ਕਹਾਣੀਨਾਮਾ ''ਚ ਪੜ੍ਹੋ ਅੱਜ ਦੀ ਕਹਾਣੀ ''ਇਜ਼ਹਾਰ -ਏ-ਮੁਹੱਬਤ''

Tuesday, Jun 01, 2021 - 11:02 AM (IST)

ਜਦੋਂ ਨਵੇ ਨਵੇਂ ਬਜਾਜ  ਚੇਤਕ ਤੇ ਵੈਸਪਾ ਸਕੂਟਰ ਲੋਕ ਖ਼ਰੀਦ ਰਹੇ ਸੀ  ਤਾਂ ਪੜ੍ਹੇ  ਲਿਖੇ ਲੋਕ ਆਧੁਨਿਕਤਾ ਵੱਲ ਕਦਮ ਪੁੱਟ ਰਹੇ ਸਨ । ਮੈਂ ਬਹੁਤ ਛੋਟੀ ਸੀ । ਮੇਰੇ ਸ਼ਹਿਰ ਵਿੱਚ ਮੈਡੀਕਲ ਕਾਲਿਜ ਨਵਾਂ ਬਣਿਆ ਹੋਣ ਕਰਕੇ ਨਵ ਵਿਆਹੇ ਜੋੜੇ ਅਤੇ ਮੈਡੀਕਲ ਦੇ ਡਾਕਟਰ ਸਕੂਟਰਾਂ 'ਤੇ ਸੜਕ 'ਤੇ ਆਮ ਵੇਖਣ ਨੂੰ ਮਿਲਦੇ  ਸਨ ..  ਪਤਨੀਆਂ ਨੇ ਆਧੁਨਿਕ ਹੋਣ ਦਾ ਸਬੂਤ ਪੇਸ਼ ਕਰਨ ਲਈ ਇਜ਼ਹਾਰ-ਏ-ਮੁਹੱਬਤ ਪਤੀ ਦੇ ਇੱਕ ਮੋਢੇ 'ਤੇ ਹੱਥ ਰੱਖਿਆ ਹੁੰਦਾ ਸੀ । ਵੈਸੇ ਸਕੂਟਰਾਂ  'ਤੇ ਸਟਿੱਪਣੀ ਵੀ ਹੁੰਦੀ ਸੀ ਕਿਸੇ ਨੇ ਲਾਹ ਕੇ ਵੀ ਰੱਖੀ ਹੁੰਦੀ ਸੀ ..  !!

ਅਸੀਂ ਬੱਚੇ ਸਕੂਲੋਂ ਸਾਇਕਲਾਂ 'ਤੇ ਪੜ੍ਹਕੇ ਆਉਂਦੇ ਤਾਂ ਸਾਡੀ ਨਿਗ੍ਹਾ  ਅਜਿਹੇ ਜੋੜਿਆਂ 'ਤੇ ਪੈ ਜਾਂਦੀ । ਇਹ ਨਵਾਂ ਨਵਾਂ ਫੈਸ਼ਨ ਚੱਲ੍ਹ ਰਿਹਾ  ਸੀ  ਮਾਡਰਨ ਹੋਣ ਜਾ ਰਹੇ ਲੋਕਾਂ ਦਾ ਤੇ ਸਭ ਨੂੰ ਵੱਖਰਾ ਜਿਹਾ ਲੱਗਦਾ ... ਬਾਰਾਂ , ਤੇਰਾਂ ਸਾਲਾਂ  ਦੀ ਉਮਰ ਜਾਂ ਤਾਂ ਬਹੁਤ ਸ਼ਰਮੀਲੀ ਤੇ ਨਾਜ਼ੁਕ ਹੁੰਦੀ ਹੈ ਜਾਂ ਫਿਰ ਆਕਰਸ਼ਿਤ ਹੁੰਦੀ ਹੈ ਜਵਾਨੀ ਦੇ ਸਫਰ ਲਈ ।  ਮੈਂ ਬਹੁਤ ਸ਼ਰਮੀਲੀ ਸੀ  ਪਰੰਤੂ ਅਜਿਹੇ ਸੀਨ ਆਮ ਵੇਖਣ ਨੂੰ ਮਿਲਦੇ ਪਰ  ਚੁੱਪ ਕਰ  ਕੇ ਨੀਵੀਂ ਪਾ ਲੈਣੀ ।

