ਨਾਵਲ ਕੌਰਵ ਸਭਾ : ਕਾਂਡ- 26, 27
Monday, Feb 22, 2021 - 06:45 PM (IST)
ਹੋਸ਼ ਵਿੱਚ ਆਉਂਦਿਆਂ ਹੀ ਨੇਹਾ ਨੂੰ ਪਲਵੀ ਦਾ ਘਰ ਵੱਢ-ਵੱਢ ਖਾਣ ਲੱਗਾ। ਇਸ ਵਾਰਦਾਤ ਤੋਂ ਪਹਿਲਾਂ ਨੇਹਾ ਆਪਣੇ ਘਰ ਘੱਟ ਅਤੇ ਪਲਵੀ ਦੇ ਘਰ ਵੱਧ ਰਿਹਾ ਕਰਦੀ ਸੀ। ਪਲਵੀ ਦੀ ਮੰਮੀ ਕਾਲਜ ਵਿੱਚ ਪ੍ਰੋਫ਼ੈਸਰ ਸੀ। ਉਸਦਾ ਪਾਪਾ ਟੈਲੀਫ਼ੋਨ ਐਕਸਚੇਂਜ ਵਿੱਚ ਇੰਜੀਨੀਅਰ ਸੀ। ਸਵੇਰ ਤੋਂ ਸ਼ਾਮ ਤਕ ਉਹ ਘਰੋਂ ਬਾਹਰ ਰਹਿੰਦੇ ਸਨ।
ਬਹੁਤਾ ਸਮਾਂ ਪਲਵੀ ਘਰ ਵਿੱਚ ਇਕੱਲੀ ਹੁੰਦੀ ਸੀ। ਘਰ ਦੇ ਸ਼ਾਂਤ ਵਾਤਾਵਰਣ ਦਾ ਦੋਵੇਂ ਸਹੇਲੀਆਂ ਰੱਜ ਕੇ ਫ਼ਾਇਦਾ ਉਠਾਉਂਦੀਆਂ ਸਨ।
ਦੋਵੇਂ ਸਹੇਲੀਆਂ ਸਹਿਯੋਗ ਸੰਸਥਾ ਦੀ ਯੁਵਾ ਸ਼ਕਤੀ ਇਕਾਈ ਦੀਆਂ ਕਰਤਾ ਧਰਤਾ ਸਨ। ਸੰਸਥਾ ਦੀਆਂ ਬਹੁਤੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਯੁਵਾ ਸ਼ਕਤੀ ਦੇ ਮੋਢਿਆਂ ਉੱਪਰ ਸੀ।
ਪਲਵੀ ਦੇ ਘਰ ਬੈਠੀਆਂ ਉਹ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸਿਰੇ ਚਾੜ੍ਹਨ ਦੀਆਂ ਯੋਜਨਾਵਾਂ ਘੜਦੀਆਂ ਰਹਿੰਦੀਆਂ ਸਨ।
ਸਹਿਯੋਗ ਸੰਸਥਾ ਦੀ ਸਥਾਪਨਾ ਮਾਤਾ ਕਲਿਆਣੀ ਜੀ ਨੇ ਕੀਤੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਉਹ ਭਗਵਾਨ ਸ਼ਿਵ ਦੀ ਆਦੀ ਸ਼ਕਤੀ ਮਾਂ ਪਾਰਵਤੀ ਦਾ ਅਵਤਾਰ ਸਨ। ਉਨ੍ਹਾਂ ਦਾ ਅਵਤਾਰ ਲੋਕ ਕਲਿਆਣ ਲਈ ਹੋਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਗਰਭ ਦੇ ਢਾਈਵੇਂ ਮਹੀਨੇ ਜੀਵ ਵਿੱਚ ਆਤਮਿਕ ਸ਼ਕਤੀ ਦਾ ਪ੍ਰਵੇਸ਼ ਹੁੰਦਾ ਸੀ। ਇਹ ਸ਼ਕਤੀ ਮਨੁੱਖ ਦੇ ਤਾਲੂਏ ਰਾਹੀਂ ਪ੍ਰਵੇਸ਼ ਕਰਦੀ ਸੀ ਅਤੇ ਸਰੀਰ ਦੇ ਸੱਤਾਂ ਕੇਂਦਰਾਂ ਰਾਹੀਂ ਗੁਜ਼ਰ ਕੇ ਉਨ੍ਹਾਂ ਕੇਂਦਰਾਂ ਰਾਹੀਂ ਸੰਚਾਲਿਤ ਅੰਗਾਂ ਨੂੰ ਕਿਰਿਆਸ਼ੀਲ ਕਰਦੀ ਸੀ। ਬਾਕੀ ਬਚਦੀ ਸ਼ਕਤੀ, ਆਖ਼ਰੀ ਮੂਲਾਧਾਰ ਚੱਕਰ ਵਿੱਚ ਕੁੰਢਲੀ ਮਾਰ ਕੇ ਬੈਠ ਜਾਂਦੀ ਸੀ। ਯੋਗ ਸਾਧਨਾ ਰਾਹੀਂ ਇਸ ਸੁੱਤੀ ਸ਼ਕਤੀ ਨੂੰ ਜਗਾਇਆ ਜਾ ਸਕਦਾ ਸੀ। ਜਾਗੀ ਸ਼ਕਤੀ ਮੂਲਾਧਾਰ ਚੱਕਰ ਤੋਂ ਉੱਠ ਕੇ ਤਾਲੂਏ ਵੱਲ ਨੂੰ ਉਥਾਨ ਕਰਦੀ ਸੀ। ਇਸ ਉਥਾਨ ਦੌਰਾਨ ਉਹ ਵਿਚਕਾਰਲੇ ਚੱਕਰਾਂ ਨੂੰ ਸ਼ਕਤੀ ਪ੍ਰਦਾਨ ਕਰਦੀ ਸੀ। ਨਵੀਂ ਸ਼ਕਤੀ ਹਾਸਲ ਕਰਕੇ ਅੰਗ ਮੁੜ ਨਵੇਂ ਨਰੋਏ ਹੋ ਜਾਂਦੇ ਸਨ। ਆਤਮਾ ਦਾ ਆਪਣੇ ਮੂਲ ਸਰੋਤ ਪ੍ਰਮਾਤਮਾ ਨਾਲ ਸੰਪਰਕ ਸਥਾਪਤ ਹੁੰਦਾ ਸੀ। ਪਰਮ ਸੱਚ ਪ੍ਰਮਾਤਮਾ ਦੇ ਸੰਪਰਕ ਵਿੱਚ ਆ ਕੇ ਮਨੁੱਖ ਨੂੰ ਪਰਮ ਆਨੰਦ ਪ੍ਰਾਪਤ ਹੁੰਦਾ ਸੀ। ਰੂਹਾਨੀ ਤੇਜ਼ ਉਸ ਦੇ ਚਿਹਰੇ ਉਪਰ ਸੂਰਜ ਵਾਂਗ ਚਮਕਣ ਲੱਗਦਾ ਸੀ।
ਧਾਰਮਿਕ ਗ੍ਰੰਥਾਂ ਅਨੁਸਾਰ ਕੁੰਡਲਣੀ ਸ਼ਕਤੀ ਦਾ ਜਾਗਰਣ ਘੋਰ ਤਪੱਸਿਆ ਅਤੇ ਕਠਿਨ ਯੋਗ ਸਾਧਨਾ ਤੋਂ ਬਾਅਦ ਹੁੰਦਾ ਸੀ। ਮਿਥਿਹਾਸ ਅਨੁਸਾਰ ਬਹੁਤ ਘੱਟ ਰਿਸ਼ੀਆਂ ਨੂੰ ਇਸ ਸਿੱਧੀ ਦੀ ਪ੍ਰਾਪਤੀ ਹੋਈ ਸੀ।
