ਸੰਤਾਲੀ ਦੇ ਖੂਨੀ ਸੰਤਾਪ ਦਾ ਦਸਤਾਵੇਜ ਹੈ ਪੁਸਤਕ

07/11/2022 2:55:52 PM

‘ਹਿਜਰਤਨਾਮਾ’

1947 ਦੀ ਪੰਜਾਬ ਵੰਡ ਉਪਰੰਤ ਫੈਲੀ ਕਤਲੋਗਾਰਦ ਹਿੰਦੂ-ਸਿੱਖ ਅਤੇ ਮੁਸਲਮਾਨ ਕੌਮਾਂ ਦੇ ਨਸਲੀ ਘਾਣ ਅਤੇ ਆਰਥਿਕ ਤਬਾਹੀ ਦਾ ਮੁੱਲ ਕਦੇ ਵੀ ਨਹੀਂ ਆਂਕਿਆ ਜਾ ਸਕਦਾ। 20ਵੀਂ ਸਦੀ ਦੀ ਸਭ ਤੋਂ ਵੱਡੀ ਕਤਲੋਗਾਰਦ ਅਤੇ ਹਿਜਰਤ ਦੀਆਂ ਲੱਖਾਂ ਕਹਾਣੀਆਂ ਅਣ-ਸੁਣੀਆਂ, ਅਣ-ਲਿਖੀਆਂ ਅਤੇ ਅਣ-ਸਾਂਭੀਆਂ ਰਹਿ ਗਈਆਂ। ਪੰਜਾਬ ਦੀ ਭੂਗੋਲਿਕ ਅਤੇ ਅਬਾਦੀ ਪੱਖ ਤੋਂ ਹੋਈ ਵੰਡ ਦੇ ਕਹਿਰੀ ਸੰਤਾਪ ਦੌਰਾਨ ਆਪਣੇ ਟੱਬਰਾਂ ਨੂੰ ਗੁਆਉਣ, ਆਪਣੀਆਂ ਅੱਖਾਂ ਸਾਹਵੇਂ ਆਪਣੇ ਘਰ ਦੀਆਂ ਬਹੂ-ਬੇਟੀਆਂ ਦੇ ਆਪਣੇ ਵਲੋਂ ਕੀਤੇ ਗਏ ਅਣਖੀ ਕਤਲੇਆਮ, ਬਿਗਾਨਿਆਂ ਹੱਥੋਂ ਹੋਈ ਬੇਪਤੀ ਅਤੇ ਜਬਰੀ ਧਰਮ ਤਬਦੀਲੀ ਆਦਿ ਨੂੰ ਆਪਣੇ ਪਿੰਡਿਆਂ ਅਤੇ ਆਪਣੀ ਰੂਹ ‘ਤੇ ਹੰਢਾਉਣ ਵਾਲੇ ਲੋਕਾਂ ਦੀ ਇਕ ਪੀੜ੍ਹੀ ਇਸ ਜਹਾਨੋਂ ਰੁਖਸਤ ਹੋ ਚੁੱਕੀ ਹੈ। ਵੰਡ ਮੌਕੇ ਝੱਲੇ ਸੰਤਾਪ ਦਾ ਦਰਦ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦਾ ਰਿਹਾ। 

