ਲੋਕਾਂ ਦੀ ਵੱਖੋ-ਵੱਖਰੀ ਪਛਾਣ ‘ਕੌਮੀ ਏਕਤਾ’ ਵਿੱਚ ਰੁਕਾਵਟ

06/30/2020 3:24:23 PM

ਦਲੀਪ ਸਿੰਘ ਵਾਸਨ, ਐਡਵੋਕੇਟ

ਵੈਸੇ ਤਾ ਸਾਡਾ ਮੁਲਕ ਕਦੀ ਵੀ ਇਕ ਰਾਸ਼ਟਰ ਨਹੀਂ ਬਣ ਸਕਿਆ। ਜਦ ਅਸੀਂ ਆਪਣੇ ਮਿਥਿਹਾਸ ਦੇ ਵਕਤਾਂ ਵਿੱਚ ਵੀ ਸਾਂ ਉਦੋਂ ਵੀ ਵੱਖ-ਵੱਖ ਰਾਜੇ ਸਨ। ਕੁਝ ਤਕੜੇ ਰਾਜੇ ਕਮਜ਼ੋਰ ਰਾਜਿਆਂ ਤੋਂ ਆਪਣੀ ਸਰਦਾਰੀ ਮਨਵਾ ਲਿਆ ਕਰਦੇ ਸਨ ਅਤੇ ਮਹਾਰਾਜਾ ਅਖਵਾਉਣ ਲਗ ਪੈਂਦੇ ਸਨ। ਸਾਡੇ ਆਪਣੇ ਮਿਥਿਹਾਸ ਤੋਂ ਬਾਅਦ ਸਾਡੇ ਇਤਿਹਾਸ ਦੇ ਵਕਤਾਂ ਵਿੱਚ ਵੀ ਸਾਡਾ ਇਹ ਵਾਲਾ ਮੁਲਕ ਛੋਟੇ ਛੋਟੇ ਰਾਜਾਂ ਵਿੱਚ ਹੀ ਬਣਿਆ ਰਿਹਾ ਹੈ ਅਤੇ ਸਾਡਾ ਇਤਿਹਾਸ ਗਵਾਹੀ ਭਰਦਾ ਹੈ ਕਿ ਇਹ ਰਾਜੇ ਆਪਸ ’ਚ ਲੜਦੇ ਹੀ ਰਹਿੰਦੇ ਸਨ ਅਤੇ ਇਹ ਖਬਰਾਂ ਬਾਹਰ ਵੀ ਪੁੱਜ ਗਈਆਂ ਸਨ। ਜੇਕਰ ਸਾਡੇ ਮੁਲਕ ਉਤੇ ਬਾਹਰੀ ਹਮਲਿਆਂ ਦੀ ਗਲ ਕਰਦੇ ਹਾਂ ਤਾਂ ਇਕ ਤਾਂ ਇਹ ਛੋਟੇ-ਛੋਟੇ ਰਾਜਾਂ ਦੀ ਗੱਲ ਸੀ ਅਤੇ ਦੂਜੀ ਗੱਲ ਸੀ ਇਸ ਮੁਲਕ ਦੀ ਅਮੀਰੀ। ਬਾਹਰਲੇ ਮੁਲਕਾਂ ਵਲੋਂ ਜਿਤਨੇ ਵੀ ਹਮਲੇ ਪਹਿਲਾਂ ਪਹਿਲ ਹੋਏ ਹਨ, ਉਹ ਸਾਰੇ ਸਾਡੀ ਲੁੱਟ ਕਰਨ ਲਈ ਹੀ ਕੀਤੇ ਗਏ ਸਨ। 

ਜਦ ਹਮਲਾਵਰਾਂ ਨੇ ਇਹ ਦੇਖਿਆ ਕਿ ਇਥੇ ਕੋਈ ਰਾਜਾ ਤਾਕਤਵਰ ਹੀ ਨਹੀਂ ਹੈ ਤਾਂ ਉਨ੍ਹਾਂ ਇਥੇ ਆਪਣੀ ਹਕੂਮਤ ਸਥਾਪਿਤ ਕਰਨ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਸਨ। ਕੁਝ ਹੀ ਸਾਲਾਂ ਵਿੱਚ ਇਥੇ ਆਪਣਾ ਵੱਡਾ ਰਾਜ ਸਥਾਪਿਤ ਕਰਨ ਵਿੱਚ ਵੀ ਕਾਮਯਾਬ ਹੋ ਗਏ ਸਨ। ਇਹ ਹੈ ਸਾਡਾ ਇਤਿਹਾਸ ਅਤੇ ਅਸਾਂ ਦੇਖਿਆ 712 ਈਸਵੀ ਵਿੱਚ ਮੁਹਮਦ ਬਿੰਨ ਕਾਸਿਮ ਆਇਆ ਸੀ ਅਤੇ 1526 ਵਿੱਚ ਬਾਬਰ ਨੇ ਮੁਗਲ ਰਾਜ ਦੀ ਨੀਂਵ ਰੱਖੀਂ ਸੀ। ਉਦੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖ ਦਿੱਤਾ ਸੀ ਕਿ-

