ਵਿਸ਼ਵ ਵਾਤਾਵਰਨ ਦਿਵਸ” ''ਤੇ ਵਿਸ਼ੇਸ਼

Wednesday, Jul 04, 2018 - 01:32 PM (IST)

ਵਿਸ਼ਵ ਵਾਤਾਵਰਨ ਦਿਵਸ” ''ਤੇ ਵਿਸ਼ੇਸ਼

“ਰੁੱਖ ਲਗਾਓ, ਵਾਤਾਵਰਣ ਬਚਾਓ”
ਵਿਸ਼ਵ ਪੱਧਰ 'ਤੇ “ਵਾਤਾਵਰਣ ਦਿਵਸ” ਮਨਾਉਣ ਦੀ ਸ਼ੁਰੂਆਤ ਕਰਨ ਵਾਲੇ ਸੱਚਮੁੱਚ ਹੀ ਵਧਾਈ ਦੇ ਪਾਤਰ ਹਨ ਕਿਉਂਕਿ ਅਜਿਹੇ ਸ਼ਖਸ ਬਹੁਤ ਹੀ ਥੋੜ੍ਹੇ ਹੁੰਦੇ ਹਨ, ਜਿਹੜੇ ਕਿਸੇ ਵੀ ਕੁਦਰਤੀ ਸੋਮੇਂ ਜਾਂ ਆਲੇ-ਦੁਆਲੇ ਪ੍ਰਤੀ ਫਿਕਰਮੰਦ ਰਹਿੰਦੇ ਹਨ। ਸਭ ਤੋਂ ਜ਼ਰੂਰੀ ਤੇ ਜ਼ਿੰਦਗੀ ਨੂੰ ਸਦਾ ਹੀ ਤਰੋਤਾਜਾ ਰੱਖਣ ਵਾਲਾ ਕੁਦਰਤ ਦਾ ਸਵਰਗ ਰੂਪੀ ਤੋਹਫਾ ਹੈ “ਸ਼ੁੱਧ ਵਾਤਾਵਰਣ” ਪਰ ਅੱਜ ਵਿਸ਼ਵ ਪੱਧਰ 'ਤੇ ਲਗਪਗ ਪੂਰਾ ਸੰਸਾਰ ਹੀ ਇਸ ਤੋਹਫੇ ਨੂੰ ਪੂਰੀ ਤਰ੍ਹਾਂ ਸ਼ੁੱਧ ਰੱਖਣ ਵਿਚ ਸ਼ਾਇਦ ਪੂਰਾ-ਪੂਰਾ ਕਾਮਯਾਬ ਨਹੀਂ ਰਹਿ ਸਕਿਆ। ਅੱਜ ਸਾਨੂੰ ਵਿਸ਼ਵ ਪੱਧਰ 'ਤੇ ਹੀ “ਰੁੱਖ ਲਗਾਓ, ਵਾਤਾਵਰਣ ਬਚਾਓ” ਵਰਗੇ ਨਾਅਰੇ ਬੁਲੰਦ ਕਰਨ ਦੀ ਸਖਤ ਲੋੜ ਹੈ। ਜਿੰਨਾਂ ਮੁਲਕਾਂ ਵਿਚ ਸਰਕਾਰਾਂ ਤੇ ਲੋਕ ਸੁਚੇਤ ਹਨ, ਉਥੇ ਤਾਂ ਵਾਤਾਵਰਣ ਸਵਰਗ ਤੋਂ ਘੱਟ ਨਹੀਂ ਤੇ ਲੋਕ ਤਾਜੀ ਹਵਾ ਤੇ ਸ਼ੁੱਧ ਖਾਣ-ਪੀਣ ਦਾ ਅਨੰਦ ਵੀ ਮਾਣਦੇ ਹਨ ਪਰ ਅਫਸੋਸ ਕਿ ਸਾਡੇ ਆਪਣੇ ਦੇਸ਼ ਵਿਚ ਅੱਜ ਵਾਤਾਵਰਣ ਕਿੰਨਾ ਵਿਗੜ ਚੁੱਕਾ ਹੈ, ਇਸ ਦੀ ਮਿਸਾਲ ਤਾਂ ਸ਼ਾਇਦ ਰਾਜਧਾਨੀ ਵਿਖੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਰੂਪ ਵਿਚ ਸਾਡੇ ਸਾਹਮਣੇ ਹੈ। ਇਸ ਤੋਂ ਇਲਾਵਾ ਵੀ ਦੇਸ਼ ਦੇ ਕਈ ਸੂਬਿਆਂ ਵਿਚ ਵਾਤਾਵਰਣ ਦਾ ਕਿੰਨਾ ਬੁਰਾ ਹਾਲ ਹੈ, ਇਸ ਦਾ ਅੰਦਾਜਾ ਅਸੀਂ ਹਰ ਸਾਲ ਗਰਮੀ ਤੇ ਪ੍ਰਦੂਸ਼ਣ ਦੇ ਵੱਧਣ ਤੋਂ ਆਸਾਨੀ ਨਾਲ ਲਗਾ ਸਕਦੇ ਹਾਂ। 
“ਗਲੋਬਲ ਵਾਰਮਿੰਗ” ਕਰਕੇ ਸੰਸਾਰ ਪੱਧਰ 'ਤੇ ਵੱਡੇ-ਵੱਡੇ ਗਲੇਸ਼ੀਅਰ ਵੀ ਪ੍ਰਭਾਵਿਤ ਹੋਏ ਹਨ, ਨਤੀਜੇ ਵਜੋਂ ਬੇਮੌਸਮੀ ਹਨੇਰੀਆਂ, ਝੱਖੜ ਤੇ ਮੀਂਹ ਦਾ ਪੈਣਾ ਆਮ ਜਿਹੀ ਗੱਲ ਹੋ ਗਈ ਹੈ। ਆਪ ਸਭ ਨੂੰ ਸ਼ਾਇਦ ਅੰਦਾਜਾ ਹੋਵੇਗਾ ਕਿ ਪਹਿਲੇ ਸਮਿਆਂ ਵਿਚ ਮੀਂਹ ਲਗਪਗ ਨਿਰਧਾਰਤ ਸਮੇਂ 'ਤੇ ਹੀ ਪੈਂਦੇ ਸਨ ਪਰ ਅਜੋਕੇ ਸਮੇਂ ਤਾਂ ਸਾਵਣ ਦਾ ਮਹੀਨਾ ਕਈ ਵਾਰ ਮੀਂਹ ਤੋਂ ਬਿਨਾ ਸੁੱਕਾ ਹੀ ਲੰਘ ਜਾਂਦਾ ਹੈ। ਕਿਧਰ ਗਈ ਹੈ ਵਰਖਾ, ਇਸ ਸਭ ਦਾ ਮੂਲ ਕਾਰਨ ਸ਼ਾਇਦ “ਰੁੱਖਾਂ” ਦੀ ਅੰਨੇਵਾਹ ਕਟਾਈ ਅਤੇ ਵਾਤਾਵਰਣ 'ਚ ਪਿਆ ਵਿਗਾੜ ਹੈ। ਮਨੁੱਖ ਦੁਆਰਾ ਆਪਣੇ ਸਵਾਰਥਾਂ ਦੀ ਖਾਤਰ ਹੀ ਇਹ ਸਾਰਾ ਵਰਤਾਰਾ ਵਰਤ ਰਿਹਾ ਹੈ। ਵਿਗਿਆਨੀ ਤਾਂ “ਉਜੋਨ ਛੇਕ” ਨੂੰ ਲੈ ਕੇ ਵੀ ਬੜੇ ਫਿਕਰਮੰਦ ਹਨ, ਪਰ ਕੀ ਵਰਤਮਾਨ ਮਨੁੱਖ ਨੂੰ ਕੋਈ ਵੀ ਫਿਕਰ ਨਹੀ ਹੈ ? ਇਹਨਾਂ ਸਵਾਲਾਂ ਦੇ ਜਵਾਬ ਤਾਂ ਅਖੀਰੀ ਸਾਨੂੰ ਲੱਭਣੇ ਹੀ ਹੋਣਗੇ। ਹੱਥਲੇ ਸਮੇਂ ਤਾਂ ਆਵਾਜਾਈ ਦੇ ਸਾਧਨ ਵੀ ਬਹੁਤਾਤ ਵਿਚ ਹਨ। ਵੈਸੇ ਤਾਂ “ਭਗਤ ਪੂਰਨ ਸਿੰਘ” ਵਰਗੀ ਸਖਸੀਅਤ ਨੇ ਪੈਦਲ ਚੱਲਣ, ਸਾਇਕਲ, ਰਿਕਸ਼ਾ ਜਾਂ ਟਾਂਗਾ ਵਰਤਣ ਦੀ ਗੱਲ ਪ੍ਰਮੁੱਖਤਾ ਨਾਲ ਆਖੀ ਅਤੇ ਆਪਣੀਆਂ ਲਿਖਤਾਂ ਵਿਚ ਛਾਪੀ ਵੀ ਹੈ, ਪਰ ਸ਼ਾਇਦ ਅੱਜ ਦਾ ਮਨੁੱਖ ਤਾਂ ਦੋ ਕਦਮ ਪੈਦਲ ਚੱਲਣਾ ਵੀ ਆਪਣੀ ਹੱਤਕ ਸਮਝਦਾ ਹੈ। ਬੇਸ਼ੱਕ ਬਹੁਤੇ ਤਾਂ ਭਗਤ ਜੀ ਦੀ ਆਖੀ ਗੱਲ ਨਹੀਂ ਮੰਨ ਰਹੇ ਪਰ ਜਦੋਂ ਕੋਈ ਵੀ ਜੀਅ ਢਿੱਲ-ਮੱਠ ਦਾ ਸ਼ਿਕਾਰ ਹੁੰਦਾ ਹੈ ਤਾਂ ਡਾਕਟਰ ਦੇ ਕਹੇ ਮੁਤਾਬਕ ਸਵੱਖਤੇ ਉੱਠ ਕੇ ਸੈਰ ਕਰਨ ਲਈ ਅਲਾਰਮ ਤੱਕ ਲਗਾਉਣਾ ਨਹੀ ਭੁੱਲਦਾ। ਗੱਲ ਉਹੀ ਕਿ ਜਿਸ ਦਿਨ ਸਾਡੇ ਸਿਰ 'ਤੇ ਪੈਂਦੀ ਹੈ, ਫਿਰ ਹੀ ਥੋੜਾ-ਬਹੁਤ ਮੰਨਦੇ ਹਾਂ, ਉਸ ਤਰ੍ਹਾਂ ਰੂਟੀਨ 'ਚ ਨਹੀ। ਆਵਾਜਾਈ ਦੇ ਸਾਧਨਾ ਤੋਂ ਬਿਨਾ ਬੇਸ਼ੱਕ ਅੱਜ ਨਹੀ ਸਰਦਾ, ਪਰ ਫਿਰ ਵੀ ਬਹੁਤ ਹੀ ਸੀਮਤ ਵਰਤੋਂ ਵੀ ਤਾਂ ਇਹਨਾਂ ਦੀ ਕੀਤੀ ਜਾ ਸਕਦੀ ਹੈ ਤਾਂ ਕਿ ਵਾਤਾਵਰਣ ਨੂੰ ਹਰਿਆ-ਭਰਿਆ ਰੱਖਿਆ ਜਾ ਸਕੇ। 
ਕਿਸੇ ਬੁੱਧੀਜੀਵੀ ਦਾ ਕਥਨ ਹੈ ਕਿ 1300 ਲੀਟਰ ਪੈਟਰੋਲ ਤੋਂ ਪੈਦਾ ਹੋਇਆ ਪ੍ਰਦੂਸ਼ਣ ਇਕ ਰੁੱਖ ਲਗਾ ਕੇ ਘਟਾਇਆ ਜਾ ਸਕਦਾ ਹੈ, ਕਿਉਂਕਿ ਉਹ ਸਾਰਾ ਪ੍ਰਦੂਸ਼ਣ ਆਪਣੇ ਵਿਚ ਜਜਬ ਕਰ ਲੈਂਦਾ ਹੈ। “ਮਹਾਤਮਾ ਬੁੱਧ” ਨੇ ਵੀ ਕਿਹਾ ਸੀ ਕਿ ਹਰ ਬੰਦਾ ਪੰਜ ਸਾਲਾਂ 'ਚ ਇਕ ਰੁੱਖ ਜ਼ਰੂਰ ਲਗਾਵੇ। ਸਾਨੂੰ ਕਦੇ ਵੀ ਖਰਾਬ ਇੰਜਣਾ ਵਾਲੇ ਵਾਹਨ ਨਹੀਂ ਵਰਤਣੇ ਚਾਹੀਦੇ ਤਾਂ ਕਿ ਉਹਨਾਂ ਦੇ ਗੰਧਲੇ ਧੂੰਏ ਨਾਲ ਸਾਡਾ ਵਾਤਾਵਰਣ ਖਰਾਬ ਨਾ ਹੋਵੇ। ਇਸ ਤੋਂ ਇਲਾਵਾ ਸਿਗਰਟਨੋਸ਼ੀ ਅਤੇ ਧੂੰਆ ਪੈਦਾ ਕਰਨ ਵਾਲੇ ਸਾਰੇ ਨਸ਼ੇ ਵੀ ਤਾਂ ਵਾਤਾਵਰਣ ਦੇ ਪੱਕੇ ਵੈਰੀ ਹਨ ਤੇ ਅਜਿਹੀ ਗੰਧਲੀ ਹਵਾ ਵਿਚ ਸਾਹ ਲੈਣ ਵਾਲੇ ਤੰਦਰੁਸਤ ਮਨੁੱਖ ਵੀ ਬੀਮਾਰੀਆਂ ਤੋਂ ਜ਼ਿਆਦਾ ਦੇਰ ਤੱਕ ਬਚ ਨਹੀਂ ਸਕਦੇ। ਮਿਸਾਲ ਵਜੋਂ ਸਿਗਰਟ ਪੀਣ ਵਾਲੇ ਤੋਂ ਵੀ ਜ਼ਿਆਦਾ ਮਾਰੂ ਅਸਰ ਧੂੰਆ ਸੁੰਘਣ ਵਾਲੇ 'ਤੇ ਹੋ ਜਾਂਦਾ ਹੈ। ਕਾਰਖਾਨੇ ਅਤੇ ਫੈਕਟਰੀਆਂ ਜ਼ਰੂਰੀ ਤਾਂ ਹਨ, ਪਰ ਵਾਤਾਵਰਣ ਨੂੰ ਅਸ਼ੁੱਧ ਬਣਾਉਣ ਵਿਚ ਇਹ ਵੀ ਕਿਤੇ ਨਾ ਕਿਤੇ ਜਿੰਮੇਵਾਰ ਜ਼ਰੂਰ ਹਨ। ਇੰਨਾਂ ਵਿਚੋਂ ਸਾਮਾਨ ਆਦਿਕ ਤਿਆਰ ਕਰਦੇ ਸਮੇਂ ਬੱਚਦੀ ਰਹਿੰਦ-ਖੂੰਹਦ ਦਾ ਕੋਈ ਠੋਸ ਹੱਲ ਕੱਢਣ ਦੀ ਲੋੜ ਹੈ ਨਾ ਕਿ ਕਿਸੇ ਨਦੀ-ਨਾਲੇ ਜਾਂ ਦਰਿਆ ਵਿਚ ਇਹ ਰੋੜੀ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਵੀ ਵਾਤਾਵਰਣ ਤੇ ਪਾਣੀ ਵਿਚਲੇ ਜੀਵ-ਜੰਤੂਆਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ, ਜੋ ਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਸਾਡੇ ਦੇਸ਼ ਤੇ ਸੂਬੇ ਦੇ ਅੰਨਦਾਤਾ ਵੀ ਬੇਸ਼ੱਕ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜਣਾ ਆਪਣੀ ਮਜ਼ਬੂਰੀ ਦੱਸਦੇ ਹਨ, ਪਰ ਫਿਰ ਵੀ ਸਰਕਾਰਾਂ ਤੇ ਪ੍ਰਸ਼ਾਸ਼ਨ ਦੁਆਰਾ ਦੱਸੇ ਹੋਏ ਮੁਤਾਬਕ ਉਸ ਰਹਿੰਦ-ਖੂੰਹਦ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਫਸਲਾਂ ਕੱਟਣ ਤੋਂ ਬਾਅਦ ਲਗਾਈ ਜਾਂਦੀ ਅੱਗ ਨਾਲ ਅਣਗਿਣਤ ਹੀ ਰੁੱਖ ਸੜਨੋ ਬੱਚ ਸਕਣ। ਜੇ ਅਜਿਹਾ ਹੋ ਜਾਵੇ ਤਾਂ ਵਾਤਾਵਰਣ ਤਾਂ ਸ਼ੁੱਧ ਰਹੇਗਾ ਹੀ ਨਾਲ ਦੀ ਨਾਲ ਜਮੀਨਾਂ ਵੀ ਬੰਜਰ ਹੋਣ ਤੋਂ ਬੱਚ ਸਕਦੀਆਂ ਹਨ, ਕਿਉਂਕਿ ਅੱਗ ਹਰ ਸਾਲ ਜਮੀਨੀ ਤੱਤ ਖਤਮ ਕਰ ਰਹੀ ਹੈ। ਰੁੱਖ ਤੇ ਕਿਸਾਨ ਦਾ ਤਾਂ ਨਹੁੰ-ਮਾਸ ਦਾ ਰਿਸ਼ਤਾ ਹੈ। ਇਸ ਨੂੰ ਮੁੱਖ ਰੱਖ ਕੇ ਹਰੇਕ ਕਿਸਾਨ ਭਰਾ ਨੂੰ ਆਪਣੀਆਂ ਸਾਰੀਆਂ ਹੀ ਪੈਲੀਆਂ ਦੀਆਂ ਵੱਟਾਂ 'ਤੇ ਰੁੱੱਖ ਲਗਾ ਕੇ ਆਪਣਾ ਬਣਦਾ ਫਰਜ ਜ਼ਰੂਰ ਨਿਭਾਉਣਾ ਚਾਹੀਦਾ ਹੈ।
ਪੰਚਮ ਪਾਤਿਸ਼ਾਹ “ਸ੍ਰੀ ਗੁਰੂ ਅਰਜਨ ਦੇਵ ਜੀ” ਦੀ ਦਲੀਲ ਵੀ ਸ਼ਾਇਦ ਇਹੀ ਗੱਲ ਸਾਨੂੰ ਸਮਝਾ ਰਹੀ ਹੈ ਕਿ “ਦਾਵਾ ਅਗਨਿ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟੁ ਰਹਿਓ ਰੀ”। ਸਾਨੂੰ ਇਸ ਪਾਵਨ ਪੰਗਤੀ 'ਤੇ ਅਮਲ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਕ ਬਣਦਾ ਫਰਜ ਦੇਸ਼ ਤੇ ਸੂਬੇ ਦੇ ਨਾਗਰਿਕਾਂ ਨੂੰ ਇਕ 'ਮੁਹਿੰਮ' ਦੇ ਰੂਪ ਵਿਚ ਜ਼ਰੂਰ ਅਦਾ ਕਰਨਾ ਚਾਹੀਦਾ, ਉਹ ਇਹ ਹੈ ਕਿ ਸਾਰੇ ਹੀ ਜਾਣੇ ਆਪੋ-ਆਪਣੇ ਜਨਮ-ਦਿਨ 'ਤੇ ਘੱਟੋ-ਘੱਟ ਦਸ ਬੂਟੇ ਲਗਾਉਣ ਦੀ ਜੇਕਰ ਸ਼ੁਰੂਆਤ ਕਰ ਦੇਣ ਤਾਂ ਸਮੁੱਚਾ ਦੇਸ਼ ਤੇ ਸੂਬਾ “ਹਰਿਆਵਲ ਤੇ ਸ਼ੁੱਧ ਵਾਤਾਵਰਣ” ਵਿਚ ਸ਼ਾਇਦ ਮੋਹਰੀ ਬਣ ਜਾਵੇਗਾ।