ਉਦਾਸੀ ਧਰਤੀ ਦਾ ਪੁੱਤਰ 'ਸੰਤ ਰਾਮ ਉਦਾਸੀ'

04/20/2019 11:28:05 AM

ਤੂੰ ਮਘਦਾ ਰਈਂ ਵੇ ਸੂਰਜਾਕੰਮੀਆਂ ਦੇ ਵੇਹੜੇ—25 ਮਈ 1967 ਨੂੰ ਜਦੋ ਪੱਛਮੀ ਬੰਗਾਲ ਦੇ  ਦੇ ਦਾਰਜੀਲਿੰਗ ਨੇੜੇ ਪੈਂਦੇ ਇੱਕ ਛੋਟੇ ਜਹੇ ਇਲਾਕੇ ਨਕਸਲਬਾੜੀ ਬਲਾਕ ਦੇ ਪਿੰਡ ਪ੍ਰਸਦੂਜੋਤ ਵਿਖੇ ਕਿਸਾਨਾਂ ਤੋ ਧੱਕੇ ਨਾਲ ਜਮੀਨ ਖੋਹੀ ਗਈ ਤਾਂ ਉਸ ਵੇਲੇ ਜਬਰਦਸਤ ਹਿੰਸਕ ਪ੍ਰਦਰਸ਼ਨ ਹੋਇਆ ਜਿਸ ਨਾਲ ਪੂਰੀ ਦੁਨੀਆ ਦਾ ਧਿਆਨ ਇਸ ਵੱਲ ਖਿੱਚਿਆ ਗਿਆ। ਇਸ ਨੂੰ ਨਕਸਲਬਾੜੀ ਦਾ ਨਾਮ ਦਿੱਤਾ ਗਿਆ।ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਤਿੰਨ ਹਥਿਆਰਬੰਦ ਕਮਿਊਨਿਸਟਬਗ਼ਾਵਤਾਂ ਹੋਈਆਂ ਸਨ। ਇਹ ਤਿੰਨੇ ਬਗ਼ਾਵਤਾਂ ਜ਼ਮੀਨ ਉੱਤੇ ਕਬਜ਼ੇ ਤੇ ਅਧਾਰਿਤ ਸੀ। ਪਹਿਲੀ ਬਗ਼ਾਵਤ 1947 'ਚ ਦੱਖਣੀ ਸੂਬੇ ਹੈਦਰਾਬਾਦ ਦੇ ਤੇਲੰਗਾਨਾ ਖੇਤਰ ਵਿੱਚ ਹੋਈ ਸੀ ਦੂਜੀ 1948 ਵਿਚ ਪੱਛਮੀ ਬੰਗਾਲ ਦੇ ਤੇਭਾਗਾ ਖੇਤਰ ਤੇ ਤੀਜੀ ਬਗ਼ਾਵਤ 1948 ਵਿਚ ਮੌਜੂਦਾ ਪੰਜਾਬ ਦੇ ਸਾਬਕਾ ਪੈਪਸੂ ਵਿੱਚ ਹੋਈ ਸੀ ਜਿਸ ਨੂੰ ਭਾਰਤ ਸਰਕਾਰ ਨੇ ਫ਼ੌਜੀ ਤਾਕਤ ਨਾਲ ਕੁਚਲ ਦਿੱਤਾ ਸੀ ।ਜਦੋਂ ਇਹ ਲਹਿਰ ਪੰਜਾਬ ਵਿੱਚ ਪੁੱਜੀ ਤਾਂ ਪੰਜਾਬ ਵਿੱਚ ਇਹ ਪੰਜਾਬੀ ਰੰਗ ਨਾਲ ਵਿਕਸਿਤ ਹੋਈ। ਨਾਕਾਮ  ਹੋਣ ਦੇ ਬਾਵਜੂਦ ਵੀ ਇਸਨੇ ਪੰਜਾਬ ਦੇ ਸਾਹਿਤ ਅਤੇ ਸਿਆਸਤ ਤੇ ਅਮਿੱਟ ਅਸਰ ਪਾਇਆ ਤੈਲਗੂ ਕਵੀ ਗ਼ਦਰ ਖੁੱਲ੍ਹ ਕੇ ਇਸ ਲਹਿਰ ਦੀ ਹਮਾਇਤ ਕਰਦੇ ਆਏ ਹਨ ਅਤੇ ਬੰਗਾਲ 'ਚ ਸੱਤਿਆਜੀਤ ਰੇਅ ਦੀ 1971 ਵਿਚ ਬਣੀ ਫ਼ਿਲਮ 'ਸੀਮਾਬੱਧ' ਅਤੇ 'ਦਿ ਨਕਸਲਾਈਟਸ', 'ਹਜ਼ਾਰੋਂਖ਼ਵਾਹਿਸ਼ੇ ਐਸੀ' ਵੀ ਨਕਸਲਬਾੜੀ ਲਹਿਰ ਦੇ ਪਿਛੋਕੜ ਬਾਰੇ ਸਨ।
ਪੰਜਾਬ ਵਿੱਚ ਪਾਸ਼, ਸੰਤ ਰਾਮ ਉਦਾਸੀ ਤੇ ਲਾਲ ਸਿੰਘ ਦਿਲ ਵਰਗੇ ਸ਼ਾਇਰ ਅਤੇ ਗੁਰਸ਼ਰਨ ਸਿੰਘ ਜਿਹੇ ਰੰਗਮੰਚ ਕਲਾਕਾਰ 'ਤੇ ਇਸੇ ਲਹਿਰ ਦਾ ਪ੍ਰਭਾਵ ਪਿਆ।ਸੰਤ ਰਾਮ ਉਦਾਸੀ ਨੇ ਪ੍ਰਭਾਵਿਤ ਹੋ ਕੇ ਜੋਂ ਲਿਖਿਆ ਓਸ ਵੇਲੇ ਦੀਆ ਸਰਕਾਰਾਂ ਨੂੰ ਹਿਲਾ ਕੇ ਰੱਖ ਦਿੱਤਾ । ਸੰਤ ਰਾਮ ਉਦਾਸੀ ਦੀ ਕਲਮ  ਚ ਐਨੀ ਤਾਕਤ ਸੀ ਕੇ ਓਸ ਨੇ ਖਾਸ ਕਰਕੇ ਦੱਬੇ ਕੁੱਚਲੇ ਲੋਕਾਂ ਨੂੰ ਲਾਮਬੰਦ ਕੀਤਾ । ਓਸ ਦੇ ਲਿਖੇ ਹੋਏ ਗੀਤ ਨਾਅਰਿਆਂ ਵਿਚ ਤਬਦੀਲ ਹੋਣ ਲੱਗੇ। ਉਦਾਸੀ ਧਰਤੀ ਦਾ ਪੁੱਤਰ ਸੀ। ਲੋਕ ਵੇਦਨਾ ਦਾ ਸੁਰੀਲਾ ਸਰੂਪ ਹੋਣ ਦੇ  ਨਾਲ ਨਾਲ ਅੰਬਰ ਚੀਰਵੀਂ ਦਰਦੀਲੀ ਹੇਕ ਲਾ ਕੇ ਜਦੋ ਗਾਉਂਦਾ ਤਾਂ ਇੰਝ ਲੱਗਦਾ ਜਿਵੇਂ ਧਰਤੀ ਆਪ ਕੁਰਲਾ ਰਹੀ ਹੋਵੇ। ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਪਿੰਡ ਰਾਏਸਰਜ਼ਿਲਾ ਬਰਨਾਲਾ ਵਿੱਚ ਪਿਤਾ ਮੇਹਰ ਸਿੰਘ ਤੇ ਮਾਤਾ ਧੰਨ ਕੌਰ ਦੇ ਘਰ ਹੋਇਆ। ਆਪਣੀ  ਜਨਮ ਜਾਤ ਬਾਰੇ ਉਦਾਸੀ ਖੁਦ ਹੀ ਨਿਝੱਕ ਹੋ ਕੇ ਲਿਖਦਾ ਹੈ
''ਵਿਧ ਮਾਤਾ ਨੇ ਛੱਡੇ ਜਾ ਕੰਨ ਮੇਰੇ, ਧਰਤੀ ਵੱਲ ਮੈ ਤੁਰਤ ਪਧਾਰਿਆ ਸੀ।
ਪਿੰਡ ਪੰਜਾਬ ਦੇ ਵਿਹੜੇ ਚੂਹੜਿਆਂ ਦੇ, ਆ ਕੇ ਅਸੀ ਅਵਤਾਰ ਆ ਧਾਰਿਆ ਸੀ।''
