ਵਿਗਿਆਨ ਤੇ ਕੁਦਰਤ

06/15/2021 5:05:30 PM

ਉਸ ਅਕਾਲ ਪੁਰਖ ਦੀ ਰਚਨਾ...ਉਸ ਰਚਨਾ ਵਿੱਚ ਮੌਜੂਦ ਅਣਗਿਣਤ ਅਕਾਸ਼ ਬ੍ਰਹਿਮੰਡ...ਪਾਤਾਲ ਪਹਾੜ...ਸਮੁੰਦਰ...ਪੱਥਰ...ਪਾਣੀ...ਬਨਸਪਤੀ; ਬਨਸਪਤੀ ਵਿੱਚ ਫੁੱਲ, ਫ਼ਲ, ਦਰੱਖਤ ਘਾਹ-ਫੂਸ, ਜੜ੍ਹੀ-ਬੂਟੀਆਂ...ਮਨਮੋਹਣੇ ਕੁਦਰਤੀ ਰੰਗਾਂ ਵਾਲੇ ਜੀਵ-ਜੰਤੂ, ਪੰਛੀ...ਜਨਮ, ਮੌਤ, ਗਲਣਾ-ਸੜਨਾ, ਪੁੰਗਰਨਾ...ਸੂਰਜ ਦਾ ਚੜ੍ਹਨਾ, ਛਿਪਣਾ, ਰਾਤ-ਦਿਨ, ਤਾਰੇ, ਰੁੱਤਾਂ...ਰੁੱਤਾਂ ਦੇ ਬਦਲਾਵ ਮੀਂਹ ਹਨ੍ਹੇਰੀਆਂ,ਝੱਖੜ,ਗਰਮੀ,ਸਰਦੀ ...ਸਾਰੇ ਕੁਦਰਤ ਦੇ ਵੱਸ.....ਮਨੁੱਖੀ ਸੋਚ ਤੋਂ ਪਰ੍ਹੇ ....ਬੇਹੱਦ ਸੁੰਦਰ ਸਿਰਜਣਾ...ਸਮਾਂ-ਬੱਧ ਹਨ।

ਇੱਕ ਅਦਿੱਖ ਸ਼ਕਤੀ...ਜੋ ਇਸ ਵਿਸ਼ਾਲਤਾ ਦੀ ਸਿਰਜਣਾਤਮਕ ਹੈ, ਸਮੇਂ-ਸਮੇਂ ਅਨੁਸਾਰ ਆਪਣੇ ਗੁਣਾਂ ਵਾਲੇ ਪੀਰ-ਪੈਗੰਬਰ, ਦਰਵੇਸ਼ ਇਸ ਧਰਤੀ ਉੱਤੇ ਭੇਜਦੀ ਰਹੀ ਜਿਨ੍ਹਾਂ ਦਾ ਸੰਦੇਸ਼ ਸਿਰਫ :-ਮਾਨਵਤਾ ਦਾ ਸੁਨੇਹਾ,ਜੀਵ ਜੰਤੂ ਦੀ ਰੱਖਿਆ, ਕਿਰਤ ਕਰੋ ,ਵੰਡ ਛਕੋ ,ਨਾਮ ਜਪੋ,ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ।। ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ।। ਸਿਰਜਣਹਾਰ ਇੱਕ ਹੈ, ਇੱਕ ਸੀ, ਇੱਕ ਰਹੇਗਾ.....ਜੁਗਾਂ ਜੁਗੰਤਰਾਂ ਤੱਕ । 

