ਕਹਾਣੀ : ਅਸੀ ਨੂੰਹਾਂ ਨਹੀਂ ਧੀਆਂ ਹਾਂ...

Sunday, Jun 21, 2020 - 05:15 PM (IST)

ਕਹਾਣੀ : ਅਸੀ ਨੂੰਹਾਂ ਨਹੀਂ ਧੀਆਂ ਹਾਂ...

ਅੱਜ ਕਿੱਕਰ ਸਿੰਘ ਦਾ ਮਨ ਬੜਾ ਭਰਿਆ ਪਿਆ ਸੀ, ਉਹ ਵਿੱਚੋ ਵਿੱਚ ਰੋ ਰਿਹਾ ਸੀ। ਅੱਖੀਆਂ ਨੂੰ ਪੂੰਝਦਾ ਹੋਇਆ ਘਰੋਂ ਬਾਹਰ ਨਿਕਲ ਗਿਆ ਤੇ ਪਿੰਡ ਦੇ ਬਾਹਰ ਸੜਕ ’ਤੇ ਨਹਿਰ ਦੀ ਪੁਲੀ ’ਤੇ ਜਾ ਬੈਠਾ, ਜਿਵੇਂ ਆਪਣੀ ਕਿਸਮਤ ਨੂੰ ਕੋਸ ਰਿਹਾ ਹੋਵੇ। ਕਿਉਂਕਿ ਅਜੇ ਇੱਕ ਮਹੀਨਾ ਪਹਿਲਾਂ ਹੀਂ ਉਸ ਦੀ ਘਰਵਾਲੀ ਉਸਨੂੰ ਛੱਡ ਕੇ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਈ ਸੀ। ਅੱਜ ਰੱਬੀਂ ਉਹਦਾ ਬਚਪਨ ਦਾ ਦੋਸਤ ਕੈਲਾ ਸਾਈਕਲ ’ਤੇ ਆਉਂਦਾ ਉਹਨੂੰ ਮਿਲ ਪਿਆ। ਆਉਂਦਿਆਂ ਈਂ ਉਹਨੇ ਜਦੋਂ ਆਪਣੇ ਪੁਰਾਣੇ ਮਿੱਤਰ ਕਿੱਕਰ ਸਿੰਘ ਨੂੰ ਵੇਖਿਆ, ਛੇਤੀ ਨਾਲ ਆਪਣਾ ਸੱਜਾ ਪੈਰ ਸਾਈਕਲ ਦੇ ਅਗਲੇ ਘੋਨੇ ਟਾਇਰ ਨਾਲ ਲਾਕੇ ਸਾਈਕਲ ਰੋਕ ਲਿਆ ਅਤੇ ਹੌਲੀ ਜਿਹੇ ਥੱਲੇ ਉਤਰਿਆ। ਉਤਰਦਿਆਂ ਸਾਰ ਹੀ ਕਿੱਕਰ ਸਿੰਘ ਨੂੰ ਪੁੱਛਿਆ ਤੂੰ ਕਿੱਕਰ ਏਂ ਨਾ ?

ਕਿੱਕਰ ਸਿੰਘ ਨੇ ਆਵਾਜ਼ ਤੋਂ ਪਛਾਣਦਿਆਂ ਕਿਹਾ, ਹਾਂ ਮੈ ਕਿੱਕਰ ਆਂ, ਤੇ ਤੂੰ ਕਿਤੇ ਕੈਲਾ ਤਾਂ ਨਹੀਂ ? ਕੈਲੇ ਨੇ ਜਵਾਬ ਦਿੱਤਾ ਹਾਂ ਮੈਂ ਕੈਲਾ ਆਂ, ਇੰਨਾ ਕਹਿੰਦਿਆਂ ਹੀਂ ਘੁੱਟ ਕੇ ਦੋਵਾਂ ਨੇ ਜੱਫੀਆਂ ਪਾ ਲਈਆਂ, ਅੱਜ ਘੱਟੋ ਘੱਟ ਚਾਲ੍ਹੀਆਂ ਸਾਲਾਂ ਬਾਅਦ ਮਿਲੇ ਸੀ।

ਸਕੂਲ ਦੇ ਦਿਨਾਂ ਵਿੱਚ ਬੜੀ ਪੱਕੀ ਯਾਰੀ ਹੁੰਦੀ ਸੀ, ਪਤਾ ਈ ਨਹੀਂ ਲੱਗਾ ਕਦੋਂ ਜਿੰਦਗੀ ਦੇ ਐਨੇ ਸਾਲ ਐਨੀ ਛੇਤੀ ਕਿਵੇਂ ਬੀਤ ਗਏ।

