ਕਵਿਤਾ : ਦੇਖੀਂ..ਹੁਣ ਤੂੰ ਬਾਪ ਬਦਲ ਕੇ

09/23/2020 3:14:14 PM

ਕਵਿਤਾ : ਦੇਖੀਂ..ਹੁਣ ਤੂੰ ਬਾਪ ਬਦਲ ਕੇ

ਜਦ ਤੂੰ ਆਖੇਂ ਮਾਂ ਨੂੰ ਮਾਸੀ
ਪਾਗ਼ਲਪਣ ਤੇ ਆਵੇ ਹਾਸੀ
ਲ਼ਾਲ਼ਾਂ ਚਟਦੀ ਦੁੱਧ ਪਿਲਾਵੇ
ਤੇਰੀ ਸੀਰਤ ਜਿਨ੍ਹੇ ਤਰਾਸ਼ੀ
ਲਾਲਚ ਵਿਚ ਤੈਂ ਉਹ ਵੀ ਮਾਂ ਗਵਾ ਲਈ
ਦੇਖੀਂ ਹੁਣ ਤੂੰ  ਬਾਪ ਬਦਲ ਕੇ ....
ਕੋਈ ਹੋਰ ਨਾ ਰੁਤਵਾ ਪਾ ਲਈ... !!
ਦੇਖੀਂ ..ਹੁਣ ਤੂੰ ਬਾਪ ਬਦਲ ਕੇ.......

ਸਦਕੇ ਪੰਜਾਬੀ ਮਾਂ ਦੇ, ਵਿਕ ਗਏ ਛੱਲੇ-ਮੁੰਦੀਆਂ
ਧੌਲ਼ੇ ਪੱਟਤੇ ਹੱਥੀਂ,  ਜੀਹਨੇ ਮੀਡੀਆਂ ਗੁੰਦੀਆਂ
ਕੀ ਰਿਸ਼ਤਾ... ਤੇਰਾ ਬੇ-ਈਮਾਨਾਂ
ਕੰਜਰਾ... ਡਫ਼ਲ਼ੀ ਕਿੱਥੇ ਵਜਾ ਲਈ..!
ਦੇਖੀਂ ..ਹੁਣ ਤੂੰ ਬਾਪ ਬਦਲ ਕੇ........

ਪੈਸੇ ਖਾਤਿਰ ਚੱਲੇਂ ਚਾਲਾਂ, ਕਿਉਂ ਤੂੰ ਵਾਂਗ ਗਦਾਰਾਂ
ਲੁੱਟੇ ਲੋਕੀਂ ਪਾ ਕੇ ਘੁੰਗਰੂ ,ਕਰ ਕਰ ਢੋਂਗ ਮਜ਼ਾਰਾਂ
ਤੈਥੌਂ ਕੋਠੇ ਵਾਲੀ ਨਾਚੀ ਚੰਗੀ...
ਜਿਸ ਨੇ ਕਰਮ ਦੀ ਝਾਂਜਰ ਪਾ ਲਈ
ਦੇਖੀਂ ...ਹੁਣ ਤੂੰ ਬਾਪ ਬਦਲ ਕੇ.......

ਸੇਖ ਫ਼ਰੀਦ ਤੇ ਸਿੱਖ ਗੁਰੂਆਂ ਦੀ ਬੋਲੀ
ਬੁੱਲ਼੍ਹੇ, ਬਾਹੂ, ਵਾਰਿਸ, ਸ਼ਾਇਰਾਂ ਦੀ ਪੱਤ ਰੋਲ਼ੀ
ਗੁਰੂ ਅੰਗਦ ਸਾਹਿਬ ਦੀ ਲਿੱਪੀ ਸਿਰਜੀ
ਤੈਂ ਚਿਲਮਾਂ ਵਿੱਚ ਵਿਕਾ ਲਈ
ਦੇਖੀਂ ..ਮਹੁਣ ਤੂੰ ਬਾਪ ਬਦਲ ਕੇ......

ਪ੍ਰਕਿਰਤੀ ਦੀ ਜੁਬਾਨ ਪੰਜਾਬੀ,ਨਾ ਕਿਸੇ ਦੀ ਗੋਲ੍ਹੀ
"ਬਾਲੀ"ਆਦਿ ਸ਼ਬਦ ਦੀ ਧੁਨ, ਬਣਕੇ ਦੱਲ੍ਹਾ ਤੋਲੀ
ਕਰਿਐ ਕੁਰਸੀ ਖਾਤਿਰ ਮਾਂ ਦਾ ਸੌਦਾ
ਦਾਅ ਕਿਉਂ ਮਾਂ ਦੀ ਪੱਤ ਹੀ ਲਾ ਲਈ
ਦੇਖੀਂ...
ਹੁਣ ਤੂੰ ਬਾਪ ਬਦਲ ਕੇ.......


ਕਿਤੇ ਮਿਲ ਜਾਏ ਅਗਰ

ਕਿਸੇ ਰਾਹ ਰੁੱਸੀ ਜਾਂਦੀ
ਮੈਥੋਂ ਮੇਰੀ ਕਵਿਤਾ ਯਾਰੋ
ਦੇ ਦੇਣਾ ਇਕ ਸੁਨੇਹਾ
ਇਹ ਸ਼ਾਇਰ ਮਰਜਾਣੇ ਦਾ
ਹਰ ਜ਼ਖਮ ਅਜੇ ਅੱਲਾ ਏ
ਕਹਿ ਦਿਓ ਬਾਲੀ ਬਿਨ ਤੇਰੇ
ਅੱਜ ਵੀ ਕੱਲ੍ਹਾ-ਕੱਲ੍ਹਾ ਏ.....
ਬਾਲੀ ਤੇਰਾ ਬਿਨ ਤੇਰੇ.....

ਕਹਿਣਾ ਝੱਲੀ ਨੂੰ ਕੇਰਾਂ
ਸੁਣ ਲਏ ਜੇ ਚੰਦਰੀ
ਜਿਉਂ ਰਿਦਮਾਂ ਬਾਝੋਂ 
ਗੀਤ, ਗੀਤ ਨਹੀਂ ਹੁੰਦੇ !
ਜਿਉਂ ਸੁਰ-ਤਾਲਾਂ ਬਿਨ 
ਸਰਗਮ ਸੰਗੀਤ ਨਹੀਂ ਹੁੰਦੇ !
ਮਦ-ਮਸਤ ਅਦਾਵਾਂ ਬਾਝੋਂ
ਹੁਸਨਾਂ ਦਾ ਖਾਲੀ ਪੱਲਾ ਏ !!
ਕਹਿ ਦਿਓ ਬਾਲੀ ਬਿਨ ਤੇਰੇ ਤਾਂ
ਅੱਜ ਵੀ ਕੱਲ੍ਹਾ......ਏ

ਸ਼ਾਇਰੀ ਇਸ਼ਕ ਹੈ
ਗੀਤ ਮੇਰੀ ਬੰਦਗ਼ੀ
ਸ਼ਬਦਾਂ ਦਾ ਸਿਮਰਨ
ਖ਼ਿਆਲਾਂ ਦੀ ਮਾਲ੍ਹਾ
ਯਾਦਾਂ ਦੀ ਕੁਟੀਆ
ਰਹੇ ਆਬਾਦ ਇਵੇਂ ਸ਼ਾਲਾ
ਪਲਕੀਂ ਅਸ਼ਕਾਂ ਦੇ ਦੀਵੇ
ਸਜਾ ਰੱਖੀਂ ਨਜ਼ਰ ਬਰੂਹੀਂ
ਹਾਂ ਹਿਜਰਾਂ ਦੇ ਯੋਗੀ
ਦਿਲੀਂ ਬਿਰਹੜੇ ਦਾ ਟਿੱਲਾ ਏ
ਕਹਿ ਦਿਓ ਬਾਲੀ ਬਿਨ ਤੇਰੇ .......
ਅੱਜ ਵੀ ਕੱਲ੍ਹਾ............

ਪਾ ਦੇਣਾ ਤਰਲਾ ਇਕ
ਛਣ ਗਈਆਂ ਪੌਣਾਂ ਚ ਮਹਿਕਾਂ 
ਨਹੀਂ ਪ੍ਰਭਾਤਾਂ ਦੀਆਂ ਚਹਿਕਾਂ
ਬਿਨ ਤੇਰੇ
ਗੁਲਾਬ ਜਿਹੀਆਂ ਟਹਿਕਾਂ
ਹੈ ਨਹੀ ਕਿਧਰੇ
ਤੇਰੀ ਹੀ ਬ੍ਰਿਹਾ ਪੀੜਾਂ
ਜਾਂਦਾ ਹਾਂ ਜਿਧਰੇ 
ਬਾਂਸੋਂ ਵੰਝਲੀ ਹੋ ਹੋ ਕੂਕਾਂ
ਮਾਰਾਂ ਮੱਚਦੀ ਅੱਗੀਂ ਫੂਕਾਂ
ਭੱਠੀ ਤਨ ਦੀ ਸਿਖ਼ਰ ਦੁਪਹਿਰਾਂ
ਜਿੰਦ ਹੋ ਗਈ ਸੜ ਸੜ ਖਿੱਲ੍ਹਾਂ ਏ
ਬਾਲੀ ਬਿਨ੍ਹ ਤੇਰੇ........
ਅੱਜ ਵੀ ਕੱਲ੍ਹਾ ਏ.........
  
      
ਬਲਜਿੰਦਰ"ਬਾਲੀ ਰੇਤਗੜ੍ਹ"
94651-29168


rajwinder kaur

Content Editor

Related News