ਓਵਰਲੋਡ ਵਾਹਨ ਕਿਸੇ ਵੀ ਵਕਤ ਦੇ ਸਕਦੇ ਹਨ ਕਿਸੇ ਜਾਨਲੇਵਾ ਹਾਦਸੇ ਨੂੰ ਅੰਜ਼ਾਮ
Wednesday, Jan 09, 2019 - 04:44 PM (IST)

ਅੱਜਕਲ ਜਿੱਥੇ ਧੁੰਦ ਅਤੇ ਧੂੰਏ ਕਾਰਨ ਲੋਕ ਆਪਣੀਆਂ ਬੇਸ਼ਕੀਮਤੀ ਜਾਨਾਂ ਖੋ ਰਹੇ ਹਨ ਉੱਥੇ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਓਵਰਲੋਡ ਵਾਹਨ ਚਾਲਕਾਂ ਦੀ ਸ਼ਹਿਰ ਅੰਦਰ ਹੋਈ ਭਰਮਾਰ ਆਮ ਲੋਕਾਂ ਦੀ ਜਾਨ ਦਾ ਖੋਅ ਬਣੀ ਹੋਈ ਹੈ। ਭਾਰੀ ਵਾਹਨ ਚਾਲਕਾਂ ਦੇ ਲੰਘਣ ਲਈ ਕੋਈ ਤੈਅ ਸਮਾਂ ਨਾ ਹੋਣ ਕਾਰਨ ਸ਼ਹਿਰ ਅੰਦਰ ਵਾਹਨਾਂ ਦੀ ਲੰਮੀ ਕਤਾਰ ਲੱਗ ਜਾਣ ਨਾਲ ਜਾਮ ਲੱਗ ਜਾਂਦੇ ਹਨ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਜਦੋਂ ਓਵਰਲੋਡ ਟਰੱਕ ਸ਼ਹਿਰ ਕਸਬੇ ਤੋਂ ਲੰਘਦਾ ਹੈ ਤਾਂ ਰੋਡ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਕਿਉਂਕਿ ਟਰੱਕ-ਟਰਾਲਾ ਇੰਨੀ ਉਪਰ ਤੱਕ ਭਰਿਆ ਹੋਇਆ ਹੁੰਦਾ ਹੈ ਕਿ ਉਸ ਉਪਰੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਵੀ ਉਸ ਨਾਲ ਸੰਪਰਕ 'ਚ ਆ ਕੇ ਪ੍ਰਸ਼ਾਸਨ ਦੀਆਂ ਨਲਾਈਕੀਆਂ ਤੇ ਤੁੱਕ ਬੰਦੀਆਂ ਤੇ ਹਾਸਾ ਠਿੱਠਰ ਕਰਦੀਆਂ ਸਾਫ ਨਜ਼ਰ ਆ ਸਕਦੀਆਂ ਸਨ।
ਬਿਨਾਂ ਰੋਕ-ਟੋਕ ਸੜਕਾਂ 'ਤੇ ਦੌੜ ਰਹੇ ਓਵਰਲੋਡ ਵਾਹਨ ਜਿੱਥੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਉਥੇ ਨਾਲ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕਾਇਦੇ ਕਾਨੂੰਨ ਨੂੰ ਛਿੱਕੇ 'ਤੇ ਟੰਗਦਿਆਂ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਵੀ ਕਰ ਰਹੇ ਹਨ, ਜਿਸ ਕਾਰਨ ਓਵਰਲੋਡ ਵਾਹਨ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਵੀ ਵੱਡੇ ਹੁਕਮਾਂ ਦੀ ਉਲੰਘਣਾ ਕਰਦੇ ਉੱਚ ਅਧਿਕਾਰੀਆਂ ਦੀ ਮਿਲੀ ਭਗਤ ਇਨ੍ਹਾਂ ਓਵਰਲੋਡ ਵਾਹਨਾਂ ਨੂੰ ਰੋਕ ਨਹੀਂ ਪਾ ਰਹੀ, ਜਿਸ ਕਰ ਕੇ ਸ਼ਹਿਰੀ ਇਲਾਕਿਆਂ ਅੰਦਰ ਇਹ ਵਾਹਨ ਸ਼ਰੇਆਮ ਪੁਲਸ ਦੀਆਂ ਅੱਖਾਂ ਦੇ ਸਾਹਮਣੇ ਸੜਕਾਂ ਤੋਂ ਲੰਘ ਰਹੇ ਹਨ। ਕੁਝ ਸਿੱਕਿਆਂ ਦੀ ਖਾਤਿਰ ਲੋੜ ਨਾਲੋਂ ਵੱਧ ਸਾਮਾਨ ਵਾਹਨ 'ਤੇ ਲੱਦ ਕੇ ਇਹ ਲੋਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਕਿਉਂਕਿ ਭੀੜ ਭੜੱਕੇ ਵਾਲੇ ਸ਼ਹਿਰੀ ਇਲਾਕਿਆਂ 'ਚੋਂ ਲੰਘਣ ਵਾਲੇ ਇਹ ਵਾਹਨ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਪੁਲਸ ਨੂੰ ਇਨ੍ਹਾਂ ਓਵਰਲੋਡ ਵਾਹਨਾਂ ਦੇ ਚਲਾਨ ਕੱਟ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਓਵਰਲੋਡ ਵਾਹਨਾਂ ਕਾਰਨ ਹਾਦਸੇ ਨਾ ਵਾਪਰ ਸਕਣ ਜਦਕਿ ਪੁਲਸ ਸਕੂਟਰਾਂ, ਮੋਟਰਸਾਈਕਲਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ) ਸੰਗਰੂਰ
09914062205