ਐਵਾਨ-ਏ-ਗ਼ਜ਼ਲ ''ਚ ਪੜ੍ਹੋ ''ਦਰਦੀ'' ਦੀਆਂ ਤਿੰਨ ਗ਼ਜ਼ਲਾਂ
Wednesday, Jan 04, 2023 - 01:50 PM (IST)

ਤਰੇਹਟ
ਲੋਕ ਆਉਂਦੇ ਰਹਿਣਗੇ ਤੇ ਲੋਕ ਜਾਇਆ ਕਰਨਗੇ।
ਅਪਣੇ ਅਪਣੇ ਦੌਰ ਵਿਚ ਹਸਤੀ ਜਤਾਇਆ ਕਰਨਗੇ।
ਮਾਰ ਨਾ ਸਕਿਆ ਹੈ ਕੋਈ ਦਰਦੀ ਦੇ ਵਾਂਗੂ ਮਾਰਕੇ,
ਗੱਭਰੂਆਂ ਤਾਈਂ ਕਈ ਕਿੱਸੇ ਸੁਣਾਇਆ ਕਰਨਗੇ।
ਗੁਣ ਤੇ ਔਗੁਣ ਰਲ ਕੇ ਸਾਰੇ ਕਰ ਗਏ ਤੈਨੂੰ ਅਮਰ,
ਬੈਠ ਕੇ ਸੱਥਾਂ 'ਚ ਲੋਕੀਂ ਬਾਤ ਪਾਇਆ ਕਰਨਗੇ।
ਮਹਿਫ਼ਲਾਂ ਦੇ ਵਿਚ ਰਹੇਗਾ ਗੂੰਜਦਾ ਮੇਰਾ ਕਲਾਮ,
ਕੁਝ ਤਾਂ ਗਾਇਆ ਕਰਨਗੇ ਕੁਝ ਗੁਣਗੁਣਾਇਆ ਕਰਨਗੇ।
ਮੇਰੀਆਂ ਲਿਖਤਾਂ ਨੂੰ ਪੜ੍ਹ ਕੇ ਲੈਣਗੇ ਸੇਧਾਂ ਕਈ,
ਕਰਨ ਵਾਲੇ ਈਰਖਾ ਹਾਸੀ ਉੜਾਇਆ ਕਰਨਗੇ।
ਹੁਣ ਕਿਸੇ ਪੁੱਛਿਆ ਨਹੀਂ ਕਿ ਕਦ ਹੈ ਤੇਰਾ ਜਨਮ ਦਿਨ,
ਪੁੱਤ ਪੜੋਤੇ ਫਿਰ ਮਿਰੀ ਬਰਸੀ ਮਨਾਇਆ ਕਰਨਗੇ।
ਹਰ ਨਸੀਅਤ ਬੱਚਿਆਂ ਨੂੰ ਲਗਦੀ ਹੈ ਕੌੜੀ ਰਹੀ,
ਫਿਰ ਮੇਰੀ ਫੋਟੋ ਦੇ ਗਲ ਵਿਚ ਹਾਰ ਪਾਇਆ ਕਰਨਗੇ।
ਹੋਣਗੇ ਐਸੇ ਵੀ ਕੁਝ ਇਨਸਾਨੀਅਤ ਨੂੰ ਸਮਝਦੇ,
ਮੇਰੇ ਘਰ ਦੇ ਅੱਗਿਓਂ ਲੰਘਦੇ ਸਿਰ ਝੁਕਾਇਆ ਕਰਨਗੇ।
ਹੋ ਕੇ ਜਜ਼ਬਾਤੀ ਕਈ ਕੁਝ ਜੀਅ ਮਿਰੇ ਪਰਵਾਰ ਦੇ,
ਪੜ੍ਹ ਕੇ ਗ਼ਜ਼ਲਾਂ ਮੇਰੀਆਂ ਹੰਝੂ ਬਹਾਇਆ ਕਰਨਗੇ।
ਜਿਸਮ ਤਾਂ ਸੜ ਕੇ ਕਿਸੇ ਦਿਨ ਰਾਖਦੀ ਢੇਰੀ ਬਣੂੰ,
ਸ਼ਬਦ ਜੀਂਦੇ ਰਹਿਣਗੇ ਜੋ ਲੋਕ ਗਾਇਆ ਕਰਨਗੇ।
ਚੌਂਹਟ
ਬਿਰਹੋਂ ਦੀ ਤੀਲੀ ਲਾ ਕੇ,ਜਿਸ ਨੇ ਨਾ ਮੁੜ ਕੇ ਸਾਰ ਲਈ।
ਮੈਂ ਨਾਲ ਮੌਤ ਦੇ ਘੁਲ਼ ਘੁਲ਼ ਕੇ,ਜ਼ਿੰਦਾ ਹਾਂ ਉਸ ਦਿਲਦਾਰ ਲਈ।
ਤੇਰੀ ਵੀ ਕੱਟ ਗਈ ਏ ਸੱਜਣਾ,ਮੇਰੀ ਵੀ ਕੱਟ ਗਈ ਏ ਸੱਜਣਾ।
ਤੂੰ ਸੌਂ ਕੇ ਰਾਤ ਗੁਜ਼ਾਰ ਲਈ,ਮੈਂ ਰੋ ਕੇ ਰਾਤ ਗੁਜ਼ਾਰ ਲਈ।
ਕੀ ਮੇਲ ਅਗਨ ਤੇ ਪਾਣੀ ਦਾ,ਮੈਂ ਦੋਨੋ ਚਾਈਂ ਫਿਰਦਾ ਹਾਂ।
ਅੱਖੀਆਂ ਵਿਚ ਜਲ ਦੀ ਧਾਰ ਲਈ,ਸੀਨੇ ਵਿਚ ਅੰਗਿਆਰ ਲਈ।
ਮੈਂ ਤੇਰਾ ਹਾਂ ਤੂੰ ਮੇਰਾ ਏਂ,ਇਸ ਵਿਚ ਕੀ ਜਾਂਦਾ ਦੁਨੀਆ ਦਾ।
ਗੱਲ ਦੋ ਦਿਲਾਂ ਦੀ ਨਿੱਕੀ ਜਿਹੀ,ਕਿਓਂ ਚਰਚਾ ਹੈ ਸੰਸਾਰ ਲਈ।
ਚੂਲ਼ੀ ਚੂਲ਼ੀ ਪਾਣੀ ਆਉਂਦਾ,ਫੁੱਲ ਬੂਟੇ ਸਭ ਸੁੱਕ ਚੱਲੇ।
ਪਾਣੀ ਬਦਲੇ ਹੁਣ ਖ਼ੂਨ ਬਹੇਗਾ,ਬੰਜ਼ਰ ਭੂ ਬਿਮਾਰ ਲਈ।
ਪੈਂਹਟ
ਰੁੱਸਿਆ ਖਬਰੇ ਕਿਓਂ ਹੈ,ਯਾਰ ਮੇਰਾ ਅੱਜ ਕੱਲ।
ਕੀ ਗੁਨਾਹ ਡਿੱਠਾ ਮੇਰਾ, ਸਰਕਾਰ ਮੇਰੀ ਅੱਜ ਕੱਲ।
ਨਾ ਝਾਕ੍ਹਾ ਕਿਸੇ ਦੇ ਆਉਣ ਦੀ,ਨਾ ਗ਼ਮ ਕਿਸੇ ਦੇ ਜਾਣ ਦਾ।
ਦਿਲ ਦਾ ਬੂਹਾ ਬਣ ਗਿਆ, ਦੀਵਾਰ ਮੇਰਾ ਅੱਜ ਕੱਲ।
ਜਿੱਧਰ ਵੀ ਜਾਂਦਾ ਹਾਂ ਬਸ, ਧੱਕੇ ਤੇ ਧੱਕਾ ਪੈ ਰਿਹਾ।
ਝੱਲਦੀ ਨਹੀਂ ਹੈ ਧਰਤੀ ,ਭਾਰ ਮੇਰਾ ਅੱਜ ਕੱਲ।
ਤੂੰ ਸੀ ਤਾਂ ਦੁਨੀਆਂ ਸੀ, ਹਰੀ ਭਰੀ ਤੇ ਹਸੀਂ।
ਹੁਣ ਤੇ ਵੀਰਾਂ ਹੋ ਗਿਐ ,ਸੰਸਾਰ ਮੇਰਾ ਅੱਜ ਕੱਲ।
ਬਿਪਤਾ 'ਚ ਦੇਵੇ ਸਾਥ ਦਰਦੀ, ਕੀ ਭਰੋਸਾ ਓਸ ਦਾ।
ਰਿਹਾ ਨਹੀਂ ਹੈ ਖੁਦ ਤੇ ,ਇਤਬਾਰ ਮੇਰਾ ਅੱਜ ਕੱਲ।
ਸਤਨਾਮ ਸਿੰਘ ਦਰਦੀ