ਅਤਿ ਦੀ ਗਰੀਬੀ, ਜਾਤ-ਪਾਤ ਅਤੇ ਛੂਤ-ਛਾਤ ਦੀਆਂ ਘੋਰ ਦੁਸ਼ਵਾਰੀਆਂ ਹੋਣ ਦੇ ਬਾਵਜੂਦ ਵੀ ਉਦਾਸੀ ਨੇ ਸਿੱਖ ਧਰਮ ਦੇ ਅਮੀਰ ਸੰਸਕਾਰ ਆਪਣੇ ਪਰਿਵਾਰ ਵਿਚੋਂ ਹੀ ਗ੍ਰਹਿਣ ਕੀਤੇ ਜਿਨ੍ਹਾਂ ਦੀ ਬਦੌਲਤ ਹੀ ਉਹ ਆਪਣੀ ਸ਼ਖਸੀਅਤ ਅਤੇ ਕਾਵਿ ਦੀ ਵੱਖਰੀ ਨੁਹਾਰ ਘੜਣ ਵਿਚ ਸਥਾਪਤ ਹੋਇਆ । ਅਮੀਰ ਅਤੇ ਗਰੀਬ  ਵਿਚਲਾ ਪਾੜਾ ਬੜੇ ਚਿਰ ਤੋਂ ਹੈ। ਇਨਾਂ ਸਮਾਜਕ ਆਰਥਕ ਹਾਲਤਾਂ ਦੇ ਗੁੰਝਲਦਾਰ ਗੇੜ ਰਾਹੀ ਸੰਤ ਰਾਮ ਉਦਾਸੀ ਨੂੰਅੱਖਾਂ ਖੋਹਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਹ ਜਾਤੀ ਕੋਹੜ ਦਾ ਵਿਤਕਰਾ ਹੰਢਾਉਣਾ ਪਿਆ। ਜਿਸ ਦਾ ਜ਼ੁਬਾਨੀ ਕਲਮੀ ਜਿਕਰ ਤਾਂ ਉਹ ਅਕਸਰ ਹੀ ਖੁੱਲ ਕੇ ਕਰਿਆ ਕਰਦਾ ਸੀ ਪਰ ਰਚਨਾ ਵਿਚ ਪ੍ਰਗਟਾਉਣ ਮੌਕੇ  ਸੰਕੋਚ ਕਰ ਜਾਂਦਾ ਸੀ। ਉਦਾਸੀ ਵਿਤਕਰੇ ਤੋਂ ਤੰਗ ਆ ਕੇ ਲਿਖਦਾ ਹੈ ਕਿ
“ਐਪਰਜ਼ਬਰ ਅੱਗੇ ਕਿੱਦਾਂ ਸਬਰ ਕਰੀਏ,
ਅਸੀਂ ਇਹੋ ਜ਼ੀ ਜ਼ਹਿਰ ਨ੍ਹਾ ਪੀ ਸਕਦੇ।
ਨੱਕ ਮਾਰਕੇ ਡੰਗਰ ਵੀ ਜਿਉਣ ਜਿਸਨੂੰ,
ਅਸੀਂ ਜੂਨ ਅਜਿਹੀ ਨ੍ਹਾ ਜੀ ਸਕਦੇ।
1960 ਦੇ ਲੱਗਪੱਗ ਉਦਾਸੀ ਜੇ.ਬੀ.ਟੀ ਕਰਕੇ ਜਦੋਮਾਸਟਰ ਲੱਗ ਗਿਆ ਤਾਂ
ਉਸ ਵਕਤ ਮਾਲਵੇ ਵਿਚ ਕਮਿਊਨਿਸਟ ਲਹਿਰ ਦਾ ਜੋਰ ਸੀ। ਸੰਗਰੂਰ ਜ਼ਿਲੇ ਵਿਚ ਜੋ ਕਮਿਊਨਿਸਟ ਆਗੂ ਸਨ ਉਹ ਬਹੁਤ ਵੱਡੇ ਕੱਦ ਵਾਲੇ ਸਨ, ਜਿਹੜੇ ਪਰਜਾ ਮੰਡਲ 'ਤੇ ਮੁਜਾਰਾ ਲਹਿਰਾਂ ਵਿਚੋਂ ਹੰਢ ਕੇ ਆਏ ਸਨ। ਇਹ ਆਗੂ ਜਿੱਥੇ ਵਿਚਾਰਾਂ ਪੱਖੋਂ ਕਮਿਊਨਿਸਟ ਸਨ, ਉਥੇ ਸ਼ਕਲ-ਸੂਰਤ ਤੇ ਰਹਿਤ-ਬਹਿਤ ਪੱਖੋਂ ਪੂਰੀ ਤਰਾਂ ਸਿੱਖੀ ਸਰੂਪ ਵਿਚ ਸਨ। ਇਹਨਾਂ ਵਿਚ ਬਾਬਾ ਹਰਦਿੱਤ ਸਿੰਘ ਭੱਠਲ, ਜਨਕ ਸਿੰਘ ਭੱਠਲ, ਜਥੇ: ਜਗੀਰ ਸਿੰਘ ਕੌਲਸੇੜੀ, ਜਥੇ: ਪ੍ਰਤਾਪ ਸਿੰਘ ਧਨੌਲਾ, ਜਥੇ: ਕਰਤਾਰ ਸਿੰਘ ਧਨੌਲਾ ਤੇ ਬਾਬਾ ਅਰਜਨ ਸਿੰਘ ਭਦੌੜ ਤੇ ਕਈ ਹੋਰ ਬਾਬੇ ਕਾਲੀ ਪੱਗ ਬੰਨਦੇ ਸਨ, ਕੁੜਤੇ ਉਪਰ ਦੀ ਚੌੜੀ ਫਿਰਕੀ ਵਾਲਾ ਗਾਤਰਾ ਤੇ ਹੱਥ 'ਚ ਤਿੰਨ ਫੁੱਟੀ ਸ਼ਿਰੀ ਸਾਹਿਬ ਰੱਖਦੇ ਸਨ। ਇਹਨਾਂ ਬਜੁਰਗਾਂ ਨੇ ਵੀ ਉਦਾਸੀ  'ਤੇ ਗਹਿਰਾ ਪ੍ਰਭਾਵ ਪਾਇਆ। 1960 ਦੇ ਆਸਪਾਸ ਪੰਜਾਬ ਚ ਰੋਮਾਂਟਿਕਗੀਤਕਾਰੀ ਅਤੇ ਗਾਇਕੀ ਦਾ ਦੌਰ ਸੁਰੂ ਹੋ ਚੁੱਕਾ ਸੀ। ਉਸ ਦੌਰ ਵਿਚ ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ, ਦੇਵ ਥਰੀਕੇ ਵਾਲਾ ਆਦਿ ਗੀਤਕਾਰ ਤੇ ਹਰਚਰਨ ਗਰੇਵਾਲ, ਮੁਹੰਮਦ ਸਦੀਕ, ਦੀਦਾਰ ਸੰਧੂ, ਕਰਮਜੀਤ ਧੂਰੀ ਵਰਗੇ ਅਨੇਕਾਂ ਗਾਇਕ ਲੋਕਾਂ 'ਚ ਮਸ਼ਹੂਰ ਹੋ ਰਹੇ ਸਨ।ਪਰ ਸੰਤ ਰਾਮ ਉਦਾਸੀ ਨੇ ਇਹ ਰਸਤਾ ਨਹੀਂ ਚੁਣਿਆ। ਭਾਵੇਂ ਇਹ ਰਸਤਾ ਪੈਸੇ ਦੇ ਨਾਲ ਨਾਲਸੋਹਰਤ ਵਾਲਾ ਸੀ ,ਪਰ  ਉਦਾਸੀ ਦੇ ਅੰਦਰ ਜੇੜੀ ਦੱਬੇ ਕੁੱਚਲੇ ਲੋਕਾਂ ਦੇ ਹੱਕਾਂ ਦੀ ਅੱਗ ਬਲ ਰਹੀ ਸੀ ,ਓਸ ਨੂੰ ਨਾ ਛੱਡ ਕੇ ਉਦਾਸੀ ਨੇ ਸਾਰੇ ਸੁੱਖ ਠੁਕਰਾ ਦਿੱਤੇ।
ਸੋ ਇਹ ਸੰਸਕਾਰਾਂ ਰਾਹੀਂ ਮਿਲੀਆਂ ਵਿਰਸੇ ਦੀਆਂ ਬਰਕਤਾਂ ਹੀ ਸਨ ਜਿੰਨਾਂ ਨੇ ਉਦਾਸੀ ਨੂੰ ਰੋਮਾਂਟਿਕਗੀਤਕਾਰੀ ਦੇ ਸਸਤੀ ਸ਼ੋਹਰਤ ਅਤੇ ਮਸ਼ਹੂਰੀ ਵਾਲੇ ਰਾਹ ਪੈਣ ਤੋਂ ਹੋੜ ਕੇ, ਲੋਕਾਂ ਦੀ ਹਕੀਕੀ ਪੀੜ ਪਛਾਨਣ ਦੇ ਰਾਹ ਤੋਰਿਆ, ਜਿਸ 'ਤੇ ਉਹ ਸਾਰੀ ਉਮਰ ਅਡੋਲ ਤੁਰਦਾ ਰਿਹਾ। ਉਦਾਸੀ ਸਿੱਖ ਸੰਘਰਸ਼ ਨੂੰ ਉਸ ਸਮੇਂ ਦੇ ਸਥਾਪਤ ਨਿਜ਼ਾਮ ਅਤੇ ਸਟੇਟ ਵਿਰੁੱਧ, ਮਨੁੱਖੀ ਆਜ਼ਾਦੀ ਅਤੇ ਬਰਾਬਰੀ ਦੇ ਸੰਘਰਸ਼ ਵਜੋਂ ਦੇਖਦਾ ਹੋਇਆ ਲਿਖਦਾ ਹੈ ਕਿ  ਗੁਰੂ ਗੋਬਿੰਦ ਸਿੰਘ ਅਸਲ ਵਿਚ ਕਿਰਤੀ ਲੋਕਾਂ ਦਾ ਨਾਇਕ ਹੈ, ਜੋ ਕਿਰਤੀਆਂ ਦੇ ਰਾਜ ਲਈ ਲੜਿਆ ਹੈ।
“ਮੈਂ ਇਸੇ ਲਈ ਹੀ ਆਪਣੇ ਆਪ ਨੂੰ ਮੰਨਿਆ ਹੈ ਗੁਰ-ਚੇਲਾ,
ਕਿ ਰਿਸ਼ਤਾ ਜੱਗ 'ਤੇ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।
ਮੈਂ ਇਸੇ ਲਈ ਗੜ੍ਹੀ ਚਮਕੌਰ ਦੀ ਵਿਚ ਜੰਗ ਲੜਿਆ ਸੀ,
ਕਿ ਕੱਚੇ ਕੋਠੜੇ ਮੂਹਰੇ ਮਹਿਲ ਮੀਨਾਰ ਝੁੱਕ ਜਾਵੇ।” 
ਉਦਾਸੀ ਇਕ ਜਗ੍ਹਾ ਲਿਖਦਾ ਹੈ ਕਿ  
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ,
ਅਸੀਂ ਉਠਾਂਗੇ ਚੰਡੀ ਦੀ ਵਾਰ ਬਣਕੇ।
ਜਿਨ੍ਹਾਂ ਸੂਲ੍ਹਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਂਗੇ ਖੰਡੇ ਦੀ ਧਾਰ ਬਣਕੇ।”
ਜਦ 1964 ਵਿਚ ਸੀ.ਪੀ.ਆਈ ਦੁਫਾੜ ਹੋ ਕੇ ਵੱਖਰੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਐਮ) ਹੋਂਦ ਵਿਚ ਆਈ ਤਾਂ ਉਦਾਸੀ ਇਸ ਨਵੀਂ ਪਾਰਟੀ ਨਾਲ ਜੁੜ ਗਿਆ। ਕੱਲਾ ਉਦਾਸੀ ਹੀ ਨਹੀਂ  ਸਾਰਾ ਸੰਗਰੂਰ ਜ਼ਿਲਾ ਹੀ ਸੀ.ਪੀ.