1947 ਤੋਂ ਬਾਅਦ ਜੰਮੇ ਕੁਝ ਲੇਖਕਾਂ/ਪੱਤਰਕਾਰਾਂ ਨੇ ਵੰਡ ਦੇ ਇਸ ਦਰਦ ਨੂੰ ਦਸਤਾਵੇਜੀ ਰੂਪਾਂ ਵਿਚ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਵਿਚ ਸਾਂਵਲ ਧਾਮੀ, ਸੁਰਿੰਦਰ ਕੋਛੜ, ਸਤਵੀਰ ਸਿੰਘ ਚਾਨੀਆਂ ਅਤੇ ਜੰਮੂ ਤੋਂ ਭਾਈ ਹਰਮੀਤ ਸਿੰਘ ਜੰਮੂ ਦੇ ਠੋਸ ਯਤਨ ਸ਼ਲਾਘਾਯੋਗ ਹਨ। ਪੁਸਤਕ ‘ਹਿਜਰਤਨਾਮਾ’ ਦਾ ਲੇਖਕ ਸਤਵੀਰ ਸਿੰਘ ਚਾਨੀਆਂ ਸਾਹਿਤਕ ਲੇਖਕ, ਇਕ ਅਧਿਆਪਕ ਅਤੇ ਇਤਿਹਾਸਕ ਪੱਖ ਤੋਂ ਖੋਜੀ ਬਿਰਤੀ ਵਾਲਾ ਇਨਸਾਨ ਹੈ। ਹਥਲੀ ਪੁਸਤਕ ਵਿਚ ਉਸਨੇ ਪੰਜਾਬ ਅਤੇ ਪੰਜਾਬੋਂ ਬਾਹਰ ਬੈਠੇ ਸੰਤਾਲੀ ਦੀ ਵੰਡ ਦੇ ਝੰਬੇ ਅਤੇ ਮਧੋਲੇ ਉਨ੍ਹਾਂ ਪਰਿਵਾਰਾਂ ਦੇ ਹੌਲਨਾਕ ਵੇਰਵੇ ਵੱਖ-ਵੱਖ ਅਖ਼ਬਾਰਾਂ ਵਿਚ ਲੜੀਵਾਰ ਲਿਖੇ ਹਨ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਅਤੇ ਕਾਰੋਬਾਰਾਂ ਦਾ ਅੰਤਾਂ ਦਾ ਉਜਾੜਾਂ ਦੇਖਿਆ ਅਤੇ ਝੱਲਿਆ ਹੈ। ਇਨ੍ਹਾਂ ਵੇਰਵਿਆਂ ਨੂੰ ਹੁਣ ਪੁਸਤਕ ਰੂਪ ਦਿੱਤਾ ਗਿਆ ਹੈ। 

PunjabKesari

ਪੁਸਤਕ ਦੇ 54 ਅਧਿਆਏ ਪੰਜਾਬ ਵੰਡ ਦੇ ਲਹੂ ਭਿੱਜੇ ਵਰਕੇ ਅਤੇ ਅਸਮਤਾਂ ਲੁੱਟੇ ਹਾਉਕੇ ਅਤੇ ਆਰਥਿਕ ਉਜਾੜੇ ਦੇ ਮੰਜ਼ਰ ਪ੍ਰਤੀਕ ਹੁੰਦੇ ਹਨ। ਜੋ ਲਹਿੰਦਿਓਂ ਚੜ੍ਹਦੇ ਅਤੇ ਚੜ੍ਹਦਿਓਂ ਲਹਿੰਦੇ ਪੰਜਾਬ ਵੱਲ ਹਿਜਰਤ ਕਰਨ ਲਈ ਮਜਬੂਰ ਹੋਏ ਹਿੰਦੂ-ਸਿੱਖ ਅਤੇ ਮੁਸਲਮਾਨ ਅੱਜ ਦੀ ਆਪਣੀ ਆਪਣੀ ਜੰਮਣ ਭੋਇਂ ਲਈ ਸਿਸਕਦੇ ਆ। ਹਜ਼ਾਰਾਂ ਲੋਕ ਆਪਣੇ ਪੁਰਖਿਆਂ ਦੀਆਂ ਥਾਵਾਂ ਨੂੰ ਵੇਖਣ ਦੀ ਸਿੱਕ ਮਨ ਵਿਚ ਲੈ ਕੇ ਦਮ ਤੋੜ ਗਏ। ਆਪਣੇ ਹਾਣੀਆਂ-ਹਮਉਮਰਾਂ ਨੂੰ ਮੁੜ ਮਿਲਣਾ ਚੰਦ ਲੋਕਾਂ ਦੇ ਹਿੱਸੇ ਹੀ ਆਇਆ ਉਹ ਵੀ ਇਕ ਅਰਸੇ ਬਾਅਦ।

ਪੁਸਤਕ ਦੇ ਪਲੇਠੇ ਅਧਿਆਏ ਵਿਚ ਹੀ ਸੰਤਾਲੀ ਦਾ ਕਹਿਰ ਅੱਖਾਂ ਸਾਹਵੇਂ ਦੇਖਣ-ਹੰਢਾਉਣ ਵਾਲੇ ਬਜੁਰਗ ਬੀਰ ਬਹਾਦਰ ਸਿੰਘ ਦੇ ਸ਼ਬਦੀ ਵੇਰਵੇ ਪੜ੍ਹਨ ਵਾਲੇ ਦੇ ਲੂੰ ਕੰਡੇ ਖੜ੍ਹੇ ਕਰਦੇ ਹਨ। ਪਿੰਡ ਥੋਹਾ ਖਾਲਸਾ ਦੇ ਸੰਤ ਗੁਲਾਬ ਸਿੰਘ ਬਾਗ ਵਿਚਲੇ ਖੂਹ ਦਾ ਜ਼ਿਕਰ ਜਿਸ ਵਿਚ 150 ਦੇ ਕਰੀਬ ਸਿੱਖ ਜਨਾਨੀਆਂ, ਜਵਾਨ ਲੜਕੀਆਂ ਅਤੇ ਬੱਚਿਆਂ ਨੇ ਆਪਣੀਆਂ ਇੱਜਤਾਂ ਬਚਾਉਣ ਲਈ ਛਾਲਾਂ ਮਾਰ ਕੇ ਜਾਨਾਂ ਦਿੱਤੀਆਂ। ਬਾਰ ਦੇ ਇਲਾਕੇ ਜੜ੍ਹਾਂਵਾਲੀ ਤੋਂ 500 ਗੱਡਿਆਾਂ ਦੇ ਕਾਫਲੇ ਵਿਚ ਜਲੰਧਰ ਦੇ ਪਿੰਡ ਸੰਕਰ ਪੁੱਜੇ ਉਜਾਗਰ ਸਿੰਘ ਮਾਲੜੀ ਦੱਸਦੇ ਹਨ ਕਿ 12-13 ਦਿਨ ਦੇ ਸਫਰ ਦੌਰਾਨ ਜਦੋਂ ਅਸੀਂ ਪਾਣੀ ਲਈ ਖੂਹਾਂ ਜਾਂ ਨਹਿਰਾਂ-ਕੱਸੀਆਂ ਵੱਲ ਜਾਂਦੇ ਤਾਂ ਮਨੁੱਖੀ ਵੱਢ-ਟੁੱਕ ਨਾਲ ਪਾਣੀ ਖੂਨੋ ਖੂਨ ਹੋਇਆ ਮਿਲਦਾ।