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। 

ਅਰਥਾਤ ਸਾਡੀ ਗੁਲਾਮੀ ਦਾ ਇਹ ਇਤਿਹਾਸ ਜਦ ਇਕ ਵਾਰ ਚਲ ਪਿਆ ਤਾਂ ਅਸਾਂ ਕੋਈ ਵਿਰੋਧ ਨਹੀਂ ਕੀਤਾ ਅਤੇ ਫਿਰ ਕੀ ਸੀ ਇਹ ਮੁਗਲ ਸਾਡੇ ਉਤੇ 1857 ਤੱਕ ਰਾਜ ਕਰਦੇ ਰਹੇ। ਇਸ ਦੌਰਾਨ ਇਸ ਮੁਸਲਮਾਨੀ ਰਾਜ ਨੇ ਸਾਡੇ ਪਹਿਲਾਂ ਹੀ ਵੰਡੇ ਹੋਏ ਸਮਾਜ ਵਿੱਚ ਇਹ ਮੁਸਲਮਾਨੀ ਰਾਜ ਵੀ ਲਿਆ ਖੜਾ ਕੀਤਾ ਅਤੇ ਕਿਤਨੇ ਹੀ ਲੋਕਾਂ ਨੂੰ ਮੁਸਲਮਾਨ ਬਣਾਕੇ ਰਖ ਦਿੱਤਾ। ਇਸ ਤੋਂ ਪਹਿਲਾਂ ਸਾਡਾ ਸਮਾਜ ਚਾਰ ਵਰਗਾਂ ਵਿੱਚ ਵੰਡਿਆ ਪਿਆ ਸੀ ਅਤੇ ਇਹ ਪੰਜਵਾਂ ਵਰਗ ਵੀ ਆ ਗਿਆ।

1857 ਵਿੱਚ ਜਦ ਇਹ ਮੁਸਲਮਾਨੀ ਰਾਜ ਖਤਮ ਹੋਇਆ ਤਾਂ ਵੀ ਅਸੀਂ ਚੁਪ ਰਹੇ ਅਤੇ ਇਥੇ ਹਾਜ਼ਰ ਅੰਗਰੇਜ਼ਾਂ ਨੇ ਆਪਣਾ ਰਾਜ ਬਣਾ ਲਿਆ। ਅਰਥਾਤ ਅਸੀਂ ਇਨੇ ਕਮਜ਼ੋਰ ਸਾਂ ਕਿ ਅਸੀਂ ਮੁਗਲਾਂ ਬਾਅਦ ਆਪ ਰਾਜ ਨਾ ਲੈ ਸਕੇ। ਉਸ ਵਕਤ ਕੁਝ ਇਲਾਕਾ ਅੰਗਜ਼ਾਂ ਨੇ ਕਾਬਜ਼ ਕਰ ਲਿਆ, ਕੁਝ ਇਲਾਕਾ ਪੁਰਤਗਾਲੀਆਂ ਨੇ ਅਤੇ ਕੁਝ ਇਲਾਕਾ ਫਰਾਂਸੀਸੀਆਂ ਪਾਸ ਵੀ ਚਲਾ ਗਿਆ ਅਤੇ ਇਹ ਵੰਡੀਆ ਵੀ ਪੈ ਗਈਆਂ। 

1947 ਵਿੱਚ ਅਸੀਂ ਆਜ਼ਾਦ ਹੋਏ ਤਾਂ ਮੁਸਲਮਾਨਾਂ ਦੀ ਵੱਡੀ ਗਿਣਤੀ ਨੇ ਪਾਕਿਸਤਾਨ ਮੰਗ ਲਿਆ ਅਤੇ ਪਾਕਿਸਤਾਨ ਬਣ ਵੀ ਗਿਆ। ਇਹ ਜਿਹੜਾ ਅੱਜ ਵਾਲਾ ਭਾਰਤ ਅਤੇ ਪਾਕਿਸਤਾਨ ਹੈ, ਇਹ ਲਾਸ਼ਾਂ ਦੇ ਢੇਰਾਂ ਉਤੇ ਕਾਇਮ ਹੋਏ ਮੁਲਕ ਹਨ। ਸਰਾਪੇ ਹੋਏ ਮੁਲਕ ਹਨ, ਇਸ ਲਈ ਇਹ ਪਿਛਲੇ ਸਤ ਦਹਾਕਿਆਂ ਦੀ ਆਜ਼ਾਦੀ ਅਤੇ ਪ੍ਰਜਾਤੰਤਰ ਆ ਜਾਣ ਦੇ ਬਾਵਜੂਦ ਤਰੱਕੀ ਨਹੀਂ ਕਰ ਪਾਏ। ਜਿਹੜੀ ਕੀਤੀ ਜਾ ਸਕਦੀ ਸੀ। ਫਿਰ ਅਸੀਂ ਜਦੋਂ ਅੱਜ ਵਾਲੇ ਇਸ ਭਾਰਤ ਉਤੇ ਨਜ਼ਰ ਮਾਰਦੇ ਹਾਂ ਤਾਂ ਇਥੇ ਵੀ ਵੰਡੀਆਂ ਪਈਆਂ ਹੋਈਆਂ ਹਨ ਅਤੇ ਇਹ ਵੰਡੀਆਂ ਬੜੀਆਂ ਹੀ ਪੀਢੀਂਆਂ ਹੋ ਗਈਆਂ ਹਨ। ਕੋਈ ਅਮੀਰ ਅਖਵਾ ਰਿਹਾ ਹੈ। ਕੋਈ ਗਰੀਬ ਅਖਵਾ ਰਿਹਾ ਹੈ। ਕੋਈ ਇਹ ਪਿਆ ਆਖਦਾ ਹੈ ਉਹ ਉੱਚੀ ਜਾਤੀ ਦਾ ਹੈ ਅਤੇ ਕਿਸੇ ਨੂੰ ਅਸਾਂ ਆਪ ਹੀ ਨੀਵੀਂਆਂ ਜਾਤੀਆਂ ਦਾ ਬਣਾ ਦਿੱਤਾ ਹੈ। 

ਕੋਈ ਇਹ ਪਿਆ ਆਖਦਾ ਹੈ ਕਿ ਉਹ ਪੜ੍ਹਿਆ ਲਿਖਿਆ ਹੈ। ਬਹੁਤ ਸਾਰੇ ਲੋਕਾਂ ਕੋਲ ਵਿਦਿਆ ਹੈ ਹੀ ਨਹੀਂ। ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਅਸੀਂ ਸਿੱਖ ਹਾਂ, ਅਸੀਂ ਇਸਾਈ ਹਾਂ ਆਦਿ ਇਹ ਧਰਮ ਹਨ ਅਤੇ ਫਿਰ ਅਗੇ ਜਾਤੀਆਂ ਹਨ। ਅੱਜ ਤਾਂ ਇਹ ਵੀ ਬਣ ਚੁੱਕਿਆ ਹੈ ਕਿ ਹਰ ਧਰਮ ਦੇ ਲੋਕ ਇਕ ਹੀ ਬਸਤੀ ਵਿੱਚ ਰਹਿਣਾ ਪਸੰਦ ਕਰਦੇ ਹਨ।ਜਿਸ ਕਰਕੇ ਹਰ ਜਾਤੀ ਦੇ ਲੋਕਾਂ ਲਈ ਵੱਖਰੀਆਂ ਬਸਤੀਆਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਕੋਈ ਇਹ ਪਿਆ ਆਖਦਾ ਹੈ ਕਿ ਉਨ੍ਹਾਂ ਦੀ ਗਿਣਤੀ ਜ਼ਿਆਦਾ ਹੈ, ਇਸ ਲਈ ਇਹ ਮੁਲਕ ਉਨ੍ਹਾਂ ਦਾ ਹੈ ਅਤੇ ਕੁਝ ਘੱਟ ਗਿਣਤੀਆਂ ਹਨ, ਜਿਹੜੀਆਂ ਇਹ ਸ਼ਿਕਾਇਤ ਕਰ ਰਹੀਆਂ ਹਨ ਕਿ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਮੁਲਕ ਵਿੱਚ ਘਟ ਗਿਣਤੀਆਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਘੱਟ ਗਿਣਤੀਆਂ ਦੀ ਭਲਾਈ ਲਈ ਬਾਕਾਇਦਾ ਕਮਿਸ਼ਨ ਖੜਾ ਕੀਤਾ ਪਿਆ ਹੈ।