ਫਿਰ ਥੋੜੇ ਸਾਲਾਂ ਬਾਅਦ  ਹੋਰ ਆਧੁਨਿਕ ਹੋਏ ਤਾਂ ਪਤਨੀਆਂ ਨੇ ਇਜ਼ਹਾਰ-ਏ-ਮੁਹੱਬਤ ਨੂੰ (ਹੱਥ) ਮੋਢੇ ਤੋਂ ਲਾਹ ਕੇ ਪਤੀ ਦੀ ਕਮਰ 'ਤੇ ਰੱਖ ਲਿਆ  । ਫਿਰ ਅੱਜਕੱਲ੍ਹ ਹੋਰ ਤਰੱਕੀ ਹੋਈ ਤਾਂ ਮੋਟਰਸਾਇਕਲ ਆਮ ਹੋਏ ਤਾਂ  ਪਤਨੀਆਂ ਦਾ ਇਜ਼ਹਾਰ-ਏ-ਮੁਹੱਬਤ ਵੀ ਹੋਰ ਤਰੱਕੀ ਕਰ ਗਿਆ ...ਹੁਣ ਪਤਨੀ ਵੱਲੋਂ ਮੋਟਰਸਾਇਕਲ ਚਲਾਉਦੇ ਪਤੀ ਦੇ ਪੱਟ 'ਤੇ ਮੁੱਠੀ ਜਿਹੀ ਬੰਦ ਕਰਕੇ ਰੱਖਿਆ ਹੱਥ ਆਮ ਹੀ ਵੇਖਣ ਨੂੰ ਮਿਲਦਾ ਹੈ ।

PunjabKesari

ਪਛੜਿਆ ਵਰਗ ਹਰ ਚੀਜ਼ ਦੀ ਨਕਲ ਬਹੁਤ ਛੇਤੀ ਕਰਦਾ ਹੈ । ਜਿਵੇਂ ਸਾਰਿਆਂ ਨੇ ਆਪਣੇ ਜੁਆਕਾਂ ਦੇ ਨਾਂ ਰਵੀਨਾ , ਕਾਜੋਲ ,ਮਾਧੁਰੀ ਆਮ ਹੀ ਰੱਖ ਲਏ ਸਨ । ਪੜ੍ਹੇ ਲਿਖੇ  ਤਾਂ ਸਟਾਇਲ਼ਿਸ਼ ਕਹਾਉਂਦੇ ਹਨ ਥੋੜ੍ਹਾ ਢੰਗ ਤਰੀਕਾ ਵੀ ਵਰਤਦੇ ਹਨ ਤੇ ਇਹ ਪਛੜਿਆ ਵਰਗ ਨਕਲ ਕਰਕੇ ਲੀਹਾਂ ਕੁੱਟਦੇ ਨਜ਼ਰ ਆਉਂਦੇ ਹਨ ।  ਘਰ ਪਹੁੰਚਣ 'ਤੇ ਮਾਂ ਭੈਣ ਇੱਕ ਹੋਈ ਹੁੰਦੀ ਹੈ ਇਹਨਾਂ ਦੀ ... ਪਰ  ਇਜ਼ਹਾਰ -ਏ ਮੁਹੱਬਤ ਦੇ ਰੋਡ ਸ਼ੌਅ ਵਿੱਚ ਪੂਰਾ ਬਣਦਾ ਯੋਗਦਾਨ ਜ਼ਰੂਰ ਪਾਉਂਦੇ ਹਨ ... ਮੈਨੂੰ ਇਸ ਰੱਖੇ ਹੱਥ ਦਾ ਮਤਲਬ ਅੱਜ ਤੱਕ ਪਤਾ ਨੀ ਲੱਗਿਆ ਕੇ ਪਤੀ ਪਤਨੀ ਘਰ ਦੇ ਵਿੱਚ ਇਕੱਠੇ ਬਤੀਤ ਕਰਦੇ ਚੌਵੀ ਘੰਟਿਆਂ ਵਿੱਚੋਂ ਇਹ ਰੋਡ ਸ਼ੋਅ ਇਜ਼ਹਾਰ ਏ ਮੁਹੱਬਤ ਦੇ ਕੀ ਮਾਇਨੇ ਹਨ ??ਚਾਰ ਕੁ ਦਿਨ ਪਹਿਲਾਂ  ਮੈਂ ਆਪਣੇ ਨਾਲਦੇ ਸਾਥੀ ਨਾਲ ਮੰਡੀ ਗਈ । ਉਹ ਮੇਰੇ ਨਾਲ ਅਕਸਰ ਤਿੜਫਿੜ ਜਿਹੀ ਕਰਦੇ ਹੀ ਰਹਿੰਦੇ ਹਨ ... ਉਹਨਾਂ ਨੂੰ ਮੇਰੇ ਰਾਹ ਖੇੜੇ ਕੁਦਰਤ ਨਾਲ ਜੁੜਨ ਤੋਂ ਪੂਰੀ ਅਲਰਜੀ ਹੈ ।

