ਕਹਾਣੀਨਾਮਾ 'ਚ ਪੜ੍ਹੋ: ਸੱਚ ਨੂੰ ਜ਼ਹਿਰ

12/20/2022 2:28:38 PM

ਦੁਨੀਆ 'ਚ ਸੱਚ ਨੂੰ ਬਹੁਤ ਵਾਰੀ ਫਾਂਸੀ ਦਿੱਤੀ ਗਈ ਹੈ ਪਰ ਜ਼ਹਿਰ ਦਾ ਪਿਆਲਾ ਪੀਣ ਵਾਲਾ ਮਹਾਨ ਦਾਰਸ਼ਨਿਕ, ਬੁੱਧੀਜੀਵੀ ਦੂਰਅੰਦੇਸ਼ੀ, ਵਿਦਵਾਨ ਅਤੇ ਫਿਲਾਸਫਰ ਸੁਕਰਾਤ ਦੁਨੀਆਂ ਦਾ ਉਹ ਪਹਿਲਾ ਸੱਚ ਸੀ ਜਿਸ ਨੇ ਆਪਣੇ ਵਿਚਾਰਾਂ ਰਾਹੀਂ ਦੁਨੀਆ ਨੂੰ ਤਰਕ ਦੇ ਅਧਾਰ ਤੇ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਜਿਸ ਨੇ ਤਕਰੀਬਨ ਢਾਈ ਹਜ਼ਾਰ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸੂਰਜ, ਚੰਦਰਮਾ ਆਦਿ ਦੇਵਤੇ ਨਹੀਂ ਬਲਕਿ ਗ੍ਰਹਿ ਹਨ ਪਰ ਧਰਮਾਂ ਦੇ ਠੇਕੇਦਾਰਾਂ ਨੂੰ ਉਸ ਦਾ ਸੱਚ ਚੰਗਾ ਨਹੀਂ ਲੱਗਿਆ। ਸੁਕਰਾਤ ਸੰਸਾਰ ਦਾ ਪਹਿਲਾ ਫਿਲਾਸਫਰ ਸੀ, ਜਿਹੜਾ ਤਰਕ ਅਤੇ ਗਿਆਨ ਦੀ ਸ਼ਕਤੀ ਨਾਲ ਜੀਵਿਆ। ਉਸ ਨੇ ਦੁਨੀਆ ਨੂੰ ਦੱਸਿਆ ਕਿ ਇਕ ਵਿਦਵਾਨ ਨੂੰ ਕਿਵੇਂ ਸੋਚਣਾ ਚਾਹੀਦਾ ਹੈ। ਉਸ ਨੇ ਹਰ ਵਿਸ਼ੇ ‘ਤੇ ਵਿਚਾਰ ਪ੍ਰਗਟ ਕੀਤੇ ਖ਼ਾਸ ਕਰਕੇ ਅੰਧਵਿਸ਼ਵਾਸ ਵਰਗੇ ਕਲੰਕ 'ਚੋਂ ਕੱਢਣ ਲਈ ਉਹ ਨੌਜਵਾਨਾਂ ਨੂੰ ਤਰਕ ਦੇ ਅਧਾਰ ਤੇ ਆਪਣੇ ਵਿਚਾਰ ਦੱਸਦੇ ਸਨ।
ਸੁਕਰਾਤ ਦਾ ਜਨਮ 469 ਈਸਵੀ ਪੂਰਵ ਨੂੰ ਯੂਨਾਨ 'ਚ ਹੋਇਆ। ਉਸ ਦੇ ਪਿਤਾ ਸਰਕਾਰੀ ਠੇਕੇਦਾਰ ਸਨ ਜੋ ਸੰਗਤਰਾਸ਼ੀ (ਸੰਗਮਰਮਰ ਦੀਆਂ ਮੂਰਤੀਆਂ ਬਣਾਉਣ) ਦਾ ਕੰਮ ਕਰਦੇ ਸਨ। ਸੁਕਰਾਤ ਆਪਣੇ ਪਿਤਾ ਨੂੰ ਪੁੱਛਦਾ ਹੈ, “ਪਿਤਾ ਜੀ ਤੁਸੀਂ ਪੱਥਰ 'ਚੋਂ ਮੂਰਤੀ ਕਿਵੇਂ ਕੱਢ ਲੈਂਦੇ ਹੋ ?” ਉਸ ਦਾ ਪਿਤਾ ਜਵਾਬ ਦਿੰਦਾ ਹੈ, “ਪੁੱਤਰ, ਬੁੱਤ ਤਾਂ ਪਹਿਲਾਂ ਹੀ ਪੱਥਰ 'ਚ ਹੁੰਦਾ ਹੈ, ਮੈਂ ਤਾਂ ਉਸ ਉਪਰੋਂ ਵਾਧੂ ਪੱਥਰ ਹੀ ਹਟਾਉਦਾ ਹਾਂ।” ਉਸ ਦੀ ਮਾਂ ਦਾਈ ਦਾ ਕੰਮ ਕਰਦੀ ਸੀ ਅਤੇ ਉਸ ਨੂੰ ਵੀ ਪੁੱਛਦਾ ਹੈ, “ਮਾਤਾ ਜੀ, ਤੁਸੀਂ ਬੱਚੇ ਕਿਥੋਂ ਲੈਂ ਆਉਂਦੇ ਹੋ?” ਉਹ ਕਹਿੰਦੀ, “ਪੁੱਤਰ ਬੱਚੇ ਤਾਂ ਪਹਿਲਾਂ ਹੀ ਹੁੰਦੇ ਹਨ, ਮੈਂ ਤਾਂ ਸਿਰਫ਼ ਉਨ੍ਹਾਂ ਨੂੰ ਸਰੀਰ ਦੀ ਕੈਦ 'ਚੋਂ ਹੀ ਅਜ਼ਾਦ ਕਰਵਾਉਂਦੀ ਹਾਂ।” ਅਜਿਹੇ ਮਾਤਾ-ਪਿਤਾ ਦੇ ਜਵਾਬ ਸੁਣ ਕੇ ਸੁਕਰਾਤ ਹੈਰਾਨ ਹੋ ਜਾਂਦਾ। ਉਸ ਨੇ ਸੋਚਣਾ ਸ਼ੁਰੂ ਕੀਤਾ ਕਿ ਹਰ ਚੀਜ਼ ਨੂੰ ਸਮਝਣ/ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ। ਜੇ ਇਨਸਾਨ ਸਹੀ ਸਵਾਲ ਕਰਨਾ ਸਿੱਖ ਜਾਵੇ ਤਾਂ ਦਿਮਾਗ ਅੰਦਰ ਕੈਦ ਖਿਆਲਾਂ ਨੂੰ ਅਜ਼ਾਦ ਕਰਵਾਇਆ ਜਾ ਸਕਦਾ।
ਉਸ ਨੇ ਲੋਕਾਂ ਨੂੰ ਦੱਸਿਆ ਕਿ ਮਨੁੱਖ ਨੂੰ ਜਿਉਣਾ ਕਿਵੇਂ ਚਾਹੀਦਾ ਹੈ? ਸੋਚਣਾ ਕਿਵੇਂ ਚਾਹੀਦਾ ਹੈ ਅਤੇ ਮਰਨਾ ਕਿਵੇਂ ਚਾਹੀਦਾ ਹੈ ? ਸੁਕਰਾਤ ਨੇ ਆਪ ਕੁਝ ਨਹੀਂ ਲਿਖਿਆ, ਉਹ ਬੋਲਦਾ ਹੀ ਸੀ, ਉਸ ਬਾਰੇ ਸਾਰੀ ਜਾਣਕਾਰੀ ਉਸ ਦੇ ਸ਼ਿਸ ਪਲੈਟੋ ਦੀਆਂ ਲਿਖਤਾਂ ‘ਚੋਂ ਮਿਲਦੀ ਹੈ। ਪਲੈਟੋ ਪਹਿਲਾਂ ਕਵੀ ਅਤੇ ਨਾਟਕਕਾਰ ਸੀ ਪਰ ਸੁਕਰਾਤ ਦੀ ਸ਼ਰਨ ਲੈਂਦਿਆਂ ਉਸ ਨੇ ਆਪਣੀਆਂ ਪਹਿਲੀਆਂ ਸਾਰੀਆਂ ਰਚਨਾਵਾਂ ਸਾੜ ਦਿੱਤੀਆਂ। ਸੁਕਰਾਤ ਦੀ ਮੌਤ ਸਮੇਂ ਉਹ 28 ਸਾਲਾਂ ਦਾ ਸੀ। ਉਸ ਦੀ ਮੌਤ ਮਗਰੋਂ ਉਸ ਦੇ ਵਿਚਾਰਾਂ ਨੂੰ ਜਾਨਣ ਲਈ ਪਲੈਟੋ ਸਾਰਾ ਯੂਨਾਨ ਘੁੰਮਿਆ। ਪਲੈਟੋ ਦੀ ਅਕਾਦਮੀ ਸੰਸਾਰ ਦੀ ਪਹਿਲੀ ਯੂਨੀਵਰਸਿਟੀ ਸੀ। ਸੁਕਰਾਤ ਪਲੈਟੋ ਦਾ ਉਸਤਾਦ ਸੀ। ਸੁਕਰਾਤ ਦੇ ਸਮੇਂ ਯੂਨਾਨ 'ਚ ਸਰਕਾਰੀ ਧਰਮ ਦੇਵੀ-ਦੇਵਤਿਆਂ ਦਾ ਬੋਲਬਾਲਾ ਸੀ ਅਤੇ ਪੂਜਾ ਹੀ ਧਰਮ ਸੀ।
ਲੋਕਾਂ ਦੇ ਵੱਖਰੇ-ਵੱਖਰੇ ‘ਰੱਬ’ ਸਨ। ਇਨ੍ਹਾਂ 'ਚ ਕੋਈ ਸੂਰਜ ਦਾ ਦੇਵਤਾ, ਕੋਈ ਚੰਦਰਮਾ ਦਾ ਦੇਵਤਾ, ਕੋਈ ਪੈਸੇ ਦੀ ਦੇਵੀ ਆਦਿ ਸਨ। ਅਸਰ ਰਸੂਖ ਵਾਲੇ ਲੋਕਾਂ ਨੇ ਇਨ੍ਹਾਂ ਦੇਵਤਿਆਂ ਨੂੰ ਵੀ ਆਪਣੇ ਕਬਜ਼ੇ 'ਚ ਕੀਤਾ ਸੀ। ਅਜਿਹੇ ਸਮੇਂ ਸੁਕਰਾਤ ਨੇ ਸੂਰਜ ਨੂੰ ਦਹਿਕਦਾ ਹੋਇਆ ਪਹਾੜ, ਪੱਥਰ ਤੇ ਚੰਦਰਮਾ ਨੂੰ ਜ਼ਮੀਨ ਦਾ ਟੁੱਕੜਾ ਕਹਿ ਦਿੱਤਾ। ਕਮਾਲ ਦੀ ਗੱਲ ਹੈ ਕਿ ਜਿਹੜੀ ਗੱਲ ਸੁਕਰਾਤ ਨੇ ਸਦੀਆਂ ਪਹਿਲਾਂ ਆਖੀ ਸੀ ਉਹ ਅੱਜ ਸੱਚ ਸਾਬਤ ਹੋ ਰਹੀ ਹੈ।
ਸੁਕਰਾਤ ਦੇ ਸੁਤੰਤਰ ਵਿਚਾਰਾਂ ਕਰਕੇ ਯੂਨਾਨ ਦੇ ਨੌਜਵਾਨ ਉਸ ਦੇ ਮਤਵਾਲੇ ਸਨ ਪਰ ਉਨ੍ਹਾਂ ਦੇ ਮਾਪੇ ਅਤੇ ਹਾਕਮ ਇਨ੍ਹਾਂ ਨੌਜਵਾਨਾਂ ਦੇ ਘੋਖਵੇਂ ਸਵਾਲਾਂ ਕਾਰਨ ਸੁਕਰਾਤ ਦੇ ਵਿਰੋਧੀ ਸਨ। ਸੁਕਰਾਤ ਨੂੰ ਬਦਨਾਮ ਕਰਨ ਲਈ ਤਿੰਨ ਦੋਖੀਆਂ ਨੇ ਸੁਕਰਾਤ 'ਤੇ ਦੋਸ਼ ਲਾਇਆ ਕਿ ਉਹ ਦੇਵਤਿਆਂ ਦਾ ਸਤਿਕਾਰ ਨਹੀਂ ਕਰਦਾ ਅਤੇ ਉਸ ਦੇ ਨਵੇਂ ਵਿਚਾਰ ਨੌਜਵਾਨਾਂ ਨੂੰ ਭ੍ਰਿਸ਼ਟ ਕਰਕੇ ਕੁਰਾਹੇ ਪਾ ਰਹੇ ਹਨ। ਸੁਕਰਾਤ ਨੇ ਦੇਵਤਿਆਂ ਨੂੰ ਪਸ਼ੂਆਂ ਦੀ ਬਲੀ ਦੇਣ ਦੀ ਰੀਤ ਨੂੰ ਕੋਝੀ ਕਿਸਮ ਦੀ ਰਿਸ਼ਵਤ ਦੱਸਿਆ ਸੀ ਅਤੇ ਉਹ ਨੌਜਵਾਨਾਂ ਨੂੰ ਕਿਸੇ ਗ੍ਰੰਥ ਨੂੰ ਮੰਨਣ ਦੀ ਥਾਂ ਆਪ ਸੋਚਣ ਲਈ ਪ੍ਰੇਰਦਾ ਸੀ। ਉਸ ਸਮੇਂ ਏਥਨਜ ਜੋ ਯੂਨਾਨ ਦੀ ਰਿਆਸਤ ਸੀ, ਨੂੰ ਸੰਸਾਰ ਦੀ ਸਭ ਤੋਂ ਵੱਧ ਅਕਲਮੰਦ ਪਰਜਾਤੰਤਰ ਮੰਨਿਆ ਜਾਂਦਾ ਸੀ। ਨੈਤਿਕ ਪਤਨ ਕਾਰਨ ਹਾਕਮ ਸੁਕਰਾਤ ਅਤੇ ਉਸ ਦੇ ਸ਼ਿਸਾਂ ਨਾਲ ਵੀ ਚਿੜੇ ਹੋਏ ਸਨ, ਇਸੇ ਕਾਰਨ ਉਸ 'ਤੇ ਤੀਹ ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਪਾਬੰਦੀ ਲੱਗੀ ਹੋਈ ਸੀ। ਉਹ ਤਰਕਸ਼ੀਲ ਅਤੇ ਵਿਕਾਸਵਾਦੀ ਸੁਕਰਾਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਉਸ ਖ਼ਿਲਾਫ਼ ਮੁਕੱਦਮਾ ਇਸੇ ਵਿਉਂਤ ਦਾ ਹਿੱਸਾ ਸੀ। ਮੁਕੱਦਮੇ ਦੀ ਸਾਰੀ ਕਾਰਵਾਈ ਇਕ ਦਿਨ 'ਚ ਨਿਪਟਾ ਕੇ ਅਗਲੇ ਦਿਨ ਹੀ ਮੌਤ ਦੀ ਸ਼ਜਾ ਅਤੇ ਤਾਮੀਲ ਹੋ ਜਾਂਦੀ ਸੀ। ਉਹ ਮਹਾਨ ਦਾਰਸ਼ਨਿਕ ਜੱਜਾਂ ਦੀ ਹਮਦਰਦੀ ਤੇ ਨਾ ਜਿੱਤ ਸਕਿਆ ਪਰ ਉਸ ਨੇ ਆਉਣ ਵਾਲੀਆਂ ਪੀੜੀਆਂ ਦੇ ਦਿਲ ਜਿੱਤ ਲਏ। ਉਸ ਨੇ ਲੰਮੇ ਬਿਆਨ 'ਚ ਕਿਹਾ, ਮੇਰੇ ‘ਤੇ ਦੋਸ਼ ਹੈ ਕਿ ਮੈਂ ਅਪਵਿੱਤਰ ਵਿਚਾਰਾਂ ਵਾਲਾ ਹਾਂ। ਮੈਂ ਕਹਿੰਦਾ ਹਾਂ ਕਿ ਅਣਪਰਖਿਆ ਜੀਵਨ, ਜੀਵਨ ਨਹੀਂ ਹੁੰਦਾ ਅਤੇ ਸੋਚਣਾ ਨਾ ਅਪਰਾਧ ਹੈ ਅਤੇ ਨਾ ਪਾਪ ਹੈ। ਤੁਹਾਡਾ ਇਤਰਾਜ਼ ਹੈ ਕਿ ਮੈਂ ਨਵੇਂ ਢੰਗ ਨਾਲ ਸੋਚਦਾ ਹਾਂ, ਕੀ ਇਹ ਦੋਸ਼ ਹੈ? ਜੇ ਮੈਂ ਸੋਚਣਾ ਬੰਦ ਕਰ ਦੇਵਾਂ ਤਾਂ ਤੁਸੀਂ ਮੈਨੂੰ ਬਰੀ ਕਰ ਦੇਵੋਗੇ। ਮੈਂ ਆਪਣਾ ਮਿਸ਼ਨ ਕਦੇ ਨਹੀਂ ਛੱਡਾਂਗਾ। ਮੁਕੱਦਮੇ ਦੇ ਦਿਨ ਏਥਨਜ ਦੇ ਸਾਰੇ ਲੋਕ ਗੱਲਾਂ ਕਰ ਰਹੇ ਸਨ ਪੰਜ ਮੀਲ ਲੰਮੀ ਸੜਕ 'ਤੇ ਭੀੜ ਸੀ। 501 ਜੱਜਾਂ 'ਚੋਂ 280 ਜੱਜਾਂ ਨੇ ਸੁਕਰਾਤ ਨੂੰ ਦੋਸ਼ੀ ਕਰਾਰ ਦਿੱਤਾ। ਉਸ ਸਮੇਂ ਦੋਸ਼ੀ ਨੂੰ ਆਪਣੀ ਸ਼ਜਾ ਖ਼ੁਦ ਤਜਵੀਜ਼ ਕਰਨ ਦਾ ਅਧਿਕਾਰ ਸੀ। ਜੱਜਾਂ ਦੇ ਕਹਿਣ ‘ਤੇ ਆਪਣੇ ਲਈ ਇਕ ਰੁਪਿਆ ਜ਼ੁਰਮਾਨਾ ਕਿਹਾ ਤਾਂ ਭੀੜ 'ਚ ਹਾਸਾ ਮਚ ਗਿਆ। ਜੱਜਾਂ ਨੇ ਚਿੜ ਕੇ ਮੌਤ ਦੀ ਸ਼ਜਾ ਸੁਣਾ ਦਿੱਤੀ 70 ਸਾਲਾਂ ਸੁਕਰਾਤ ਨੇ ਜੱਜਾਂ ਨੂੰ ਕਿਹਾ, ਤੁਸੀਂ ਸਿਆਣਪ ਨਹੀਂ ਕੀਤੀ, ਥੋੜ੍ਹਾ ਚਿਰ ਉਡੀਕ ਲੈਂਦੇ ਮੈਂ ਉਂਝ ਹੀ ਮਰ ਜਾਣਾ ਸੀ। ਤੁਸੀਂ ਇਕ ਨਿਰਦੋਸ਼ ਨੂੰ ਮਾਰਨ ਦਾ ਕਲੰਕ ਸਹੇੜ ਲਿਆ ਹੈ, ਜਿਸ ਕਰਕੇ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਮਾਫ਼ ਨਹੀਂ ਕਰਨਗੀਆਂ । ਮੈਂ ਮੌਤ ਸਹਿ ਲਵਾਂਗਾ ਪਰ ਸੱਚ ਬੋਲਣ ਤੋਂ ਕਦੇ ਨਹੀਂ ਹਟਾਂਗਾ।