ਅਧਿਆਏ 8 ਵਿਚ ਇਸੇ ਸੰਤਾਪ ਦੀ ਪੀੜਤਾ ਬੀਬੀ ਸਰੀਫਨ ਜੋ ਹੱਲ੍ਹਿਆ ਵੇਲੇ ਪਿੰਡ ਬਹਿਲੋਪੁਰ ਤੋਂ ਖਰੜ ਆਪਣੇ ਰਿਸ਼ਤੇਦਾਰਾਂ ਵੱਲ ਜਾ ਰਹੀ ਸੀ, ਦਾ ਬਿਆਨ “ ਆਪਣੀਆਂ ਦੋ ਭੈਣਾਂ ਇਕ ਭਰਾ ਅਤੇ ਅੰਮੀ ਜਾਨ ਨਾਲ ਜਦੋਂ ਪਿੰਡ ਦਾਊਂ ਪੁੱਜੀਆਂ ਤਾਂ ਮਜ੍ਹਬੀ ਤੁਅੱਸਬ ਦੇ ਧਾਰਨੀਆਂ ਕਾਫਲੇ ਉੱਪਰ ਹਮਲਾ ਬੋਲ ਦਿੱਤਾ, ਬੜੀ ਬੇਰਹਿਮੀ ਨਾਲ ਕੋਹ ਕੋਹ ਮਾਰਿਆਂ ਜਾਲਮਾਂ, ਸਭ ਕਤਲ ਕਰਕੇ ਲੁੱਟ ਪੁੱਟ ਗਏ ਅਤੇ ਕੁਝ ਰਾਤ ਦੇ ਹਨੇਰੇ ਵਿਚ ਜਾਨ ਬਚਾਉਣ ਵਿਚ ਸਫਲ ਹੋ ਗਏ ਸਨ ਸ਼ਾਇਦ। ਛਵੀਆਂ ਨਾਲ ਬਿੰਨ੍ਹੀ ਅਲ਼ਫ ਨੰਗੀ ਗਰਭਵਤੀ ਸਫੀਰਨ ਸਾਰੀ ਰਾਤ ਇਕ ਢਾਬ ਕਿਨਾਰੇ ਬੇਸੁਰਤ ਪਈ ਰਹੀ। ਸਰੀਫਨ ਅੱਗੇ ਬੋਲਦੀ ਹੈ ਕਿ ਹੋਰ ਪਤਾ ਨਹੀਂ ਕੀ ਕੀ ਖੇਹ ਤੇ ਸੁਆਹ ਕੀਤਾ ਮੇਰੇ ਨਾਲ ਜਾਲਮਾਂ, ਮਰ ਗਈ ਤਰਿਹਾਈ ਪਾਣੀ ਪੀਣ ਨੂੰ ਨਾ ਮਿਲੇ, ਆਖਿਰ ਛੱਪੜ ਦੀ ਗਾਰ ਚੂਸੀ ਤੇ ਫਿਰ ਬੇਹੋਸ਼ ਹੋ ਗਈ।” ਸਚਮੁੱਚ ਹਿੰਦੂ ਸਿੱਖਾਂ ਅਤੇ ਮੁਸਲਮਾਨਾਂ ਦੇ ਮਰਨ ਤੋਂ ਪਹਿਲਾਂ ਇਨਸਾਨੀਅਤ ਮਰੀ। ਮਜ੍ਹਬਾਂ ਦਾ ਮੱਚਦੀ ਅੱਗ ਵਿਚ ਕਿਤੇ ਕਿਤੇ ਲੋਕ ਦੂਜੇ ਧਰਮ ਦੇ ਬੰਦਿਆਂ, ਜਨਾਨੀਆਂ ਅਤੇ ਬੱਚਿਆਂ ਲਈ ਜਾਨਾਂ ਬਚਾਉਣ ਦਾ ਵਸੀਲਾ ਬਣੇ, ਲੇਖਕ ਨੇ ਸੰਤਾਪ ਦੌਰਾਨ ਜਾਨ ਬਚਾਉਣ ਅਤੇ ਬਖ਼ਸ਼ਣ ਦਾ ਪਹਿਲੂ ਵੀ ਬੜੀ ਸੰਜੀਦਗੀ ਨਾਲ ਚਿਤਰਿਆ ਹੈ। ਪੰਜਾਬ ਵਿਚ ਰਹਿ ਗਏ ਮੁਸਲਮਾਨਾਂ ਨੂੰ ਜਾਣਕਾਰ ਸਿੱਖਾਂ ਨੇ ਕਿਵੇਂ ਹਮਸਾਇਆ ਬਣ ਕੇ ਬਚਾਇਆ ਆਦਿ ਪੱਖ ਇੱਕ ਤੋਂ ਵੱਧ ਅਧਿਆਵਾਂ ਵਿਚ ਦਰਜ ਹਨ। ਅਧਿਆਇ 17 ਵਿਚ ਚਿਤਰੇ ਬਖਸ਼ੀ ਰਾਮ ਵਡਾਲਾ ਵਰਗੇ ਬਹੁਤ ਘੱਟ ਹੋਣਗੇ, ਜੋ ਜਿਉਂਦੇ ਜੀਅ ਪਾਕਿ ਜਾ ਕੇ ਆਪਣੇ ਹਾਣੀਆਂ ਦੀ ਮਹਿਮਾਨ ਨਿਵਾਜੀ ਮਾਣ ਆਏ।

