ਉੱਤਰ ਭਾਰਤ ਵਿਚ ਝੋਨੇ ਦਾ ਘਟਿਆ ਝਾੜ

Friday, Dec 28, 2018 - 04:51 PM (IST)

ਉੱਤਰ ਭਾਰਤ ਵਿਚ ਝੋਨੇ ਦਾ ਘਟਿਆ ਝਾੜ

ਪੰਜਾਬ ਅਤੇ ਹਰਿਆਣਾ ਦੇ ਕਈ ਭਾਗਾਂ ਵਿਚ ਇਸ ਸਾਲ ਝੋਨੇ ਦੇ ਝਾੜ ਵਿਚ ਪਿਛਲੇ ਸਾਲ ਦੇ ਮੁਕਾਬਲੇ ਗਿਰਾਵਟ ਰਿਕਾਰਡ ਕੀਤੀ ਹੈ। ਭਾਂਵੇ ਕਿ ਇਹ ਝਾੜ ਪਿਛਲੇ ਤੋਂ ਪਿਛਲੇ ਸਾਲ ਦੇ ਬਰਾਬਰ ਹੀ ਪਾਇਆ ਗਿਆ ਹੈ । ਝੋਨੇ ਦੇ ਘਟੇ ਝਾੜ ਦੇ ਕਾਰਨਾਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੱਖ-ਵੱਖ ਨੁਕਤਿਆਂ ਤੋਂ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਝਾੜ ਵਿਚ ਆਈ ਕਮੀ ਮੌਸਮੀ ਉਲਟ-ਫੇਰ ਦਾ ਸਿੱਟਾ ਹੈ ਅਤੇ

