ਕਹਾਣੀਨਾਮਾ ''ਚ ਪੜ੍ਹੋ ਦੋ ਮਿੰਨੀ ਕਹਾਣੀਆਂ- ਕੱਚੀਆਂ ਤੰਦਾਂ ਅਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ

Monday, Jun 07, 2021 - 03:27 PM (IST)

“ਕੱਚੀਆਂ ਤੰਦਾਂ “

ਪੁੱਤ ਕੱਚੇ ਸਾਕਾਂ 'ਚ ਏਨਾ ਖੁੱਲ੍ਹ ਕੇ ਨੀਂ ਵਰਤੀਦਾ,ਅੱਗੇ ਥੋਡੀ ਮਰਜ਼ੀ ਏ
ਜਗੀਰ ਕੁਰ ਆਵਦੇ ਪੁੱਤ ਮਲਕੀਤ ਨੂੰ ਅਕਸਰ ਕਹਿੰਦੀ। ਜਦੋਂ ਮਲਕੀਤ ਆਵਦੀ ਧੀ ਦੀ ਮੰਗਣੀ ਤੋਂ ਬਾਅਦ ਆਵਦੇ ਕੁੜ੍ਹਮਾਂ ਦੇ ਘਰ ਹਰ ਤਿੱਥ ਤਿਹਾਰ ਦੇਣ ਸਾਰੇ ਭੈਣ ਭਰਾਵਾਂ ਨਾਲ ਰਲ੍ਹ ਕੇ ਜਾਂਦਾ ਹੁੰਦਾ ਸੀ। ਜਦੋਂ ਜਗੀਰ ਕੌਰ ਆਉਣ ਜਾਣ ਤੋਂ ਨਾਂਹ ਨੁੱਕਰ ਕਰਦੀ ਤਾਂ ਉਸ ਦੀ ਨੂੰਹ ਤੇ ਮਲਕੀਤ ਦੇ ਜੁਆਕ ਜਗੀਰ ਕੌਰ ਦੇ ਦੁਆਲੇ ਹੋ ਕਹਿੰਦੇ ਕਿ ਬੀਬੀ ਤੂੰ ਐਵੇਂ ਰੌਲਾ ਪਾਉਦੀ ਰਹਿੰਦੀ ਏ ਹੁਣ ਜ਼ਮਾਨਾ ਬਦਲ ਗਿਆ ਹੈ। ਅਪਣੀ ਸੱਤਰ ਸਾਲ ਪੁਰਾਣੀ ਰੂੜੀਵਾਦੀ ਸੋਚ ਨੂੰ ਅਪਦੇ ਕੋਲ ਰੱਖ।ਇਹ ਸੁਣ ਜਗੀਰ ਕੌਰ ਚੁੱਪ ਕਰ ਜਾਂਦੀ ਤੇ ਉਹਨਾਂ ਦੀ ਹਲਕੀ ਅਕਲ ਨੂੰ ਨੱਕ ਬੁੱਲ੍ਹ ਵੱਟਦੀ । 

ਮਲਕੀਤ ਨੇ ਦੋ ਵਰ੍ਹੇ ਪਹਿਲਾਂ ਅਪਣੀ ਧੀ ਕਿਰਨ ਨੂੰ ਆਈਲੈਟਸ ਕਰਾ ਕੇ ਬਾਹਰ ਭੇਜਣ ਦਾ ਮਨ ਬਣਾਇਆ ਤੇ ਪਲੱਸ ਟੂ ਤੋਂ ਬਾਅਦ ਆਈਲੈਟਸ ਵਿੱਚੋਂ ਸੱਤ ਬੈਂਡ ਲੈਣ ਤੋਂ ਬਾਅਦ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਵੇਖ ਧੀ ਦਾ ਰਿਸ਼ਤਾ ਸਰਦੇ ਪੁੱਜਦੇ ਘਰ ਪੱਕਾ ਕਰ ਦਿੱਤਾ।

