ਪੀ.ਏ.ਯੂ. ਵਿਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਬਾਰੇ ਵਰਕਸ਼ਾਪ 6 ਸਤੰਬਰ ਨੂੰ

Friday, Sep 07, 2018 - 05:14 PM (IST)

ਪਿਛਲੇ ਸਮੇਂ ਵਿਚ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸਾੜਨ ਦੇ ਰੁਝਾਨ ਕਰਕੇ ਵਾਤਾਵਰਨ ਅਤੇ ਜੈਵਿਕ ਸੰਸਾਰ ਨੂੰ ਜੋ ਸੰਕਟ ਉਤਪੰਨ ਹੋਏ ਹਨ ਉਹਨਾਂ ਦੇ ਹੱਲ ਲਈ ਖੇਤੀ ਵਿਗਿਆਨੀਆਂ ਅਤੇ ਸਰਕਾਰੀ ਏਜੰਸੀਆਂ ਨਿਰੰਤਰ ਕਾਰਜ ਕਰ ਰਹੀਆਂ ਹਨ। ਇਸ ਸਾਲ ਅਗਾਊਂ ਪ੍ਰਬੰਧਾਂ ਦੇ ਰੂਪ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਨੂੰ ਖੇਤ ਵਿਚ ਅਤੇ ਖੇਤ ਤੋਂ ਬਾਹਰ ਸੰਭਾਲਣ ਦੇ ਤਰੀਕਿਆਂ ਬਾਰੇ ਵਿਚਾਰ ਹੋ ਰਹੀ ਹੈ। ਇਸ ਸੰਬੰਧ ਵਿਚ ਇਕ ਵਰਕਸ਼ਾਪ ਪੀ.ਏ.ਯੂ. ਵਿਚ 6 ਸਤੰਬਰ ਨੂੰ ਕਰਵਾਈ ਜਾ ਰਹੀ ਹੈ । 

ਇਹ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਦੱਸਿਆ ਕਿ ਪਾਲ ਆਡੀਟੋਰੀਅਮ ਵਿਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤਕ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ ਅਤੇ ਖੇਤੀਬਾੜੀ ਅਧਿਕਾਰੀਆਂ ਤੋਂ ਬਿਨਾਂ ਭਾਰੀ ਗਿਣਤੀ ਵਿਚ ਵਿਦਿਆਰਥੀ ਅਤੇ ਕਿਸਾਨ ਸ਼ਾਮਲ ਹੋਣਗੇ। ਇਸ ਵਿਚ ਮੁੱਖ ਭਾਸ਼ਣ ਰਾਸ਼ਟਰੀ ਰੇਨਫੈਡ ਏਰੀਆ ਅਥਾਰਟੀ ਦੇ ਸਾਬਕਾ ਮੁੱਖ ਅਧਿਕਾਰੀ ਅਤੇ ਪਲੈਨਿੰਗ ਕਮਿਸ਼ਨ/ਨੀਤੀ ਆਯੋਗ ਦੇ ਮਾਹਿਰ ਡਾ. ਜੇ ਐੱਸ ਸਮਰਾ ਦੇਣਗੇ । ਉਹਨਾਂ ਦੇ ਭਾਸ਼ਣ ਦਾ ਵਿਸ਼ਾ 'ਖੇਤੀ ਰਹਿੰਦ-ਖੂੰਹਦ ਤੋਂ ਵਾਤਾਵਰਨ ਪੱਖੀ ਕਾਰਜ, ਮੁਨਾਫ਼ਾ, ਖਾਦ ਅਤੇ ਬਾਇਓ ਸੀ ਐੱਨ ਜੀ ਦਾ ਦੌਰ' ਹੋਵੇਗਾ । ਇਸ ਮੌਕੇ ਆਪੋ-ਆਪਣੇ ਖੇਤਰ ਦੀਆਂ ਪ੍ਰਸਿੱਧ ਹਸਤੀਆਂ, ਖੋਜ ਅਤੇ ਵਿਕਾਸ ਸੰਸਥਾਵਾਂ, ਉਦਯੋਗਿਕ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਅਧਿਕਾਰੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ । ਡਾ. ਬੈਂਸ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਰਾਲੀ ਦੀ ਸੰਭਾਲ ਦੀ ਵਿਉਂਤਬੰਦੀ ਕਰਨ ਵਿਚ ਇਹ ਇਕ ਅਹਿਮ ਕਦਮ ਹੋਵੇਗਾ । 


Related News