ਤੁਸੀਂ ਜਿੰਨਾ ਚਿਰ ਜੀਓਗੇ ਬਦਨਾਮੀ ਖਟਦੇ ਰਹੋਗੇ। ਤੁਸੀਂ ਭੁੱਲ ਜਾਓ ਕਿ ਤੁਸੀਂ ਮੈਨੂੰ ਮਾਰ ਕੇ ਸੁਖੀ ਰਹੋਗੇ। ਫ਼ੈਸਲਾ ਸੁਣਾ ਕੇ ਜੱਜ ਲੁੱਕ ਗਏ। ਆਖਿਰ ਉਸ ਦੀ ਮੌਤ ਦਾ ਦਿਨ ਆਇਆ ਤਾਂ ਉਸ ਦੀ ਪਤਨੀ, ਪੁੱਤਰ ਅਤੇ ਮਿੱਤਰ ਰੋ ਰਹੇ ਸਨ। ਉਨ੍ਹਾਂ ਨੂੰ ਵਿਦਾ ਕਰਨ ਤੋਂ ਬਾਅਦ ਸ਼ਾਮ ਵੇਲੇ ਜਦੋਂ ਏਥਨਜ ਦੇ ਲੋਕਾਂ ਨੇ ਜ਼ੇਲ੍ਹ ਨੂੰ ਘੇਰਾ ਪਾਇਆ ਹੋਇਆ ਸੀ। ਸੁਕਰਾਤ ਨੇ ਜੇਲਰ ਵਲੋਂ ਲਿਆਂਦੇ ਜ਼ਹਿਰ ਦੇ ਪਿਆਲੇ ਨੂੰ ਫੜ ਕੇ ਸਾਰਾ ਇਕੋ ਡੀਕ ਨਾਲ ਪੀ ਗਿਆ ਅਤੇ ਦੁਨੀਆ ਤੋਂ ਇੱਕ ਮਹਾਨ ਦਾਰਸ਼ਨਿਕ ਜਿਸ ਨੇ ਲੋਕਾਂ ਨੂੰ ਹੋਰ ਸੱਚ ਵੰਡਣਾ ਸੀ ਝੂਠ ਨੂੰ ਛੱਡ ਕੇ ਹਮੇਸ਼ਾ ਲਈ ਖਾਮੋਸ਼ ਹੋ ਗਿਆ। ਉਸ ਰਾਤ ਏਥਨਜ ਦੇ ਕਿਸੇ ਚੁੱਲ੍ਹੇ 'ਚ ਅੱਗ ਨਹੀਂ ਸੀ ਬਲੀ। ਨੌਜਵਾਨਾਂ ਨੇ ਲੱਭ-ਲੱਭ ਕੇ ਕਈ ਜੱਜ ਮੌਤ ਦੇ ਘਾਟ ਉਤਾਰ ਦਿੱਤੇ। ਸਾਰੀ ਰਾਤ ਲੋਕ ਵਿਦਾਇਗੀ ਦੇ ਗੀਤ ਗਾਉਂਦੇ ਰਹੇ। ਸੁਕਰਾਤ ਮਰਿਆ ਨਹੀਂ ਸੀ, ਵਿਦਾ ਹੋਇਆ ਸੀ, ਸ਼ਹੀਦ ਅਤੇ ਅਮਰ ਹੋਇਆ ਸੀ। ਅੱਜ ਵੀ ਕਈ ਪਛੜੇ ਹੋਏ ਮੁਲਕ ਢਾਈ ਹਜ਼ਾਰ ਸਾਲ ਪਹਿਲਾਂ ਵਾਲੀ ਅੰਧਵਿਸ਼ਵਾਸ ਅਤੇ ਰੂੜੀਵਾਦੀ ਸੋਚ ਤੇ ਚੱਲ ਰਹੇ ਹਨ ਅਤੇ ਅੱਜ ਵੀ ਤਰਕ, ਵਿਗਿਆਨ ਅਤੇ ਸੱਚ ਨੂੰ ਜ਼ਹਿਰ ਦੇਣ ਲਈ ਰੂੜੀਵਾਦੀ ਅਤੇ ਅੰਧਵਿਸ਼ਵਾਸੀ ਸੋਚ ਹੱਥ 'ਚ ਜ਼ਹਿਰ ਦਾ ਪਿਆਲਾ ਲੈ ਕੇ ਖੜ੍ਹੀ ਹੈ।

ਲੇਖਕ- ਕੁਲਦੀਪ ਸਿੰਘ ਰਾਮਨਗਰ


Aarti dhillon

Content Editor

Related News