ਪੰਜਾਬੀ ਸੱਭਿਆਚਾਰ ਚੋਂ ਅਲੋਪ ਹੋਈ ਬਰਾਤ ਆਉਣ ਤੇ ਹੇਰ ਗਾਉਣੀ

07/20/2019 4:18:40 PM

1947 ਈ: ਵਿੱਚ ਦੇਸ਼ ਦੀ ਵੰਡ ਦਾ ਸਮਾਂ ਬਹੁਤ ਹੀ ਦੁੱਖਦਾਈ ਸੀ। ਜਿੱਥੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ, ਲੱਖਾਂ ਦੇ ਘਰ ਬਾਰ ਅਤੇ ਜ਼ਮੀਨਾਂ-ਜਾਇਦਾਦਾਂ ਖੁਸ ਗਈਆਂ ਅਤੇ ਹਜ਼ਾਰਾਂ ਦੇ ਆਪਣੇ ਸਬੰਧੀ-ਸਨੇਹੀ ਮੁੜ ਕੇ ਨਹੀਂ ਮਿਲੇ  ਅਤੇ ਬਹੁਤ ਸਾਰੇ ਪ੍ਰੀਵਾਰ ਤਾਂ ਅੱਜ ਵੀ ਆਪਣੇ ਵਿਛੜਿਆਂ ਦਾ ਦਰਦ ਹੰਢਾ ਰਹੇ ਹਨ। ਜਿੱਥੇ ਇਹ ਦਰਦ ਮਨੁੱਖਾਂ ਤੋਂ ਬੜਾ ਕੁਝ ਲੈ ਗਿਆ ਉੱਥੇ ਭਾਈਚਾਰੇ, ਪੰਜਾਬੀ ਸੱਭਿਆਚਾਰ ਅਤੇ ਬਹੁਤ ਸਾਰੀਆਂ ਨਿਵੇਕਲੀਆਂ ਰੀਤੀ-ਰਿਵਾਜ਼ਾਂ ਨੂੰ ਵੀ ਹੜ੍ਹ ਵਾਂਗ ਵਹਾ ਕੇ ਲੈ ਗਿਆ। 
ਵੱਖ-ਵੱਖ ਧਰਮਾਂ, ਜਾਤਾਂ ਅਤੇ ਬਰਾਦਰੀਆਂ ਵਿੱਚ ਘੁੱਗ ਵਸਦੇ ਇਸ ਦੇਸ਼ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ, ਆਜ਼ਾਦੀ ਦੇ ਨਾਲ ਸਭ ਕੁਝ ਹੀ ਨਿਰਮੋਹਾਂ ਹੋ ਗਿਆ। ਮਨੁੱਖਤਾ ਨੂੰ ਅਜਿਹਾ ਸੱਲ ਮਿਲਿਆ ਕਿ ਸਦੀਆਂ ਤੱਕ ਇਹ ਜ਼ਖਮ ਅੱਲੇ ਹੀ ਰਹਿਣਗੇ। ਪੰਜਾਬ ਨੂੰ ਤਾਂ ਦੁੱਖਾਂ-ਦਰਦਾਂ ਨੇ ਕੁੱਝ ਜ਼ਿਆਦਾ ਹੀ ਘੇਰਿਆ। ਪੰਜਾਬ-ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਿੱਚ ਵੰਡਿਆ ਗਿਆ। ਜਿਨ੍ਹਾਂ ਬਜ਼ੁਰਗਾਂ ਨੇ 1947 ਤੋਂ ਪਹਿਲਾਂ ਦੇ ਭਾਈਚਾਰੇ ਦਾ ਅਨੰਦ ਮਾਣਿਆ ਏ, ਉਹ ਤਾਂ ਉਸ ਸਮੇਂ ਦੇ ਸੱਭਿਆਚਾਰਿਕ ਮੇਲ-ਮਿਲਾਪ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ। ਕਿਸ ਤਰ੍ਹਾਂ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰੇ ਵਿੱਚ ਪ੍ਰੇਮ ਹੁੰਦਾ ਸੀ ਅਤੇ ਉਹ ਸਾਰੇ ਮਿਲਕੇ ਆਪਣੇ-ਆਪਣੇ ਰੀਤੀ ਰਿਵਾਜ਼ਾਂ ਅਨੁਸਾਰ ਆਪਣੇ ਵਿਆਹਾਂ-ਸ਼ਾਦੀਆਂ ਅਤੇ ਦੂਜੀਆਂ ਸਮਾਜਿਕ ਗਤੀਵਿਧੀਆਂ ਕਰਦੇ ਸਨ, ਉਹ ਉਨ੍ਹਾਂ ਨੂੰ ਅੱਜ ਵੀ ਨਹੀਂ ਭੁੱਲਦੇ।
ਪਰ ਪੰਜਾਬ ਦੀ ਵੰਡ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਵੀ ਵੰਡਿਆ ਗਿਆ। ਬੜਾ ਕੁਝ ਇਧਰ ਰਹਿ ਗਿਆ ਅਤੇ ਬੜਾ ਕੁੱਝ ਉਧਰ ਰਹਿ ਗਿਆ। ਬਸ ਸਾਡੇ 
ਪਾਸ ਬਚੀਆਂ ਭਲੇ ਦਿਨਾਂ ਦੀਆਂ ਸੱਭਿਆਚਾਰਿਕ ਯਾਦਾਂ। ਆਜ਼ਾਦੀ ਤੋਂ ਪਹਿਲਾਂ ਜਦੋਂ ਚੜ੍ਹਦੇ ਪੰਜਾਬ ਵਿੱਚ ਮੁਸਲਮਾਨਾਂ ਭਰਾਵਾਂ ਦੀ ਗਿਣਤੀ ਚੌਖੀ ਹੁੰਦੀ ਸੀ ਤਾਂ ਉਨ੍ਹਾਂ ਦੇ ਵਿਆਹਾਂ/ਨਿਕਾਹਾਂ ਦੇ ਰੀਤੀ ਰਿਵਾਜ਼ ਵੀ ਵੱਖਰੇ ਅਤੇ ਅਨੰਦਮਈ ਹੁੰਦੇ ਸਨ। ਉਸ ਸਮੇਂ ਜਦੋਂ ਕਿਸੇ ਪਿੰਡ ਵਿੱਚ ਕਿਸੇ ਮੁਲਸਮਾਨ ਕੁੜੀ ਦੀ ਬਰਾਤ ਆਉਂਦੀ ਤਾਂ ਉਸ ਬਰਾਤ ਦੇ ਰੰਗ-ਢੰਗ ਦੇਖਣ ਵਾਲੇ  ਹੁੰਦੇ ਸਨ। ਬਰਾਤਾਂ ਰਾਤ ਵੀ ਠਹਿਰਦੀਆਂ ਸਨ ਅਤੇ ੰਿਪੰਡਾਂ ਵਿੱਚ ਖੂਬ ਰੌਣਕਾਂ ਲੱਗਦੀਆਂ।
ਖਾਸ ਕਰਕੇ ਇਸ ਭਾਈਚਾਰੇ ਦੀ ਜਦੋਂ ਬਰਾਤ ਆਉਂਦੀ ਤਾਂ ਉਹ ਬਰਾਤ ਰੱਥਾਂ, ਗੱਡਿਆਂ, ਘੋੜੀਆਂ ਆਦਿ ਤੇ ਆਉਂਦੀ ਅਤੇ ਪਿੰਡ ਦੇ ਬਾਹਰ ਆ ਕੇ ਪਿੰਡ ਤੋਂ ਥੋੜ੍ਹੀ ਦੂਰ ਹੀ ਰੁੱਕ ਜਾਂਦੀ। ਕੁੜੀ ਵਾਲੇ ਘਰ ਬਰਾਤ ਦੇ ਪਿੰਡ ਤੋਂ ਬਾਹਰ ਪਹੁੰਚਣ ਦਾ ਸੁਨੇਹਾ ਭੇਜਿਆ ਜਾਂਦਾ ਅਤੇ ਕੁੜੀ ਵਾਲੇ ਵੀ ਬਰਾਤ ਦੀ ਸੇਵਾ ਲਈ ਤਿਆਰੀ ਵਿੱਚ ਜੁੱਟ ਜਾਂਦੇ ਅਤੇ ਬਰਾਤ ਨੂੰ ਡੇਰੇ ਪਹੁੰਚਣ ਦਾ ਸੁਨੇਹਾ ਦਿੱਤਾ ਜਾਂਦਾ। ਹੁਣ ਬਰਾਤ ਕੁੜੀ ਵਾਲਿਆਂ ਦੇ ਘਰ ਵੱਲ ਚਲਦੀ ਤਾਂ ਉਸ ਸਮੇਂ ਦਾ ਸੱਭਿਆਚਾਰਿਕ ਸੀਨ ਦੇਖਣਯੋਗ ਹੁੰਦਾ ਸੀ। ਬਰਾਤ ਵਿੱਚ ਔਰਤਾਂ ਤਾਂ ਆਉਂਦੀਆਂ ਨਹੀਂ ਸਨ ਕੇਵਲ ਮਰਦ ਹੀ ਹੁੰਦੇ ਸਨ, ਤਾਂ ਉਹ ਪੈਦਲ ਹੀ ਚਲਣਾ ਸ਼ੁਰੂ ਕਰ ਦੇਂਦੇ ਅਤੇ ਕਈ-ਕਈ ਮਰਦ ਮਿਲ ਕੇ ਉੱਚੀ-ਉੱਚੀ ਗਾਉਂਦੇ ਆਉਂਦੇ ਜਿਸ ਨੂੰ ਹੋਰ ਗਾਉਣਾ ਆਖਿਆ ਜਾਂਦਾ ਸੀ। ਇਸ ਤਰ੍ਹਾਂ ਬਰਾਤੀ ਹੇਰਾਂ ਗਾਉਂਦੇ ਕੁੜੀ ਵਾਲਿਆਂ ਦੇ ਘਰ ਪਹੁੰਚ ਜਾਂਦੇ।
ਰਾਤ ਨੂੰ ਵੀ ਇਹ ਮਰਦ ਲੋਕ ਦੇਰ ਰਾਤ ਤੱਕ ਇਹ ਹੇਰਾਂ ਗਾਉਂਦੇ ਰਹਿੰਦੇ ਜਿਸ ਤੋਂ ਪਤਾ ਲਗਦਾ ਸੀ ਕਿ ਪਿੰਡ ਵਿੱਚ ਕੋਈ ਬਰਾਤ ਆਈ ਹੋਈ ਏ। ਪਰ ਦੇਸ਼ ਅਤੇ ਸਮਾਜ ਦੀ ਵੰਡ ਨਾਲ ਇਹ ਸਭ ਕੁਝ ਖਤਮ ਹੋ ਗਿਆ। ਹਾਂ, 1947 ਦੀ ਵੰਡ ਤੋਂ ਬਾਅਦ ਪੰਜਾਬ ਵਿੱਚ ਕਿਸੇ-ਕਿਸੇ ਪਿੰਡਾਂ ਵਿੱਚ, ਮੁਸਲਮਾਨ ਭਾਈਚਾਰੇ ਦੇ ਕੁਝ ਕੁ ਘਰ ਬਚ ਗਏ ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਮੁਕੰਮਲ ਸੁਰੱਖਿਆ ਦੇ ਕੇ, ਇਨ੍ਹਾਂ ਪਿੰਡਾਂ ਵਿੱਚ ਵਸਾਈ ਰੱਖਿਆ। ਇਨ੍ਹਾਂ ਵਿੱਚ ਕਈ ਗੁਜਰ ਬਰਾਦਰੀ ਦੇ ਲੋਕ ਸਨ। ਆਜ਼ਾਦੀ ਤੋਂ ਬਾਅਦ ਕਈ ਸਾਲ ਤੱਕ ਇਨ੍ਹਾਂ ਪ੍ਰੀਵਾਰਾਂ ਦੇ ਕੁੜੀਆਂ ਦੇ ਵਿਆਹਾਂ ਸਮੇਂ, ਬਰਾਤੀਆਂ ਵਲੋਂ ਹੇਰਾਂ ਸੁਨਣ ਦਾ ਮੌਕਾ ਮਿਲਦਾ ਰਿਹਾ। ਬਚਪਨ ਵਿੱਚ ਅਸੀਂ ਵੀ ਅਜਿਹੀਆਂ ਬਰਾਤਾਂ ਦੇ ਆਉਣ ਤੇ ਮਰਦਾਂ ਵਲੋਂ ਗਾਈਆਂ ਜਾਂਦੀਆਂ  ਇਨ੍ਹਾਂ ਹੇਰਾਂ ਦਾ ਅਨੰਦ ਮਾਣਦੇ ਰਹੇ ਅਤੇ ਇਸ ਤਰ੍ਹਾਂ ਦਾ ਸੱਭਿਆਚਾਰਿਕ ਰੰਗ ਅੱਜ ਵੀ ਸਾਡੇ ਮਨਾਂ ਨੂੰ ਕੋਈ ਸੁਨਹਿਰੀ ਝਲਕ ਦਾ ਅਹਿਸਾਸ ਕਰਵਾਉਂਦਾ ਹੈ। 