ਝੋਨੇ ਦੀ ਲੁਆਈ ਦੀ ਤਰੀਕ 20 ਜੂਨ ਕਰਨ ਦਾ ਝਾੜ ਤੇ ਕੋਈ ਉਲਟਾ ਅਸਰ ਨਹੀਂ ਪਿਆ । ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਪੰਜਾਬ ਵਿਚ 2017 ਦੇ ਮੁਕਾਬਲੇ 2018 ਵਿਚ ਜ਼ਿਆਦਾ ਬਾਰਿਸ਼ ਹੋਈ। ਲੁਧਿਆਣਾ ਜ਼ਿਲ੍ਹੇ ਵਿਚ 2017 ਵਿਚ ਜਿੱਥੇ 395 ਮਿਲੀਮੀਟਰ ਬਰਸਾਤ ਹੋਈ ਉੱਥੇ 2018 ਵਿਚ ਮਾਨਸੂਨ ਦੀ ਇਹ ਬਾਰਿਸ਼ 843 ਮਿਲੀਮੀਟਰ ਮਾਪੀ ਗਈ । ਜ਼ਿਆਦਾ ਦਿਨ ਬਰਸਾਤ ਹੋਣ ਨਾਲ ਬਦਲਵਾਈ ਜ਼ਿਆਦਾ ਰਹੀ ਅਤੇ ਇਸ ਕਾਰਨ ਝੋਨੇ ਦੇ ਵਧਣ-ਫੁੱਲਣ ਸਮੇਂ ਫਸਲ ਨੂੰ ਸੂਰਜੀ ਰੌਸ਼ਨੀ ਮੁਕਾਬਲਤਨ ਘੱਟ ਮਿਲੀ ਜਿਸ ਨਾਲ ਫਸਲ ਨੇ ਬੂਝਾ ਘੱਟ ਮਾਰਿਆ। ਸੂਰਜੀ ਰੌਸ਼ਨੀ ਦੀ ਘਾਟ ਸਦਕਾ ਪੌਦੇ ਦੇ ਕੱਦ ਦਾ ਵਾਧਾ ਅਤੇ ਸਾਖਾਵਾਂ ਦੀ ਗਿਣਤੀ ਵਿਚ ਕਮੀ ਆਈ, ਜਿਸਦਾ ਸਿੱਧਾ ਅਸਰ ਝੋਨੇ ਦੇ ਝਾੜ ਤੇ ਪਿਆ । ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਖੋਜ ਅਨੁਸਾਰ ਝਾੜ ਘਟਣ ਦਾ ਦੂਜਾ ਕਾਰਨ ਸਤੰਬਰ ਦੇ ਅਖੀਰਲੇ ਹਫਤੇ 22 ਅਤੇ 28 ਸਤੰਬਰ ਨੂੰ ਹੋਈਆਂ ਦੋ ਭਾਰੀ ਬਰਸਾਤਾਂ ਹਨ, ਜੋ ਕਿ ਪਿਛਲੇ 50 ਸਾਲਾਂ ਵਿਚ ਪਹਿਲੀ ਵਾਰ ਦਰਜ ਕੀਤੀਆਂ ਗਈਆਂ । ਇਨ੍ਹਾਂ ਦਿਨਾਂ ਦੌਰਾਨ ਪਈ ਬਾਰਿਸ਼ ਕਾਰਨ ਦਿਨ ਦੇ ਤਾਪਮਾਨ ਵਿਚ 4 ਤੋਂ 5 ਡਿਗਰੀ ਸੈਂਟੀਗਰੇਡ ਕਮੀ ਆਈ ਅਤੇ ਇਹ ਅੱਧ ਅਕਤੂਬਰ ਤਕ ਜਾਰੀ ਰਹੀ ਜਿਸ ਕਾਰਨ ਖਾਲੀ ਫੋਕੇ ਸਿੱਟਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਅਤੇ ਫਸਲ ਵੀ ਲੇਟ ਪੱਕੀ|ਬਾਰਿਸ਼ ਦੇ ਨਾਲ-ਨਾਲ ਤੇਜ਼ ਹਵਾਵਾਂ ਕਾਰਨ ਫਸਲ ਵੀ ਡਿੱਗ ਗਈ ਅਤੇ ਕਈ ਥਾਵਾਂ ਤੇ ਗੜੇ ਪੈਣ ਕਾਰਨ ਫਸਲ ਨੁਕਸਾਨੀ ਗਈ । ਦਿਨ ਦੇ 4-5 ਡਿਗਰੀ ਤਾਪਮਾਨ ਵਿਚ ਗਿਰਾਵਟ ਦੇ    ਮੁਕਾਬਲੇ ਰਾਤ ਦੇ ਤਾਪਮਾਨ ਵਿਚ ਕੇਵਲ 1 ਤੋਂ 2 ਡਿਗਰੀ ਤਾਪਮਾਨ ਦੀ ਗਿਰਾਵਟ ਹੀ ਆਈ, ਜਿਸ ਕਰਕੇ ਦਿਨ-ਰਾਤ ਦੇ ਤਾਪਮਾਨ ਦਾ ਫਰਕ ਘਟ ਗਿਆ । ਤਾਪਮਾਨ ਵਿਚ ਇਨ੍ਹਾਂ ਤਬਦੀਲੀਆਂ ਨੇ ਬੂਟਿਆਂ ਦੁਆਰਾ ਦਾਣਿਆਂ ਨੂੰ ਭੇਜੇ ਜਾਣ ਵਾਲੇ ਭੋਜਨ ਦੀ ਮਾਤਰਾ ਵਿਚ ਗਿਰਾਵਟ ਲਿਆਉਂਦੀ, ਜਿਸ ਸਦਕਾ ਦਾਣਿਆਂ ਦਾ ਭਾਰ ਘੱਟ ਰਿਹਾ ਅਤੇ ਇਹੀ ਝਾੜ ਘਟਣ ਦਾ ਇਕ ਹੋਰ ਕਾਰਨ ਬਣਿਆ । ਵਿਗਿਆਨੀਆਂ ਨੇ ਦੱਸਿਆ ਕਿ ਮੌਸਮੀ ਘਟਨਾਵਾਂ ਜਿਸ ਵਿਚ ਝੋਨੇ ਦੇ ਵਧਣ-ਫੁੱਲਣ ਸਮੇਂ ਸੂਰਜੀ ਰੌਸ਼ਨੀ ਦਾ ਘੱਟਣਾ ਅਤੇ ਨਿਸਰਣ ਸਮੇਂ ਪਈਆਂ ਭਾਰੀ ਬਾਰਿਸ਼ਾਂ ਅਤੇ ਗੜ੍ਹਿਆਂ ਕਾਰਨ ਤਾਪਮਾਨ ਦਾ ਡਿੱਗਣਾ ਹੀ ਝੋਨੇ ਦੇ ਝਾੜ ਘੱਟਣ ਦਾ ਮੁੱਖ ਕਾਰਨ ਬਣਿਆ । ਉਨ੍ਹਾਂ ਪਾਇਆ ਕਿ ਮੌਸਮ ਵਿਚ ਇਸ ਤਰ੍ਹਾਂ ਦੀ ਸਥਿਤੀ ਕਈ ਦਹਾਕਿਆਂ ਬਾਅਦ ਬਣਦੀ ਹੈ ।