ਇਨ੍ਹਾਂ ਦਾ ਮਕਸਦ ਸੰਸਾਰ ਵਿੱਚ ਵਿਚਰਦਿਆਂ ਜੀਵਨ ਜਾਚ ,ਮਨ ਦਾ ਟਿਕਾਓ ,ਭਟਕਣਾ ਤੋਂ ਰਹਿਤ ਜੀਵਨ ,ਲਾਲਸਾਵਾਂ ਤੋਂ ਪਰੇ ,ਹੱਕ ਸੱਚ ਨਿਆਂ ਦੇ ਅਨੁਸਾਰ ਜੀਵਨ ਸ਼ੈਲੀ  ਨੂੰ ਅਪਣਾਉਣਾ ਸੀ । ਉਸ  ਜੀਵਨ ਸ਼ੈਲੀ ਨੂੰ ਸੁਖਾਲਾ ਬਣਾਉਣ ਲਈ ਮਨੁੱਖ ਨੇ ਕੁਝ ਹੱਕ ਆਪਣੇ ਹੱਥਾਂ ਵਿੱਚ ਲੈ ਕੇ ਨਵੀਆਂ ਕਾਢਾਂ ਕੱਢੀਆਂ। ਉਸ ਸਿਰਜਣਹਾਰ 'ਤੇ ਯਕੀਨ ਵਿਸ਼ਵਾਸ ਨਾ ਰੱਖ ਮਨੁੱਖ ਪੁੱਠੇ-ਸਿੱਧੇ ਹੀਲੇ ਅਪਣਾ ਕੇ ਕੁਦਰਤ ਨਾਲ ਤਰੱਕੀ ਦੇ ਨਾਮ ਹੇਠ ਖਿਲਵਾੜ ਕਰਨ ਲੱਗਾ। ਨਵੀਆਂ ਖੋਜਾਂ ਨੇ ਜ਼ਿੰਦਗੀ ਦੀ ਰਫ਼ਤਾਰ ਇੱਕ ਮਸ਼ੀਨ ਨਾਲ ਤੈਅ ਕਰ ਦਿੱਤੀ...ਜਿਸ ਦਾ ਸਿੱਟਾ ਲਾਲਚ ,ਪਦਾਰਥਵਾਦੀ ਸੋਚ ,ਕੁਦਰਤ ਤੋਂ ਦੂਰ ਬਨਾਵਟੀ ਜ਼ਿੰਦਗੀ ,ਇਕੱਲਤਾ ,ਨੈਤਿਕਤਾ ਦਾ ਅੰਤ,ਭਿਆਨਕ ਲਾਇਲਾਜ ਰੋਗ ,ਕਰੂਰਤਾ ,ਜ਼ੁਲਮ ,ਘੱਟ ਉਮਰ ,ਕਪਟ ਛਲ ਵਿੱਚ ਵਾਧਾ, ਬੌਧਿਕਤਾ ਦਾ ਨਾਸ਼ ਅਤੇ ਹੋਰ ਵੀ ਘਟੀਆ ਕਿਸਮ ਦੇ ਕਾਰਜ ਉਤਪੰਨ ਹੋਏ। ਇੱਥੋਂ ਤੱਕ ਕੇ (ਸਿਰਫ਼ ਇਨਸਾਨ ਦਾ ਹੱਕ ਇਹ ਧਰਤੀ) ਜੀਵ ਹੱਤਿਆ ਤੇ ਇਸ ਤੋਂ ਬਾਅਦ ਇਨਸਾਨ... ਇਨਸਾਨ ਨੂੰ ਖ਼ਤਮ ਕਰਨ ਤੱਕ ਆ ਪਹੁੰਚਿਆ।

