ਪਾਇਲਟ-ਗਹਿਲੋਤ ਟਕਰਾਅ ਦੀਆਂ ਸਿਆਸੀ ਗੋਟੀਆਂ ਅਤੇ ਗਾਂਧੀ ਪਰਿਵਾਰ

07/23/2020 2:07:07 PM

ਭਾਰਤ ਅਤੇ ਚੀਨ ਦੇ ਤਣਾਓ ਅਤੇ ਕੋਰੋਨਾ ਵਾਇਰਸ ਨਾਲ ਇਸ ਸਮੇਂ ਦੇਸ਼ ਜੂਝ ਰਿਹਾ ਹੈ। ਦੇਸ਼ ਦੀਆਂ ਇਨ੍ਹਾਂ ਦੋ ਮੁੱਖ ਸੁਰਖੀਆਂ ਤੋਂ ਇਲਾਵਾ ਇਸ ਸਮੇਂ ਰਾਜਸਥਾਨ ਵਿੱਚ ਕਾਂਗਰਸ ਦੇ ਵਿੱਚ ਚੱਲ ਰਿਹਾ ਅੰਦਰੂਨੀ ਕਲੇਸ਼ ਮੀਡੀਆ ਦੀ ਤੀਜੀ ਸੁਰਖੀ ਬਣਿਆ ਹੋਇਆ ਹੈ। ਇਸ ਦੇ 2 ਮੁੱਖ ਕਿਰਦਾਰ ਹਨ, ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ।

ਪਾਇਲਟ - ਗਹਿਲੋਤ ਟਕਰਾਅ ਦੇ ਦੌਰਾਨ ਇੱਕ ਗੱਲ ਜੋ ਸਭ ਤੋਂ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਹੈ, ਜਿਸ ’ਤੇ ਜ਼ਿਆਦਾ ਚਰਚਾ ਹੋ ਰਹੀ ਹੈ, ਉਹ ਹੈ ਕਾਂਗਰਸ ਦੀ ਉੱਪਰਲੀ ਲੀਡਰਸ਼ਿਪ। ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਦੀ ਕਾਂਗਰਸ ਨੂੰ ਲੀਡ ਕਰਨ ਦੀ ਯੋਗਤਾ ਉੱਪਰ ਫਿਰ ਤੋਂ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ। ਪਿਛਲੇ ਕਾਫੀ ਚਿਰ ਤੋਂ ਇਹ ਗੱਲ ਚਰਚਾ ਵਿੱਚ ਸੀ ਕਿ ਰਾਹੁਲ ਗਾਂਧੀ ਨੌਜਵਾਨ ਕਾਂਗਰਸੀ ਆਗੂਆਂ, ਜੋ ਕਿ ਲੋਕਾਂ ਦੇ ਵਿੱਚ ਵਿਚਰਦੇ ਹਨ, ਚੰਗਾ ਦਮ ਰੱਖਦੇ ਹਨ। ਉਨ੍ਹਾਂ ਤੋਂ ਆਪਣੇ ਆਪ ਨੂੰ ਅਤੇ  ਆਪਣੀ ਲੀਡਰਸ਼ਿਪ ਨੂੰ ਖਤਰਾ ਮਹਿਸੂਸ ਕਰਦੇ ਹਨ।

 