ਮਾਨਸਿਕ ਤਣਾਅ ਦੂਰ ਕਰਨ ਵਿਚ ਜਾਣੋ ਕੀ ਹੈ ਯੋਗ ਅਭਿਆਸ ਦੀ ਮਹੱਤਤਾ

ਅੱਜ ਦੋਵਾਂ ਬਚਪਨ ਦਿਆਂ ਯਾਰਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਗਲੇ ਮਿਲਣ ਤੋਂ ਬਾਅਦ ਦੋਵਾਂ ਨੇ ਅੱਖਾਂ ਪੂੰਝੀਆਂ ਤੇ ਪੁਲੀ ’ਤੇ ਬਣੀ ਹੋਈ ਇੱਟਾਂ ਦੀ ਕੰਧ ’ਤੇ ਬੈਠ ਗਏ। ਕੈਲੇ ਨੇ ਕਿਹਾ ਅੱਜ ਪੁਲੀ ’ਤੇ ਪਿੰਡੋਂ ਬਾਹਰ ਕਿਵੇਂ ਬੈਠਾਂ ਏਂ ਕਿੱਕਰ ਸਿੰਹਾਂ, ਹੋਰ ਸੁਣਾ ਤੇਰਾ ਕੀ ਹਾਲ ਚਾਲ ਹੈ। ਕਿੱਕਰ ਸਿੰਹੁ ਨੇ ਲੰਮਾ ਹਉਕਾ ਲਿਆ ਅਤੇ ਕਿਹਾ, ਹਾਲ ਤੈਨੂੰ ਕੀ ਦੱਸਾਂ ਕਰਨੈਲ ਸਿੰਹਾਂ, ਹੁਣ ਤਾਂ ਇੰਜ ਜੀਅ ਕਰਦਾ ਏ, ਜਿਵੇਂ ਆਪਣੇ ਆਪ ਨੂੰ ਖੰਭ ਲਾ ਲਾਂ ਅਤੇ ਇਸ ਦੁਨੀਆਂ ਤੋਂ ਕਿਤੇ ਦੂਰ ਦੁਰਾਡੇ ਜਾ ਡੇਰੇ ਲਾਂਵਾਂ, ਜਿੱਥੇ ਨਾ ਕੋਈ ਆਪਣਾ ਹੋਵੇ ਤੇ ਨਾ ਬਿਗਾਨਾ, ਜਿੱਥੇ ਨਾ ਕੋਈ ਹਰਖ ਹੋਵੇ ਤੇ ਨਾ ਸੋਗ, ਨਾ ਲੈਣਾ ਹੋਵੇ ਨਾ ਦੇਣਾ ਹੋਵੇ। ਉਹ ਤਾਂ ਸਿਰਫ ਇੱਕ ਰੱਬ ਦੀ ਦਰਗਾਹ ਹੈ, ਜਿੱਥੇ ਇਹ ਸਭ ਨਹੀਂ ਹੁੰਦਾ। ਵਿੱਚੋਂ ਟੋਕਦੇ ਹੋਏ ਕੈਲੇ ਨੇ ਕਿਹਾ, ਪਰ ਕੀ ਗੱਲ ਤੂੰ ਕੁਝ ਜ਼ਿਆਦਾ ਈ ਪਰੇਸ਼ਾਨ ਲੱਗਦਾ ਏਂ , ਮੈਨੂੰ ਖੁੱਲ ਕੇ ਦੱਸ, ਮੈਂ ਫਿਰ ਵੀ ਤੇਰਾ ਲੰਗੋਟੀਆ ਯਾਰ ਆਂ ਕੈਲੇ ਨੇ ਫਿਰ ਕਿਹਾ । ਕਿੱਕਰ ਸਿੰਘ ਨੇ ਦੱਸਣਾ ਸ਼ੁਰੂ ਕੀਤਾ, ਜਦੋਂ ਦੀ ਮੇਰੀ ਘਰਵਾਲੀ ਤੇਰੀ ਭਰਜਾਈ ਪੂਰੀ ਹੋਈ ਆ ਨਾ, ਮੇਰੀ ਤਾਂ ਉਦੋਂ ਦੀ ਦੁਨੀਆਂ ਈ ਉਜੜ ਗਈ। ਇੰਜ ਲਗਦਾ ਜਿਵੇਂ ਸਾਰਾ ਜਹਾਨ ਸੁੰਨਾ ਹੋ ਗਿਆ ਹੋਵੇ। ਤਿੰਨ ਪੁੱਤਰ ਨੇ, ਤਿੰਨੇ ਹੀ ਵਿਆਹੇ ਵਰ੍ਹੇ ਨੇ, ਬੜੀ ਵਧੀਆ ਜ਼ਿੰਦਗੀ ਗੁਜਰ ਰਹੀ ਸੀ ਕਿ ਅਚਾਨਕ ਪਿਛਲੇ ਮਹੀਨੇ ਅੱਜ ਦੇ ਦਿਨ ਇਸੇ ਹੀ ਤਾਰੀਕ ਤੇ ਘਰਵਾਲੀ ਨੂੰ ਹਾਰਟ ਅਟੈਕ ਹੋਇਆ 

