ਕਵਿਤਾ ਖਿੜਕੀ : ਪੜ੍ਹੋ ਜਜ਼ਬਾਤਾਂ ਨਾਲ ਲਬਰੇਜ਼ - ''ਐਵਾਨ-ਏ-ਗ਼ਜ਼ਲ''
Saturday, Jun 26, 2021 - 08:20 AM (IST)
ਸੋਲ਼ਾਂ
ਦਾਤਾ ਸਾਰੇ ਜਗ ਦੇ ਉੱਤੇ, ਠੰਡੀਆਂ ਛਾਂਵਾਂ ਕਰਦੇ।
ਤੇਰੇ ਸੇਵਕ ਤੇਰੇ ਅੱਗੇ, ਰੋਜ਼ ਦੁਆਵਾਂ ਕਰਦੇ।
ਓਨ੍ਹਾਂ ਬਾਲਾਂ ਸਾਡੇ ਪੈਰਾਂ ਦੇ ਵਿਚ ਬੇੜੀਆਂ ਪਾਈਆਂ,
ਸੜਦੇ ਰਹੇ ਹਾਂ ਜਿੰਨ੍ਹਾਂ ਤੇ, ਪਰਛਾਂਵਾ ਕਰਦੇ ਕਰਦੇ।
ਅੰਧ ਵਿਸ਼ਵਾਸਾਂ ਦੇ ਚੱਕਰਾਂ ਵਿਚ ਫਸ ਕੇ ਯਾਰ ਅਸਾਡੇ,
ਫਸ ਗਏ ਵਿਚ ਬਲਾਵਾਂ, ਦੂਰ ਬਲਾਵਾਂ ਕਰਦੇ ਕਰਦੇ।
ਪਤਾ ਨਹੀਂ ਕਿਉਂ ਮੁਨਕਰ ਨੇ ਪੰਜਾਬੀ ਮਾਂ ਦੇ ਪੁੱਤਰ,
ਬਾਕੀ ਸਾਰੇ ਫਿਰਦੇ,ਮਾਂਵਾ ਮਾਂਵਾ ਕਰਦੇ ਕਰਦੇ।
ਵਿਚ ਕੀਤਿਆਂ ਸਾਰੇ ਜੱਗ ਤੇ ਅੱਪੜ ਜਾਣ ਸੁਨੇਹੇ,
ਭੁੱਲ ਜਾਂਦੇ ਸਾਂ ਚਿਠੀਆਂ ਤੇ, ਸਰਨਾਵਾਂ ਕਰਦੇ ਕਰਦੇ।
ਜਿਗਰੇ ਵਾਲੇ ਲੰਘ ਗਏ ਨੇ ਤੁਫਾਨਾਂ 'ਚੋਂ ਤਰ ਕੇ,
ਕਮ ਦਿਲ ਰਹਿ ਗਏ ਕੰਢਿਆ ਉੱਪਰ,ਸਲ੍ਹਾਵਾਂ ਕਰਦੇ ਕਰਦੇ।
ਸਾਡੇ ਉਪਰ ਨਹੀਂ ਮਸੀਹਾ ਤੇਰੀ ਨਜ਼ਰ ਸਵੱਲੀ,
ਵਧਦਾ ਜਾਂਦਾ ਸਾਡਾ ਰੋਗ, ਦੁਆਵਾਂ ਕਰਦੇ ਕਰਦੇ।
ਸਤਾਰਾਂ
ਢੋਹ ਢੋਹ ਸਾਰੀ ਉਮਰ ਲੰਘਾਈ, ਸਿਰ ਦਾ ਤੋਲ ਭਾਰ ਨਹੀ ਹੁੰਦਾ।
ਆ ਓ ਯਾਰਾ ਛੇਤੀ ਆ ਜਾ, ਕੱਲਿਆਂ ਸਮਾਂ ਗੁਜਾਰ ਨਹੀਂ ਹੁੰਦਾ।
ਮੁੜ ਮੁੜ ਕੇ ਜੋ ਧੋਖਾ ਦੇਂਦਾ, ਦਿਲ ਚਾਹਵੇ ਠੁਕਰਾਵਾਂ ਉਸਨੂੰ,
