ਕਵਿਤਾ ਖਿੜਕੀ : ਪੜ੍ਹੋ ਵਰਤਮਾਨ ਸਮਿਆਂ 'ਚ ਬੇਵੱਸ ਮਨੁੱਖ ਦੀ ਜਜ਼ਬਾਤੀ 'ਹੂਕ'

Saturday, Jul 03, 2021 - 02:44 PM (IST)

ਕਵਿਤਾ ਖਿੜਕੀ : ਪੜ੍ਹੋ ਵਰਤਮਾਨ ਸਮਿਆਂ 'ਚ ਬੇਵੱਸ ਮਨੁੱਖ ਦੀ ਜਜ਼ਬਾਤੀ 'ਹੂਕ'

ਸੁਪਨਾ 

ਬੇਵੱਸ ਆਦਮ ਜਾਤ,
ਅੱਖਾਂ ਵਿੱਚ ਨੀਰ ਜ਼ੁਬਾਨ ਤ੍ਰਿਹਾਈ,  
ਢਿੱਡ ਪਿੱਠ ਭੁੱਖ ਨਾਲ ਹੋਈ ਇਕ । 

ਲੜਖੜਾਉਂਦੀ ਉਹ ਮੇਰੇ ਕੋਲ ਆਈ 
ਸਮੁੰਦਰ ਅੱਖੀਆਂ ਵਿਚ ਝਲਕੇ 
ਖ਼ਾਮੋਸ਼ੀ ਓਸ ਦੀ ਦੇਵੇ ਦੁਹਾਈ ।
ਬੁੱਲ੍ਹੀਆਂ 'ਤੇ ਬੇਬੱਸ ਮੁਸਕਰਾਹਟ ਲੈ ,
ਹੌਲੇ ਜਿਹੇ ਉਸ ਬਾਤ ਪਾਈ ।

ਸੁਪਨਾ ਵੇਖਿਆ ਸੀ ...
ਮੈਂ ਜ਼ਿੰਦਗੀ ਜੀਵਨ ਦਾ,
ਜੀਵਨ ਮਿਲਿਆ,
ਪਰ ...
ਜ਼ਿੰਦਗੀ ਨਾ ਮੈਨੂੰ  ਥਿਆਈ ,
ਹਰ ਪਾਸੇ ਦਹਿਸ਼ਤ, ਭੁੱਖਮਰੀ,
ਹੈਵਾਨੀਅਤ ਹਰ ਦਰ ਤੇ ਛਾਈ । 

ਬੇਪੱਤ ਧੀਆਂ ਤੇ ਬੇਵੱਸ ਮਾਪੇ ,
ਇੱਜ਼ਤ  ਰੁਲਦੀ ਵਿਚ ਬਾਜ਼ਾਰਾਂ ,
ਸੜਕਾਂ ਉੱਤੇ ਰੁਲੇ ਅੰਨਦਾਤਾ ।

ਬੇਰੁਜ਼ਗਾਰੀ ਨੇ ਅੱਤ ਕਰਾਈ,
ਭ੍ਰਿਸ਼ਟ ਨੇਤਾ, ਬੇਵੱਸ ਜਨਤਾ ,
ਕੀ ਇਹ ਏ ਮੇਰਾ ਦੇਸ਼ ?
ਜੋ ਮਹਾਨ ਕਹਾਇਆ!

ਇਸ ਜੀਵਨ ਤੋਂ ਚੰਗਾ ਹੁੰਦਾ,
ਜੇ ਜੰਮਦੇ ਹੀ ਮੈਨੂੰ ਮਾਰ ਮੁਕਾਉਂਦਾ,
ਤੇਰੀ ਦੁਨੀਆਂ ਦਾਤਾ ਤੂੰ ਹੈ ਸਿਰਜੀ,
ਤੂੰ ਹੀ ਇਸਦਾ ਬਣ ਰਖਵਾਲਾ। 

ਆ, ਬਹੁੜ!
ਕਿਤੇ ਸੁਣ ਦਰਦਾਂ ਨੂੰ ,
ਦਿਖਾ ਕੋਈ ਰਸਤਾ,
ਏਸ ਜੀਵਨ 'ਚ ਜ਼ਿੰਦਗੀ ਆਵੇ।

ਹਰ ਪਾਸੇ ਖ਼ੁਸ਼ੀਆਂ ਹੋਵਣ,
ਹਰ ਚਿਹਰਾ ਮੁਸਕਾਏ ।
ਮੇਰਾ ਜ਼ਿੰਦਗੀ ਜੀਵਨ ਦਾ ਵੀ ,
ਕਿਤੇ ਸੁਪਨਾ ਸੱਚ ਹੋ ਜਾਏ!
ਕਿਤੇ ਸੁਪਨਾ ਸੱਚ ਹੋ ਜਾਏ!

ਕਵਿੱਤਰੀ-ਅਰਵਿੰਦ ਸੋਹੀ 

 ਪ੍ਰਦੂਸ਼ਣ 

ਪ੍ਰਦੂਸ਼ਣ ਕੱਲ੍ਹਾ ਆਵਾਜ਼ਾਂ ਦਾ ਨਹੀਂ ਹੁੰਦਾ
ਤੇ ਨਾ ਹੀ ਗੰਧਲੇ ਪਾਣੀਆਂ ਦਾ 
ਪ੍ਰਦੂਸ਼ਣ ਕੁੱਚਜੇ ਵਿਚਾਰਾਂ ਤੇ 
ਮਾੜੇ ਆਚਰਣਾਂ ਦਾ ਵੀ ਹੁੰਦਾ 
ਸਿਆਸਤ ਤੋਂ ਉਪਜਿਆ ਪ੍ਰਦੂਸ਼ਣ 
ਬੇਹੱਦ ਖ਼ਤਰਨਾਕ ਹੁੰਦਾ 
ਇਸ ਪ੍ਰਦੂਸ਼ਣ ਨੇ ਹੁਣ ਤੱਕ 
ਮਨੁੱਖੀ ਕਦਰਾਂ-ਕੀਮਤਾਂ ਨੂੰ ਅਥਾਹ ਢਾਹ ਲਾਈ ਹੈ 
ਸਿਆਸੀ ਲੋਕਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ
ਲੋਕਾਈ ਦੇ ਜਹਿਨਾਂ ਅੰਦਰ 
ਜੋ ਨਫ਼ਰਤੀ ਜ਼ਹਿਰ ਭਰਿਆ ਹੈ 
ਉਸ ਨੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ 'ਚ
ਕੋਈ ਕਸਰ ਨਹੀਂ ਛੱਡੀ...
 
ਅੱਜ ਲੋੜ ਗੰਧਲੇ ਨਿਜ਼ਾਮ ਨੂੰ ਤਿਲਾਂਜਲੀ ਦੇ 
ਇਸ ਤੋਂ ਛੁਟਕਾਰਾ ਪਾਉਣ ਦੀ ਹੈ 
ਦੇਸ਼ ਨੂੰ ਅਮਨ ਸ਼ਾਂਤੀ ਦਾ ਗਹਿਵਾਰਾ ਬਨਾਉਣ ਦੀ ਹੈ 
ਲੋਕਾਂ ਦੇ ਮਨਾਂ 'ਚ ਧਰਮਾਂ ਦੇ ਨਾਂ 'ਤੇ 
ਪਾਈਆਂ ਵੰਡੀਆਂ ਤੋਂ ਉੱਪਰ ਉੱਠ 
ਇਨ੍ਹਾਂ ਤੇ ਛੁਟਕਾਰਾ ਪਾਉਣ ਦੀ ਹੈ 
ਦੇਸ਼ ਨੂੰ ਸਿਆਸੀ ਪ੍ਰਦੂਸ਼ਣ ਰਹਿਤ 
ਇਕ ਸੁਰੱਖਿਅਤ ਤੇ ਖੁਸ਼ਹਾਲ 
ਰਾਸ਼ਟਰ ਬਣਾਉਣ ਦੀ ਹੈ... 

 ਲੋਕਤੰਤਰ 

ਮੈਂ ਲੋਕਤੰਤਰ ਬੋਲਦਾਂ 
ਸਦੀਆਂ ਪੁਰਾਣਾ ਤੰਤਰ 
ਜਿਸ ਨੇ ਇਬਰਾਹਿਮ ਲਿੰਕਨ ਤੋਂ ਲੈ ਟਰੰਪ ਵੇਖਿਆ 

ਮੇਰੇ ਹੀ ਅੰਤਰਗਤ ਲਿੰਕਨ ਰਾਸ਼ਟਰਪਤੀ ਬਣਿਆ
ਮੇਰੀ ਪਰਿਭਾਸ਼ਾ ਬਿਆਨਦਿਆਂ ਉਸਨੇ ਕਿਹਾ 
"ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਲਈ 
ਬਣਾਇਆ ਸਾਸ਼ਨ ਹੀ ਲੋਕਤੰਤਰ ਹੁੰਦੇ " 
ਬਾਅਦ 'ਚ ਸੁਤੰਤਰ ਹੋਏ ਦੇਸ਼ ਭਾਰਤ ਨੇ 
ਮੈਨੂੰ ਅਪਣੇ ਸੀਨੇ ਲਾਇਆ 

ਬੀਤੇ ਸੱਤ ਦਹਾਕਿਆਂ ਦੌਰਾਨ 
ਮੈਂ ਨਹਿਰੂ ਤੋਂ ਲੈ ਮੋਦੀ ਤੱਕ ਦਾ ਸਮਾਂ ਵੇਖਿਆ 
ਪਹਿਲੇ ਸਮਿਆਂ 'ਚ
ਕੀ ਰਾਜਾ ਕੀ ਪਰਜਾ, 
ਕੀ ਗ਼ਰੀਬ ਕੀ ਅਮੀਰ, 
ਕੀ ਗੋਰਾ ਕੀ ਕਾਲਾ, 
ਮੇਰੀ ਨਜ਼ਰ 'ਚ ਸਭ ਇਕ ਸਮਾਨ ਹੁੰਦੇ ਸਨ 
ਮੈਂ ਮਨੁੱਖੀ ਅਧਿਕਾਰਾਂ ਦਾ 
ਸਭ ਤੋਂ ਵੱਡਾ ਮੁੱਦਈ ਅਖਵਾਉਂਦਾ ਸਾਂ... 

ਪਰ ਬਦਲਦੇ ਸਮਿਆਂ ਨੇ ਮੇਰੀ ਪਰਿਭਾਸ਼ਾ ਵੀ 
ਬਦਲ ਕੇ ਰੱਖ ਦਿੱਤੀ... 
ਅੱਜ ਆਮ ਲੋਕਾਂ ਦੁਆਰਾ ਚੁਣੇ ਨੁਮਾਇੰਦੇ 
ਹਰ ਕੰਮ ਖ਼ਾਸ ਲੋਕਾਂ ਲਈ ਕਰਨ ਲੱਗ ਪਏ ਨੇ 
ਜੋ ਲੋਕ ਪੁਰਾਣੇ ਤੇ ਵੱਡੇ ਲੋਕਤੰਤਰ ਹੋਣ ਦੇ ਦਾਅਵੇ ਕਰਦੇ ਨੇ
ਮੈਨੂੰ ਲੱਗਦਾ ਉਹ ਮੈਨੂੰ ਸਭ ਤੋਂ ਵੱਧ ਠੱਗਦੇ ਨੇ 
ਦਰਅਸਲ ਉਨ੍ਹਾਂ ਦੇਸ਼ਾਂ ਅੰਦਰ ਮੈਂ ਖੁਦ ਨੂੰ 
ਬਹੁਤ ਹੀ ਅਸਹਿਜ ਤੇ ਬੇਬੱਸ ਮਹਿਸੂਸ ਕਰਦਾਂ 
ਮੇਰੀ ਆੜ 'ਚ ਉਹ ਨਾ ਸਿਰਫ਼ ਗ਼ਰੀਬਾਂ ਦਾ ਸੋਸ਼ਣ ਕਰਦੇ ਨੇ 
ਸਗੋਂ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਹਨਣ ਕਰਦੇ ਨੇ 
ਹਰ ਪਾਸੇ ਮਨੁੱਖਤਾ ਨਾਲ ਹੁੰਦੀ ਵਧੀਕੀ ਵੇਖ 
ਮੈਂ ਪੂਰੀ ਦੁਨੀਆ 'ਚ ਸ਼ਰਮਿੰਦਾ ਹੁੰਦਾਂ...
ਸ਼ਰਮਿੰਦਾ ਹੁੰਦਾਂ... ਸ਼ਰਮਿੰਦਾ ਹੁੰਦਾਂ... 

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ ਨੰਬਰ : 9855259650 


author

Harnek Seechewal

Content Editor

Related News