ਅਤੇ ਗੱਲਾਂ ਕਰਦੀ ਕਰਦੀ ਰੱਬ ਨੂੰ ਪਿਆਰੀ ਹੋ ਗਈ । ਦੁਨੀਆਂ ਸਾਰੀ ਸੁੰਨੀ ਸੁੰਨੀ ਜਿਹੀ ਲੱਗਦੀ ਐ। ਬੜੀ ਮਾੜੀ ਗੱਲ ਹੋਈ ਯਾਰਾ ਪਰ ਰੱਬ ਦੀ ਕੀਤੀ ਨੂੰ ਕੌਣ ਰੋਕ ਸਕਦਾ, ਜਿੰਨੇ ਸਵਾਸ ਰੱਬ ਨੇ ਲਿਖੇ ਨੇ ਉਨੇ ਹੀ ਭੋਗਣੇ ਨੇ, ਕਰਨੈਲ ਸਿੰਘ ਨੇ ਅਫਸੋਸ ਨਾਲ ਕਿਹਾ। 

ਚੱਲ ਹੁਣ ਬਾਕੀ ਗੱਲਾਂ ਘਰੇ ਜਾ ਕੇ ਕਰਾਂਗੇ, ਚੱਲ ਚਲਾਅ ਸਾਈਕਲ, ਮੇਰੇ ਘਰੇ ਚੱਲ, ਚਾਹ ਪਾਣੀ ਪੀ ਕੇ ਚਲਾ ਜਾਈਂ, ਕਿੱਕਰ ਸਿੰਘ ਨੇ ਕਿਹਾ, ਕੈਲਾ ਸਾਈਕਲ ਚਲਾਉਣ ਲੱਗ ਪਿਆ ਤੇ ਕਿੱਕਰ ਸਿੰਘ ਮਗਰ ਬਹਿ ਗਿਆ। ਥੋੜ੍ਹੀ ਦੇਰ ਬਾਅਦ ਕਿੱਕਰ ਸਿੰਘ ਤੇ ਕੈਲਾ ਘਰੇ ਪਹੁੰਚ ਗਏ, ਬਾਹਰਲੇ ਬੂਹੇ ਅਜੇ ਅੰਦਰ ਵੜੇ ਈਂ ਸਨ, ਕਿ ਨਿੱਕੀ ਨੂੰਹ ਨੇ ਬਾਪੂ ਜੀ ਨੂੰ ਵੇਖ ਕੇ ਕਿਹਾ, ਲਉ ਔਹ ਆ ਗਏ ਬਾਪੂ ਜੀ।

ਬਾਪੂ ਜੀ ਅਸੀਂ ਆਂਡ ਗਵਾਂਡ ਸਾਰੇ ਈ ਪੁੱਛ ਲਿਆ ਪਰ ਤੁਸੀਂ ਕਿੱਥੇ ਚਲੇ ਗਏ ਸੀ ? 

ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ

ਮੈ ਤਾਂ ਬੱਸ ਆਹ ਨਹਿਰ ਦੀ ਪੁਲੀ ’ਤੇ ਬੈਠਾ ਸੀ। ਉਧਰੋਂ ਮੇਰਾ ਆਹ ਬਚਪਨ ਦਾ ਯਾਰ ਕਰਨੈਲ ਸਿੰਘ ਮਿਲ ਗਿਆ, ਗੱਲਾਂ ਬਾਤਾਂ ਕਰਦਿਆਂ ਘੜੀ ਲੱਗ ਗਈ। ਬਾਪੂ ਨੇ ਕਿਹਾ ।

ਕਰਨੈਲ ਸਿੰਘ ਨੂੰ ਸਾਰਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ, ਜਾਹ ਪੁੱਤ, ਚਾਹ ਪਾਣੀ ਦਾ ਇੰਤਜ਼ਾਮ ਕਰੋ ਕਿੱਕਰ ਸਿੰਘ ਨੇ ਆਪਣੀ ਵੱਡੀ ਨੁੰਹ ਨੂੰ ਆਵਾਜ ਮਾਰਕੇ ਕਿਹਾ। 