ਖੇਤੀ ਵਿਗਿਆਨੀਆਂ ਨੇ ਨਤੀਜਾ ਕੱਢਿਆ ਕਿ ਯੂਨੀਵਰਸਿਟੀ ਵਲੋਂ ਕੀਤੇ ਗਏ ਸਾਰੇ ਤਜ਼ਰਬਿਆਂ ਅਨੁਸਾਰ ਝੋਨੇ ਦੀ ਲੁਆਈ ਦੇ ਸਮੇਂ ਵਿਚ ਕੀਤੀ ਤਬਦੀਲੀ ਝੋਨੇ ਦੀ ਪੈਦਾਵਾਰ ਅਤੇ ਪਾਣੀ ਦੀ ਬੱਚਤ ਪੱਖੋਂ ਵਧੀਆ ਉਪਰਾਲਾ ਹੈ । ਇਨ੍ਹਾਂ ਦਲੀਲਾਂ ਦੇ ਮੱਦੇਨਜ਼ਰ ਇਸ ਸਾਲ ਮੌਸਮੀ ਉਲਟ-ਫੇਰ ਤੋਂ ਘਬਰਾ ਕੇ, ਪਾਣੀ ਬਚਾਉਣ ਦੇ ਉਦੇਸ਼ ਤੋਂ ਲਾਂਭੇ ਨਹੀਂ ਹੋਣਾ ਚਾਹੀਦਾ ਬਲਕਿ ਪੰਜਾਬ ਦੀ ਖੇਤੀ ਦੀ ਸਥਿਰਤਾ ਲਈ ਪਾਣੀ ਦੇ ਵਸੀਲਿਆਂ ਨੂੰ ਬਚਾ ਕੇ ਰੱਖਣ ਸਬੰਧੀ ਦੂਰ-ਅੰਦੇਸ਼ੀ ਸਮਝ ਬਣਾ ਕੇ ਰੱਖਣੀ ਲੋੜੀਂਦੀ ਹੈ । ਝੋਨੇ ਦੀ ਲੁਆਈ ਦੀ ਤਰੀਕ 20 ਜੂਨ ਕਰਨ ਸਬੰਧੀ ਕੀਤੇ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਕਿ ਸੇਮ ਨਾਲ ਪ੍ਰਭਾਵਿਤ ਮੁਕਤਸਰ ਅਤੇ ਫਾਜ਼ਿਲਕਾ ਜਿਲ੍ਹਿਆਂ ਦੇ ਪਿੰਡ ਜਿੱਥੇ ਪਹਿਲੀ ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਉੱਥੇ ਵੀ ਝੋਨੇ ਦੇ ਝਾੜ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਹਰਿਆਣਾ ਰਾਜ ਜਿੱਥੇ ਝੋਨਾਂ 10 ਜੂਨ ਨੂੰ ਹੀ ਲਗਾਇਆ ਗਿਆ, ਉੱਥੇ ਵੀ ਝੋਨੇ ਦੇ ਝਾੜ ਵਿਚ ਕਮੀ ਪਾਈ ਗਈ ਹੈ । ਪੰਜਾਬ ਵਿਚ ਮਿਤੀ 30 ਨਵੰਬਰ ਤੱਕ ਝੋਨੇ ਦੇ ਝਾੜ ਵਿਚ 2.48 ਫੀਸਦੀ ਕਮੀ ਦਰਜ ਹੋਈ ਉੱਥੇ ਹਰਿਆਣਾ ਰਾਜ ਵਿਚ ਲਗਭਗ ਇੰਨੀ ਹੀ ਕਮੀ ਦਰਜ ਹੋਈ ਹੈ । ਵਿਗਿਆਨੀਆਂ ਅਨੁਸਾਰ ਝੋਨੇ ਦੀ ਤਰੀਕ 20 ਜੂਨ ਕਰਨ ਦਾ ਝੋਨੇ ਦੇ ਘਟੇ ਝਾੜ ਨਾਲ ਕੋਈ ਸਬੰਧ ਨਹੀਂ ਹੈ ਸਗੋਂ ਇਸ ਤਰ੍ਹਾਂ ਕਰਨ ਨਾਲ ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ ਵਿਚ ਮਦਦ ਮਿਲੀ ਹੈ । ਯੂਨੀਵਰਸਿਟੀ ਅਨੁਸਾਰ ਇਸ ਸਾਲ ਵਕਤੀ ਤੌਰ ਤੇ ਝੋਨੇ ਦਾ ਥੋੜਾ ਝਾੜ ਘਟਣ ਦੇ ਤੱਥਾਂ ਅਧਾਰਤ ਕਾਰਨਾਂ ਨੂੰ ਜੇਕਰ ਅੱਖੋਂ ਪਰੋਖੇ ਕਰ ਦਿੱਤਾ ਗਿਆ ਤਾਂ ਧਰਤੀ ਹੇਠਲੇ ਪਾਣੀ ਦੇ ਬੇਸ਼ਕੀਮਤੀ ਸੋਮੇ ਨੂੰ ਬਚਾਉਣ ਸਬੰਧੀ ਨੀਤੀਆਂ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸਦਾ ਉਲਟਾ ਅਸਰ ਪੰਜਾਬ ਦੀ ਖੇਤੀ ਦੀ ਹੰਢਣਸਾਰਤਾ 'ਤੇ ਪੈ ਸਕਦਾ ਹੈ ।
— ਜਗਦੀਸ਼ ਕੌਰ 
 


author

Neha Meniya

Content Editor

Related News