ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਸਾਡੀ ਸ਼ਖ਼ਸੀਅਤ ਨੂੰ ਉਸਾਰਦੇ ਨੇ

11/19/2020 1:05:15 PM

ਬਲਜਿੰਦਰ ਮਾਨ 
98150-18947

       
ਅਜੌਕੇ ਸਮੇਂ ਦੇ ਹਰੇਕ ਗੱਭਰੂ ਅਤੇ ਮੁਟਿਆਰ ਦੀ ਇੱਛਾ ਇਹ ਹੈ ਕਿ ਉਸਦੀ ਸ਼ਖ਼ੀਸਅਤ ਪ੍ਰਭਾਵਸ਼ਾਲੀ ਬਣੇ। ਇਹ ਇੱਛਾ ਹੋਣੀ ਵੀ ਚਾਹੀਦੀ ਹੈ। ਇਸ ਇੱਛਾ ਦੀ ਪੂਰਤੀ ਵਾਸਤੇ ਸਾਨੂੰ ਕੀ ਕੁਝ ਕਰਨਾ ਲੋੜੀਂਦਾ ਹੈ? ਉਨ੍ਹਾਂ ਤੱਥਾਂ ਨੂੰ ਵਿਚਾਰਨਾ ਅਤੇ ਅਪਣਾਉਣਾ ਵੀ ਬਹੁਤ ਜ਼ਰੂਰੀ ਹੈ। ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਿਚ ਅਨੇਕਾਂ ਗੁਣ ਹੁੰਦੇ ਹਨ। ਇਨ੍ਹਾਂ ਗੁਣਾਂ ਦੇ ਗਹਿਣੇ ਹੀ ਸਾਡੇ ਸ਼ਖ਼ਸੀਅਤ ਦੀ ਉਸਾਰੀ ਕਰਦੇ ਹਨ। ਗੁਣਾਂ ਦੇ ਗਹਿਣੇ ਹਾਸਲ ਕਰਨ ਲਈ ਅਸੀਂ ਸਕੂਲਾਂ ਕਾਲਜਾਂ ਅਤੇ ਕੋਚਿੰਗ ਸੈਂਟਰਾਂ ਵਿਚ ਦਿਨ ਰਾਤ ਮਿਹਨਤ ਕਰਦੇ ਹਾਂ। ਮਿਹਨਤ ਨਾਲ ਹੀ ਮੰਜ਼ਿਲਾਂ ਨਸੀਬ ਹੁੰਦੀਆਂ ਹਨ।

ਮਨਮੋਹਣੀ ਤੋਰ ਤੁਰੀਏ
ਰਫ਼ਤਾਰ, ਗੁਫ਼ਤਾਰ ਤੇ ਦਸਤਾਰ ਤਿੰਨੋਂ ਉਰਦੂ ਦੇ ਸ਼ਬਦ ਹਨ, ਜਿਨ੍ਹਾਂ ਦਾ ਆਮ ਭਾਸ਼ਾ ਵਿਚ ਅਰਥ ਚਾਲ-ਢਾਲ, ਗੱਲ ਬਾਤ ਅਤੇ ਵਸਤਰਾਂ ਤੋਂ ਲੈਂਦੇ ਹਾਂ। ਆਓ ਸਭ ਤੋਂ ਪਹਿਲਾਂ ਆਪਣੀ ਰਫ਼ਤਾਰ ਦੀ ਗੱਲ ਕਰੀਏ। ਰਫ਼ਤਾਰ ਤੋਂ ਭਾਵ ਸਿਰਫ਼ ਰਹਿਣੀ ਬਹਿਣੀ ਜਾਂ ਚਾਲ ਢਾਲ ਤੋਂ ਹੀ ਨਹੀਂ ਸਗੋਂ ਹਰ ਆਦਮੀ ਦੀ ਆਪਣੀ ਇਕ ਤੋਰ ਅਤੇ ਅਦਾ ਹੁੰਦੀ ਹੈ, ਜਿਸ ਨਾਲ ਉਹ ਆਪਣੀ ਨਿਵੇਕਲੀ ਹੋਂਦ ਦਾ ਬਾਕੀਆਂ ਨੂੰ ਅਹਿਸਾਸ ਕਰਵਾਉਂਦਾ ਹੈ। 

