਟਾ ਸਾਬ੍ਹ ਕਰ ਲਿਆ ਕਰਨਗੇ ਵਾਹੀ ਜੋਤੀ ਦਾ .. ਸ਼ਾਹੂਕਾਰ ਤਾਂ ਕੁੱਝ ਪੱਲ੍ਹੇ ਪਾਉਂਦਾ ਨੀ ਦੀਦ੍ਹਾ ..ਕੋਈ ਜੂਨ ਈ ਸੁਧਰਜੂ .. !
ਅਸੀਂ ਤਾਂ ਅਨਪੜ੍ਹ ਸੀ ਕੋਰੇ ਕਾਗਜ਼ ..!
ਆਹ , ਛੋਟੇ ਦੀ ਕੁੜੀ ਐ ,ਜਿਹੜਾ ਸ਼ਹਿਰ ਰਹਿੰਦਾ .. ਕੱਲ੍ਹ ਆਈ ਸੀ ਮੇਰੇ ਨਾਲ .. ਅੱਜ ਆਵਦੀਆਂ ਭੈਣਾਂ ਨਾਲ ਸਕੂਲ ਆਗੀ ..  ਉਦੋਂ ਇਹਦਾ ਪਿਉ ਮਾੜ੍ਹਾ ਮੋਟਾ ਪੜ੍ਹ ਗਿਆ ਤੇ ਫ਼ੌਜੀ ਲੱਗ ਗਿਆ ਸੀ ..ਹੁਣ  ਸ਼ਹਿਰ ਆਵਦਾ ਜੀਆ ਜੰਤ ਸੰਭਾਲੀ ਬੈਠਾ ਆ ...!

ਐਦੇ ਪਿਉ ਨੂੰ ਬਥੇਰੀ ਵਾਹ ਲਾਈ ਬਈ ਪੜ੍ਹਲੇ .. ਪਰ ਕਿੱਥੋਂ ? ਔਖੀ ਹੋ ਕੇ ਸਕੂਲ ਤੋਰਨਾ .. ਦਫ਼ਾ ਹੋਣੇ ਨੇ ਸਕੂਲ ਨਾ ਜਾਣਾ ..ਰਾਹ ਚ ਵਾਗੀਆਂ ਨਾਲ ਰਲ ਕੇ ਦਿਨ ਗਾਲ੍ਹ ਆਉਣਾ  ਤੇ ਸਕੂਲੋਂ ਛੁੱਟੀ ਹੋਣ ਨਾਲ ਈ ਘਰੇ ਮੁੜ ਆਉਣਾ ..!
ਹੁਣ ਪਸਤਾਉਦਾ , ਛੋਟੇ ਨੂੰ ਵੇਖ ਕੇ ...!
ਹੁਣ ਆਹ ਨਖਾਫਣਾ  ਉਹਦੀ ਗੰਦੀ ਲਾਦ ਸਕੂਲ ਵੱਲ ਮੂੰਹ ਨੀ ਕਰਦੀ.. ਬੇਬੇ ਦੇ ਬੋਲ ਸੀ , 
ਮੈਂ ਗੌਹ ਨਾਲ ਸੁਣੇ ਸੀ ...ਜਦੋਂ ਬੇਬੇ ਤਾਏ ਦੇ ਮੁੰਡੇ ਨੂੰ ਸਕੂਲ ਛੱਡਣ ਆਈ ਸੀ ..!


ਰੱਬ ਦਾ ਜੀਅ
ਵੇ ਮਾਰ ਨਾ ਦਿਓ ਜੇ ,ਜਾਏਖਣਿਆ ਦਿਉ  ??
ਰੱਬ ਦਾ ਜੀਅ ਐ''
ਦਰਵਾਜ਼ੇ ਵਿੱਚ ਚਿੜ੍ਹੀਆਂ ਦੇ ਪਾਏ ਆਲ੍ਹਣੇ ਵਿੱਚੋਂ ਡਿੱਗੇ ਬੋਟ ਨੂੰ ਬਚਾਉਂਦਿਆਂ 
ਚਰਖਾ ਕੱਤਦੀ ਬੇਬੇ ਬੋਟ ਦੇ ਦੁਆਲੇ ਹੋਏ ਜਵਾਕਾਂ ਵੱਲ੍ਹ ਨੂੰ ਭੱਜਦੀ ਬੋਲੀ ...!