ਕੁਝ ਜਾਤੀਆਂ ਲਈ ਅਸੀਂ ਰਾਖਵੀਕਰਣ ਦਾ ਸਿਲਸਿਲਾ ਅਪਨਾਇਆ ਸੀ। ਇਹ ਰਾਖਵੀਕਰਨ ਪਹਿਲਾਂ ਸਿਰਫ ਅਸਾਂ ਦਸਾਂ ਸਾਲਾਂ ਲਈ ਹੀ ਰੱਖਿਆ ਸੀ। ਅੱਜ ਰਾਖਵਾਂਕਰਣ ਖਤਮ ਕਰਨ ਦੀ ਥਾਂ ਅਸੀਂ ਹੋਰ ਵਰਗਾਂ ਦੀ ਮੰਗ ਵਧਾਈ ਜਾ ਰਹੇ ਹਾਂ। ਰਾਖਵਾਂਕਰਨ ਦਾ ਇਹ ਸਿਲਸਿਲਾ 50 ਫੀਸਦੀ ਤੋਂ ਵੀ ਉਤੇ ਜਾਣ ਲਗ ਪਿਆ ਹੈ।  

ਸਾਡਾ ਸਮਾਜ ਪਹਿਲਾਂ ਹੀ ਟੁਟਿਆ ਪਿਆ ਸੀ। ਅੰਗਰੇਜ਼ਾਂ ਬਾਰੇ ਇਹ ਆਖਿਆ ਜਾਂਦਾ ਸੀ ਕਿ ਉਹ ਤਾਂ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ਅਪਨਾਈ ਬੈਠੇ ਸਨ। ਉਨ੍ਹਾਂ ਨੇ ਜਦ ਇਹ ਚੋਣਾਂ ਵਾਲਾ ਸਿਲਸਿਲਾ ਚਲਾਇਆ ਸੀ ਤਾਂ ਉਸ ਵਕਤ ਹਿੰਦੂ ਨੂੰ ਹਿੰਦੂ, ਸਿੱਖ ਨੂੰ ਸਿੱਖ ਅਤੇ ਮੁਸਲਮਾਨ ਨੂੰ ਮੁਸਲਮਾਨ ਹੀ ਵੋਟ ਪਾ ਸਕਦਾ ਸੀ। ਅੰਗਰੇਜ਼ਾਂ ਦੇ ਵਕਤਾਂ ਵਾਲੀ ਗੱਲ ਅੱਜ ਨਹੀਂ। ਰਾਜਸੀ ਪਾਰਟੀਆਂ ਨੇ ਜਦੋਂ ਕਿਸੇ ਇਲਾਕੇ ਲਈ ਉਮੀਦਵਾਰ ਨਾਮਜ਼ਦ ਕਰਨਾ ਹੁੰਦਾ ਹੈ ਤਾਂ ਪਹਿਲਾਂ ਇਹ ਦੇਖਦੀਆਂ ਹਨ ਕਿ ਇਸ ਇਲਾਕੇ ਵਿੱਚ ਕਿਸ ਧਰਮ ਦੇ ਲੋਕਾਂ ਦੀ ਜ਼ਿਆਦਾ ਗਿਣਤੀ ਹੈ। ਕਿਸ ਜਾਤੀ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਉਸ ਧਰਮ ਜਾਤੀ ਦਾ ਆਦਮੀ ਹੀ ਲਭਿਆ ਜਾਂਦਾ ਹੈ।