ਕਿਰਨ ਦੇ ਬਾਹਰ ਜਾਣ ਦੇ ਸਾਰੇ ਖਰਚੇ ਦੀ ਜ਼ਿੰਮੇਵਾਰੀ ਮੁੰਡੇ ਵਾਲਿਆਂ ਦੀ ਸੀ।ਬੜੇ ਚਾਵਾਂ ਰੀਝਾਂ ਨਾਲ ਪੈਲਸ ਵਿੱਚ ਸ਼ਗਨ ਪਏ,ਗਿਫ਼ਟ ਦਿੱਤੇ ਗਏ ਤੇ ਦੋਨਾਂ  ਪਰਿਵਾਰਾਂ ਦਾ ਆਪਸੀ ਮੇਲ ਮਿਲਾਪ ਬਹੁਤ ਵੱਧ ਗਿਆ ਸੀ ।ਮਹੀਨੇ ਕੁ ਬਾਅਦ ਕਿਰਨ ਕੈਨੇਡਾ ਚਲੀ ਗਈ ਤੇ ਫੋਨ 'ਤੇ ਮੁੰਡੇ ਨਾਲ ਸਾਰੇ ਦੁੱਖ ਸੁੱਖ ਫਰੋਲਦੀ ਭਵਿੱਖ ਦੀ ਚਰਚਾ ਕਰਦੀ ਰਹਿੰਦੀ। ਉੱਧਰ ਕਿਰਨ ਦੇ ਮਾਪੇ ਵੀ ਦੀਵਾਲੀ , ਲੋਹੜੀ , ਸਾਰੇ ਤਿੱਥ ਤਿਉਹਾਰਾਂ ਉੱਤੇ ਗਿਫਟਾਂ ਮਠਿਆਈਆਂ ਲੈਕੇ ਰਿਸ਼ਤੇਦਾਰਾਂ ਸਮੇਤ ਮੁੰਡੇ ਦੇ  ਘਰ ਪੁੱਜਦੇ ਰਹੇ । 

ਆਖਿਰ ਕਿਰਨ ਦਾ ਵਿਆਹ ਰੱਖ ਦਿੱਤਾ ਤੇ ਕਿਰਨ ਵਿਆਹ ਕਰਾਉਣ ਇੰਡੀਆ ਆ ਗਈ।ਵਿਆਹ ਦੀ ਸਾਰੀ ਖ਼ਰੀਦੋ ਫਰੋਖਤ ਖ਼ੁਸ਼ੀ ਖ਼ੁਸ਼ੀ ਕਰੀ ਗਈ।ਅਜੇ ਵਿਆਹ 'ਚ ਦਸ ਕੁ ਦਿਨ ਬਾਕੀ ਸਨ ਤਾਂ ਮੁੰਡੇ ਦੇ ਮਾਂ ਪਿਉ ਕਿਰਨ ਦੇ  ਘਰ ਆ ਕੇ ਕਹਿਣ ਲੱਗੇ, ਸਾਡਾ ਮੁੰਡਾ ਇਸ ਰਿਸ਼ਤੇ ਤੋਂ ਰਾਜ਼ੀ ਨਹੀਂ  ਹੈ ਤੇ ਤੁਸੀਂ ਕਿਰਨ ਦਾ ਵਿਆਹ ਕਿਤੇ ਹੋਰ ਕਰ ਦਿਓ।