ਮਾਤਾ ਜੀ ਨੇ ਆਪਣੀ ਕੁੰਡਲਣੀ ਦਾ ਜਾਗਰਣ ਤਾਂ ਕੀਤਾ ਹੀ ਸੀ, ਉਨ੍ਹਾਂ ਨੇ ਹੋਰਾਂ ਦੀ ਕੁੰਡਲਣੀ ਸ਼ਕਤੀ ਦੇ ਜਾਗਰਨ ਦਾ ਵੀ ਰਾਹ ਪੱਧਰਾ ਕੀਤਾ ਸੀ। ਉਨ੍ਹਾਂ ਦਾ ਯੋਗ ਕੋਈ ਛੱਲ ਫਰੇਬ ਨਹੀਂ ਸੀ। ਮਾਤਾ ਜੀ ਦੇ ਪੈਰੋਕਾਰਾਂ ਨੂੰ ਕੁੰਡਲਣੀ ਜਾਗਰਣ ਦਾ ਅਨੁਭਵ ਆਪਣੀਆਂ ਉਂਗਲਾਂ ਅਤੇ ਹਥੇਲੀਆਂ ਉਪਰ ਹੁੰਦਾ ਸੀ। ਯੋਗ ਸਾਧਨਾ ਦੌਰਾਨ ਉਂਗਲਾਂ ਅਤੇ ਹਥੇਲੀਆਂ ਵਿਚੋਂ ਠੰਡੀਆਂ ਤਰੰਗਾਂ ਨਿਕਲਦੀਆਂ ਸਨ। ਜਿਉਂ ਜਿਉਂ ਕੁੰਡਲਣੀ ਮਾਂ ਦਾ ਉਥਾਨ ਹੁੰਦਾ ਸੀ ਤਿਉਂ-ਤਿਉਂ ਤਰੰਗਾਂ ਦੀ ਠੰਢਕ ਵਧਦੀ ਜਾਂਦੀ ਸੀ।
ਇਸ ਪ੍ਰਤੱਖ ਪ੍ਰਮਾਣ ਕਾਰਨ ਇਸ ਸੰਸਥਾ ਦਾ ਵਿਸਥਾਰ ਤੇਜ਼ੀ ਨਾਲ ਹੋ ਰਿਹਾ ਸੀ। ਨੇਹਾ ਨੂੰ ਇਹ ਚੇਟਕ ਪਲਵੀ ਤੋਂ ਲੱਗੀ ਸੀ।
ਪਲਵੀ ਨੂੰ ਦਿੱਲੀ ਰਹਿੰਦੇ ਆਪਣੇ ਮਾਮੇ ਕੋਲੋਂ। ਹਰ ਵਾਰ ਗਰਮੀਆਂ ਦੀਆਂ ਛੁੱਟੀਆਂ ਕੱਟਣ ਪਲਵੀ ਨਾਨਕੇ ਜਾਂਦੀ ਸੀ। ਪਿਛਲੀ ਵਾਰ ਮਾਮੇ ਨੇ ਉਸ ਨੂੰ ਥੀਏਟਰਾਂ ਅਤੇ ਡਿਜਨੀਲੈਂਡ ਦੀ ਥਾਂ ਮਾਤਾ ਜੀ ਦੇ ਆਸ਼ਰਮ ਦੀ ਸੈਰ ਕਰਾਈ ਸੀ। ਉਨ੍ਹੀਂ ਦਿਨੀਂ ਮਾਤਾ ਜੀ ਦਿੱਲੀ ਆਏ ਹੋਏ ਸਨ। ਧਿਆਨ ਸ਼ਿਵਰ ਉਨ੍ਹਾਂ ਦੀ ਆਪਣੀ ਦੇਖ-ਰੇਖ ਹੇਠ ਚੱਲ ਰਿਹਾ ਸੀ। ਮਾਮੇ ਦਾ ਪੂਰਾ ਪਰਿਵਾਰ ਪੂਰੀ ਸ਼ਰਧਾ ਨਾਲ ਸ਼ਿਵਰ ਵਿੱਚ ਰੁੱਝਾ ਹੋਇਆ ਸੀ।
ਇਨ੍ਹੀਂ ਦਿਨੀਂ ਇਸ ਪੁਰਾਤਨ ਭਾਰਤੀ ਪ੍ਰੰਪਰਾ ਨੂੰ ਸੁਰਜੀਤ ਕਰਨ ਦਾ ਯਤਨ ਪੂਰੇ ਜ਼ੋਰ-ਸ਼ੋਰ ਨਾਲ ਹੋ ਰਿਹਾ ਸੀ। ਧਿਆਨ ਸਾਧਨਾ ਲੋਕਾਂ ਦਾ ਧਿਆਨ ਖਿੱਚ ਰਹੀ ਸੀ। ਨਵੇਂ ਨਵੇਂ ਸਾਧੂ ਨਵੀਆਂ-ਨਵੀਆਂ ਸੰਸਥਾਵਾਂ ਖੜੀਆਂ ਕਰਕੇ ਲੋਕਾਂ ਨੂੰ ਯੋਗ ਸਾਧਨਾ ਲਈ ਪ੍ਰੇਰ ਰਹੇ ਸਨ। ਅਖ਼ਬਾਰਾਂ ਵਿੱਚ ਮੁਫ਼ਤ ਲਗਦੇ ਧਿਆਨ ਸ਼ਿਵਰਾਂ ਦੇ ਵੱਡੇ-ਵੱਡੇ ਇਸ਼ਤਿਹਾਰ ਛਪ ਰਹੇ ਸਨ। ਟੀ.