ਐਮ ਨਾਲ ਆ ਗਿਆ ਸੀ। ਨਵੀਂ ਪਾਰਟੀਇਨਕਲਾਬ ਤੇ ਹਥਿਆਰਬੰਦ ਘੋਲਾਂ ਦੇ ਪ੍ਰੋਗਰਾਮ 'ਤੇ ਹੋਂਦ ਵਿਚ ਆਈ ਸੀ। ਇਸ ਨੂੰ ਦਬਾਉਣ ਲਈ ਸਰਕਾਰਾਂ ਨੇਇਸ ਦੇ ਕਾਰਕੁੰਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਮਾਰ ਮੁਕਾਇਆ ਜਾਣ ਲੱਗਿਆ ਤਾਂ ਉਦਾਸੀ ਇਸ ਅਨਿਆਂ ਵਿਰੁੱਧ ਕੂਕ ਉਠਿਆ। ਉਸ ਨੂੰ ਫੜ ਕੇ ਵੀ ਇੰਟੈਰੋਗੇਸ਼ਨਸੈਂਟਰਾਂ ਵਿਚ ਬੇਇੰਤਹਾ ਜ਼ਬਰ ਦਾ ਨਿਸ਼ਾਨਾ ਬਣਾਇਆ ਗਿਆ। ਪਰ ਝੁਕਣ ਜਾ ਰੁਕਣ ਦੀ ਵਜਾਏ ਉਸ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਕੂਮਤ ਨੂੰ ਲਲਕਾਰ ਕੇ ਕਿਹਾ :
''ਜਿਨਾਂ ਕੰਧ ਸਰਹੰਦ ਦੀ ਤੋੜਨੀ ਏ
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ।
ਗੂਠਾ ਲਾਇਆ ਨੀ ਜਿੰਨਾਂ ਬੇਦਾਵਆਂ 'ਤੇ
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।''
ਸੰਤ ਰਾਮ ਉਦਾਸੀ ਨੇ ਕਾਵਿ ਸੰਗ੍ਰਹਿ ਭਿੱਜੇ ਬੋਲ 'ਚੋ ਨੁਕਰੀਆ ਸੀਖਾਂ, ਸੈਨਤਾਂ, ਕੰਮੀਆਂ ਦਾ ਵਿਹੜਾ  ਪੰਜਾਬੀ ਸਾਹਿਤ ਦੀ ਝੋਲੀ ਪਾਏ। ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿੱਚ ਰੇਲਗੱਡੀ ਵਿੱਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ। ਪਰਿਵਾਰ ਨੂੰ 3 ਦਿਨ ਬਾਅਦ ਜਾਣਕਾਰੀ ਮਿਲੀ। ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਜੱਗ ਤੋਂ ਰੁਖ਼ਸਤ ਹੋ ਗਏ ਨੇ ਪਰ ਆਪਣੀਆਲਿਖ਼ਤਾਂ ਰਾਹੀ ਅੱਜ ਵੀਂ ਜਿੰਦਾ ਹਨ ਅਤੇ ਉਨ੍ਹਾਂ ਦੇ ਗੀਤ ਸਦਾ ਹੀ ਚੇਤਨਾ ਪੈਦਾ ਕਰਦੇ ਰਹਿਣਗੇ।

ਅਵਤਾਰ ਸਿੰਘ ਆਨੰਦ
98770-92505


 


Aarti dhillon

Content Editor

Related News