ਜੋਤੀ ਰਾਜੇ ਸਿੰਧਿਆ ਤੋਂ ਬਾਅਦ ਸਚਿਨ ਪਾਇਲਟ ਵਾਲੇ ਇਸ ਮੁੱਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਸੰਸਥਾਗਤ ਪੱਧਰ ਉੱਪਰ ਜੋ ਬਦਲਾਅ ਦੀ ਜ਼ਰੂਰਤ ਹੈ, ਉਸ ਉੱਪਰ ਵੀ ਇੱਕ ਚੰਗੀ ਬਹਿਸ ਛੇੜ ਦਿੱਤੀ ਹੈ। ਇਹ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਗਾਂਧੀ ਪਰਿਵਾਰ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਬਚਾਉਣ ਦੇ ਕਾਬਲ ਹੈ ਜਾਂ ਨਹੀਂ? ਰਾਜਸਥਾਨ ਸਰਕਾਰ ਵਾਲੇ ਫੈਸਲੇ ਵਿੱਚ ਅਸ਼ੋਕ ਗਹਿਲੋਤ ਦਾ ਸਾਥ ਦੇ ਕੇ ਰਾਹੁਲ ਗਾਂਧੀ ਕਿਤੇ ਨਾ ਕਿਤੇ ਉਹ ਮਿੱਥ ਵੀ ਸਹੀ ਸਾਬਤ ਕਰ ਰਿਹਾ ਹੈ ਕਿ ਰਾਹੁਲ ਗਾਂਧੀ ਚੰਗੇ ਅਤੇ ਨੌਜਵਾਨ ਨੇਤਾਵਾਂ ਤੋਂ ਆਪਣੀ ਲੀਡਰਸ਼ਿਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ।

ਜਦੋਂ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ, ਸਰਕਾਰ ਬਣਨ ਤੋਂ ਪਹਿਲਾਂ ਹੀ ਇਨ੍ਹਾਂ ਅਟਕਲਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ ਕਿ ਸਚਿਨ ਪਾਇਲਟ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਪਰ ਫਿਰ ਅਸੀਂ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੀ ਮੁਸਕਰਾਉਂਦਿਆਂ ਦੀ ਇਕੱਠੇ ਬੈਠਿਆਂ ਦੀ ਤਸਵੀਰ ਦੇਖਦੇ ਹਾਂ ਜਿਸ ਵਿੱਚ ਅਸ਼ੋਕ ਗਹਿਲੋਤ ਮੁੱਖ ਮੰਤਰੀ ਬਣ ਜਾਂਦੇ ਹਨ ਅਤੇ ਸਚਿਨ ਪਾਇਲਟ ਉੱਪ ਮੁੱਖ ਮੰਤਰੀ। ਸਿਆਸੀ ਮਾਹਿਰ, ਜੋ ਇਨ੍ਹਾਂ ਮਸਲਿਆਂ ’ਤੇ ਤਿੱਖੀ ਨਜ਼ਰ ਰੱਖਦੇ ਹਨ, ਉਨ੍ਹਾਂ ਨੇ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਸਾਥ ਬਹੁਤ ਲੰਬਾ ਚਿਰ ਨਹੀਂ ਨਿਭੇਗਾ ਤੇ ਨਾਲ-ਨਾਲ ਬੀਜੇਪੀ ਵੀ ਇਸ ਉੱਪਰ ਤਿੱਖੀ ਨਜ਼ਰ ਰੱਖ ਰਹੀ ਸੀ।

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ

ਪਾਇਲਟ ਦਾ ਸ਼ੁਰੂ ਤੋਂ ਹੀ ਇਹ ਮੰਨਣਾ ਸੀ ਕਿ ਉਹ ਮੁੱਖ ਮੰਤਰੀ ਪਦ ਦੇ ਅਹੁਦੇ ਦੇ ਹੱਕਦਾਰ ਹਨ ਅਤੇ ਉਨ੍ਹਾਂ ਨੇ ਪਿਛਲੇ ਛੇ ਸਾਲਾਂ ਤੋਂ ਇਹ ਸੁਨਿਸ਼ਚਿਤ ਕਰਨ ਲਈ ਕਿ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਆਵੇ ਬੜੀ ਮਿਹਨਤ ਕੀਤੀ ਸੀ। ਕਾਂਗਰਸ ਨੇ ਚੋਣਾਂ ਜਿੱਤੀਆਂ ਵੀ ਪਰ ਵਿਧਾਇਕਾਂ ਦੀ ਗਿਣਤੀ ਗਹਿਲੋਤ ਦੇ ਨਾਲ ਸੀ ਅਤੇ ਉਸ ਸਮੇਂ ਕਾਂਗਰਸ ਹਾਈ ਕਮਾਨ ਵੱਲੋਂ ਪਾਇਲਟ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਗਿਆ ਕਿ ਰਾਜਨੀਤਿਕ ਫ਼ੈਸਲੇ ਨਿੱਜੀ ਰਾਏ ਨਾਲ ਨਹੀਂ ਲਏ ਜਾਂਦੇ ਸਗੋਂ ਅੰਕੜਿਆਂ ਦੇ ਹਿਸਾਬ ਨਾਲ ਲਏ ਜਾਂਦੇ ਹਨ।

ਪਰ ਕਿਸੇ ਤਰ੍ਹਾਂ ਕਾਂਗਰਸ ਹਾਈ ਕਮਾਨ ਵੱਲੋਂ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੋਨਾਂ ਨੂੰ ਇੱਕ ਸਫ਼ੇ ’ਤੇ ਲੈ ਆਉਂਦਾ ਅਤੇ ਦੋਨਾਂ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਪਰ ਇਹ ਗੱਠਜੋੜ ਭਾਈਵਾਲੀ ਸ਼ੁਰੂ ਤੋਂ ਹੀ ਮੇਲ ਨਹੀਂ ਖਾ ਰਹੀ ਸੀ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਪਰ ਹੁਣ ਜੋ ਮੌਜੂਦਾ ਸੰਕਟ ਇਸ ਸਮੇਂ ਰਾਜਸਥਾਨ ਕਾਂਗਰਸ ਵਿੱਚ ਆਇਆ ਹੈ, ਇਹ ਕੋਈ ਅਚਾਨਕ ਆਇਆ ਹੋਇਆ ਸੰਕਟ ਨਹੀਂ, ਇਸ ਪਿੱਛੇ ਕਈ ਘਟਨਾਵਾਂ ਹਨ। ਲਗਭਗ ਪਿਛਲੇ ਡੇਢ ਸਾਲਾਂ ਤੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਆਪਣੇ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਦੀਆਂ ਬਤੌਰ ਉਪ ਮੁੱਖ ਮੰਤਰੀ ਪ੍ਰਾਪਤੀਆਂ ਨੂੰ ਨਕਾਰ ਰਿਹਾ ਸੀ ਅਤੇ ਉਸ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਸੀ। ਇਸ ਦੇ ਸਬੰਧ ਵਿੱਚ ਕਾਫੀ ਘਟਨਾਵਾਂ ਹੋਈਆਂ, ਜਿਨ੍ਹਾਂ ਕਾਰਨ ਅੱਜ ਰਾਜਸਥਾਨ ਦੀ ਕਾਂਗਰਸ ਵਿੱਚ ਇਹ ਹਾਲਾਤ ਬਣੇ ਹੋਏ ਹਨ।

ਜੇ ਹਾਲ ਹੀ ਵਿੱਚ ਵਾਪਰੀਆਂ ਇਨ੍ਹਾਂ ਘਟਨਾਵਾਂ ਵਿੱਚੋਂ ਕੁਝ ਮੌਜੂਦਾ ਘਟਨਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਜਸਥਾਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਨਾਲ ਲੜਾਈ ਲੜਨ ਲਈ, ਜੋ ਕੋਰ ਟੀਮ ਬਣਾਈ ਸੀ, ਪਾਇਲਟ ਨੂੰ ਉਸ ਟੀਮ ਦਾ ਹਿੱਸਾ ਹੀ ਨਹੀਂ ਰੱਖਿਆ ਗਿਆ ਸੀ। ਬਾਕੀ ਰਾਜਾਂ ’ਚ ਜਿਵੇਂ ਮੁੱਦੇ ’ਤੇ ਸਬੰਧਿਤ ਮੀਟਿੰਗਾਂ ਵਿੱਚ ਹਮੇਸ਼ਾਂ ਉਪ ਮੁੱਖ ਮੰਤਰੀ ਮੁੱਖ ਮੰਤਰੀ ਦੇ ਨਾਲ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਸੀ ਪਰ ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਨੂੰ ਇਨ੍ਹਾਂ ਮੀਟਿੰਗਾਂ ਤੋਂ ਦੂਰ ਰੱਖਣਾ ਬਿਹਤਰ ਸਮਝਿਆ। ਹਾਲਾਂਕਿ ਪਾਇਲਟ ਪੇਂਡੂ ਏਰੀਆ ਵਿੱਚ ਸੈਨੀਟਾਇਜੇਸ਼ਨ ਕਰਵਾਉਣ ਲਈ ਬਹੁਤ ਮਿਹਨਤ ਕਰ ਰਹੇ ਸੀ। ਮਨਰੇਗਾ ਦੇ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਦਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਕਿ ਕੋਰੋਨਾ ਦੇ ਸਮੇਂ ਗਰੀਬ ਭੁੱਖੇ ਨਾ ਮਰਨ। ਇਸ ਸਭ ਦੇ ਹੁੰਦੇ ਹੋਏ ਰਾਜਸਥਾਨ ਦੇ ਕੋਰੋਨਾ ਨੂੰ ਵਧੀਆ ਤਰੀਕੇ ਨਾਲ ਨਜਿੱਠਣ ਦੇ ਮਾਡਲ ਦੀ ਤਰੀਫ ਤਾਂ ਚਾਰੇ ਪਾਸੇ ਕੀਤੀ ਗਈ ਪਰ ਉਸ ਵਿਚ ਪਾਇਲਟ ਦਾ ਜੋ ਬਣਦਾ ਯੋਗਦਾਨ ਸੀ ਉਸ ਨੂੰ ਕਿਤੇ ਵੀ ਦਿਖਾਇਆ ਨਹੀਂ ਗਿਆ ਜਾਂ ਇਹ ਕਹਿ ਸਕਦੇ ਹਾਂ ਕਿ ਦਰਕਿਨਾਰ ਕਰ ਦਿੱਤਾ ਗਿਆ ।

ਜਾਣੋ ਬੀਬੀ ਬਾਦਲ ਨੇ ‘ਆਪ’ ਨੂੰ ਕਿਉਂ ਕਿਹਾ ਕਾਂਗਰਸ ਦੀ ‘ਬੀ’ ਟੀਮ (ਵੀਡੀਓ)

ਇਸ ਤੋਂ ਇਲਾਵਾ ਇੱਕ ਘਟਨਾ ਦਾ ਹੋਰ ਜ਼ਿਕਰ ਕਰਦਿਆਂ ਰਾਜਸਥਾਨ ਵਿੱਚ ਗਹਿਲੋਤ ਸਰਕਾਰ ਦੇ ਇੱਕ ਸਾਲ ਪੂਰਾ ਹੋਣ ’ਤੇ ਇਸ ਕਾਮਯਾਬੀ ਨੂੰ ਮਨਾਉਣ ਲਈ ਤਿੰਨ ਦਿਨਾਂ ਦਾ ਸਮਾਗਮ ਰੱਖਿਆ ਗਿਆ ਸੀ ਅਤੇ ਇਸ ਸਮਾਗਮ ਤੋਂ ਇਲਾਵਾ ਇੱਕ ਸਾਲ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ ਲਈ ਸਰਕਾਰ ਵੱਲੋਂ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਸੀ। ਉੱਪ ਮੁੱਖ ਮੰਤਰੀ ਹੋਣ ਦੇ ਬਾਵਜੂਦ ਪਾਇਲਟ ਨੂੰ ਇਸ ਸਭ ਕਾਸੇ ਤੋਂ ਦੂਰ ਰੱਖਿਆ ਗਿਆ ਅਤੇ ਸਮਾਗਮ ਤੋਂ ਵੀ ਸਚਿਨ ਪਾਇਲਟ ਖੁਦ ਅਤੇ ਸਚਿਨ ਪਾਇਲਟ ਦੇ ਪੋਸਟਰ ਗ਼ਾਇਬ ਰਹੇ। ਇਸ ਤੋਂ ਇਲਾਵਾ ਸਰਕਾਰ ਦੇ ਕਿਤਾਬਚੇ ਵਿੱਚ ਜੋ ਸਰਕਾਰੀ ਉਪਲੱਬਧੀਆਂ ਗਿਣਾਈਆਂ ਗਈਆਂ ਸੀ। ਉਸ ਵਿੱਚ ਸਚਿਨ ਪਾਇਲਟ ਦੇ ਅੰਦਰ ਆਉਂਦੇ ਵਿਭਾਗ ਅਤੇ ਉਸ ਦੇ ਸਾਥੀਆਂ ਦੇ ਅੰਦਰ ਆਉਂਦੇ ਵਿਭਾਗਾਂ ਦੀਆਂ ਉਪਲੱਬਧੀਆਂ ਨੂੰ ਦਿਖਾਇਆ ਨਹੀਂ ਗਿਆ ਅਤੇ ਬਾਅਦ ਵਿੱਚ ਖਿੱਝ ’ਚ ਸਚਿਨ ਪਾਇਲਟ ਨੇ ਆਪਣੇ ਪੱਧਰ ਉੱਤੇ ਆਪਣੀ ਉਪਲਬਧੀਆਂ ਨੂੰ ਸੋਸ਼ਲ ਮੀਡੀਆ ਉੱਤੇ ਟਵੀਟ ਕੀਤਾ।