ਬਾਲ ਜੀਵਨ ਵਿਚ ਸਾਡੀ ਸਭ ਤੋਂ ਵੱਡੀ ਗੁਰੂ ਮਾਤਾ ਹੁੰਦੀ ਹੈ, ਜੋ ਅਜਿਹੇ ਗੁਣ ਸਾਡੇ ਅੰਦਰ ਭਰਦੀ ਹੈ। ਉਹ ਸਾਨੂੰ ਰੁੜ੍ਹਨਾ, ਬੈਠਣਾ ਉਠਣਾ, ਬੋਲਣਾ, ਚੱਲਣਾ ਅਤੇ ਕੁੱਝ ਕਰਨਾ ਆਦਿ ਸਭ ਗੁਣਾਂ ਨਾਲ ਭਰਪੂਰ ਬਣਾਉਂਦੀ ਹੈ। ਇਹ ਗੁਣ ਫਿਰ ਸਕੂਲਾਂ-ਕਾਲਜਾਂ ਵਿਚ ਜਾ ਕੇ ਪ੍ਰਫੁਲਤ ਹੁੰਦੇ ਹਨ। ਜਮਾਤ ਵਿਚ ਕਿਵੇਂ ਬੈਠਣਾ ਤੇ ਕਿਵੇਂ ਖੜ੍ਹਨਾ ਹੈ? ਇਹ ਗੱਲਾਂ ਹਰੇਕ ਵਿਦਿਆਰਥੀ ਦੇ ਵੱਸ ਵਿਚ ਨਹੀਂ ਹੁੰਦੀਆਂ ਪਰ ਉਹ ਆਲਾ ਦੁਆਲਾ ਵੇਖ ਅਤੇ ਅਧਿਆਪਕਾਂ ਦੀਆਂ ਹਦਾਇਤਾਂ ਅਨੁਸਾਰ ਅੰਦਰ ਬਾਹਰ ਆਉਣਾ ਜਾਣਾ ਅਤੇ ਉਠਣਾ ਬੈਠਣਾ ਵੀ ਸਿੱਖ ਜਾਂਦਾ ਹੈ। ਇਸ ਲਈ ਇਹ ਸਲੀਕਾ ਸਾਨੂੰ ਜੀਵਨ ਵਿਚ ਸਫ਼ਲਤਾ ਦੇ ਮਾਰਗ 'ਤੇ ਤੋਰਦਾ ਹੈ। 

ਬੈਠਣ ਉਠਣ ਦਾ ਸਲੀਕਾ ਸਾਨੂੰ ਸਥਾਨ ਸਿਖਾਉਂਦਾ ਹੈ, ਕਿਉਂਕਿ ਹੋਟਲ, ਦਫ਼ਤਰ, ਸੜਕ, ਸਕੂਲ ਅਤੇ ਕਾਲਜ ਵਿਚ ਸਾਡੀ ਚਾਲ-ਢਾਲ ਵੱਖੋ-ਵੱਖਰੀ ਕਿਸਮ ਦੀ ਹੁੰਦੀ ਹੈ। ਥਾਵਾਂ ਅਨੁਸਾਰ ਆਪਣੇ ਆਪ ਨੂੰ ਅਤੇ ਆਪਣੀ ਚਾਲ ਢਾਲ ਨੂੰ ਨਿਸ਼ਚਤ ਕਰਨ ਨਾਲ ਸਾਨੂੰ ਸਫ਼ਲਤਾ ਮਿਲੇਗੀ। ਜਿਵੇਂ ਮੰਦਰ ਗੁਰਦੁਆਰੇ ਵਿਚ ਦੌੜ ਕੇ ਨਹੀਂ, ਜਦਕਿ ਬਸ ਗੱਡੀ ਫ਼ੜਨ ਲਈ ਚਾਲ ਤੇਜ ਕਰਨੀ ਲਾਜ਼ਮੀ ਹੁੰਦੀ ਹੈ। ਇਸ ਲਈ ਸਾਡੀ ਤੋਰ ਅਤੇ ਕੱਦ ਆਪਸ ਵਿਚ ਇੱਕਮਿੱਕ ਹੋਣ ਤਾਂ ਹਰ ਕਿਸੇ ਨੂੰ ਭਾਉਣਗੇ। ਧੌਣ ਵਿਚ ਆਕੜ ਵਾਲੀ ਤੋਰ ਫੌਜ ਅਤੇ ਪੁਲਸ ਵਿਚ ਤਾਂ ਕਾਮਯਾਬ ਰਹੇਗੀ ਪਰ ਆਮ ਜੀਵਨ ਵਿਚ ਅਜਿਹਾ ਕਰਕੇ ਤੁਰਨਾ ਤੁਹਾਡੀ ਸ਼ਖਸ਼ੀਅਤ ਨੂੰ ਕਰੂਪ ਬਣਾ ਸਕਦਾ ਹੈ।
             
