ਭਾਰਤ ਕੇਵਲ ਫੌਜੀ ਰਾਜ ਨਹੀਂ, ਸੱਭਿਅਤਾ ਅਤੇ ਅਧਿਆਤਮ ਨਾਲ ਪ੍ਰੇਰਿਤ ਦੇਸ਼ ਹੈ: ਦੱਤਾਤ੍ਰੇਯ ਹੋਸਬਾਲੇ
Friday, Mar 27, 2026 - 08:45 PM (IST)
ਚੰਡੀਗੜ੍ਹ : ਪੰਚਨਦ ਰਿਸਰਚ ਇੰਸਟੀਚਿਊਟ ਵੱਲੋਂ ਸੈਕਟਰ-26 ਸਥਿਤ NITTTR ਆਡੀਟੋਰੀਅਮ 'ਚ "ਵੈਸ਼ਵਿਕ ਪਰਿਪੇਖ ਵਿੱਚ ਭਾਰਤੀ ਵਿਮਰਸ਼" (ਵਿਸ਼ਵ ਪੱਧਰ 'ਤੇ ਭਾਰਤੀ ਨੈਰੇਟਿਵ) ਵਿਸ਼ੇ 'ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬਾਲੇ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਆਪਣੇ ਸੰਬੋਧਨ 'ਚ ਹੋਸਬਾਲੇ ਨੇ ਕਿਹਾ ਕਿ ਭਾਰਤ ਸਿਰਫ਼ ਇੱਕ 'ਮਿਲਟਰੀ ਸਟੇਟ' (ਫੌਜੀ ਰਾਜ) ਨਹੀਂ ਹੈ, ਸਗੋਂ ਇਹ ਇੱਕ ਸੱਭਿਅਤਾ ਮੂਲਕ, ਸੰਸਕ੍ਰਿਤੀ ਅਧਾਰਤ ਅਤੇ ਅਧਿਆਤਮਿਕਤਾ ਤੋਂ ਪ੍ਰੇਰਿਤ ਦੇਸ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਕੋਸ਼ਿਸ਼ ਵਿਸ਼ਵ ਵਿੱਚ ਇਸੇ ਪਛਾਣ ਨੂੰ ਸਥਾਪਿਤ ਕਰਨ ਦੀ ਹੈ, ਜਿਸ ਦੀ ਸ਼ੁਰੂਆਤ ਆਪਣੇ ਪਰਿਵਾਰ ਅਤੇ ਰਾਸ਼ਟਰ ਤੋਂ ਹੁੰਦੀ ਹੈ। ਹੋਸਬਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਤਾਕਤਵਰ ਦੇਸ਼ ਹੋਣ ਦੇ ਬਾਵਜੂਦ ਭਾਰਤ ਨੇ ਇਤਿਹਾਸ ਵਿੱਚ ਕਦੇ ਵੀ ਕਿਸੇ ਦੂਜੇ ਦੇਸ਼ 'ਤੇ ਹਮਲਾ ਨਹੀਂ ਕੀਤਾ।

ਰਾਮਾਇਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੂਰਾ ਵਿਸ਼ਵ ਇਸ ਤੋਂ ਵਿਚਾਰਾਂ ਅਤੇ ਆਚਰਣ ਦੀ ਸ਼ੁੱਧੀ ਸਿੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਧਰਮ ਸਿਰਫ਼ ਕਿਤਾਬਾਂ 'ਚ ਨਹੀਂ ਹੁੰਦਾ, ਸਗੋਂ ਇਹ ਮਨੁੱਖ ਦੇ ਆਚਰਣ ਵਿੱਚ ਹੋਣਾ ਚਾਹੀਦਾ ਹੈ, ਜੋ ਭਾਰਤ ਦੀ ਸੰਸਕ੍ਰਿਤੀ ਤੇ ਸੱਭਿਅਤਾ ਦਾ ਮੂਲ ਹੈ।

ਪ੍ਰੋਗਰਾਮ ਦੌਰਾਨ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫ਼ਵਾਹਾਂ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਹੋਸਬਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਧਾ ਨਾਮ ਲਏ ਬਿਨਾਂ ਉਨ੍ਹਾਂ ਦੀ ਅਗਵਾਈ ਵਿੱਚ ਪੂਰਾ ਵਿਸ਼ਵਾਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜਨਤਕ ਜੀਵਨ ਵਿੱਚ ਅਫ਼ਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਭਾਰਤੀ ਪਰੰਪਰਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਸ਼ਾਸਤਰਾਰਥ (ਬਹਿਸ) ਤੋਂ ਬਾਅਦ ਗਲੇ ਮਿਲਣ ਦੀ ਰਵਾਇਤ ਹੈ ਅਤੇ ਵਿਰੋਧੀ ਬਾਰੇ ਵੀ ਅਫ਼ਵਾਹਾਂ ਫੈਲਾਉਣਾ ਭਾਰਤੀ ਚਿੰਤਨ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਆਪਣੇ ਲੀਡਰ 'ਤੇ ਭਰੋਸਾ ਹੈ ਅਤੇ ਦੁਨੀਆ ਉਨ੍ਹਾਂ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਦੇ ਚਾਂਸਲਰ ਪ੍ਰੋ. (ਡਾ.) ਜਗਬੀਰ ਸਿੰਘ ਨੇ ਕੀਤੀ, ਜੋ ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨ ਹਨ। ਇਸ ਮੌਕੇ ਪੰਚਨਦ ਖੋਜ ਸੰਸਥਾਨ ਦੇ ਪ੍ਰਧਾਨ ਪ੍ਰੋ. ਬ੍ਰਜ ਕਿਸ਼ੋਰ ਕੁਠਿਆਲਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