ਵੀ.ਉਪਰ ਯੋਗੀ ਮਹਾਤਮਾ ਅਤੇ ਉਨ੍ਹਾਂ ਕਿਸਮਤ ਵਾਲੇ ਲੋਕਾਂ ਦੇ ਇੰਟਰਵਿਊ ਆ ਰਹੇ ਸਨ, ਜਿਨ੍ਹਾਂ ਨੇ ਯੋਗ ਸਾਧਨਾ ਰਾਹੀਂ ਹੈਰਾਨ ਕਰਨ ਵਾਲੇ ਲਾਭ ਪ੍ਰਾਪਤ ਕੀਤੇ ਸਨ।
ਪਲਵੀ ਯੋਗ ਸਾਧਨਾਂ ਦੇ ਰਹੱਸਾਂ ਨੂੰ ਜਾਨਣ ਲਈ ਉਤਾਵਲੀ ਸੀ। ਮਾਇਆ ਨਗਰ ਵਿੱਚ ਅਜਿਹੀਆਂ ਕਈ ਸੰਸਥਾਵਾਂ ਦੀ ਚਰਚਾ ਸੀ। ਪਰ ਪੜ੍ਹਾਈ ਦੇ ਰੁਝੇਵੇਂ ਅਤੇ ਸਾਥ ਦੀ ਕਮੀ ਕਾਰਨ ਉਹ ਹਾਲੇ ਤਕ ਇਸ ਗਿਆਨ ਤੋਂ ਕੋਰੀ ਚਲੀ ਆ ਰਹੀ ਸੀ।
ਮੌਕਾ ਮਿਲਦਿਆਂ ਹੀ ਪਲਵੀ ਨੇ ਆਪਣਾ ਤਨ ਅਤੇ ਮਨ ਯੋਗ ਸਾਧਨਾ ਵਿੱਚ ਲਗਾ ਦਿੱਤਾ।
ਲੋਕ ਸੱਚ ਆਖਦੇ ਸਨ। ਧਿਆਨ ਸਾਧਨਾ ਵਿੱਚ ਆਲੌਕਿਕ ਸ਼ਕਤੀ ਸੀ। ਧਿਆਨ ਦੀ ਹਰ ਬੈਠਕ ਬਾਅਦ ਪਲਵੀ ਨੂੰ ਆਪਣੇ ਆਪ ਵਿੱਚ ਬਦਲਾਅ ਮਹਿਸੂਸ ਹੁੰਦਾ ਸੀ। ਹਰ ਪਹਿਲੂ ਤੋਂ ਉਹ ਉੱਪਰ ਉੱਠ ਰਹੀ ਸੀ।
ਇਸ ਵਾਰ ਦਿੱਲੀਉਂ ਮੁੜੀ ਪਲਵੀ ਪਹਿਲਾਂ ਵਾਲੀ ਨਹੀਂ ਸੀ। ਉਸਦੀਆਂ ਸਹੇਲੀਆਂ ਉਸ ਵਿੱਚ ਆਈਆਂ ਤਬਦੀਲੀਆਂ ਮਹਿਸੂਸ ਕਰ ਰਹੀਆਂ ਸਨ। ਪਹਿਲਾਂ ਵਾਂਗ ਉਸਦਾ ਸੁਭਾਅ ਚਿੜਚਿੜਾ ਨਹੀਂ ਸੀ ਰਿਹਾ। ਹੁਣ ਉਹ ਸ਼ਰਾਰਤਾਂ ਕਰਕੇ ਅਧਿਆਪਕ ਅਤੇ ਵਿਦਿਆਰਥੀਆਂ ਦੀ ਇਕਾਗਰਤਾ ਭੰਗ ਨਹੀਂ ਸੀ ਕਰਦੀ। ਉਸਦੀ ਅੱਖ ਬਲੈਕ-ਬੋਰਡ ਉਪਰ ਟਿਕੀ ਰਹਿੰਦੀ ਸੀ। ਲੈਕਚਰ ਉਸਨੂੰ ਸਮਝ ਆਉਣ ਲੱਗੇ ਸਨ। ਹਾਊਸ ਟੈਸਟਾਂ ਵਿੱਚ ਉਸਦੀ ਪੋਜ਼ੀਸ਼ਨ ