ਕਹਾਣੀਨਾਮਾ ''ਚ ਪੜ੍ਹੋ ਦੋ ਮਿੰਨੀ ਕਹਾਣੀਆਂ ''ਪਛਤਾਵਾ'' ਅਤੇ ''ਅਸਲ ਕਾਰਨ''

05/09/2022 4:09:35 PM

ਪਛਤਾਵਾ
ਲੰਮੇ ਸਮੇਂ ਬਾਅਦ ਅਸੀਂ ਕਾਕੂ ਦੇ ਘਰ ਇਕੱਠੇ ਹੋਏ, ਬੰਤੋ ਤਾਈ ਵੀ ਸਾਡੇ ਕੋਲ ਆ ਕੇ ਬੈਠ ਗਈ । ਅਸੀਂ ਤਾਂ ਸਾਰੇ ਦੋਸਤ ਘਰੇਲੂ ਗੱਲਾਂ ਹੀ ਕਰ ਰਹੇ ਸਾਂ ਪਰ ਸਾਡੇ ਕੋਲ ਬੈਠੀ ਤਾਈ ਆਂਢ-ਗੁਆਂਢ ਦੀਆਂ ਨੂੰਹ-ਸੱਸ ਤੇ ਉਨ੍ਹਾਂ ਦੇ ਰਿਸ਼ਤੇਦਾਰੀ ਦੀਆਂ ਗੱਲਾਂ ਸੁਣਾ ਕੇ ਦੋਸਤਾਂ ਦੇ ਢਿੱਡੀ ਪੀੜਾਂ ਪਾ ਰਹੀ ਸੀ। ਮੈਂ ਤਾਂ ਇਹ ਸਭ ਸੁਣ ਕੇ ਖ਼ੁਸ਼ ਹੋਣ ਦੀ ਬਜਾਏ ਖਾਮੋਸ਼ ਜਿਹਾ ਹੋ ਗਿਆ, ਮੇਰੇ ਚੁੱਪ ਹੋਣ ਕਰਕੇ ਤਾਈ ਬੋਲੀ, ਤੈਨੂੰ ਕੀ ਹੋਇਆ, ਕਾਕਾ? 

ਤਾਈ ਕੁੱਝ ਨਹੀਂ ਬਸ ਸੋਚ ਰਿਹਾ ਸੀ, ਜੇਕਰ ਇਹ ਚੁਗਲੀਆਂ ਦਾ ਸਿਲਸਲਾ ਨਾ ਰੁਕਿਆ ਤਾਂ ਕਈਆਂ ਦੇ ਘਰ ਤਾਈ, ਤੁਹਾਡੇ ਵਰਗੀਆਂ ਹੋਰ ਬੀਬੀਆਂ ਨੇ ਬਰਬਾਦ ਕਰ ਦੇਣੇ ਨੇ, ਤੇ ਚੁਗਲੀਆਂ ਸੁਣਨ ਵਾਲਿਆਂ ਦੇ ਘਰ ਵੀ ਆਖ਼ਰ ਇਨ੍ਹਾਂ ਨੇ ਪਹੁੰਚ ਕਰਨੀ ਏ, ਪੁੱਤ ਮੈਂ ਕੀ ਤੈਨੂੰ ਏਦਾਂ ਦਾ ਕਿਹਾ ? ਮੈਨੂੰ ਕੁੱਝ ਨਹੀਂ ਕਿਹਾ ਤਾਈ ਜੀ ,ਪਰ ਜਿਨ੍ਹਾਂ ਪਰਿਵਾਰਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ ? ੳਨ੍ਹਾਂ ਪਰਿਵਾਰਾਂ ਵਲੋਂ ਹਮੇਸ਼ਾ ਤਹਾਡੀ ਮਦਦ ਕੀਤੀ ਗਈ, ਤੁਸੀਂ ਉਨ੍ਹਾਂ ਪਰਿਵਾਰਾਂ ਦਾ ਧੰਨਵਾਦ ਤਾਂ ਕੀ ਕਰਨਾ, ਸਗੋਂ ਮੇਰੇ ਸਾਹਮਣੇ ਊਲ-ਜਲੂਲ਼ ਬੋਲ ਕੇ ਬੇ-ਵਜ੍ਹਾ ਉਨ੍ਹਾਂ ਪਰਿਵਾਰਾਂ ਦੀ ਬਦਨਾਮੀ ਕਰਦੇ ਹੋ, ਤਸੀਂ ਤਾਂ ਉਨ੍ਹਾਂ ਦੇ ਹੱਥ ਉਧਾਰ ਲਏ ਪੈਸੇ ਵੀ ਕਾਫ਼ੀ ਲੰਮੇ ਸਮੇਂ ਤੋਂ ਦੇਣੇ ਨੇ, ਤੁਸੀਂ ਮੈਨੂੰ ਕੋਈ ਇੱਕ ਵੀ ਕਾਰਨ ਦੱਸ ਸਕਦੇ ਹੋ, ਤੁਸੀਂ ਇਹ ਸਭ ਕੁੱਝ ਕਿਉਂ ਕਰ ਰਹੇ ਹੋ, ਕੀ ਤੁਹਾਡੇ ਉਨ੍ਹਾਂ ਨੇ ਕੋਈ ਪੈਸੇ, ਜ਼ਮੀਨ ਦਾ ਧੋਖਾ ਕੀਤਾ? ਤਾਈ ਖਾਮੋਸ਼ ਸੀ, ਸ਼ਾਇਦ ਉਸ ਕੋਲ ਇਨ੍ਹਾਂ ਗੱਲਾਂ ਦਾ ਜਵਾਬ ਨਹੀਂ ਸੀ।    

ਸਗੋਂ ਮੈਂ ਇਹ ਗੱਲ ਵੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਸਾਰੀਆਂ ਕਹਾਣੀਆਂ ਤੁਹਾਡੀਆਂ ਮਨਘੜ੍ਹਤ ਨੇ, ਹੁਣ ਤਾਈ ਦੇ ਮੂੰਹ 'ਤੇ ਤਰੇਲੀਆਂ ਆ ਗਈਆਂ ਸਨ, ਤੇ ਸਾਰਾ ਸਰੀਰ ਡਰ ਨਾਲ ਕੰਬ ਰਿਹਾ ਸੀ ਤੇ ਅੱਖਾਂ ਪਾਣੀ ਨਾਲ ਭਰ ਗਈਆਂ। ਕੋਲ ਬੈਠੇ ਦੋਸਤ ਮੈਨੂੰ ਝਿੜਕਣ ਲੱਗ ਪਏ, ਤੂੰ ਤਾਈ ਨੂੰ ਗ਼ਲਤ ਕਿਹਾ, ਤੈਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ, ਸਾਡੇ ਤੋਂ ਉਹ ਕਿੰਨੇ ਵੱਡੇ ਨੇ, ਤੈਨੂੰ ਮਾਫ਼ੀ ਮੰਗਣੀ ਚਾਹੀਦੀ ਹੈ । 

ਪਰ ਤਾਈ ਨੇ ਆਪਣੀਆਂ ਅੱਖਾਂ ਪੂੰਝੀਆਂ ਤੇ ਡੁਸਕਦੀ ਅਵਾਜ਼ ਵਿੱਚ ਕਿਹਾ, “ਨਹੀਂ ਪੁੱਤਰ, ਤੁਸੀਂ ਗ਼ਲਤ ਹੋ, ਸਾਰੇ ਇੱਕ ਦੂਸਰੇ ਵੱਲ ਦੇਖਣ ਲੱਗ ਪਏ। ਤਾਈ ਨੇ ਆਪਣੇ ਆਪ ਨੂੰ ਸਾਂਭਿਆਂ ਤੇ ਬੋਲੀ,  ਇਹ ਕਾਕਾ ਜੋ ਕਹਿ ਰਿਹਾ ਏ ਬਿਲਕੁਲ ਠੀਕ ਏ , ਮੈਂ ਬਹੁਤ ਵੱਡੀ ਗ਼ਲਤੀ ਹਮੇਸ਼ਾ ਲਗਾਤਾਰ ਕਰ ਰਹੀ ਸਾਂ, ਅੱਜ ਮੇਰੀਆਂ ਅੱਖਾਂ ਇਸ ਨੇ ਖੋਲ੍ਹ ਕੇ ਰੱਖ ਦਿੱਤੀਆਂ ਨੇ,  ਮੈਨੂੰ ਕਿਸੇ ਨੇ ਸਮਝਾਇਆ ਨਹੀਂ, ਸਗੋਂ ਮੇਰੇ ਕੋਲੋ ਡਰਦੇ, ਮੇਰੇ ਝੂਠ ਨੂੰ ਹਮੇਸ਼ਾ ਸੱਚ ਸਮਝਦੇ ਰਹੇ, ਮੈਂ ਹਮੇਸ਼ਾ ਦੂਸਰਿਆਂ ਦੀਆਂ ਸੱਥਾਂ ਵਿੱਚ ਬੈਠ ਕੇ ਚੁਗਲੀਆਂ ਕਰਦੀ ਰਹਿੰਦੀ, ਸਗੋਂ ਉਨ੍ਹਾਂ ਪਰਿਵਾਰਾਂ ਨੇ ਹਮੇਸ਼ਾ ਮੇਰੀ ਮਦਦ ਵੀ ਕੀਤੀ, ਪੁੱਤ ਤੂੰ ਠੀਕ ਕਿਹਾ ਜਦੋਂ ਕੋਰੋਨਾ ਸੀ ਤਾਂ ਮੇਰੇ ਕੋਲ ਆਟਾ ਵੀ ਨਹੀਂ ਸੀ, ਇਨ੍ਹਾਂ ਪਰਿਵਾਰਾਂ ਨੇ ਮੇਰੀ ਬਹੁਤ ਮਦਦ ਕੀਤੀ ,ਮੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ, ਪਰ ਅੱਜ ਤੋਂ ਪੁੱਤ ਮੈਂ ਕਦੇ ਵੀ ਕਿਸੇ ਦੀ ਨਿੰਦਿਆਂ ਜਾਂ ਚੁਗਲੀ ਨਹੀਂ ਕਰਾਂਗੀ।” ਤਾਈ ਕੋਲੋਂ ਹੋਈ ਗ਼ਲਤੀ ਦਾ ਪਛਤਾਵਾ ਉਸ ਦੀਆਂ ਅੱਖਾਂ ਵਿੱਚੋਂ ਸਾਫ਼ ਝਲਕ ਰਿਹਾ ਸੀ।  

-----
 ਅਸਲੀ ਕਾਰਨ
                                   
ਕਈ ਸਾਲਾਂ ਤੋਂ ਬੰਤੋ ਤਾਈ, ਘਰ ਵਿੱਚ ਇਕੱਲੀ ਰਹਿੰਦੀ ਸੀ। ਆਪ ਤੇ ਦੂਸਰਿਆਂ ਨੂੰ ਖੁਸ਼ ਰੱਖਣਾ ਉਸ ਦਾ ਸੁਭਾਅ ਸੀ। ਸਾਰਾ ਦਿਨ ਹਸੂੰ- ਹਸੂੰ ਕਰਦੀ ਹਰ ਇੱਕ ਨੂੰ ਖਿੜ੍ਹੇ ਮੱਥੇ ਮਿਲਦੀ ,ਇਸੇ ਕਰਕੇ ਹਰ ਵੇਲੇ ਉਸ ਕੋਲ ਕੋਈ ਨਾ ਕੋਈ ਆ ਕੇ ਬੈਠਾ ਰਹਿੰਦਾ, ਪਰ ਹੁਣ ਕਈ ਦਿਨਾਂ ਤੋਂ ਤਾਈ ਬੇਚੈਨ ਰਹਿਣ ਲੱਗੀ, ਉਸ ਦੇ ਘਰ ਨੂੰ ਵੀ ਹਮੇਸ਼ਾ ਜਿੰਦਾ ਲੱਗਾ ਮਿਲਦਾ। ਆਂਢੀ-ਗੁਆਂਢੀ ਵੀ ਦੱਸਦੇ ਕਿ ਹੁਣ ਸਾਰਾ ਦਿਨ ਚੰਨੋ ਆਪਣੇ ਘਰ ਤੋਂ ਬਾਹਰ ਰਹਿੰਦੀ ਏ, ਘਰ ਆਉਦੇਂ ਸਾਰ ਹੀ ਉਸ ਦਾ ਦਿਲ ਘਬਰਾਉਣ ਲੱਗ ਪੈਂਦਾ ਏ,ਸਗੋਂ ਆਪਣੇ ਘਰ ਵੀ ਕਿਸੇ ਨੂੰ ਬੈਠਣ ਲਈ ਨਾ ਕਹਿੰਦੀ।

ਲੋਕਾਂ ਦੇ ਮਨਾਂ ਵਿੱਚ ਵਹਿਮ ਆ ਗਿਆ ਕਿ ਤਾਈ ਦੇ ਘਰ ਵਿੱਚ ਭੂਤ ਪਰੇਤ ਦਾ ਵਾਸਾ ਏ। ਪਰ ਤਾਈ ਚੇਲਿਆਂ ਚਪਟਿਆਂ ਤੋਂ ਤਾਂ ਪਹਿਲਾਂ ਹੀ ਬਹੁਤ ਖ਼ਫ਼ਾ ਸੀ, ਜੇ ਕੋਈ ਗੱਲ ਵੀ ਕਰਦਾ ਤਾਂ ਉਸ ਨੂੰ ਟੁੱਟ ਕੇ ਪੈ ਜਾਂਦੀ ਕਿਉਂਕਿ ਇਨ੍ਹਾਂ ਅੰਧ-ਵਿਸ਼ਵਾਸਾਂ ਤੋਂ ਤਾਂ ਉਹ ਖ਼ੁਦ ਦੂਸਰਿਆਂ ਨੂੰ ਦੂਰ ਰਹਿਣ ਦੀ ਹਮੇਸ਼ਾ ਸਿੱਖਿਆ ਦਿੰਦੀ ਸੀ, ਇਸੇ ਕਰਕੇ ਤਾਈ ਦੀਆਂ ਸਹੇਲੀਆਂ ਕਈ ਸਿਆਣੇ ਬਾਬਿਆਂ ਕੋਲ ਜਾ ਕੇ ਪੁੱਛਾਂ ਪੁਵਾ ਕੇ ਤਾਈ ਦੇ ਘਰ ਤੋਂ ਬਾਹਰ ਰਹਿਣ ਦਾ ਕਾਰਨ ਅਤੇ ਘਰ ਵਿੱਚ ਆਉਣ 'ਤੇ ਦਿਲ ਘਬਰਾਉਣ ਦਾ ਪਤਾ ਕਰਨ ਦੀ ਨਿਰੰਤਰ ਕੋਸ਼ਿਸ ਕਰਦੀਆਂ। ਸਗੋਂ ਇਸ ਕੰਮ ਲਈ ਪੈਸੇ ਧੇਲੇ ਦੀ ਵੀ ਉਨ੍ਹਾਂ ਨੇ ਪਰਵਾਹ ਨਾ ਕੀਤੀ ਪਰ ਕਿਤੋਂ ਵੀ ਕੋਈ ਫ਼ਰਕ ਨਾ ਪਿਆ।         

ਇਸ ਗੱਲ ਦਾ ਜਦੋਂ ਪਿੰਡ ਦੇ ਮਾਸਟਰ ਨੂੰ ਪਤਾ ਲੱਗਾ ਤਾਂ ਉਸ ਨੇ ਡਾਕਟਰ ਨੂੰ ਦਿਖਾਉਣ ਬਾਰੇ ਸੋਚਿਆ। ਅਗਲੇ ਦਿਨ ਉਹ ਡਾਕਟਰ ਨੂੰ ਨਾਲ ਲੈ ਕੇ ਬੰਤੋ ਦੇ ਘਰ ਗਿਆ। ਡਾਕਟਰ ਨੇ ਸਾਰੇ ਟੈਸਟ ਕਰਵਾਏ ਪਰ ਕੋਈ ਰੋਗ ਨਾ ਲੱਭਾ।ਡਾਕਟਰ ਸੋਚਦਾ-ਸੋਚਦਾ ਮਾਸਟਰ ਜੀ ਨਾਲ ਘਰ ਤੋਂ ਬਾਹਰ ਆ ਗਿਆ। ਉਸ ਨੇ ਕੱਲ੍ਹ ਦੁਬਾਰਾ ਮਾਸਟਰ ਜੀ ਨੂੰ ਆਉਣ ਲਈ ਕਿਹਾ,ਮਾਸਟਰ ਨੇ ਪੁੱਛਿਆ ਕੇ ਕੱਲ੍ਹ ਅਸੀਂ ਆ ਕੇ ਕੀ ਕਰਾਗੇ? ਜਦੋਂ ਕਿਸੇ ਬਿਮਾਰੀ ਦਾ ਪਤਾ ਹੀ ਨਹੀਂ ਚੱਲਦਾ, ਨਹੀਂ ਮਾਸਟਰ ਜੀ ਕੱਲ੍ਹ ਅਸੀਂ ਮਾਤਾ ਜੀ ਨਾਲ ਸਿਰਫ਼ ਗੱਲਬਾਤ ਹੀ ਕਰਨੀ ਏ।ਠੀਕ ਹੈ, ਫਿਰ ਕਦੋਂ ਆਉਣਾ ਦੱਸ? ਸ਼ਾਮ ਨੂੰ ਅੱਠ ਵਜੇ। ਇਹ ਕਹਿ ਕੇ ਡਾਕਟਰ ਆਪਣੀ ਕਾਰ ਵਿੱਚ ਬੈਠ ਕੇ ਆਪਣੇ ਕਲੀਨਿਕ ਵੱਲ ਚੱਲ ਪਿਆ।

ਡਾਕਟਰ ਰਸਤੇ ਵਿੱਚ ਜਾਂਦਾ-ਜਾਂਦਾ ਸੋਚਦਾ, ਬੰਤੋ ਨੂੰ ਸ਼ਕਲ ਤੋਂ ਅਤੇ ਗੱਲਬਾਤ ਤੋਂ ਡਿਪਰੈਸ਼ਨ ਨਹੀਂ ਲੱਗਦਾ ਪਰ ਫਿਰ ਵੀ ਇਸ ਪਿੱਛੇ ਕੀ ਕਾਰਨ ਹੈ? ਸਾਰਾ ਦਿਨ ਆਪਣੇ ਘਰ ਤੋਂ ਬਾਹਰ ਠੀਕ ਰਹਿਣਾ ਅਤੇ ਘਰ ਆ ਕੇ ਹੀ ਦਿਲ ਘਬਰਾਉਣਾ, ਇਹ ਸੋਚਕੇ ਕਈ ਵਾਰੀ ਸਭ ਕੁੱਝ ਡਾਕਟਰ ਦੀ ਵੀ ਸਮਝ ਤੋਂ ਬਾਹਰ ਹੋ ਜਾਂਦਾ, ਪਰ ਯੋਜਨਾ ਅਨੁਸਾਰ ਠੀਕ ਅੱਠ ਵਜੇ ਦੋਵੇਂ ਬੰਤੋ ਦੇ ਘਰ ਪਹੁੰਚ ਗਏ। ਡਾਕਟਰ ਆਪਣੇ ਨਾਲ ਥਰਮੋਸ ਵਿੱਚ ਚਾਹ ਅਤੇ ਖਾਣ ਲਈ ਪਕੌੜੇ ਲੈ ਕੇ ਗਿਆ ਘਰ ਪਹੁੰਚ ਕੇ ਦੋਵਾਂ ਨੇ ਸਤਿ ਸ੍ਰੀ ਅਕਾਲ ਬੁਲਾਈ । ਮਾਸਟਰ ਨੇ ਬੰਤੋ ਨੂੰ ਖ਼ਾਲੀ ਕੱਪ ਲਿਆਉਣ ਲਈ ਕਿਹਾ ਅਤੇ ਦੱਸਿਆ ਕਿ ਡਾਕਟਰ ਸਾਹਿਬ ਚਾਹ ਨਾਲ ਹੀ ਲੈ ਕਿ ਆਏ ਨੇ। ਬੰਤੋ ਨੇ ਥਰਮੋਸ ਨੂੰ ਫੜ੍ਹ ਕੇ ਚਾਹ ਕੱਪਾਂ ਵਿੱਚ ਪਾਈ ਤੇ ਪਕੌੜੇ ਪਲੇਟ ਵਿੱਚ ਪਾ ਕੇ ਅੱਗੇ ਰੱਖ ਦਿੱਤੇ।

ਚਾਹ ਪੀਂਦਿਆਂ ਡਾਕਟਰ ਨੇ ਸਿਆਸੀ ਗੱਲਾਂ ਸ਼ੁਰੂ ਕਰ ਦਿੱਤੀਆਂ, ਪਰ ਡਾਕਟਰ ਦੀਆਂ ਗੱਲਾਂ ਵੱਲ ਬੰਤੋ ਦਾ ਉੱਕਾ ਹੀ ਧਿਆਨ ਨਹੀਂ ਸੀ, ਪਰ ਜਦੋਂ ਸਰਕਾਰਾਂ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਗੱਲ ਚੱਲੀ ਤਾਂ ਬੰਤੋ ਹਰ ਗੱਲ ਧਿਆਨ ਨਾਲ ਸੁਣਨ ਲੱਗੀ, ਜਦੋਂ ਬਿਜਲੀ ਦੀਆਂ ਯੂਨਿਟਾਂ ਮਾਫ਼ ਕਰਨ ਦੀ ਗੱਲ ਆਈ ਤਾਂ ਬੰਤੋ ਨੂੰ ਲੱਗਾ ਕਿ ਡਾਕਟਰ ਨੇ ਮੇਰੀ ਦੁਖਦੀ ਰੱਗ 'ਤੇ ਹੱਥ ਰੱਖਿਆ ਤੇ ਜਦੋਂ ਮਾਸਟਰ ਨੇ ਬੰਤੋ ਦੀਆਂ ਅੱਖਾਂ ਵਿੱਚੋਂ ਅੱਥਰੂਆਂ ਦਾ ਸਲਾਬ ਜਿਹਾ ਦੇਖਿਆ ਤਾਂ ਉੱਠ ਕੇ ਬੰਤੋ ਕੋਲ ਗਿਆ ਤੇ ਉਸ ਦੀਆਂ ਅੱਖਾਂ ਪੂੰਝੀਆਂ। ਉਸ ਸਮੇਂ ਤੱਕ ਡਾਕਟਰ ਨੇ ਵੀ ਬੰਤੋ ਦੀ ਬਿਮਾਰੀ ਦੀ ਜੜ੍ਹ ਫੜ੍ਹ ਲਈ, ਅਚਾਨਕ ਸਾਹਮਣੇ ਬਿਜਲੀ ਦਾ ਬਿੱਲ ਪਿਆ ਦੇਖ ਕੇ ਡਾਕਟਰ ਨੇ ਚੁੱਕਿਆ ਤੇ ਦੇਖਿਆ ਤੇ ਕਿਹਾ ਮਾਤਾ ਜੀ ਤੁਹਾਡੀਆਂ ਪਿਛਲੇ ਮਹੀਨਿਆਂ ਦੀਆਂ ਗਰਮੀਆਂ ਦੀਆਂ ਯੂਨਿਟਾਂ ਤਾਂ ਮਸਾਂ ਇੱਕ ਸੌ ਪੰਜਾਹ ਨੇ ਤੁਸੀਂ ਤਾਂ ਸਾਰਾ-ਸਾਰਾ ਦਿਨ ਵੀ ਜੇ ਪੱਖਾ ਚਲਾ ਲਓ ਤਾਂ ਵੀ ਤੁਹਾਡਾ ਬਿੱਲ ਨਹੀਂ ਆਉਣਾ, ਇਹ ਸੁਣ ਕੇ ਬੰਤੋ ਦੇ ਚਿਹਰੇ 'ਤੇ ਅਨੋਖੀ ਰੌਣਕ ਆ ਗਈ। ਹਾਏ ਮੈਂ ਤਾਂ ਐਵੇਂ ਹੀ ਲੋਕਾਂ ਦੇ ਘਰਾਂ ਵਿੱਚ ਧੱਕੇ ਖਾਂਦੀ ਰਹੀ, ਮਾਸਟਰ ਨੂੰ ਵੀ ਹੁਣ ਬੰਤੋ ਦੇ ਬਾਹਰ ਰਹਿਣ ਦੀ ਬਿਮਾਰੀ ਦੀ ਸਮਝ ਆ ਚੁੱਕੀ ਸੀ, ਤਾਈ ਦਾ ਉਹ ਹਾਸਾ ਠੱਠਾ ਦੁਬਾਰਾ ਵਾਪਿਸ ਆ ਗਿਆ। ਅੱਜ ਵੀ ਕਈ ਬਾਬੇ ਆਪਣਾ ਨਾਂ ਚਮਕਾਉਣ ਲਈ ਬੰਤੋ ਦੇ ਘਰੋਂ ਭੂਤ ਅਸਾਂ ਕੱਢਿਆ ਬਾਰੇ ਦੱਸ ਕੇ ਲੋਕਾਂ ਨੂੰ ਲੁੱਟ ਰਹੇ ਨੇ।    

ਕੰਵਰਦੀਪ ਸਿੰਘ ਭੱਲਾ
ਹੁਸ਼ਿਆਰਪੁਰ

 


Harnek Seechewal

Content Editor

Related News