ਅਚਾਨਕ ਇਸ ਰਿਸ਼ਤੇ ਦਾ ਰੰਗ ਕਿਵੇਂ ਬਦਲ ਗਿਆ?ਇਹ ਸੋਚ ਕੇ ਪਰਿਵਾਰ ਤੇ ਰਿਸ਼ਤੇਦਾਰ ਸਭ ਨਿਰਾਸ਼ਤਾ ਵਿੱਚ ਸਨ ।ਅੰਤ ਦੋਨਾਂ ਧਿਰਾਂ ਦੀਆਂ ਪੰਚਾਇਤਾਂ ਦੀ ਹਾਜ਼ਰੀ ਵਿੱਚ ਕਿਰਨ ਤੇ ਮੁੰਡੇ ਦੇ ਵਿਚਾਰ ਸੁਣੇ ਗਏ ।ਜੁਆਕਾਂ ਵਾਲੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਦੋਨਾਂ ਦੇ ਮਨਾਂ ਵਿੱਚ ਐਨੀ ਨਫ਼ਰਤ ਭਰ ਦਿੱਤੀ ਸੀ ਕੇ ਹੁਣ ਉਹਨਾਂ ਨੇ ਅਲੱਗ ਹੋਣ ਦਾ ਪੱਕਾ ਮਨ ਬਣਾ ਲਿਆ ਸੀ ਕਿਉਂਕੇ ਕਈ ਕਈ ਘੰਟੇ ਹੁੰਦੀਆਂ ਫੋਨ 'ਤੇ ਗੱਲਾਂ ਨਾਲ ਰਿਸ਼ਤਾ ਬੇਰਸੀ ਨਾਲ ਅਜਿਹਾ ਤਿੜਕਿਆ ਕਿ ਟੁੱਟ ਹੀ ਗਿਆ।ਹੁਣ ਦੋਨਾਂ ਧਿਰਾਂ  ਦੀਆਂ ਪੰਚਾਇਤਾਂ ਰਾਹੀਂ ਸਾਰੇ ਖ਼ਰਚੇ ਦਾ ਹਿਸਾਬ ਕਿਤਾਬ ਤੇ ਗਿਫਟਾਂ ਦੇ ਜੋੜ ਘਟਾਓ ਕਰ ਮਲਕੀਤ ਵੱਲੋਂ ਸਤਾਰਾਂ ਲੱਖ ਮੁੰਡੇ ਵਾਲਿਆਂ ਨੂੰ ਦੇਣਾ ਕਹਿ ਅੰਤਿਮ ਫ਼ੈਸਲਾ ਨਿਬੇੜ ਦਿੱਤਾ।

ਅੱਜ ਟੈਂਨਸ਼ਨਾਂ ਦਾ ਮਾਰਿਆ ਮਲਕੀਤ ਮਾਂ ਦੀਆਂ ਕਹੀਆਂ ਗੱਲਾਂ ਯਾਦ ਕਰਕੇ ਪਸਚਾਤਾਪ ਕਰਦਾ ਅਪਣੀ ਘਰ ਵਾਲੀ ਕੋਲ ਕਲਪਦਾ ਹੋਇਆ ਕਹਿ ਰਿਹਾ ਸੀ , ਬੀਬੀ ਨੂੰ ਅਨਪੜ੍ਹ ਸੋਚ ਦੀ ਮਾਲਿਕ ਕਹਿਣ ਵਾਲੇ ਅੱਜ ਆਧੁਨਿਕ ਹੋ ਕੇ ਆਪੋ ਆਪਣੇ ਕਮਰਿਆਂ ਵਿੱਚ ਕਿਉਂ ਹੰਝੂ ਕੇਰਦੇ  ਓ ?? ਕੱਚੇ ਸਾਕਾਂ ਦੀਆਂ ਕੱਚੀਆਂ ਤੰਦਾਂ ਨੂੰ ਕੱਚੀ ਉਮਰ ਦੀ ਨਿਆਣੀ ਮੱਤ ਨੇ ਖੇਰੂੰ ਖੇਰੂੰ ਕਰ ਦਿੱਤਾ ਸੀ ...!

ਨਮੋਸ਼ੀ ਦਾ ਮਾਰਿਆ ਮਲਕੀਤ ਆਵਦੀ ਮਾਂ ਕੋਲ ਬੇਵੱਸੀ ਜ਼ਾਹਿਰ ਕਰਦਾ, ਸਿਰ ਸੁੱਟੀ ਬੈਠਾ ਅਪਹੁਦਰੀਆਂ ਕੀਤੀਆਂ ਦਾ ਦੁੱਖ ਭੋਗ ਰਿਹਾ ਸੀ.. ! ਸਿਆਣਿਆਂ ਦੇ ਕਹੇ ਦਾ ਅਤੇ ਔਲੇ ਦੇ ਖਾਧੇ ਦਾ 
ਤੇ ਪਿੱਛੋਂ ਪਤਾ ਲੱਗਦਾ ....ਇਹ ਸੱਚ ਹੈ .. !!

 

PunjabKesari

'ਅਸੀਂ ਕਿੱਧਰ ਨੂੰ ਜਾ ਰਹੇ ਹਾਂ' ?

ਅੱਜ ਦੁਪਹਿਰ ਸਵਾ ਕੁ ਤਿੰਨ ਵਜੇ ਮੈਂ ਘਰ ਦੇ ਬਾਹਰ  ਬਹੁਤ ਡਰਾਉਣੀਆਂ ਅਵਾਜ਼ਾਂ ਸੁਣੀਆਂ ਤੇ ਡਰਾਉਣੀ ਓਪਰੀ ਜਿਹੀ ਆਵਾਜ਼ ਸੁਣ ਗੇਟ ਦੇ ਬਾਹਰ ਵੇਖਣ ਲੱਗੀ ।ਮੇਰੇ ਘਰ ਦੇ ਮੂਹਰ ਦੀ  ਲੰਘਦੀ ਲਿੰਕ ਰੋਡ ਜੋ ਬਹੁਤ ਚੱਲਦੀ ਹੈ, ਉਸ ਦੇ ਇੱਕ ਪਾਸੇ ਗਲੀ ਵਿੱਚ ਇੱਕ ਖ਼ਤਰਨਾਕ ਕਿਸੇ ਦਾ ਪਾਲਤੂ ਨਸਲੀ ਛੱਡਿਆ ਕੁੱਤਾ ਡਰਾਉਣੀਆਂ ਅਵਾਜ਼ਾਂ ਕੱਢ ਰਿਹਾ ਸੀ ਅਤੇ ਦੂਸਰੇ ਪਾਸੇ ਖੜੀ ਸੱਠ ਕੁ ਸਾਲਾ ਘਰਾਂ ਵਿੱਚ ਕੰਮ ਕਰਨ ਵਾਲੀ ਮਾਤਾ ਥੋੜ੍ਹੀ  ਦੂਰੀ 'ਤੇ ਖੜੀ ਹਰ ਰਾਹਗੀਰ ਨੂੰ ਲੰਘਣ ਦੀ ਮਦਦ ਕਰ ਰਹੀ ਸੀ । ਮੋਟਰਸਾਇਕਲ, ਗੱਡੀਆਂ, ਕਾਰਾਂ, ਟਰੈਕਟਰ ਅਣਗੌਲਿਆ ਕਰਕੇ  ਲੰਘ ਰਹੇ ਸਨ ਤੇ ਉਹ ਮਾਤਾ ਦੇ ਕਹਿਣ 'ਤੇ ਵੀ ਕੋਈ ਨਾ ਰੁਕਿਆ ..? ਜਿਉਂ ਹੀ ਮਾਤਾ ਨੇ ਮੈਨੂੰ ਵੇਖਿਆ ਤਾਂ ਮਾਤਾ ਕਹਿਣ ਲੱਗੀ ,”ਪੁੱਤ ਮੇਰੀ ਕੋਈ ਗੱਲ ਈ ਨੀ ਸੁਣਦਾ ,? “ਮੈਨੂੰ ਆਵਦੇ ਘਰ ਵਿੱਚ ਦੀ ਲੰਘਾਅ “ ਪੁੱਤ! ਮੈਂ ਅੱਧੇ ਘੰਟੇ ਦੀ ਖੜ੍ਹੀ ਰੌਲਾ ਪਾਈ ਜਾਨੀ ਆਂ  ,ਕੋਈ ਘਰੋਂ ਬਾਹਰ ਨੀ ਨਿਕਲਦਾ “ ਮੱਦਤ ਨੂੰ “ਉਹ ਕੁੱਤਾ ਪੂਰੇ  ਵੱਢਣ ਦੀ ਨੀਯਤ ਨਾਲ ਭੱਜ ਕੇ ਆਇਆ ਤੇ ਮੈਂ ਮਾਤਾ ਨੂੰ ਖਿੱਚ ਕੇ ਘਰ ਦੇ ਅੰਦਰ ਕੀਤਾ ਅਤੇ ਬੜੀ ਫੁਰਤੀ ਨਾਲ ਗੇਟ ਬੰਦ ਕਰ ਲਿਆ ..  ! 

ਪੋਚੇ ਲਾ ਕੇ ਮਾਤਾ ਦੀ ਕਮਾਈ ਹੱਥ 'ਤੇ ਰੱਖੀ ਰੋਟੀ ਤੇ ਸਬਜ਼ੀ ਭੁੱਜੇ ਡਿੱਗਣ ਨਾਲ ਡੁੱਲ੍ਹ ਗਈ । “ਚੱਲ ਕੋਈ ਨੀ ਬਚਗੀ ” ਕਹਿ ਮਾਤਾ ਨੇ ਅਸੀਸਾਂ ਦੀ ਝੜ੍ਹੀ ਲਾ ਦਿੱਤੀ ..।
 “ਪੁੱਤ !ਇਹਨੇ ਤਾਂ ਮੈਨੂੰ ਖਾਹ ਈ ਜਾਣਾ ਸੀ ,ਜੇ ਤੂੰ ਨਾ ਆਂਉਦੀ ਤਾ ਮੈਨੂੰ ਤੱਤੜੀ ਨੂੰ ਕੀਹਨੇ ਬਚਾਉਣਾ ਸੀ'' ??“ਮੇਰਾ ਤਾਂ ਕੋਈ ਸਾਂਮਣ ਵਾਲਾ ਵੀ ਹੈਨੀ ,ਆਪੇ ਹੱਥ ਪੈਰ ਮਾਰ ਕੇ ਰੋਟੀ ਖਾਂਦੀ ਆਂ ਧੀਏ ਦੋ ਵੇਲ੍ਹਿਆਂ ਦੀ'

ਮਾਤਾ ਨੂੰ ਘਰੋਂ ਰੋਟੀ ਦੇ ਕੇ  ਦੂਜੇ ਗੇਟ ਲੰਘਾ ਦਿੱਤਾ ਤੇ ਮੇਰੀ ਚੈਨ ਖੋਹੀ ਗਈ ਅਤੇ ਧੜਕਨ ਬੇਕਾਬੂ ਚੱਲ ਰਹੀ ਸੀ  ..ਸਵਾਲ ਹੀ ਸਵਾਲ ਮਨ ਵਿੱਚ ਆਉਣ ਲੱਗੇ ...?? 
ਆਂਢ-ਗੁਆਂਢ ਅਤੇ ਰਾਹਗੀਰਾਂ ਦੀ ਮਾਨਸਿਕਤਾ 'ਤੇ ਬਹੁਤ ਤਰਸ ਆਇਆ ।ਜਿੱਥੇ ਮਾਤਾ ਖੜੀ ਮਦਦ ਪੁਕਾਰ ਰਹੀ ਸੀ ,ਉਹ ਗੁਰੂਦੁਆਰੇ ਦਾ ਚੁਫੇਰਾ ਸੀ ਤੇ ਘਰਾਂ ਨਾਲ ਜੁੜੇ ਘਰ, ਸੰਘਣੀ ਆਬਾਦੀ ,ਸੇਠ ਦੀ ਦੁਕਾਨ ਵਿੱਚ ਜੁੜਦੀ ਸੱਥ ,ਗੁਰਦੁਆਰੇ ਹੁੰਦੇ ਰੋਜ਼ ਅਖੰਡ-ਪਾਠ ,ਕੀਰਤਨ ਤੇ ਕਥਾਵਾਂ ਯਾਦ ਆ ਗਈਆਂ । ਰੋਜ਼ਾਨਾ ਗੁਰੂ ਗਰੰਥ ਸਾਹਿਬ ਦੇ ਦਰਸ਼ਨਾ ਦੀ ਅਮ੍ਰਿੰਤ ਵੇਲੇ ਬਿਨ੍ਹ ਨਾਗਾ ਜੁੜਦੀ ਸੰਗਤ ਤੋਂ ਵਿਸ਼ਵਾਸ਼  ਪੂਰੀ ਤਰ੍ਹਾਂ ਉੱਠ ਗਿਆ । 

ਸਾਡਾ ਮਹਿੰਗੇ ਰੁਮਾਲਿਆਂ ਥੱਲ੍ਹੇ ਲਪੇਟ ਕੇ “ਸ਼ਬਦ ਗੁਰੂ ,ਸ੍ਰੀ ਗੁਰੂ ਗਰੰਥ ਸਾਹਿਬ ਜੀ “ਤੇ ਕਿੰਨਾ ਕੁ ਅਮਲ ਹੈ ?? 
ਕੀ ਅਸੀਂ ਇਨਸਾਨ ਬਣ ਗਏ ਹਾਂ ??ਅਸੀਂ ਲਾਹਨਤੀਆਂ ਨੇ ਕਦੇ ਪਰਦਾ ਚੁੱਕ  ਕੇ ਵੇਖਿਆ ਹੀ ਨਹੀਂ , ਕੇ ਗੁਰੂ ਜੀ ਕੀ ਸੰਦੇਸ਼ ਦਿੰਦੇ ਹਨ ?ਸਿਰਫ ਇਹੀ ਸਿੱਖਿਆ ਹੈ , ਕੇ ਬਸ ਰੱਬ ਪੱਥਰ ਦੀਆਂ ਕੰਧਾਂ ਵਿੱਚ ਮੌਜੂਦ ਹੈ , ਰੱਬ ਨੂੰ ਚੜਾਵਿਆਂ ਦੀ ਲੋੜ ਹੈ ,ਰੱਬ ਵੀ ਸਾਡੇ ਵਾਂਗ ਵਾਹ-ਵਾਹ ਪਸੰਦ ਕਰਦਾ ਹੈ .. ਸ਼ਾਇਦ ..!!ਰੱਬ ਦੇ ਬਣਾਏ ਇਨਸਾਨਾਂ ਵਿੱਚ ਮੌਜੂਦ ਕਦੇ ਨਜ਼ਰ ਹੀ ਨਹੀਂ ਆਇਆ ??ਕਿੱਡੇ  ਭੁਲੇਖੇ ਵਿੱਚ ਹਾਂ , ਅਸੀਂ ਬਣਾਉਟੀ ਲੋਕ ਜੋ ਖੁਦ ਨੂੰ ਰੱਬ ਸਮਝਦੇ ਹਾਂ ।ਕਦੇ ਸ਼ਾਇਦ ਇਸੇ ਤਰ੍ਹਾਂ ਹੀ ਖੂੰਖਾਰ  ਕੁੱਤਿਆਂ ਨੇ ਬਜ਼ੁਰਗ ਤੇ ਬੱਚੇ ਨੋਚ ਨੋਚ ਖਾਧੇ ਹੋਣਗੇ , ਜਿਹੜੇ ਰੋਜ਼ਾਨਾ ਖ਼ਬਰਾਂ ਦਾ ਸ਼ਿੰਗਾਰ ਬਣਦੇ ਹਨ।ਸੜਕਾਂ ਤੇ ਕਈ ਵਾਰ ਐਕਸੀਡੈਂਟ ਨਾਲ ਰਾਹਗੀਰ ਕੁਰਲਾ ਰਹੇ ਹੁੰਦੇ ਹਨ ਤੇ ਅਸੀਂ ਛੂੰ ਕਰਕੇ ਕੋਲ ਦੀ ਲੰਘ ਜਾਂਦੇ ਹਾਂ .. ਇਸੇ ਤਰ੍ਹਾਂ ਹੀ .. !!ਕਈ ਵਾਰ  ਕੋਈ ਬਜ਼ੁਰਗ ਲਵਾਰਿਸ ਮੁਸੀਬਤ ਨਾਲ ਤੜਫ ਰਿਹਾ ਹੁੰਦਾ ਹੈ..ਤੇ ਕਈ ਵਾਰ ਕਿਸੇ ਦੀ ਬੱਚੀ ਨਾਲ  ਵਧੀਕੀ ਹੋ ਰਹੀ ਹੁੰਦੀ ਹੈ ਤੇ ਕਈ ਵਾਰ ਮਾਂ ਬਾਪ ਨੂੰ ਘਰੋਂ ਕੱਢ ਰਹੇ ਹੁੰਦੇ ਹਾਂ ... ??ਹੋਰ ਵੀ ਅਜਿਹੇ ਦਿਲ ਕੰਬਾਊ ਬੜੇ ਵਰਤਾਰੇ ਹਨ ਸਾਡੀ ਮਾਨਸਿਕਤਾ ਅੰਦਰ ...??

ਇਹ ਸਭ ਕੁਝ ਵੇਖ ਕੇ ਸਾਡੇ ਕੰਨ ਬੰਦ ਹੋ ਜਾਂਦੇ ਹਨ ,ਅੱਖਾਂ ਅੰਨ੍ਹੀਆਂ ਹੋ ਜਾਂਦੀਆਂ ਹਨ ਜ਼ੁਬਾਨ ਗੂੰਗੀ ਹੋ ਜਾਂਦੀ ਹੈ। ਰੱਬ ਦਾ ਵਾਸ ਪਤਾ ਨਹੀਂ ਕਿਹੜੀ ਦਿਸ਼ਾ ਵਿੱਚ ਨਜ਼ਰ ਆਉਣ ਲੱਗਦਾ ਹੈ ...ਜਦੋਂ ਇਹ ਸਭ ਵਾਪਰ ਰਿਹਾ ਹੁੰਦਾ ਹੈ ..?ਪਰ ਘਟਨਾ ਘਟਣ ਤੋਂ ਥੋੜ੍ਹੇ ਚਿਰ ਬਾਅਦ ਅਸੀਂ ਭੀੜ ਵਿੱਚ ਰਲ ਕੇ ਹਾਅ ਦਾ ਨਾਅਰਾ ਵੀ ਮਾਰ ਰਹੇ ਹੁੰਦੇ ਹਾਂ ..ਤਰ੍ਹਾਂ ਦੀਆਂ ਸਲਾਹਾਂ ਕੇ ਦੁੱਖ ਪ੍ਰਗਟ ਕਰ ਰਹੇ ਹੁੰਦੇ ਹਾਂ । ਉਦੋਂ ਕਿੱਧਰੇ ਲੁਕੋਇਆ ਰੱਬ ਬਾਹਰ ਕੱਢ ਲੈਂਦੇ ਹਾਂ .. ਸ਼ਾਇਦ!!

ਸਾਡਾ ਰੋਜ਼ਾਨਾ ਦਾ ਵਰਤਾਰਾ  ਨਿੱਕੀਆਂ ਨਿੱਕੀਆਂ ਗੱਲਾਂ ਨਾਲ ਆਪ ਮੁਹਾਰੇ ਹੀ ਝਲਕ ਪੈਂਦਾ ਹੈ ..  ਅਸੀਂ ਵਿਖਾਵੇ ਦੀ ਦੁਨੀਆਂ ਵਿੱਚ ਅਸਲੀਅਤ ਤੋਂ ਕੋਹਾਂ ਦੂਰ ਹੋ ਕੇ ਦੂਹਰੇ ਕਿਰਦਾਰਾਂ ਦੀ ਜ਼ਿੰਦਗੀ ਜਿਉਣ ਦੇ ਆਦੀ ਹੋ ਗਏ ਹਾਂ ..!!ਪਰ ਨਾਲ ਨਾਲ ਅਸੀਂ ਗੁਰਦੁਆਰੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਹਾਂ .. ਜੋੜੇ ਝਾੜਦੇ ਹਾਂ ,ਲੰਗਰ ਲਾਉਂਦੇ ਹਾਂ , ਖੁਦ ਲਈ ਪਦਾਰਥਾਂ ਦੀਆਂ ਲੰਮੀਆਂ ਅਰਦਾਸਾਂ ਕਰਦੇ ਹਾਂ , ਪਰ ਲੋੜਵੰਦ ਦੀ ਸਹਾਇਤਾ ਵੇਲੇ ਰੱਬ ਨਜ਼ਰ ਨਹੀਂ ਆਉਦਾ ਸਾਨੂੰ .. !!ਕਦੇ ਨਹੀਂ ਭੁੱਲਣਾ ਚਾਹੀਦਾ .. ਇਹਨਾਂ ਸਭ ਤੋਂ ਅੱਗੇ ਬਹੁਤ ਬਹੁਤ ਕੁਝ ਹੈ ਇਨਸਾਨ ਬਣਨ ਲਈ ..ਆਪਾ ਮਾਰਨਾ ਪੈਂਦਾ ... ਆਪਾ ਵਾਰਨਾ ਪੈਂਦਾ .. ??

ਅੰਤ “ਸ਼ਬਦ ਗੁਰੂ “ਤੋਂ ਸਿੱਖਣਾ ਪਵੇਗਾ .. “ਗੁਰੂ ਸ਼ਬਦ “ਨੂੰ ਵਿਚਾਰਨਾ ਪਵੇਗਾ ਤੇ ਅਮਲ ਵਿੱਚ ਲਿਆਉਣਾ ਪਵੇਗਾ ਇਕੱਲੇ ਸੀਸ ਝੁਕਾਉਣ ਨਾਲ ਗੱਲ ਨਹੀਂ ਬਣਨੀ ..ਤਾਂ ਹੀ ਅਸੀਸਾਂ  ਦੇ ਭਾਗੀਦਾਰ ਬਣ ਸਕਦੇ ਹਾਂ ..ਅਪਾਰ ਰੱਬੀ ਰਹਿਮਤਾਂ ਨਾਲ ਝੋਲੀਆਂ ਭਰ ਸਕਦੇ ਹਾਂ .. ਇਨਸਾਨੀਅਤ ਦੇ ਰਾਹ ਤੇ .. !!
ਭਟਕਣਾ 'ਚੋਂ ਨਿਕਲਣ ਦਾ ਇੱਕੋ ਰਸਤਾ ਸੱਚ ਵਿੱਚ ਹੋ ਕੇ ਜਿਉਣਾ , ਵਿਚਰਨਾ ਤੇ ਬੇਨਕਾਬ ਹੋਣਾ .. !!

ਰਾਜਵਿੰਦਰ ਕੌਰ ਵਿੜਿੰਗ
ਪਿੰਡ ਦੀਪ ਸਿੰਘ ਵਾਲਾ 
ਫਰੀਦਕੋਟ


Harnek Seechewal

Content Editor

Related News