ਇਹ ਜੋ ਮੌਜੂਦਾ ਤਣਾਅ ਚੱਲ ਰਿਹਾ ਹੈ, ਇਸ ਦੀਆਂ ਜੜ੍ਹਾਂ ਕਿਤੇ ਨਾ ਕਿਤੇ ਹਾਲ ਵਿੱਚ ਹੋਈਆਂ ਰਾਜ ਸਭਾ ਚੋਣਾਂ ਦੇ ਵਿੱਚ ਵੀ ਪਈਆਂ ਹਨ। ਖਾਸ ਕਰਕੇ ਜੋਤੀ ਰਾਜੇ ਸਿੰਧੀਆ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਸਚਿਨ ਪਾਇਲਟ ਬਾਰੇ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਉਡਾਈਆਂ ਗਈਆਂ ਕਿ ਸਚਿਨ ਪਾਇਲਟ ਬੀ.ਜੇ.ਪੀ. ਜਵਾਇਨ ਕਰ ਰਿਹਾ ਹੈ। ਸਚਿਨ ਪਾਇਲਟ ਇਨ੍ਹਾਂ ਅਫ਼ਵਾਹਾਂ ਲਈ ਅਸ਼ੋਕ ਗਹਿਲੋਤ ਨੂੰ ਦੋਸ਼ੀ ਮੰਨਦਾ ਹੈ ਅਤੇ ਉਹ ਮੰਨਦਾ ਹੈ ਕੀ ਇਹ ਸਭ ਕੁਝ ਅਸ਼ੋਕ ਗਹਿਲੋਤ ਦੁਆਰਾ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਉਸ ਨੂੰ ਨੀਵਾਂ ਦਿਖਾਉਣ ਲਈ ਕੀਤਾ ਗਿਆ ਹੈ। ਰਾਜ ਸਭਾ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਨੇ ਭਾਜਪਾ ਉੱਤੇ ਦੋਸ਼ ਲਾਇਆ ਕਿ ਭਾਜਪਾ ਨੇ ਉਸ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਦੇ ਉਪਰੰਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਜਸਥਾਨ ਪੁਲਸ ਦੀ ਇਕ ਸਪੈਸ਼ਲ ਅਪਰੇਸ਼ਨ ਗਰੁੱਪ ਬਣਾਇਆ। ਉਸ ਗਰੁੱਪ ਨੂੰ ਇਹ ਖਰੀਦ ਫਰੋਕਤ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਅਤੇ ਜਦੋਂ ਐਤਵਾਰ ਨੂੰ ਇਸ ਸਪੈਸ਼ਲ ਅਪਰੇਸ਼ਨ ਗਰੁੱਪ ਦੁਆਰਾ ਪਾਇਲਟ ਨੂੰ ਇਨਕਵਾਇਰੀ ਲਈ ਇੱਕ ਨੋਟਿਸ ਮਿਲਦਾ ਹੈ ਤਾਂ ਇਹ ਸਮਾਂ ਸੀ ਜਦੋਂ ਪਾਇਲਟ ਨੂੰ ਲੱਗਦਾ ਹੈ ਕਿ ਹੁਣ ਅਸ਼ੋਕ ਗਹਿਲੋਤ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਹੁਣ ਇਸ ਤਰ੍ਹਾਂ ਬਣੇ ਰਹਿਣਾ ਉਹਦੇ ਲਈ ਲੱਗਭਗ ਨਾਮੁਮਕਿਨ ਹੈ।