ਲੇਖਕ ਨੇ ਪਾਕਿਸਤਾਨ ਹਿੱਸੇ ਦੇ ਪੰਜਾਬ ਦੇ ਬਾਰਾਂ ਦੇ ਇਲਾਕੇ ਅਤੇ ਸਿਆਲਕੋਟ, ਲਾਇਲਪੁਰ, ਮਿੰਟਗੁਮਰੀ, ਕਸੂਰ, ਮੁਲਤਾਨ ਆਦਿ ਤੋਂ ਹਿਜਰਤ ਕਰਕੇ ਆਏ ਪਰਿਵਾਰਾਂ ਦੇ ਦੁਖਦਾਈ ਹਿਜਰਤੀ ਪੱਖਾਂ ਨੂੰ ਬਾਖੂਬੀ ਬਿਆਨ ਕੀਤਾ ਹੈ। ਇਸ ਹਿਜਰਤਨਾਮੇ ਵਿਚ ਕਿਤੇ ਕਿਤੇ ਹਿੰਦੂ-ਸਿੱਖਾਂ ਦੇ ਪੰਜਾਬ ਵੱਲ ਆ ਰਹੇ ਕਾਫਲੇ ਅਤੇ ਪੰਜਾਬ ਵਿਚੋਂ ਮੁਸਲਮਾਨਾਂ ਦੇ ਪਾਕਿਸਤਾਨ ਵੱਲ ਜਾ ਰਹੇ ਕਾਫਲੇ ਇਕੋ ਜਿਹਾ ਸੰਤਾਪ ਹੰਢਾਉਂਦੇ ਮਹਿਸੂਸ ਕੀਤੇ ਜਾ ਸਕਦੇ ਹਨ। ਸ. ਚਾਨੀਆ ਨੇ ਅਧਿਆਇ 23 ਵਿਚ ਦੋਹਾ ਪਾਸਿਆਂ ਦੇ ਪੰਜਾਬ ਦੇ ਸੰਤਾਪ ਦੇ ਨਾਲ ਨਾਲ ਅਜ਼ਾਦੀ ਤੋਂ ਐਨ ਬਾਅਦ ਵਿਚ ਕਸ਼ਮੀਰ ਦੇ ਪੁੰਛ ਖਿੱਤੇ ਵਿਚ ਕਬਾਇਲੀ ਧਾੜਵੀਆਂ ਨਾਲ ਚੱਲੀ ਲੰਬੀ ਲੜਾਈ ਦੇ ਨਾਇਕਾਂ ਵਿਚੋਂ ਕਰਨਲ ਅਜੀਤ ਸਿੰਘ ਮਾਲੜੀ ਰਾਹੀਂ ਵੰਡ ਉਪਰੰਤ ਪੁੰਛ ਇਲਾਕੇ ਦੇ ਹਿਜਰਤੀ ਦਰਦ ਦੀ ਬਿਆਨੀ ਵੀ ਕੀਤੀ ਹੈ ਜਿਸ ਵਿਚ “ਪੁੰਛ ਦਾ ਰਾਖਾ” ਅਤੇ “ਸ਼ੇਰ ਬੱਚਾ” ਐਲਾਨੇ ਗਏ ਕਰਨਲ ਪ੍ਰੀਤਮ ਸਿੰਘ (ਬਾਅਦ ਵਿਚ ਬ੍ਰਿਗੇਡੀਅਰ ਬਣੇ) ਅਤੇ ਜਾਂਬਾਜ ਪਾਇਲਟ ਬਾਬਾ ਮਹਿਰ ਸਿੰਘ ਦੀ ਭੁਮਿਕਾ ਦਾ ਮਿਸਾਲੀ ਜਿਕਰ ਮਿਲਦਾ ਹੈ। ਇਸ ਤੋਂ ਇਲਾਵਾ ਲੇਖਕ ਨੇ ਸਰਦਾਰ ਪੰਛੀ ਪ੍ਰਸਿੱਧ ਸ਼ਾਇਰ, ਸ. ਤਰਲੋਚਨ ਸਿੰਘ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ, ਸ. ਕੁਲਦੀਪ ਸਿੰਘ ਵਡਾਲਾ ਸਾਬਕਾ ਵਿਧਾਇਕ, ਸਰਦਾਰਾ ਸਿੰਘ ਜੌਹਲ ਸਾਬਕਾ ਵਾਈਸ ਚਾਂਸਲਰ ਅਤੇ ਸ. ਪ੍ਰੇਮ ਸਿੰਘ ਐਡਵੋਕੇਟ ਜਲੰਧਰ ਆਦਿ ਦੇ ਵੰਡ ਬਾਰੇ ਅਨੁਭਵ ਦਰਜ ਕੀਤੇ ਹਨ।

ਸ. ਚਾਨੀਆਂ ਇਨ੍ਹਾਂ ਸੰਤਾਪੀਆਂ ਰੂਹਾਂ ਨਾਲ ਰਚਾਈ ਵਾਰਤਾਲਾਪ ਵਿਚੋਂ ਇਹ ਪੱਖ ਵੀ ਉਭਾਰਦਾ ਹੈ ਕਿ ਪੰਜਾਬ ਵੰਡ ਵੇਲੇ ਦੀ ਹਕੂਮਤ ਅਤੇ ਪ੍ਰਸਿੱਧ ਸਿਅਸਤਦਾਨ ਵੀ ਪੰਜਾਬ ਦੀ ਆਪਣਿਆਂ ਹੱਥੋਂ ਹੋਈ ਇਸ ਬਰਬਾਦੀ ਨੂੰ ਰੋਕ ਨਾ ਸਕੇ ਇਸੇ ਤਰ੍ਹਾਂ ਉਹ ਆਪਣੇ ਸੰਪਾਦਕੀ ਸ਼ਬਦਾਂ ਵਿਚ ਪੰਜਾਬ ਦੇ ਮੌਜੂਦਾ ਹਾਲਾਤ ਵਿਚੋਂ ਇਹ ਸੱਚ ਉਭਾਰ ਕੇ ਸਾਨੂੰ ਇੰਝ ਸੁਚੇਤ ਕਰਦਾ ਹੈ: “ਪੰਜਾਬੀ ਬੜੀ ਤੇਜੀ ਨਾਲ ਪ੍ਰਵਾਸ ਕਰ ਰਹੇ ਹਨ, ਖੱਪਾ ਪੂਰਾ ਕਰਨ ਲਈ ਗੈਰ ਪੰਜਾਬੀ ਬੜੀ ਤੇਜੀ ਨਾਲ ਆਪਣਾ ਪਸਾਰਾ ਕਰ ਰਹੇ ਹਨ। ਗੰਦੀ ਵੋਟ ਰਾਜਨੀਤੀ ਦੀ ਵਜ੍ਹਾ, ਪੰਜਾਬ ਲਗਾਤਾਰ ਤਬਾਹੀ ਵੱਲ ਵਧ ਰਿਹੈ। ਇਸਦਾ ਖਮਿਆਜਾ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪਏਗਾ ਜਦ ਗੈਰ-ਪੰਜਾਬੀਆਂ ਦੀ ਬਹੁਤਾਤ ਪੰਜਾਬ ‘ਤੇ ਕਾਬਜ ਹੋ ਜਾਏਗੀ, ਮੂਲ ਪੰਜਾਬੀ ਪੰਜਾਬ ਵਿਚ ਬਿਗਾਨੇ ਹੋ ਕੇ ਰਹਿ ਜਾਣਗੇ” ਕੁਲ ਮਿਲਾ ਕੇ ਸਤਵੀਰ ਸਿੰਘ ਚਾਨੀਆਂ ਦੀ ਪੁਸਤਕ ‘ਹਿਜਰਤਨਾਮਾ’ ਪੜ੍ਹਨਯੋਗ ਅਤੇ ਸਾਂਭਣਲਾਇਕ ਪੁਸਤਕ ਹੈ। ਭਾਸ਼ਾ ਸਰਲ, ਗੁੰਦਵੀ ਅਤੇ ਰੌਚਕ ਹੈ। ਆਸ ਕਰਦੇ ਹਾਂ ਕਿ ਚਾਨੀਆ ਜੀ ਆਪਣੀ ਲੇਖਣੀ ਰਾਹੀਂ ਅਜਿਹੀਆਂ ਹੋਰ ਰਚਨਾਵਾਂ ਦਾ ਸਫ਼ਰ ਜਾਰੀ ਰੱਖਣਗੇ।

PunjabKesari

ਪਰਮਜੀਤ ਸਿੰਘ ਬਾਗੜੀਆ
98147 65705


rajwinder kaur

Content Editor

Related News