ਕਰਨੈਲ ਸਿੰਹਾਂ, ਮੇਰੇ ਤਿੰਨ ਪੁੱਤਰ ਨੇ, ਤੇ ਤਿੰਨੇ ਹੀ ਵਿਆਹੇ ਨੇ, ਮੇਰੇ ਤਿੰਨੇ ਪੁੱਤਰ ਤੇ ਤਿੰਨੇ ਨੂੰਹਾਂ ਨੇ, ਕਦੇ ਆਪਸ ਵਿੱਚ ਉੱਚਾ ਬੋਲ ਕੇ ਨਹੀਂ ਵੇਖਿਆ। ਬੜੀਆਂ ਨੇਕ ਤੇ ਚੰਗੇ ਸੁਭਾਅ ਵਾਲੀਆਂ ਨੇ ਅਸੀਂ ਸਾਰੇ ਕੱਠੇ ਆਂ, ਤੇ ਇੱਕੋ ਘਰ ਵਿੱਚ ਈ ਰਹਿੰਨੇ ਆਂ, ਨਾਲੇ ਸਾਡਾ ਚੁੱਲ੍ਹਾ ਵੀ ਇੱਕੋ ਹੈ, ਇੱਕੋ ਚੁੱਲ੍ਹੇ ਤੇ ਸਾਰੇ ਪਰਿਵਾਰ ਦਾ ਰੋਟੀ ਪਾਣੀ ਬਣਦਾ ਆ।

ਕਦੇ ਮੇਰੀ ਕਿਸੇ ਨੁੰਹ ਨੇ ਕਦੇ ਅੱਡ ਹੋਣ ਦਾ ਨਾਂ ਨਹੀਂ ਲਿਆ। ਕਿੱਕਰ ਸਿੰਘ ਨੇ ਆਪਣੇ ਘਰ ਬਾਰੇ ਕਰਨੈਲ ਸਿੰਘ ਨੂੰ ਦੱਸਿਆ। ਫੇਰ ਤਾਂ ਤੂੰ ਬੜਾ ਭਾਗਾਂ ਵਾਲਾ ਏਂ ਕਿੱਕਰ ਸਿੰਹਾਂ ਥਪਾਕ ਬੜੀ ਚੀਜ ਏ, ਸਿਆਣੇ ਕਹਿੰਦੇ ਆ ਕਿ ਜਿੱਥੇ ਥਾਪਾਕ ਆ ਨਾ ਉਥੇ ਰੱਬ ਵੱਸਦਾ। ਅਜੇ ਇੰਨੀਆਂ ਗੱਲਾਂ ਕਰ ਈ ਰਹੇ ਸਨ ਕਿ ਕਿੱਕਰ ਸਿੰਹੁ ਦੇ ਤਿੰਨੇ ਪੁੱਤਰ, ਤੇ ਤਿੰਨੇ ਨੂੰਹਾਂ, ਨਾਲ ਆਪਣੇ ਬੱਚਿਆਂ ਨੂੰ ਲੈਕੇ ਹੱਥਾਂ ਵਿੱਚ ਫੁੱਲਾਂ ਦੇ ਗੁਲਦਸਤੇ ਅਤੇ ਲਿਫਾਫੇ ਫੜੀ ਅੰਦਰ ਆਏ ਤੇ ਕਹਿਣ ਲੱਗੇ, ਲਉ ਪਿਤਾ ਜੀ ਇਹ ਸਾਡੇ ਵਲੋਂ ਤੋਹਫੇ ਸਵੀਕਾਰ ਕਰੋ , ਕਿਉਂ ਅੱਜ ਕੀ ਗੱਲ ਆ, ਇਨ੍ਹਾਂ ਦੀ ਕੀ ਲੋੜ, ਕਿੱਕਰ ਸਿੰਘ ਨੇ ਹੈਰਾਨੀ ਨਾਲ ਪੁੱਛਿਆ, ਤਿੰਨੇ ਪੁੱਤਰਾਂ ਨੇ ਅੱਗੇ ਆ ਕੇ ਕਿਹਾ, ਪਿਤਾ ਜੀ ਅੱਜ ਦਾ ਦਿਨ ਸਾਰੇ ਸੰਸਾਰ ਵਿੱਚ ਪਿਤਾ ਦਿਵਸ ਦੇ ਨਾ ’ਤੇ ਮਨਾਇਆ ਜਾਂਦਾ ਹੈ, ਯਾਨੀ ਫਾਦਰ ਡੇਅ। ਇਸ ਦਿਨ ਲੋਕ ਆਪਣੇ ਪਿਤਾ ਜੀ ਨੂੰ ਕੋਈ ਨਾ ਕੋਈ ਗਿਫਟ ਦਿੰਦੇ ਹਨ ਤੇ ਪਿਤਾ ਜੀ ਤੋਂ ਆਸ਼ੀਰਵਾਦ ਲੈਂਦੇ ਹਨ। ਇਸ ਲਈ ਅਸੀਂ ਸਾਰਾ ਪਰਿਵਾਰ ਖਾਸ ਤੁਹਾਡੇ ਲਈ ਫੁੱਲ, ਕੱਪੜੇ ਅਤੇ ਨਵੀਂਆਂ ਪੱਗਾਂ ਖਰੀਦ ਕੇ ਲਿਆਏ ਹਾਂ।

