ਆਹ ਤਾਂ ਜਾਣਾ ਏ...
Tuesday, Dec 11, 2018 - 01:37 PM (IST)

ਇਕ ਪਿੰਡ ਵਿਚ ਇਕ ਲੜਕੇ ਦੇ ਵਿਆਹ ਵਿਚ ਬਰਾਤ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿਉਂਕਿ ਬਰਾਤ ਨੇ ਕੇਵਲ 15 ਕਿਲੋਮੀਟਰ ਦੂਰ ਹੀ ਇਕ ਪਿੰਡ ਵਿਚ ਜਾਣਾ ਸੀ, ਇਸ ਲਈ ਬਰਾਤ ਚੜ੍ਹਨ ਲਈ ਕੋਈ ਵੀ ਕਾਹਲੀ ਨਹੀਂ ਸੀ ਕਰ ਰਿਹਾ।
ਭਾਵੇਂ ਵਿਆਹ ਦੀ ਚਿੱਠੀ ਆਈ ਨੂੰ ਦੋ ਮਹੀਨੇ ਬੀਤ ਗਏ ਸਨ ਅਤੇ ਲੜਕੀ ਵਾਲਿਆਂ ਵਲੋਂ ਬਰਾਤ ਜਲਦੀ ਲਿਆਉਣ ਲਈ ਵਾਰ-ਵਾਰ ਬੇਨਤੀ ਕੀਤੀ ਗਈ ਸੀ ਅਤੇ ਉਨ੍ਹਾਂ ਇਹ ਵੀ ਕਹਿ ਦਿੱਤਾ ਸੀ ਕਿ ਚੰਗੀ ਗੱਲ ਏ, ਜੇ ਅਨੰਦ ਕਾਰਜ 12 ਵਜੇ ਤੋਂ ਪਹਿਲਾ-ਪਹਿਲਾ ਹੋ ਜਾਣ। ਪਰ ਇੱਥੇ ਤਾਂ ਬਰਾਤ ਤੋਰਨ ਵਿਚ ਕੋਈ ਸਮੇਂ ਦੀ ਪਾਬੰਦੀ ਨਹੀਂ ਸੀ ਦਿਖਾ ਰਿਹਾ। ਵਿਚੋਲਾ ਵਿਚਾਰਾਂ ਵਾਰ-ਵਾਰ ਵਾਸਤੇ ਪਾਏ ਕਿ ਬਰਾਤ ਜਲਦੀ ਚੱਲੇ।
ਜਦੋਂ ਵਿਚੋਲੇ ਨੇ ਲੜਕੇ ਦੇ ਫੁੱਫੜ ਨੂੰ ਕਿਹਾ, ''ਤੁਸੀਂ ਕਹੋ ਜੀ, ਕਿ ਬਰਾਤ ਜਲਦੀ ਚਲ ਪਏ।'' ਤਾਂ ਫੁੱਫੜ ਤਾਂ ਆਪਣੀ ਟੌਰ ਵਿਚ ਸੀ ਅਤੇ ਬੋਲਿਆ, ''ਆਹ ਤਾਂ ਜਾਣਾ ਏ-ਚਲਦੇ ਆਂ।'' ਵਿਚੋਲੇ ਨੇ ਲੜਕੇ ਦੇ ਜੀਜੇ ਨੂੰ ਕਿਹਾ, '' ਭਾਈ, ਆਪਾਂ ਲੇਟ ਹੋ ਰਹੇ ਹਾਂ, ਜਲਦੀ ਚਲੋ।'' ਤਾਂ ਜੀਜਾ ਵੀ ਬੋਲਿਆ, ''ਆਹ ਤਾਂ ਜਾਣਾ, ਜਲਦੇ ਆਂ।'' ਚਲਦੇ-ਚਲਦੇ ਬਰਾਤ ਘਰ ਪਰ ਹੀ ਬਹੁਤ ਲੇਟ ਹੋ ਗਈ। ਰਸਤੇ ਵਿਚ ਫੋਟੋਆਂ ਖਿੱਚਣ ਵਲੇ ਅਤੇ ਵੀਡੀਓ ਬਣਾਉਣ ਵਾਲਿਆਂ ਵੀ ਪੂਰਾ ਖੁੱਲ੍ਹ ਕੇ ਟਾਇਮ ਲਿਆ। ਆਖਿਰ 15 ਮੀਲ ਤੇ ਬਰਾਤ ਡੇਢ ਵਜੇ ਦੁਪਹਿਰੇ ਪਹੁੰਚੀ।
ਅੱਗੇ ਲੜਕੀ ਵਾਲੇ ਬੜੇ ਗੁੱਸੇ ਵਿਚ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਬਰਾਤ ਸਮੇਂ ਤੇ ਨਹੀਂ ਆਈ। ਤਾਂ ਲੜਕੀ ਵਾਲਿਆਂ ਦੇ ਰਿਸ਼ਤੇਦਾਰਾਂ ਨੇ ਜ਼ੋਰ ਲਾਇਆ ਕਿ ਹੁਣ ਚਾਹ-ਪਾਣੀ ਰਹਿਣ ਦਿਓ, ਸਿੱਧੇ ਬਰਾਤ ਨੂੰ ਗੁਰਦੁਆਰੇ ਅਨੰਦ ਕਾਰਜਾਂ ਲਈ ਭੇਜ ਦਿਓ।ਉੱਧਰ ਲੜਕੇ ਵਾਲੇ ਕਹਿਣ ਨਹੀਂ ਪਹਿਲਾ ਬਰਾਤ ਚਾਹ-ਪਾਣੀ ਪੀਵੇਗੀ। ਇੰਨੇ ਵਿਚ ਝਗੜਾ ਕਾਫੀ ਵਧ ਗਿਆ ਅਤੇ ਨੌਬਤ ਰਿਸ਼ਤਾ ਟੁੱਟਣ ਤਕ ਆ ਗਈ। ਕੁਝ ਸਿਆਣਿਆਂ ਨੇ ਵਿਚ ਪੈ ਕੇ ਗੱਲ ਸੁਲਝਾਈ। ਜਦੋਂ ਲੜਕੇ ਦੇ ਪਿਤਾ ਨੂੰ ਬਰਾਤ ਲੇਟ ਆਉਣ ਦਾ ਕਾਰਨ ਪੁਛਿਆ ਤਾਂ ਉਸਨੇ ਕਿਹਾ, ''ਜੀ, ਸਭ ਇਹੀ ਕਹੀ ਗਏ -ਆਹ ਤਾਂ ਜਾਣਾ ਏ, ਬਸ ਇਸੇ ਚੱਕਰ ਵਿਚ ਲੇਟ ਹੋ ਗਏ।''
ਬਹਾਦਰ ਸਿਘ ਗੋਸਲ,
ਮਕਾਨ ਨੰ: 3098, ਸੈਕਟਰ 37 ਡੀ
ਚੰਡੀਗੜ੍ਹ। ਮੋਬਾ: 98764-52223