ਇਸ ਮੁਲਕ ਵਿੱਚ ਬਹੁਤ ਸਾਰੇ ਮੁਸਲਮਾਨ ਰਹਿ ਗਏ ਹਨ, ਅਰਥਾਤ ਸਾਰੇ ਦੇ ਸਾਰੇ ਪਾਕਿਸਤਾਨ ਨਹੀਂ ਸਨ ਗਏ ਪਰ ਅਜ ਵੀ ਉਨ੍ਹਾਂ ਦੀ ਹਮਦਰਦੀ ਪਾਕਿਸਤਾਨ ਨਾਲ ਸਮਝੀ ਜਾ ਰਹੀ ਹੈ। ਇਸ ਮੁਲਕ ਵਿੱਚ ਖਾਲਿਸਤਾਨ ਲਹਿਰ ਵੀ ਆ ਚੁੱਕੀ ਹੈ ਅਤੇ ਇਕ ਯਤਨ ਕੀਤਾ ਵੀ ਜਾ ਚੁੱਕਾ ਹੈ। ਇਸ ਮੁਲਕ ਵਿੱਚ ਕੁਝ ਹਥਿਆਰਬੰਦ ਧਿਰਾਂ ਵੀ ਹਨ, ਜਿਹੜੀਆਂ ਆਪਣੇ ਹੀ ਢੰਗ ਨਾਲ ਤਬਦੀਲੀ ਲਿਆਉਣ ਦੀ ਤਾਕ ਵਿੱਚ ਲਗੀਆਂ ਹੋਈਆਂ ਹਨ। ਜਦ ਦੀ ਇਹ ਭਾਜਪਾ ਸਰਕਾਰ ਆਈ ਹੈ ਇਹ ਵੀ ਆਖਿਆ ਜਾਣ ਲਗ ਪਿਆ ਹੈ ਕਿ ਇਹ ਸਰਕਾਰ ਹਿੰਦੂ ਰਾਸ਼ਟਰ ਦੇ ਪਖ ਵਿੱਚ ਹੈ। ਕਈ ਵਾਰ ਇਹ ਹਿੰਦੂ ਰਾਸ਼ਟਰ ਵਾਲੀ ਗੱਲ ਤੁਰੀ ਹੈ ਅਤੇ ਹਾਲਾਂ ਠੰਡੀ ਹੀ ਪਈ ਹੋਈ ਹੈ। ਪਤਾ ਨਹੀਂ ਕਦੀ ਇਹ ਗਰਮ ਹੋ ਜਾਵੇ। ਜੇਕਰ ਇਹ ਲਹਿਰ ਜ਼ੋਰ ਪਕੜ ਜਾਂਦੀ ਹੈ ਤਾਂ ਬਾਕੀ ਦੀਆਂ ਲਹਿਰਾਂ ਵੀ ਗਰਮ ਹੋ ਜਾਣਗੀਆਂ ਅਤੇ ਮੁਲਕ ਇਕ ਸਿਵਲ ਵਾਰ ਵਿਚ ਫੱਸ ਸਕਦਾ ਹੈ।

ਕੁਲ ਮਿਲਾਕੇ ਅਸੀਂ ਇਕ ਰਾਸ਼ਟਰ ਬਣ ਚੁੱਕੇ ਹਾਂ ਅਤੇ ਇਹ ਰਾਸ਼ਟਰ ਹੁਣ ਟੁੱਟਣ ਵਾਲਾ ਨਹੀਂ। ਇਹ ਵੱਖਵਾਦੀ ਦੀਆਂ ਗਲਾਂ ਚਲਦੀਆਂ ਹੀ ਰਹਿਣਗੀਆਂ ਅਤੇ ਅੱਜ ਤਾਂ ਕਿਸੇ ਸਰਕਾਰ ਪਾਸ ਵੀ ਤਾਕਤ ਨਹੀਂ ਕਿ ਇਸ ਰਾਸਟਰ ਦੇ ਟੁਕੜੇ ਕਰ ਸਕੇ। ਇਹ ਜਿਹੜੀ ਧਰਮ ਨਿਰਪਖਤਾ ਵਾਲੀ ਅਤੇ ਕਾਨੂੰਨ ਸਾਹਮਣੇ ਹਰ ਕੋਈ ਬਰਾਬਰ ਵਾਲੀਟਾ ਥਿਉਰੀਆਂ ਜਾਂ ਸੰਕਲਪ ਅਸਾਂ ਅਪਨਾ ਲਈ ਹਨ ਇਹੀ ਸਹੀ ਰਸਤਾ ਹੈ ਅਤੇ ਅਸੀਂ ਆਸ ਰਖਦੇ ਹਾਂ ਕਿ ਇਹੀ ਸਿਧਾਂਤਾ ਉਤੇ ਇਹ ਬਣ ਆਇਆ ਰਾਸ਼ਟਰ ਬਣਿਆ ਰਹਿਣਾ ਚਾਹੀਦਾ ਹੈ। ਅਜ ਛੋਟੇ ਮੁਲਕਾਂ ਦਾ ਵਕਤ ਨਹੀਂ ਹੈ। ਅਜ ਜਿਹੜਾ ਇਹ ਦੁਨੀਆਂ ਭਰ ਵਿੱਚ ਇਕ ਮੁਕਾਬਲਾ ਜਿਹਾ ਚਲਦਾ ਹੈ ਪਿਆ ਇਸ ਵਿੱਚ ਛੋਟੇ ਦੇਸ਼ਾਂ ਦੀ ਹੋਂਦ ਖਤਰੇ ਵਿੱਚ ਹੀ ਰਹਿੰਦੀ ਹੈ।
101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001


rajwinder kaur

Content Editor

Related News