ਗੁਫ਼ਤਗੂ ਨਾਲ ਮਸਲੇ ਹੱਲ ਹੁੰਦੇ ਹਨ
ਗੁਫ਼ਤਾਰ ਦਾ ਸਿੱਧਾ ਸਬੰਧ ਗੱਲ-ਬਾਤ ਨਾਲ ਹੈ। ਆਪਸੀ ਸੰਵਾਦ ਭਾਵ ਵਾਰਤਾਲਾਪ ਕਰਕੇ ਅਸੀਂ ਕਈ ਤਰ੍ਹਾਂ ਦੇ ਮਸਲਿਆਂ ਦਾ ਹੱਲ ਕਰ ਸਕਦੇ ਹਨ। ਅੱਜਕਲ ਵਿਦਿਆਰਥੀਆਂ ਨੂੰ ਗਰੁੱਪ ਡਿਸਕਸ਼ਨ ਕਰਨ ਦੀ ਕਲਾ ਸਿਖਾਈ ਜਾਂਦੀ ਹੈ। ਇਹ ਵਿਚਾਰ ਗੁਰੂ ਨਾਨਕ ਦੇਵ ਜੀ ਨੇ ਪੰਜ ਛੇ ਸੌ ਸਾਲ ਪਹਿਲਾਂ ਸਾਨੂੰ ਸਿੱਧ ਗੋਸ਼ਟ ਰਾਹੀਂ ਸਮਝਾਇਆ ਸੀ ਪਰ ਅਸੀਂ ਇਸ 'ਤੇ ਅਮਲ ਨਾ ਕਰਕੇ ਕਈ ਅਲਾਮਤਾ ਦੇ ਸ਼ਿਕਾਰ ਹੋ ਗਏ। ਉਨ੍ਹਾਂ ਕਿਸੇ ਦਾ ਵੀ ਵਿਰੋਧ ਨਹੀਂ ਕੀਤਾ ਸਗੋਂ ਆਪਣੇ ਕੀਮਤੀ ਅਤੇ ਨਿੱਗਰ ਵਿਚਾਰਾਂ ਨਾਲ ਹਰ ਕਿਸੇ ਨੂੰ ਆਪਣਾ ਮੁਰੀਦ ਬਣਾ ਲਿਆ ਭਾਵੇਂ ਉਹ ਸੱਜਣ ਠੱਗ ਹੋਵੇ ਜਾਂ ਬੰਗਾਲ ਦੀਆਂ ਜਾਦੂਗਰਨੀਆਂ। ਇਸ ਲਈ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਸੰਕਟ ਹੀ ਸੰਵਾਦ ਦੀ ਕਮੀ ਹੈ। 