ਆਲਮੀ ਪਿਤਾ ਦਿਹਾੜੇ 'ਤੇ ਵਿਸ਼ੇਸ਼ : ‘ਪਿਤਾ ਦਾ ਪਰਛਾਵਾਂ ਘਣਛਾਵੇ ਬੂਟੇ ਤੋਂ ਘੱਟ ਨਹੀਂ ਹੁੰਦਾ’

ਆਹ ਲਓ 

ਤਿੰਨੇ ਨੂੰਹਾਂ ਨੇ ਪੈਰੀਂ ਹੱਥ ਲਾਏ ਅਤੇ ਕਿਹਾ, ਪਿਤਾ ਜੀ ਕੀ ਹੋਇਆ ਜੇ ਮੰਮੀ ਜੀ ਨਹੀਂ ਰਹੇ, ਅਸੀਂ ਤਿੰਨੇ ਨੂੰਹਾਂ ਜਰੂਰ ਹਾਂ ਪਰ ਤੁਹਾਡੀਆਂ ਧੀਆਂ ਬਣ ਕੇ ਰਹਾਂਗੀਆਂ, ਅਸੀਂ ਕਦੇ ਵੀ ਲੀੜੇ ਕਪੜੇ ਤੋਂ, ਰੋਟੀ ਪਾਣੀ ਤੋਂ, ਦਵਾਈ ਦਾਰੂ ਤੋਂ, ਕਦੇ ਵੀ ਪਿੱਛੇ ਨਹੀਂ ਹਟਾਂਗੀਆਂ ਤੇ ਤੁਹਾਡੀ ਸੇਵਾ ਧੀਆਂ ਬਣਕੇ ਕਰਾਂਗੀਆ, ਸਾਨੂੰ  ਅਸ਼ੀਰਵਾਦ ਦਿਉ, ਅਸੀਂ ਧੀਆਂ ਵਾਲਾ ਵੀ ਫਰਜ ਨਿਭਾਅ ਸਕੀਏ ਕਰਨੈਲ ਸਿੰਘ ਨੇ ਇਹ ਸਭ ਕੁਝ ਵੇਖ ਕੇ ਕਿਹਾ, ਸਿਆਣੇ ਸੱਚ ਕਹਿੰਦੇ ਨੇ, ਇਹ ਤਾਂ ਸੁਣਿਆ ਸੀ, ਕਿ ਜਿੱਥੇ ਥਾਪਾਕ ਤੇ ਇੱਜਤ ਹੋਵੇ ਉੱਥੇ ਰੱਬ ਵੱਸਦਾ ਹੈ, ਪਰ ਅੱਜ ਆਪਣੀ ਅੱਖੀਂ ਵੀਂ ਵੇਖ ਲਿਆ ਕਿ ਇਹ ਗੱਲ ਸੱਚ ਹੈ।

ਤੂੰ ਬੜਾ ਭਾਗਾਂ ਵਾਲਾ ਏਂ ਯਾਰਾ। ਬੜਾ ਭਾਗਾਂ ਵਾਲਾ ਏਂ, ਬੜਾ ਭਾਗਾਂ ਵਾਲਾ ਏਂ, ਕਹਿੰਦਾ ਹੋਇਆ ਕਰਨੈਲ ਸਿੰਘ ਬਾਹਰ ਨਿਕਲ ਗਿਆ ।

(ਸਮਾਪਤ )

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
9855069972,

ਬੱਚਿਆਂ ਦੀ ਫ਼ਿਕਰ ਕਰਨ ਵਾਲੇ ਮਾਂ ਬਾਪ ਨੂੰ ਸਮਰਪਿਤ


author

rajwinder kaur

Content Editor

Related News