“ਪਦਮ ਸ੍ਰੀ ਬਾਬਾ ਬਲਬੀਰ ਸਿੰਘ ਸੀਚੇਵਾਲ” ਤੇ “ਪਦਮ ਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ” ਮੌਜੂਦਾ ਸਮੇਂ ਵੱਧ ਤੋਂ ਵੱਧ ਕਈ ਕਿਸਮਾਂ ਦੇ ਰੁੱਖ ਲਗਾਉਦਿਆਂ ਹੋਇਆਂ “ਵਾਤਾਵਰਣ ਅਤੇ ਹਰਿਆਵਲ” ਪ੍ਰਤੀ ਸਭ ਤੋਂ ਜ਼ਿਆਦਾ ਆਪਣਾ ਯੋਗਦਾਨ ਪਾ ਕੇ ਹਰੇਕ ਉਮਰ ਵਰਗ ਦੇ ਵਿਅਕਤੀ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ। ਬਿਰਹਾ ਦੇ ਸੁਲਤਾਨ ਵਜੋਂ ਮਸ਼ਹੂਰ ਹੋਏ ਲਿਖਾਰੀ ਤੇ ਸ਼ਾਇਰ 'ਸ਼ਿਵ ਕੁਮਾਰ ਬਟਾਲਵੀ' ਨੇ ਵੀ ਤਾਂ ਰੁੱਖ ਬਾਰੇ ਆਪਣੇ ਹਾਵ-ਭਾਵ ਕੁਝ ਇਸ ਤਰ੍ਹਾਂ ਬਿਆਨ ਕੀਤੇ ਹਨ... 
ਜੇ ਤੁਸੀਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿਚ ਗਾਂਵਾ, 
ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਊਣ ਰੁੱਖਾਂ ਦੀਆਂ ਛਾਂਵਾ। 
ਇਸ ਸ਼ਾਇਰ ਤੋਂ ਇਲਾਵਾ 'ਪ੍ਰੋਫੈਸਰ ਪੂਰਨ ਸਿੰਘ' ਵੀ ਕੁਦਰਤੀ ਨਜਾਰਿਆਂ ਅਤੇ ਸਾਫ ਵਾਤਾਵਰਣ ਦੀ ਬਿਆਨਬਾਜੀ ਆਪਣੀ ਕਵਿਤਾ ਰਾਂਹੀ ਇਸ ਤਰ੍ਹਾਂ ਕਰ ਰਹੇ ਹਨ...
ਆ ਪੰਜਾਬ ਪਿਆਰ ਤੂੰ ਮੁੜ ਆ,
ਆ ਸਿੱਖ ਪੰਜਾਬ ਤੂੰ ਘਰ ਆ।
ਤੇਰੇ ਤੂਤ ਦਿੱਸਣ ਮੁੜ ਸਾਵੇ,
ਮੁੜ ਆਵਣ ਬੂਟਿਆਂ ਨਾਲ ਤੇਰੀਆਂ ਦੋਸਤੀਆਂ ਤੇ ਪਿੱਪਲਾਂ ਹੇਠ ਹੋਣ ਮੁੜ ਮੇਲੇ।
ਉਪਰੋਕਤ ਕਵੀ ਦੀ ਰਚਨਾ ਤੋਂ ਇਲਾਵਾ ਮਹਾਨ ਯੁੱਗਪੁਰਸ਼ “ਸ੍ਰੀ ਗੁਰੂ ਨਾਨਕ ਦੇਵ ਜੀ” ਦੀ ਪਾਵਨ ਬਾਣੀ ਵਿਚੋਂ ਵੀ ਕੁਦਰਤ ਦੀ ਸੁੰਦਰਤਾ ਦੇ ਝਲਕਾਰੇ ਸਾਫ ਵੇਖੇ ਜਾ ਸਕਦੇ ਹਨ...