ਸਾਰੇ ਪਰਿਵਾਰਕ ਮੈਂਬਰ ਆਪਸੀ ਵਿਚਾਰ ਵਿਟਾਂਦਰਾ ਤਿਆਗ ਕੇ ਆਪੋ ਆਪਣੇ ਫੋਨ 'ਤੇ ਚੈਟ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸੇ ਕਰਕੇ ਸਮਾਜਿਕ ਤਾਣਾ ਬਾਣਾ ਉਲਝੀ ਜਾ ਰਿਹਾ ਹੈ। ਜਦੋਂ ਪਿੰਡਾਂ ਦੀਆਂ ਬੋਹੜਾਂ ਹੇਠ ਸੱਥਾਂ ਜੁੜਦੀਆਂ ਸਨ, ਉਦੋਂ ਲੋਕ ਖ਼ੁਦਕੁਸ਼ੀ ਘੱਟ ਕਰਦੇ ਸਨ ਅਤੇ ਥਾਣੇ ਕਚਹਿਰੀਆਂ ਵਿਚ ਮਸਲੇ ਵੀ ਬਹੁਤ ਘੱਟ ਜਾਂਦੇ ਸਨ। ਇਸ ਕਰਕੇ ਅੱਜ ਸਾਨੂੰ ਆਪਣੀ ਬੋਲ ਬਾਣੀ ਨੂੰ ਬਹੁਤ ਸੁਧਾਰਨ ਦੀ ਲੋੜ ਹੈ।
        
ਜ਼ੁਬਾਨ ਕਈਆਂ ਦੀਆਂ ਹੱਡੀਆਂ ਤੁੜਵਾ ਦਿੰਦੀ ਹੈ
ਕਹਿੰਦੇ ਨੇ ਇਹ ਜ਼ੁਬਾਨ ਜਿਸ ਵਿਚ ਕੋਈ ਹੱਡੀ ਨਹੀਂ ਹੁੰਦੀ, ਕਈਆਂ ਦੀਆਂ ਹੱਡੀਆਂ ਤੁੜਵਾ ਦਿੰਦੀ ਹੈ। ਇਸ ਲਈ ਜ਼ੁਬਾਨ ਦਾ ਰਸੀਲੀ ਹੋਣਾ ਅਤੇ ਆਪਸ ਵਿਚ ਵਿਚਾਰਾਂ ਦਾ ਆਦਾਨ ਪ੍ਰਦਾਨ ਸਾਡੀ ਸ਼ਖਸ਼ੀਅਤ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਬੋਲੀ ਬੋਲਣ ਵੇਲੇ ਸਮਾਂ, ਸਥਾਨ ਅਤੇ ਮੌਕੇ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਮੌਕੇ ਅਨੁਸਾਰ ਕੀਤੀ ਵਾਰਤਾਲਾਪ ਸਾਨੂੰ ਸਫ਼ਲਤਾ ਦੀਆਂ ਪੌੜੀਆਂ ਚੜ੍ਹਾ ਸਕਦੀ ਹੈ। ਬੇਮੌਕਾ ਗੱਲ ਬਾਤ ਬਣੀ ਬਣਾਈ ਖੇਡ ਨੂੰ ਖ਼ਰਾਬ ਕਰ ਦਿੰਦੀ ਹੈ। ਇਸ ਲਈ ਸਾਡੀ ਬੋਲ ਬਾਣੀ ਦਾ ਸਲੀਕਾ ਸਮੇਂ ਅਤੇ ਸਥਾਨ ਅਨੁਸਾਰ ਉਚਿਤ ਹੋਣਾ ਜ਼ਰੂਰੀ ਹੈ। ਜਿਵੇਂ ਅਸੀਂ ਯਾਰਾਂ ਦੋਸਤਾਂ ਨਾਲ ਖ਼ੁੱਲ੍ਹੀਆਂ ਗੱਲਾਂ ਕਰਦੇ ਹਾਂ ਪਰ ਦਫ਼ਤਰ ਵਿਚ ਸਿਰਫ਼ ਤੇ ਸਿਰਫ਼ ਦਫਤਰੀ ਗੱਲ ਕੀਤੀ ਜਾਂਦੀ ਹੈ। ਇਹੀ ਸਾਡੀ ਗੁਫਤਗੂ ਦੀ ਸਫ਼ਲਤਾ ਦਾ ਰਾਜ਼ ਹੈ। 