''ਵਾਖਰੂ ! ਆਲ੍ਹਣੇ 'ਚੋਂ  ਡਿੱਗੇ ਵੀ ਕਦੇ ਬਚੇ ਆ ਭਲਾ ??"

ਚਿੜੀ ਜ਼ੋਰ-ਸ਼ੋਰ ਨਾਲ ਚਿੜ੍ਹ-ਚਿੜ੍ਹ ਕਰ ਰਹੀ ਸੀ ,
ਬੇਵੱਸ , ਕਦੇ ਐਧਰ ਨੂੰ ਉੱਡਦੀ ,ਕਦੇ ਦੂਜੇ ਪਾਸੇ ਨੂੰ ਭੱਜਦੀ ,ਮਾਂ ਦਾ ਮੋਹ ਤੜਫ਼ਾ ਰਿਹਾ ਸੀ , ਬੱਚੇ ਨੂੰ ਬਚਾਉਣ ਲਈ .. !

“ਭਲਾ ! ਐਨਾਂ ਨੇ ਕਿਹੜਾ ਕਮਾਈ ਖਾਣੀ ਐ  ਜੁਆਕਾਂ ਦੀ !
ਵਿਚਾਰੀਆਂ ਜਿਉਣ ਜੋਗੀਆਂ ਨੇ , ਉੱਡੀਆਂ ਫਿਰਦੀਆਂ ਸਾਰਾ ਦਿਨ ਚੋਗ ਚੁਗਾਉਂਦੀਆਂ ਬੋਟਾਂ ਨੂੰ ..!
ਕਦੇ ਵਿਚਾਰੀਆਂ ਦੀ ਧੌਣ ਲਹਿ ਜਾਂਦੀ ਐ ਪੱਖੇ ਵਿੱਚ ਵੱਜ ਕੇ, ਕਦੇ ਗਰਮੀ ਨਾਲ ਫੁੜ੍ਹਕ ਕੇ ਡਿੱਗ ਪੈਂਦੀਆਂ .. ਬਸ 
 ਰੱਬ ਨੇ ਆਹ੍ਹਰੇ ਲਾਏ ਐ , ਸਭ ਜੀਆ ਜੰਤ !
ਜੇ ਆਹ ਜਵਾਕਾਂ ਦਾ ਮਿੱਠਾ ਮੋਹ ਨਾ ਪਾਉਂਦਾ , ਤਾਂ ਫਿਰ ਧਰਤੀ ਤੇ ਜੀਵ ਪਰਿੰਦਾ ਕਾਹਦਾ ਹੋਣਾ ਸੀ .. ?? 
 
ਬੇਬੇ ਬੋਲਦੀ ਗਈ ,ਨਾਲੇ ਡਿੱਗੇ ਬੋਟ ਨੂੰ ਚੁੱਕ ਕੇ ਦਰਵਾਜ਼ੇ ਦੇ ਵਿੱਚ ਬਣੇ ਆਲ੍ਹੇ ਵਿੱਚ ਰੱਖ ਦਿੱਤਾ .. !!

ਭਾਵੇਂ ਉਦੋਂ ਸਮਝਾ ਛੋਟੀਆਂ ਸਨ ..ਪਰ ਮਾਂ ਅਤੇ ਮਾਂ ਦੀ ਮਮਤਾ ਅਤੇ ਰੱਬ ਦੀ ਹੋਂਦ ਦੇ ਅਰਥ ਬੇਬੇ ਦੇ ਬੋਲਾਂ ਨੇ ਚੰਗੀ ਤਰ੍ਹਾਂ ਸਮਝਾ ਦਿੱਤੇ ਸਨ ...!!

ਰਾਜਵਿੰਦਰ ਕੌਰ ਵੜਿੰਗ


author

Harnek Seechewal

Content Editor

Related News