ਇਸ ਮਨੁੱਖੀ ਤਰੱਕੀ ਅਤੇ ਆਧੁਨਿਕਤਾ ਦੇ ਸਿੱਟੇ ਘਾਤਕ ਸਿੱਧ ਹੋਏ। ਮਨੁੱਖ ਗਿਆਨ ਦੇ ਭੁਲੇਖੇ ਹੇਠ ਸਿਆਣਾ ਹੋਣ ਦੀ ਬਜਾਏ ਵਧੇਰੇ ਚਤੁਰ ਹੋ ਗਿਆ। ਰਿਸ਼ੀਆਂ-ਮੁਨੀਆਂ ,ਗੁਰੂਆਂ-ਪੀਰਾਂ ,ਅਵਤਾਰਾਂ ਦੀ ਦਿੱਤੀ ਸਾਰੀ ਸੁਚੱਜੀ ਜੀਵਨ ਜਾਚ ਗੁਆ ਬੈਠਾ ਤੇ ਜ਼ਿੰਦਗੀ ਦੀ ਤਾਣੀ ਉਲਝਾ ਦਿੱਤੀ। ਮਤਲਬ ਕੁਦਰਤੀ ਸਰੋਤ ਗੰਧਲੇ ਕਰ ਦਿੱਤੇ,ਕੁਝ ਖ਼ਤਮ ਕਰ ਦਿੱਤੇ। ਹਉਮੈਂ ਦੀਆਂ ਮਨੁੱਖੀ ਲਕੀਰਾਂ ਵਿੱਚ ਵੰਡੀ ਧਰਤੀ 'ਤੇ ਵੱਸਦੀ ਦੁਨੀਆਂ(ਦੇਸ਼,ਪਰਦੇਸ ,ਦੂਸਰੇ ਮੁਲਕ)ਦਾ ਰਹਿਣ -ਸਹਿਣ, ਖਾਣ-ਪੀਣ ,ਰੰਗ ਢੰਗ ਉਸਦੇ ਜਲਵਾਯੂ ,ਪੌਣ-ਪਾਣੀ ਦੇ ਅਨੁਸਾਰ ਕੁਦਰਤ ਨੇ ਤੈਅ ਕੀਤਾ ਸੀ ਜ਼ਿੰਦਾ ਰਹਿਣ ਲਈ (ਉਦਾਹਰਣ ਸਮੁੰਦਰ ਕਿਨਾਰੇ ਵਸੋਂ ਲਈ ਮੱਛੀ ਦੀ ਬਹੁਤਾਤ ..ਠੰਡੇ ਮੁਲਕਾਂ ਵਿੱਚ ਪਾਣੀ ਦੀ ਘਾਟ...ਚਾਰੇ ਰੁੱਤਾਂ ਦੇ ਬਦਲਾਵ ਕਰਕੇ ਉੱਗੀਆਂ ਜੜ੍ਹੀ ਬੂਟੀਆਂ ਆਦਿ) ਪਰ ਮਨੁੱਖ ਕੁਦਰਤ 'ਤੇ ਟਿਕਿਆ ਨਹੀਂ। ਸਾਰੀ ਦੁਨੀਆਂ ਨੂੰ ਮੁੱਠ ਵਿੱਚ ਕੈਦ ਕਰ ਸਾਰੀ ਦੁਨੀਆਂ ਦੇ ਰਸ ਸੁਆਦ ਅਤੇ ਰਹਿਣ ਸਹਿਣ ਦੇ ਢੰਗ ਤਰੀਕੇ ਅਪਨਾਉਣ ਲੱਗਾ। ਇਹ ਭੁੱਲ ਬੈਠਾ ਕੇ ਉਸਦੇ ਵਾਤਾਵਰਣ ਦੇ ਅਨੂਕੂਲ ਕੀ ਹੈ ਕੀ ਨਹੀਂ । ਸਿੱਟੇ ਵਜੋਂ ਆਪਣੇ ਜ਼ਿੰਦਾ ਰਹਿਣ ਲਈ ਉਲਝਣ ਵਿੱਚ ਫਸ ਬੈਠਾ। (ਇਸ ਤਰੱਕੀ ਦੇ ਕੁਝ ਨਤੀਜੇ ਭੁਗਤ ਰਿਹਾ ਹੈ ਅਤੇ ਖਤਰੇ ਆਉਣ ਵਾਲੇ ਸਮੇਂ ਲਈ ਮੰਡਰਾ ਰਹੇ ਹਨ । ਨਵੀਆਂ ਲਾਇਲਾਜ ਬਿਮਾਰੀਆਂ ਉਤਪੰਨ ਹੋ ਗਈਆਂ ) ਜਿਹਨਾਂ ਵਿੱਚੋਂ ਨਿਕਲਣਾ ਅਸੰਭਵ ਹੈ ।

ਇਨਸਾਨੀ ਦਿਮਾਗ ਤੇ ਉਸਦੀਆਂ ਨਵੀਆਂ ਖੋਜਾਂ ਦਾ ਦਾਇਰਾ ਸੀਮਿਤ ਹੈ...ਉਸ ਕੁਦਰਤੀ ਰਚਨਾ ਸਾਹਮਣੇ...ਸਾਇੰਸ ਨੇ ਬਹੁਤ ਕੁਝ ਬਨਾਵਟੀ ਬਣਾ ਦਿੱਤਾ ਪਰ ਜੀਵਨ ਦਾ ਸੱਚ ਮੌਤ ਨੂੰ ਨਹੀਂ ਸਮਝ ਸਕਿਆ...(ਉਸ ਦੀ ਰਚਨਾ ਸਾਹਮਣੇ ਸਭ ਕੁਝ ਬਨਾਵਟੀ ਹੈ) ਆਪਣੇ ਤਰੀਕੇ ਨਾਲ ਜਨਮ ਲੈਣ ਦੀ ਪ੍ਰਕਿਰਿਆ...ਬੀਜ ਦਾ ਪੁੰਗਰਨਾ ਤੇ ਉਸ ਦਾ ਅੰਤ ਮੌਤ .....ਇਹ ਪਹੇਲੀ ਸਮਝ ਤੋਂ ਬਾਹਰ ਦੀ ਗੱਲ ਹੈ...ਇੱਥੇ ਆ ਕੇ ਇਨਸਾਨ ਦੀ ਸੋਚ ਖ਼ਤਮ ਹੋ ਜਾਂਦੀ ਹੈ...(ਹਰ ਜੀਵ ਦੀ ਪ੍ਰਕਿਰਿਆ ਬਣਤਰ ਅਲੱਗ ਅਲੱਗ ਹੈ, ਅਲੱਗ ਅਲੱਗ ਵਿਸ਼ਾ ਹੈ) ਸਾਇੰਸ ਨੇ ਢੇਰ ਤਰੱਕੀ ਕੀਤੀ ਹੈ ਪਰ ਮਹਾਨ ਵਿਗਿਆਨੀ ਅੱਜ ਤੱਕ ਇੱਕ ਵੀ ਖ਼ੂਨ ਦੀ ਬੂੰਦ ਤਿਆਰ ਨਹੀਂ  ਕਰ ਸਕੇ ਭਾਵ ਅਸਮਰੱਥ ਰਹੇ ...ਮਨੁੱਖ ਨੂੰ ਜ਼ਿੰਦਾ ਰੱਖਣ ਲਈ । 