ਇਹ ਵੀ ਕਿਹਾ ਗਿਆ ਹੈ ਕਿ ਮਾਂ ਸਾਨੂੰ ਬੋਲਣਾ ਸਿਖ਼ਾਉਂਦੀ ਹੈ ਤੇ ਪਤਨੀ ਚੁੱਪ ਰਹਿਣਾ। ਸੋ ਕੁਝ ਵੀ ਹੋ ਜਾਵੇ ਗੱਲ ਬਾਤ ਕਰਨ ਨਾਲ ਅਨੇਕਾਂ ਮਸਲੇ ਸੌਖੇ ਤਰੀਕੇ ਨਾਲ ਸੁਲਝ ਜਾਂਦੇ ਹਨ। ਦੁਨੀਆਂ ਦੀਆਂ ਵੱਡੀਆਂ ਜੰਗਾਂ ਦਾ ਅੰਤ ਟੇਬਲ ਟਾਕ ਨਾਲ ਹੀ ਹੋਇਆ ਹੈ। ਸੋ ਆਪਣੀ ਸ਼ਖ਼ਸ਼ੀਅਤ ਨੂੰ ਪ੍ਰਭਾਵਸ਼ਾਲੀ ਪੱਧਰ ਤੱਕ ਲਿਜਾਉਣ ਲਈ ਰਸੀਲੀ ਬੋਲੀ ਸਮੇਂ ਦੇ ਅਨੁਕੂਲ ਸ਼ਬਦਾਂ ਨਾਲ ਬੋਲੋ। ਤੁਹਾਡੀ ਬੋਲੀ ਵਿਚੋਂ ਹਮੇਸ਼ਾ ਫੁੱਲ ਕਿਰਦੇ ਰਹਿਣੇ ਚਾਹੀਦੇ ਹਨ।