ਜਨਮ ਦਿਨ ’ਤੇ ਵਿਸ਼ੇਸ਼ : ਭਾਰਤ ਦਾ ਵੀਰ ਸਪੂਤ ‘ਚੰਦਰ ਸ਼ੇਖਰ ਆਜ਼ਾਦ’

ਹੁਣ ਸਵਾਲ ਉੱਠਦਾ ਹੈ ਕਿ ਸਚਿਨ ਪਾਇਲਟ ਲਈ ਅੱਗੇ ਕੀ ਸੰਭਾਵਨਾਵਾਂ ਹਨ ?
ਇਸ ਸਮੇਂ ਮੁੱਖ ਤੌਰ ਉੱਪਰ ਸਚਿਨ ਪਾਇਲਟ ਲਈ ਮੁੱਖ ਤੌਰ ’ਤੇ ਤਿੰਨ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਹਨ। ਸਭ ਤੋਂ ਪਹਿਲੀ ਸੰਭਾਵਨਾਵਾਂ ਹੈ ਕਿ ਸਚਿਨ ਪਾਇਲਟ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਆਪਣੀ ਜੰਗ ਜਾਰੀ ਰੱਖੀ। ਉਸ ਵਰਗੇ ਹੋਰ ਬਹੁਤ ਨੌਜਵਾਨ ਆਗੂ ਹਨ, ਜੋ ਕਾਂਗਰਸ ਪਾਰਟੀ ਦੇ ਸੰਸਥਾਗਤ ਢਾਂਚੇ ਵਿੱਚ ਬਦਲਾਅ ਚਾਹੁੰਦੇ ਹਨ ਅਤੇ ਜੋ ਨਿੱਜੀ ਤੌਰ ਤੇ ਪਾਇਲਟ ਦਾ ਸਮਰਥਨ ਕਰਦੇ ਹਨ। ਦੇਖਣਾ ਪਵੇਗਾ ਕਿ ਕੀ ਉਹ ਪਬਲਿਕ ਲਈ ਵੀ ਪਾਇਲਟ ਦਾ ਸਮਰਥਨ ਕਰਨਗੇ ਅਤੇ ਇਹ ਸੰਭਾਵਨਾਵਾਂ ਬਹੁਤ ਮੁਸ਼ਕਲ ਹੈ ਉੱਪਰ ਬਹੁਤ ਨੇਤਾਵਾਂ ਨੇ ਵਿੱਚ ਰਹਿ ਕੇ ਏਦਾਂ ਪਹਿਲਾਂ ਵੀ ਕੀਤਾ ਹੈ।

ਦੂਜੀ ਸੰਭਾਵਨਾ ਹੈ, ਜੋ ਸਭ ਤੋਂ ਜ਼ਿਆਦਾ ਹੁੰਦੀ ਜਾਪਦੀ ਹੈ ਉਹ ਹੈ ਕਿ ਆਪਣੇ ਨਾਲ ਵੱਧ ਤੋਂ ਵਾਧਾ ਮਿਲੇ ਜੋੜ ਕੇ ਬੀ.ਜੇ.ਪੀ. ਦੇ ਨਾਲ ਮਿਲ ਕੇ ਅਸ਼ੋਕ ਗਹਿਲੋਤ ਦੀ ਸਰਕਾਰ ਨੂੰ ਡੇਗਣ ਦਾ ਉਪਰਾਲਾ ਕਰੇ ਅਤੇ ਖੁਦ ਬੀ.ਜੇ.ਪੀ. ਦੇ ਨਾਲ ਮਿਲ ਕੇ ਸੀ.ਐੱਮ. ਦਾ ਅਹੁਦਾ ਲੈ ਕੇ ਕੁਰਸੀ ’ਤੇ ਬਿਰਾਜੇ ਪਰ ਇਸ ਲਈ ਜੋ ਸਭ ਤੋਂ ਮੁੱਖ ਚੀਜ਼ ਹੈ, ਉਹ ਹੈ ਕਿੰਨੇ ਵਿਧਾਇਕ ਉਸ ਦੇ ਨਾਲ ਖੜ੍ਹੇ ਹਨ ।

ਕੀ ਸ਼ਰਾਬ ਦੇ ਟੈਕਸ ਸਿਰੋਂ ਚੱਲਣ ਵਾਲੀਆਂ ਸਰਕਾਰਾਂ ਤੋਂ ਕੀ ਰੱਖੀ ਜਾ ਸਕਦੀ ਤੱਰਕੀ ਦੀ ਉਮੀਦ?

ਤੀਜੀ ਸੰਭਾਵਨਾ ਹੈ ਕਿ ਬੀਜੇਪੀ ਵੱਲ ਨਾ ਜਾ ਕੇ ਆਪਣੀ ਇੱਕ ਖੇਤਰੀ ਪਾਰਟੀ ਬਣਾਵੇ ਜਿਵੇਂ ਜਗਨ ਮੋਹਨ ਰੈੱਡੀ ਨੇ ਬਣਾਈ ਸੀ ਪਰ ਇਹ ਜੋ ਰਸਤਾ ਹੈ ਕਿ ਬਹੁਤ ਲੰਬਾ ਹੈ। ਇਸ ਵਿੱਚ ਸਫ਼ਲਤਾ ਪਾਉਣ ਲਈ ਆਪਣੇ ਆਪ ਨੂੰ ਸਫਲਤਾਪੂਰਵਕ ਸਥਾਪਿਤ ਕਰਨ ਲਈ ਸਮਾਂ ਲੱਗ ਸਕਦਾ ਹੈ। ਅਗਲੇ ਆਉਣ ਵਾਲੇ ਦਿਨ ਬੜੇ ਗਰਮਾ ਗਰਮੀ ਵਾਲੇ ਹੋ ਸਕਦੇ ਹਨ, ਭਾਜਪਾ ਫਿਲਹਾਲ ਚੁੱਪ ਬੈਠੀ ਜਾਪ ਰਹੀ ਹੈ, ਪਰ "ਅਪਰੇਸ਼ਨ ਕਮਲ" ਸਾਰਾ ਸਾਲ ਚਲਦਾ ਰਹਿੰਦਾ ਹੈ। ਬਾਕੀ ਆਉਣ ਵਾਲਾ ਹਫਤਾ ਦੱਸੇਗਾ ਕਿ ਉੱਠ ਕਿਸ ਕਰਵਟ ਬੈਠਦਾ ਹੈ।

PunjabKesari

ਮਨਮੀਤ ਕੱਕੜ
ਸਹਾਇਕ ਨਿਰਦੇਸ਼ਕ,
ਰਾਯਤ ਬਾਹਰਾ ਯੂਨੀਵਰਿਸਟੀ, ਮੌਹਾਲੀ। 
ਐੱਮ ਏ (ਅੰਗਰੇਜ਼ੀ), ਐੱਮ. ਬੀ.ਏ,  ਪੀ.ਐੱਚ.ਡੀ । 
+91 7986307793, 9988889322


rajwinder kaur

Content Editor

Related News