ਵੈਸੇ ,ਰੱਬ ਦੀ ਹੋਂਦ ਨੂੰ ਮੰਨਣ ਲਈ ਕੋਈ ਸਿੱਧੇ ਰੂਪ ਵਿੱਚ ਤਿਆਰ ਨਹੀਂ ਹੁੰਦਾ। ਜਦੋਂ ਕੋਈ ਤੂਫਾਨ ,ਮਹਾਮਾਰੀ ਜਾਂ ਕੁਦਰਤੀ ਕਰੋਪੀ ਚੱਲਦੀ ਹੈ, ਉਦੋਂ ਉਸ ਅਕਾਲ ਪੁਰਖ ਕੋਲ ਬਚਾਉ ਦੀ ਅਰਦਾਸ ਕੀਤੀ ਜਾਂਦੀ ਹੈ (ਰੱਬ ਯਾਦ ਆਉਂਦਾ )ਹਵਨ ਕੀਤੇ ਜਾਂਦੇ ਹਨ ,ਪੁਕਾਰਾਂ ਕੀਤੀਆਂ ਜਾਂਦੀਆਂ ਹਨ, ਹੋਰ ਵੀ ਬਹੁਤ ਕੁਝ ਆਪੋ ਆਪਣੇ ਤਰੀਕੇ ਨਾਲ ਪਰ ਜੇ ਹਰ ਵਕਤ ,ਭਲੇ ਹੀ ਉਸ ਅਕਾਲ ਪੁਰਖ  ਨੂੰ ਮੌਜੂਦ ਸਮਝਿਆ ਜਾਵੇ, ਉਸਦਾ ਖ਼ੌਫ਼ ਮੰਨਿਆ ਜਾਵੇ ,ਉਸ ਪਰਮਾਤਮਾ ਦੀ ਰਚਨਾ ਤੇ ਕਿੰਤੂ-ਪਰੰਤੂ ਨਾ ਕੀਤਾ ਜਾਵੇ ਤਾਂ  ਧਰਤੀ ਉੱਤੇ ਕਦੇ ਜ਼ੁਲਮ ਵਿਕਸਿਤ ਨਹੀਂ ਹੋ ਸਕਦਾ। ਇਨਸਾਨੀਅਤ ਜ਼ਿੰਦਾ ਰਹਿ ਸਕਦੀ ਹੈ, ਸਾਰੀਆਂ ਬੁਰਾਈਆਂ ਦਾ ਅੰਤ ਹੋ ਸਕਦਾ ,ਜੋ ਇਨਸਾਨੀ ਮਨ ਦੀ ਸ਼ਾਂਤੀ ਨੂੰ ਭੰਗ ਕਰਦੀਆਂ ਹਨ...ਭਟਕਣਾ ਤੋਂ ਰਹਿਤ, ਸ਼ਾਂਤੀ ਭਰਪੂਰ, ਅਨੰਦਮਈ ਜੀਵਨ ਹੋ ਸਕਦਾ...ਹਰ ਕੁਦਰਤੀ ਪੈਦਾ ਹੋਏ ....ਧਰਤੀ 'ਤੇ ਮੌਜੂਦ ਬਸ਼ਿੰਦੇ ਦਾ ..!ਬਸ ਲੋੜ ਹੈ ਥੋੜ੍ਹੇ ਜਿਹੇ ਵਿਚਾਰਾਂ ਨੂੰ ਬਦਲਣ ਦੀ...ਸਮਝਣ ਦੀ...ਕਾਬੂ ਵਿੱਚ ਰੱਖਣ ਦੀ!!

ਰਾਜਵਿੰਦਰ ਕੌਰ ਵਿੰੜਿਗ
ਪਿੰਡ ਦੀਪ ਸਿੰਘ ਵਾਲਾ
ਫਰੀਦਕੋਟ


Harnek Seechewal

Content Editor

Related News