ਮਨੁੱਖ ਦੀ ਸ਼ਾਨ ਦਸਤਾਰ ਬਣਦੀ ਹੈ
ਆਮ ਤੌਰ ’ਤੇ ਅਸੀਂ ਦਸਤਾਰ ਦਾ ਅਰਥ ਪੱਗ ਤੋਂ ਲੈਂਦੇ ਹਾਂ ਪਰ ਅਸੀਂ ਇਸਨੂੰ ਵਿਸ਼ਾਲ ਅਰਥਾਂ ਵਿਚ ਪੁਸ਼ਾਕ ਮੰਨਕੇ ਵਿਚਾਰ ਰਹੇ ਹਾਂ। ਹਰ ਸ਼ਬਦ ਦੇ ਕਈ ਡੂੰਘੇ ਅਰਥ ਹੁੰਦੇ ਹਨ, ਜਿਨ੍ਹਾਂ ਵਿਚ ਉਤਰਨਾ ਲਾਜ਼ਮੀ ਹੁੰਦਾ ਹੈ। ਸਾਡੀ ਪੁਸ਼ਾਕ ਸਾਡੇ ਮਨ ਤਨ ਦਾ ਪ੍ਰਗਟਾਅ ਕਰਦੀ ਹੈ। ਵੱਖ-ਵੱਖ ਰੰਗਾਂ ਦਾ ਸਾਡੀ ਮਾਨਸਿਕਤਾ ਨਾਲ ਸੰਬੰਧ ਜੁੜਦਾ ਹੈ। ਨੀਲਾ ਰੰਗ ਠੰਡ ਅਤੇ ਵਿਸ਼ਾਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਲਾਲ ਰੰਗ ਉਤੇਜਿਤ ਕਰਨ ਵਾਲਾ ਅਤੇ ਕੇਸਰੀ ਕੁਰਬਾਨੀ ਦਾ ਪ੍ਰਤੀਕ ਮੰਨਿਆ ਗਿਆ ਹੈ। ਇਸੇ ਤਰਾਂ ਜਦੋਂ ਅਸੀਂ ਵੱਖ-ਵੱਖ ਰੰਗਾਂ ਦੇ ਕੱਪੜੇ ਪਹਿਨਦੇ ਹਾਂ ਤਾਂ ਉਹ ਸਾਡੀ ਮਾਨਸਿਕਤਾ ਦੀ ਬਿਆਨੀ ਵੀ ਕਰਦੇ ਹਨ। ਕਈ ਵਾਰੀ ਤੰਗ ਕੱਪੜੇ ਸਾਡੀ ਸ਼ਖ਼ਸੀਅਤ ਨੂੰ ਉਸਾਰਨ ਦੀ ਬਜਾਏ ਗਿਰਾ ਦਿੰਦੇ ਹਨ। ਇਸੇ ਤਰ੍ਹਾਂ ਕੱਪੜੇ ਅਤੇ ਰੰਗ ਸਮੇਂ ਅਤੇ ਥਾਂ ਅਨੁਸਾਰ ਪਹਿਨਣ ਦੀ ਜ਼ਰੂਰਤ ਹੈ। ਕੱਪੜਿਆਂ ਬਾਰੇ ਸਾਡੇ ਦੇਸ਼ ਵਿਚ ਬਹੁਤ ਵਾਰੀ ਮਸਲੇ ਉੱਠਦੇ ਰਹੇ ਹਨ। ਕੱਪੜੇ ਸਾਡੇ ਤਨ ਨੂੰ ਢੱਕਣ ਵਾਸਤੇ ਵਰਤੇ ਜਾਂਦੇ ਹਨ। ਇਨ੍ਹਾਂ ਦੀ ਬਨਾਵਟ ਇਸ ਪ੍ਰਕਾਰ ਦੀ ਹੋਵੇ, ਜਿਸ ਨਾਲ ਅਸੀਂ ਆਰਾਮ ਨਾਲ ਆਪਣਾ ਕਾਰੋਬਾਰ ਕਰ ਸਕੀਏ। ਅਜੋਕੇ ਸਮੇਂ ਵਿਚ ਮੁੰਡੇ ਕੁੜੀ ਅਤੇ ਧੀ ਨੂੰਹ ਵਿਚ ਸਭ ਅੰਤਰ ਖ਼ਤਮ ਹੋ ਗਏ ਹਨ। ਇਸ ਬਰਾਬਰੀ ਦੇ ਯੁੱਗ ਵਿਚ ਸਭ ਥਾਂਈ ਬਰਾਬਰ ਵਿਹਾਰ ਕਰਨ ਦੀ ਵੀ ਬਹੁਤ ਜ਼ਰੂਰਤ ਹੈ। ਸਲੀਕੇ ਨਾਲ ਪਹਿਨਿਆ ਕੱਪੜਾ ਤੁਹਾਡੀ ਦਿੱਖ ਨੂੰ ਸ਼ਿੰਗਾਰ ਦਿੰਦਾ ਹੈ।