ਇਹ ਗਾਉਣ ਵਾਲੀਆਂ ਹੇਰਾਂ ਦਾ ਪੰਜਾਬੀ ਪੇਂਡੂ ਵਿਆਹਾਂ ਵਿੱਚ ਨਾਨਕਾ ਮੇਲ ਆਉਣ ਤੇ ਪਿੰਡ ਦੇ ਬਾਹਰ ਤੋਂ ਹੀ ਨਾਨਕਿਆਂ ਵਲੋਂ ਗੀਤ ਗਾਏ ਜਾਣ ਵਰਗਾ ਹੀ ਮਹੌਲ ਹੁੰਦਾ ਸੀ। ਬਸ ਫਰਕ ਕੇਵਲ ਇੰਨਾ ਸੀ ਕਿ ਨਾਨਕਾ ਮੇਲ ਵਿੱਚ ਗੀਤ ਔਰਤਾਂ ਗਾਉਂਦੀਆਂ ਹਨ, ਜਦੋਂ ਕਿ ਮੁਸਲਮਾਨ ਭਾਈਚਾਰੇ ਵਿੱਚ ਬਰਾਤੀ ਮਰਦਾਂ ਵਲੋਂ ਹੇਰਾਂ ਗਾਈਆਂ ਜਾਂਦੀਆਂ ਸਨ।
ਜਿਸ ਤਰ੍ਹਾਂ ਅੱਜ ਦੇ ਨਾਨਕਾ ਮੇਲ ਵਿੱਚ ਨਾਨਕਿਆਂ ਵਲੋਂ ਗੀਤ ਗਾਉਣ ਦੀ ਰਸਮ, ਲਗਭਗ ਖਤਮ ਹੀ ਹੋ ਚੁੱਕੀ ਹੈ ਉਸੇ ਤਰ੍ਹਾਂ ਬਰਾਤਾਂ ਵਿੱਚ, ਉਹ ਹੇਰਾਂ ਗਾਉਣ ਵਾਲੇ ਵੀਰ ਪਤਾ ਨਹੀਂ ਕਿੱਥੇ ਚਲੇ ਗਏ? ਇਹ ਪ੍ਰਥਾ ਤਾਂ ਬਿਲਕੁਲ ਖਤਮ ਹੀ ਹੋ ਗਈ ਹੈ, ਕਿਤੇ ਨਹੀਂ ਇਸਦੇ ਹੇਰਾਂ ਗਾਉਣ ਵਾਲੇ ਉਹ ਮਤਵਾਲੇ ਬਰਾਤੀ ਜਿਹੜੇ ਪੰਜਾਬੀ ਸੱਭਿਆਚਾਰ ਦੀ ਜ਼ਿੰਦ-ਜਾਨ ਹੁੰਦੇ ਸਨ। ਜਿਸ ਖੁਸ਼ਗਵਾਰ ਸੱਭਿਆਚਾਰ ਅਤੇ ਵਿਰਸੇ ਦਾ ਸਾਡੇ ਬਜ਼ੁਰਗਾਂ ਨੇ ਅਨੰਦ ਮਾਣਿਆ ਹੈ ਅਤੇ ਅਸੀਂ ਵੀ  ਇਸ ਨੂੰ ਦੇਖਣ ਸੁਨਣ ਲਈ ਖੁਸ਼ਕਿਸਮਤ ਰਹੇ ਹਾਂ ਪਰ ਸਾਡੀ ਨਵੀਂ ਪੀੜੀ ਤਾਂ ਇਹ ਮੰਨਣ ਨੂੰ ਵੀ ਤਿਆਰ ਨਹੀਂ ਕਿ ਕਦੇ ਪੰਜਾਬ ਦੇ ਪਿੰਡਾਂ ਵਿੱਚ ਅਜਿਹਾ ਰੰਗੀਨ ਅਤੇ ਅਨੰਦਮਈ ਵਾਤਾਵਰਣ ਹੋਇਆ ਕਰਦਾ ਸੀ। ਉਨ੍ਹਾਂ ਨੂੰ 'ਹੇਰ' ਸ਼ਬਦ ਦਾ ਮਤਲਬ ਲੱਭਣ ਲਈ ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਦਾ ਰੁੱਖ ਕਰਨਾ ਪੈਂਦਾ ਹੈ। ਪਰ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਅਜਿਹੇ ਬਚਿੱਤਰ ਅਤੇ ਨਿਵੇਕਲੇ ਵਿਰਸੇ ਨਾਲ ਜੋੜਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋ-ਨੰ: 98764-52223


Aarti dhillon

Content Editor

Related News