ਕਵਿਤਾ ਖਿੜਕੀ: ਮਜ਼ਦੂਰ ਦਿਹਾੜੇ ''ਤੇ ਇੱਕ ਵਿਸ਼ੇਸ਼ ਕਵਿਤਾ

05/01/2021 11:53:52 AM

'ਮਜ਼ਦੂਰ' 

ਹਾਂ ਮੈਂ ਮਜ਼ਦੂਰ ਹਾਂ... 
ਜਿਸ ਨੇ ਮੁੱਢ ਕਦੀਮੀਂ ਆਪਣੇ ਅਰਮਾਨਾਂ ਦਾ ਗਲਾ ਘੁੱਟ,  
ਜਜ਼ਬਾਤਾਂ ਦਾ ਕਤਲ ਕਰ ਆਪਣੇ ਜੀਵਨ ਦੀਆਂ ਲੋੜਾਂ ਨੂੰ, ਬਾ-ਮੁਸ਼ਕਿਲ ਪੂਰਾ ਕੀਤਾ । 

ਗ਼ਰੀਬੀ ਦਾ ਦਰਦ ਪਿੰਡੇ ਹੰਢਾਉਂਦਿਆਂ, 
ਆਪਣੀ ਆਤਮਾ ਤੱਕ ਨੂੰ ਛਲਨੀ ਕੀਤਾ।

ਜਿਹਦੀ ਮਿਹਨਤ ਸਦਕਾ, ਚਿਮਨੀਆਂ ਚੋਂ ਨਿਕਲਦੇ ਧੂਏਂ ਨੇ, 
ਸਨਅਤੀ ਘਰਾਣਿਆਂ ਨੂੰ ਖੁਸ਼ਹਾਲ ਕੀਤਾ। 
ਪਰ ਅਕਸਰ ਧੰਨਵਾਨਾਂ ਨੇ ਮੇਰੀ ਅਣਥੱਕ ਮਿਹਨਤ ਦਾ 
ਹਰ ਵੇਲੇ ਸੋਸ਼ਣ ਕੀਤਾ। 

ਮੈਂ ਮਜ਼ਦੂਰ ਹਾਂ... 
ਜਿਨ੍ਹੇ ਚੀਨ ਦੀ ਦੀਵਾਰ ਤੋਂ ਲੈ ਲਾਲ ਕਿਲ੍ਹੇ ਹਨ ਉਸਾਰੇ! 
ਜਿਨ੍ਹੇ ਖੁਦ ਦੀ ਮੁਹੱਬਤ ਦਾ ਗਲਾ ਘੁੱਟ 
ਸ਼ਾਹਜਹਾਂ ਮੁਮਤਾਜ਼ ਦੇ ਪਿਆਰ ਨੂੰ ਲਾਸਾਨੀ ਕੀਤਾ । 

ਮੈਂ ਮਜਦੂਰ ਹਾਂ... 
ਮੇਰੇ ਕਿੰਨੇ ਹੀ ਰੰਗ ਤੇ ਰੂਪ ਨੇ 
ਪਰ ਜਿਹਨੂੰ ਆਖਦੇ ਤਕਦੀਰ ਨੇ , 
ਉਹ ਸਭਨਾਂ ਦੀ ਇਕੋ ਜਿਹੀ ਜਾਪੇ ।
ਮੈਂ ਖੇਤਾਂ, ਫੈਕਟਰੀਆਂ ਉਸਾਰੀ ਅਧੀਨ ਇਮਾਰਤਾਂ ਚ' ਮੌਜੂਦ ਹਾਂ। 

ਮੈਂ ਮਜ਼ਦੂਰ ਹਾਂ ! 
ਮੈਂ ਅਕਸਰ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿਚ 
ਹਾਕਮ ਅਫ਼ਸਰਾਂ ਦੀਆਂ ਝਿੜਕਾਂ ਖਾਣ ਲਈ ਮਜਬੂਤ ਹਾਂ 
ਕੁਦਰਤੀ ਆਫ਼ਤ ਹੋਏ ਜਾਂ ਫਿਰਕੂ ਦੰਗਾ ਕੋਈ, 
ਪਲੇਗ ਹੋਏ ਜਾਂ ਵਾਇਰਸ ਕੋਰੋਨਾ ਕੋਈ, 
ਮੈਂ ਹਰ ਥਾਂ ਮੁਢਲੀਆਂ ਸਫਾਂ ਚ'
ਆਪਣੀ ਕੁਰਬਾਨੀ ਦੇਣ ਲਈ ਮਸ਼ਹੂਰ ਹਾਂ! 
 

ਮੈਂ ਮਜ਼ਦੂਰ ਹਾਂ..! 
ਕਹਿੰਦੇ ਨੇ ਮਨੁੱਖ ਬਹੁਤ ਤਰੱਕੀ ਕਰ ਗਿਆ ਏ। 
ਚੰਨ੍ਹ ਤੇ ਫਤਿਹ ਪਾ , ਮੰਗਲ ਵਲ ਵੱਧ ਗਿਆ ਏ। 
ਪਰ ਮੇਰੇ ਲਈ ਹਾਲੇ ਵੀ ਰੋਜ਼ੀ ਰੋਟੀ ਦੇ ਮਸਲੇ ਬੜੇ ਨੇ! 
ਕਹਿੰਦੇ ਨੇ ਸੰਵਿਧਾਨ ਚ' ਮਜ਼ਦੂਰਾਂ ਲਈ ਅਧਿਕਾਰ ਬੜੇ ਨੇ। 
ਪਰ ਮੇਰੇ ਸਾਹਮਣੇ ਹਾਲੇ ਵੀ ਹਨੇਰੇ ਬੜੇ ਨੇ... ! 
ਹਨੇਰੇ ਬੜੇ ਨੇ..!! ਹਨੇਰੇ ਬੜੇ ਨੇ...!!! 


ਅੱਬਾਸ ਧਾਲੀਵਾਲ, 
ਮਲੇਰਕੋਟਲਾ। 
ਸੰਪਰਕ. 9855259650
 Abbasdhaliwal72@gmail.com


Harnek Seechewal

Content Editor

Related News