ਬੇਲੋੜਾ ਫੈਸ਼ਨ ਖ਼ਤਰਨਾਕ ਹੈ
ਬੇਲੋੜਾ ਫੈਸ਼ਨ ਖ਼ਤਰਨਾਕ ਸਿੱਧ ਹੋ ਜਾਂਦਾ ਹੈ। ਲਛਮਣ ਰੇਖਾ ਅੰਦਰ ਰਹਿਣ ਵਿਚ ਸਭ ਦੀ ਭਲਾਈ ਹੁੰਦੀ ਹੈ। ਕਹਿੰਦੇ ਨੇ ਖਾਈਏ ਮਨ ਭਾਉਂਦਾ ਤੇ ਪਾਈਏ ਜੱਗ ਭਾਉਂਦਾ। ਇਹ ਸਿਧਾਂਤ ਆਪਣਾ ਕੇ ਅਸੀਂ ਹਰ ਖੇਤਰ ਵਿਚ ਉਚੀਆਂ ਮੰਜ਼ਿਲਾਂ ਵੱਲ ਵਧ ਸਕਦੇ ਹਾਂ। ਮਰਗ ਮੌਕੇ ਭੜਕੀਲੇ ਕੱਪੜੇ ਅਤੇ ਖੁਸ਼ੀ ਮੌਕੇ ਸਧਾਰਨ ਕੱਪੜੇ ਨਹੀਂ ਜਚਦੇ। ਸਮੇਂ ਅਤੇ ਸਥਾਨ ਅਨੁਸਾਰ ਪਹਿਨੀ ਵਰਦੀ ਇੰਟਰਵਿਊ ਲੈਣ ਵਾਲਿਆਂ ਦੇ ਦਿਲ ਨੂੰ ਜਿੱਤ ਸਕਦੀ ਹੈ। ਜਦੋਂ ਅਸੀਂ ਪ੍ਰਭਾਵਸ਼ਾਲੀ ਬੋਲੀ ਵਿਚ ਉਨ੍ਹਾਂ ਦੇ ਸਵਾਲਾਂ ਦੇ ਜੁਆਬ ਦਿੰਦੇ ਹਾਂ ਤਾਂ ਉਹ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਦੇ। ਸਧਾਰਨ ਰਹਿੰਦੇ ਹੋਏ ਉੱਚੇ ਵਿਚਾਰਾਂ ਦੇ ਖ਼ਿਆਲ ਨੂੰ ਕਦੀ ਨਹੀਂ ਛੱਡਣਾ ਚਾਹੀਦਾ। ਅਜੋਕੇ ਮਹਿੰਗਾਈ ਦੇ ਯੁੱਗ ਵਿਚ ਰੀਸ ਤੋਂ ਬਚਣ ਦੀ ਖਾਸ ਲੋੜ ਹੈ। ਆਪਣੀ ਚਾਦਰ ਦੇਖ ਕੇ ਪੈਰ ਪਸਾਰੋ। ਆਪਣੇ ਮਾਪਿਆਂ ਦੀ ਆਰਥਿਕ ਹੈਸੀਅਤ ਅਨੁਸਾਰ ਕੱਪੜਿਆਂ ਸਮੇਤ ਹੋਰ ਵਸਤਾਂ ਦੀ ਮੰਗ ਰੱਖੋ। ਵਿਚਾਰੇ ਮਾਪੇ ਆਪਣੇ ਲਾਡਲੇ ਲਾਡਲੀਆਂ ਦੀ ਹਰ ਖਾਹਿਸ਼ ਪੂਰੀ ਕਰਨ ਲਈ ਆਪਣੀ ਵਾਹ ਲਾ ਰਹੇ ਹਨ। ਇਸ ਲਈ ਆਪਣੀ ਸ਼ਖ਼ਸੀਅਤ ਦੀ ਉਸਾਰੀ ਵਾਸਤੇ ਆਪਣੇ ਅੰਦਰ ਨੈਤਿਕ ਕਦਰਾਂ ਕੀਮਤਾਂ, ਗਿਆਨ ਵਿਗਿਆਨ ਅਤੇ ਉੱਚੇ ਵਿਚਾਰਾਂ ਦਾ ਭੰਡਾਰ ਭਰੋ। ਇਹ ਭੰਡਾਰ ਤੁਹਾਡੀ ਹਰ ਔਖੀ ਸੌਖੀ ਘੜੀ ਵਿਚ ਮਦਦ ਕਰੇਗਾ। ਆਪਣੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਨੂੰ ਸਮੇਂ, ਸਥਾਨ ਅਤੇ ਮੌਕੇ ਦੀ ਹਾਣੀ ਬਣਾਓ। ਫਿਰ ਤੁਹਾਨੂੰ ਜੀਵਨ ਵਿਚ ਸਫ਼ਲ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ।


rajwinder kaur

Content Editor

Related News