ਅਖੀ ਕੁਦਰਤਿ ਕੰਨੀ ਬਾਣੀ
ਮੁਖਿ ਆਖਣੁ ਸਚ ਨਾਮੁ। 
ਪਤਿ ਕਾ ਧਨ ਪੂਰਾ ਹੋਆ ਲਾਗਾ ਸਹਿਜ ਧਿਆਨੁ£  
ਸੋ ਸਾਨੂੰ ਸਭ ਨੂੰ ਵੀ ਗੁਰੂਆਂ, ਪੈਗੰਬਰਾਂ, ਸੰਤਾਂ, ਕਵੀਆਂ ਅਤੇ ਸ਼ਾਇਰਾਂ ਦੀ ਸੋਚ ਮੁਤਾਬਕ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਪੁਰਾਣੇ ਰੁੱਖ ਜਿਵੇਂ ਕਿ ਪਿੱਪਲ, ਬੋਹੜ, ਟਾਹਲੀ ਆਦਿ ਨੂੰ ਚੰਦ ਕੁ ਸਿੱਕਿਆਂ ਦੀ ਖਾਤਰ ਕਦੀ ਵੀ ਵਢਾਉਣਾ ਨਹੀ ਚਾਹੀਦਾ। ਇਕ ਰੁੱਖ ਨੂੰ ਵੱਢਣ 'ਤੇ ਤਾਂ ਸ਼ਾਇਦ ਕੁਝ ਕੁ ਹੀ ਘੰਟੇ ਲੱਗਦੇ ਹਨ, ਪਰ ਉਸਨੂੰ ਪਾਲਣ 'ਤੇ ਤਾਂ ਸ਼ਾਇਦ ਕਈ ਸਾਲ ਲੱਗ ਜਾਂਦੇ ਹਨ।
ਆਓ, ਫਿਰ “ਰੁੱਖ ਲਗਾਓ, ਵਾਤਾਵਰਣ ਬਚਾਓ” ਦਾ ਨਾਅਰਾ ਸੂਬੇ ਅਤੇ ਪੂਰੇ ਮੁਲਕ ਭਰ ਵਿਚ ਬੁਲੰਦ ਕਰੀਏ ਅਤੇ “ਸਾਫ ਤੇ ਸ਼ੁੱਧ ਵਾਤਾਵਰਣ” ਨੂੰ ਪੈਦਾ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਈਏ। ਅਖੀਰ ਵਿਚ ਪੇਸ਼ ਹਨ “ਭਗਤ ਪੂਰਨ ਸਿੰਘ” ਜੀ ਦੇ ਬਚਨਾਂ 'ਚ ਕੁਝ ਸਤਰਾਂ ਜੋ ਕਿ ਜੀਵਨ ਅਤੇ ਰੁੱਖਾਂ ਬਾਬਤ ਹੀ ਹਨ...
ਰੁੱਖ ਹੈ ਮਨੁੱਖ ਹੈ, 
ਰੁੱਖ ਨਹੀ ਮਨੁੱਖ ਨਹੀ,
ਰੁੱਖਾਂ ਤੋਂ ਬਿਨਾ ਸਾਡਾ ਜੀਵਨ ਅਧੂਰਾ ਹੈ।
ਧੰਨਵਾਦ ਸਹਿਤ,
ਮਾਸਟਰ ਗੁਰਦੇਵ ਸਿੰਘ ਨਾਰਲੀ,
ਕਾਰਜਕਾਰੀ ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਧੁੰਨ (ਤਰਨ ਤਾਰਨ)।
98146-58915  


Related News