ਝੋਨੇ ਅਤੇ ਬਾਸਮਤੀ ਦੇ ਬਚਾਅ ਲਈ ਪੀ.ਏ.ਯੂ. ਮਾਹਿਰਾਂ ਨੇ ਦਿੱਤੇ ਸੁਝਾਅ

Saturday, Nov 17, 2018 - 12:34 PM (IST)

ਝੋਨੇ ਅਤੇ ਬਾਸਮਤੀ ਦੇ ਬਚਾਅ ਲਈ ਪੀ.ਏ.ਯੂ. ਮਾਹਿਰਾਂ ਨੇ ਦਿੱਤੇ ਸੁਝਾਅ

ਪੀ.ਏ.ਯੂ.  ਦੇ ਮਾਹਿਰਾਂ ਅਨੁਸਾਰ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਕਈ ਥਾਵਾਂ 'ਤੇ ਝੋਨੇ ਅਤੇ ਬਾਸਮਤੀ ਦੇ ਸਰਵੇਖਣ ਦੌਰਾਨ ਬੂਟਿਆਂ ਦੇ ਟਿੱਡਿਆਂ (ਤੇਲੇ) ਦਾ ਹਮਲਾ ਕੁੱਝ ਥਾਂ 'ਤੇ ਘੱਟੋ-ਘੱਟ ਪੱਧਰ (5 ਜਾਂ ਵੱਧ ਟਿੱਡੇ ਪ੍ਰਤੀ ਬੂਟਾ) ਤੋਂ ਵਧੇਰੇ ਦੇਖਿਆ ਗਿਆ ਹੈ। ਭੂਰੇ ਟਿੱਡੇ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਤਣੇ ਦੇ ਮੁੱਢਾਂ ਕੋਲ ਰਸ ਚੂਸਦੇ ਹਨ ਅਤੇ ਅਕਸਰ ਦਿਖਾਈ ਨਹੀਂ ਦਿੰਦੇ। ਸਿੱਟੇ ਵਜੋਂ ਬੂਟੇ ਦੇ ਪੱਤੇ, ਉਪਰਲੇ ਸਿਰਿਆਂ ਵਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ਤੇ ਕਾਲੀ ਉਲੀ ਵੀ ਲੱਗ ਜਾਂਦੀ ਹੈ। ਹਮਲੇ ਵਾਲਾ ਬੂਟਾ ਸੁੱਕਣ ਤੇ ਟਿੱਡੇ ਲਾਗਲੇ ਨਰੋਏ ਬੂਟਿਆਂ 'ਤੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਬੂਟੇ ਧੋੜੀਆਂ ਵਿਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲੇ ਦੀ ਅਜਿਹੀ ਹਾਲਤ ਨੂੰ 'ਟਿੱਡੇ ਦਾ ਸਾੜ' ਜਾਂ ਅੰਗਰੇਜ਼ੀ ਵਿਚ ਹੌਪਰ ਬਰਨ ਵੀ ਕਹਿੰਦੇ ਹਨ। ਹਮਲਾ ਵਧਣ ਨਾਲ ਇਨ੍ਹਾਂ ਧੋੜੀਆਂ ਦੇ ਘੇਰਿਆਂ ਦੇ ਅਕਾਰ ਵੀ ਵੱਧਦੇ ਰਹਿੰਦੇ ਹਨ ਅਤੇ ਜੇ ਤੇਲੇ ਦੀ ਰੋਕਥਾਮ ਨਾ ਹੋਵੇ ਤਾਂ ਕਈ ਵਾਰ ਹੌਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ।  

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਪੀਏਯੂ ਦੇ ਮੁਖੀ ਡਾ. ਜੀ. ਐੱਸ. ਮਾਂਗਟ, ਨੇ ਦੱਸਿਆ ਕਿ ਇਨ੍ਹਾਂ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉਤੇ ਇਨ੍ਹਾਂ ਦੀ ਹੋਂਦ ਨੂੰ ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ। ਘੱਟ ਸਮਾਂ ਲੈਣ ਵਾਲੀਆਂ ਸਿਫਾਰਸ਼ ਕਿਸਮਾਂ ਜਿਵੇਂ ਕਿ ਪੀ. ਆਰ. 126, ਪੀ. ਆਰ. 124, ਪੀ. ਆਰ. 121, ਪੂਸਾ ਬਾਸਮਤੀ 1509, ਆਦਿ ਦੇ ਜਲਦੀ ਪੱਕਣ ਦੇ ਗੁਣਾਂ ਕਾਰਨ ਇਨ੍ਹਾਂ ਕਿਸਮਾਂ ਉਪਰ ਟਿੱਡਿਆਂ ਦੇ ਨੁਕਸਾਨ ਦੀ ਸੰਭਾਵਨਾ ਕਾਫੀ ਘੱਟ ਹੈ। ਇਸ ਦੇ ਉਲਟ ਪੂਸਾ 44 ਵਰਗੀਆਂ ਵਧੇਰੇ ਸਮਾਂ ਲੈਣ ਵਾਲੀਆਂ ਕਿਸਮਾਂ ਉਪਰ ਬੂਟਿਆਂ ਦੇ ਟਿੱਡਿਆਂ ਦੇ ਵਧੇਰੇ ਹਮਲੇ ਦਾ ਖਦਸ਼ਾ ਹੈ। ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਥਾਪੜ ਕੇ ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉਤੇ ਤੈਰਦੇ ਦਿਖਾਈ ਦੇਣ ਤਾਂ 120 ਗ੍ਰਾਮ ਚੈਸ 50 ਡਬਲਯੂ. ਜੀ. (ਪਾਈਮੈਟਰੋਜ਼ੀਨ) ਜਾਂ 40 ਮਿ.ਲਿ. ਕੌਨਫੀਡੋਰ 200 ਐਸ. ਐਲ./ ਕਰੋਕੋਡਾਈਲ 17.8 ਈ. ਸੀ. (ਇਮਿਡਾਕਲੋਪਰਿਡ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਚੰਗੇ ਨਤੀਜਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਬੂਟੇ ਉਪਰ ਪਿੱਠੂ-ਪੰਪ ਅਤੇ ਹੌਲੋ-ਕੋਨ ਨੋਜ਼ਲ ਦੀ ਵਰਤੋਂ ਨਾਲ ਚੰਗੀ ਤਰ੍ਹਾਂ ਕਰੋ।
ਡਾ. ਮਾਂਗਟ ਨੇ ਕਿਹਾ ਕਿ ਸਿੰਥੈਟਿਕ ਪਰਿਥਰਾਇਡ ਜ਼ਹਿਰਾਂ (ਜਿਵੇਂ ਕਿ ਸਾਈਪਰਮੈਥਰਿਨ, ਲੈਂਮਡਾਸਾਇਹੈਲੋਥਰਿਨ, ਡੈਲਟਾਮੈਥਰਿਨ, ਆਦਿ) ਦੀ ਵਰਤੋਂ ਇਨ੍ਵਾਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ। ਇਸ ਲਈ ਝੋਨੇ ਦੀ ਫਸਲ ਉਪਰ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। 
ਜਗਦੀਸ਼ ਕੌਰ 


author

Neha Meniya

Content Editor

Related News