ਇਹ ਵੀ ਪੜ੍ਹੋ :  ਕਹਾਣੀਨਾਮਾ: ਪੜ੍ਹੋ ਬੀਤ ਚੁੱਕੇ ਬਚਪਨ ਦੀਆਂ ਬਾਤਾਂ ਪਾਉਂਦੀਆਂ ਦੋ ਮਿੰਨੀ ਕਹਾਣੀਆਂ

ਮੰਡੀ ਵੱਲ੍ਹ  ਉੱਧਰ ਬੈਕਵਰਡ ਏਰੀਆ ਹੋਣ ਕਰਕੇ ਅਨਪੜ੍ਹਤਾ ਜ਼ਿਆਦਾ ਝਲਕਦੀ ਹੈ ਤੇ ਰੀਸ ਕਰਨ ਦਾ ਫੈਸ਼ਨ ਵੀ ਜੋਬਨ 'ਤੇ ਹੈ  ... ਉੱਥੇ ਸ਼ੈਲਰ ਨਜ਼ਦੀਕ ਤੇ ਜ਼ਿਆਦਾ ਹੋਣ ਕਰਕੇ ਸੜਕ 'ਤੇ ਜਾਮ ਲੱਗਣਾ ਆਮ ਜਿਹੀ ਗੱਲ ਹੈ .. ਮੇਰੀ ਆਦਤ ਜੇ ਕੁੱਝ ਵੱਖਰਾ ਦਿਸੇ ਤਾਂ  ਫੋਨ ਦੇ ਕੈਮਰੇ ਵਿੱਚ ਝੱਟ ਕੈਦ ਕਰ ਲੈਂਦੀ ਹਾਂ ... ਜਾਮ ਲੱਗਣ ਨਾਲ ਸਾਡੀ ਗੱਡੀ ਦੇ ਨਾਲ ਐਨ ਬਾਰ੍ਹੀ ਦੇ ਕੋਲ ਇੱਕ ਮੋਟਰ ਸਾਇਕਲ 'ਤੇ ਤਿੰਨ ਜਣੇ ਸਵਾਰ ਆ ਕੇ ਰੁੱਕ ਗਏ । ਵੇਖਣ ਨੂੰ ਮਜ਼ਦੂਰ ਵਰਗ ਲੱਗ ਰਹੇ ਸਨ .. ਪਤੀ ਮੋਟਰ ਸਾਇਕਲ ਚਲਾ ਰਿਹਾ ਸੀ ਉਸਦੇ ਮਗਰ ਕੋਈ ਦਸਾਂ ਬਾਰਾਂ ਸਾਲਾਂ ਦਾ ਮੁੰਡਾ ਬੈਠਾ ਤੇ ਪਿੱਛੇ ਕੋਈ ਨੱਬੇ ਕਿਲੋ ਦੀ ਭਾਰੀ ਭਰਕਮ ਸਰੀਰ ਵਾਲੀ ਬੈਠੀ ਹਸੀਨਾ,  ਜਿਸ ਨੇ ਆਪਣਾ ਹੱਥ ਜੁਆਕ ਨੂੰ ਭਚੀੜ ਕੇ ਪਤੀ ਦੇ ਗੋਡੇ ਤੱਕ ਬੜੀ ਮੁਸ਼ਕਿਲ ਨਾਲ ਪਹੁੰਚਾਇਆ ਹੋਇਆ ਸੀ ... ਜਿਉਂ ਹੀ ਮੇਰੀ ਨਿਗ੍ਹਾ ਪਈ ..  