ਐਪਰ ਜਦ ਉਹ ਘਰ ਆ ਜਾਵੇ, ਮੇਰੇ ਤੋਂ ਇਨਕਾਰ ਨਹੀਂ ਹੁੰਦਾ।
ਧਰਮ ਕਰਮ ਦੀਆਂ ਗੱਲਾਂ ਕਰ ਕਰ, ਐਵੇਂ ਨਾ ਭਰਮਾਓ ਮੈਨੂੰ,
ਦੁਨੀਆਂ ਵਾਲਿਓ ਮੈਂ ਨਹੀਂ ਜਾਣਾ, ਜਦ ਤਕ ਕਰਜ਼ ਉਤਾਰ ਨਹੀਂ ਹੰਦਾ।
ਸੱਚ ਕਹਿਣਾ ਤੇ ਮੂੰਹ ਤੇ ਕਹਿਣਾ, ਵਾਅਦਾ ਕਰ ਕੇ ਤੋੜ ਨਿਭਾਉਣਾ,
ਗਲ਼ ਜਾਏ ਪਰ ਗੱਲ ਨਾ ਜਾਏ, ਗੱਲੀਂ ਵੇਲਾ ਸਾਰ ਨਹੀਂ ਹੁੰਦਾ।
ਖੁਸ਼ੀਆਂ ਗ਼ਮੀਆਂ ਜਿੱਤਾਂ ਹਾਰਾਂ, ਜ਼ਿੰਦਗੀ ਦੇ ਵਿੱਚ ਸੱਭ ਕੁਝ ਆਉਂਦਾ,
ਕਰ ਕਰ ਯਤਨ ਹਜ਼ਾਰਾਂ ਵੇਖੇ, ਇਹ ਜੀਵਨ ਇਕ ਸਾਰ ਨਹੀਂ ਹੁੰਦਾ।
ਕਰਜ਼ੇ ਲੈਂਦਾ ਕਰਜ਼ੇ ਦੇਂਦਾ, ਦਾਨ ਕਰੇ ਵਡਿਆਈ ਖੱਟਦਾ,
ਅਪਣੇ ਹੀ ਘਰ ਬੰਦੇ ਤੋਂ ਪਰ, ਮਾਂ ਦਾ ਕਰਜ਼ ਉਤਾਰ ਨਹੀਂ ਹੁੰਦਾ।
ਅਠਾਰਾਂ
ਦਿਲ ਦਰਦ ਆਪਣੇ ਦਾ ਦੱਸਾਂ ਮੈਂ ਹਾਲ ਕਿਸ ਨੂੰ।
ਗ਼ਮ ਖਾਰ ਬਿਨ ਗ਼ਮਾਂ ਦਾ ਕਰੀਏ ਭਿਆਲ ਕਿਸ ਨੂੰ।
ਕਰਦੇ ਨੇ ਵਾਰ ਦੁਸ਼ਮਣ ਅਤੇ ਯਾਰ ਕਰਨ ਧੋਖਾ,
ਜ਼ਿੰਦਗੀ ਦੇ ਇਸ ਸਫਰ ਵਿਚ ਤੋਰਾਂਗੇ ਨਾਲ ਕਿਸ ਨੂੰ।
ਰਾਹਜਨ ਬਣੇ ਨੇ ਰਾਹਬਰ ਰਾਖੇ ਬਣੇ ਲੁਟੇਰੇ,
ਘਰ ਦੀ ਜੋ ਬਚੀ ਪੂੰਜੀ ਦੇਈਏ ਸੰਭਾਲ ਕਿਸ ਨੂੰ।
ਹਰ ਬਸ਼ਰ ਇਸ ਜਹਾਂ ਦਾ ਹੈ ਉਲਝਣਾਂ 'ਚ ਫਸਿਆ,
ਮੁਸ਼ਕਲ ਮੈਂ ਆਪਣੀ ਦਾ ਪੁੱਛਾਂ ਸਵਾਲ ਕਿਸ ਨੂੰ।
ਮੰਦਰ ਨਾ ਮਸਜਿਦਾਂ ਦੇ ਝਗੜੇ ਨੇ ਕੁਰਸੀਆਂ ਦੇ
ਐ ਰਾਮ ਮੇਰੇ ਅੱਲਾ ਤੇਰਾ ਖਿਆਲ ਕਿਸ ਨੂੰ।
ਸਤਨਾਮ ਸਿੰਘ ਦਰਦੀ ਚਾਨੀਆਂ-ਜਲੰਧਰ
92569-73526