ਉਹ ਤੇਰੀ ਕਹਿ  ...ਮੈਂ ਛੇਤੀ ਛੇਤੀ ਉਹ ਸ਼ਪੈਸ਼ਲ "ਇਜ਼ਹਾਰ" ਫੋਨ ਵਿੱਚ ਕੈਦ ਕਰਨਾ ਚਾਹਿਆ  ਤੇ ਛੇਤੀ ਨਾਲ ਗੱਡੀ ਦਾ ਸ਼ੀਸ਼ਾ ਹੇਠਾਂ ਕੀਤਾ .. ਬਸ ਮਸਾਂ ਤਿੰਨ ਕੁ ਗਿੱਠਾਂ ਦੀ ਦੂਰੀ 'ਤੇ ਨਾਲ ਬੈਠੇ ਆਵਦੇ ਵਾਇਰਸ ਸਾਥੀ ਨੂੰ ਮੈਂ ਭੁੱਲ ਹੀ ਗਈ .. ਉਦੋਂ ਪਤਾ ਲੱਗਿਆ ਜਦੋਂ ਮੇਰੀ ਬਾਂਹ ਤੇ ਮੁੱਕੀ ਵੱਜੀ ਤੇ ਫੋਨ ਬੁੜਕ ਕੇ ਉਸ ਬੀਬੀ ਦੀ ਵੱਖੀ ਵਿੱਚ ਜਾ  ਵੱਜਾ । ਬੀਬੀ ਦਾ ਇਜ਼ਹਾਰ ਵਾਲਾ ਹੱਥ ਛੇਤੀ  ਪਿਛਾਹ ਹੱਟ ਗਿਆ ਤੇ ਉਹ ਡਰ ਕੇ ਮੇਰੇ ਵੱਲ ਤੱਕਣ ਲੱਗੀ .... ਮੇਰਾ  ਫੋਨ ਭੀੜ  ਵਿੱਚ ਥੱਲੇ ਡਿੱਗ ਪਿਆ ... ਢੇਰ ਸਾਰੀਆਂ ਦੇਸੀ ਭਾਸ਼ਾ ਵਿੱਚ ਲਈਆਂ ਝਿੜਕਾਂ ਇਸ ਇਜ਼ਹਾਰ-ਏ-ਮੁਹੱਬਤ ਨੂੰ ਮੇਰੀ ਯਾਦ ਬਣਾ ਗਈਆਂ ਜਿਹੜੀ ਇਸ ਇਜ਼ਹਾਰ ਨੂੰ ਮੁੱਦਤਾਂ ਤੋਂ ਵਾਚ ਕਰਦੀ ਆ ਰਹੀ ਸੀ ... ਪਰ ਇਹ  ਰੋਡ ਸ਼ੋਅ ਇਜ਼ਹਾਰ ਅਜੇ ਵੀ ਮੇਰੇ ਲਈ ਇੱਕ ਸਵਾਲ ਬਣਿਆ ਹੋਇਆ ਹੈ ....!! 

ਰਾਜਵਿੰਦਰ ਕੌਰ ਵਿੰੜਿੰਗ
ਪਿੰਡ ਦੀਪ ਸਿੰਘ ਵਾਲਾ 
ਫਰੀਦਕੋਟ


Harnek Seechewal

Content Editor

Related News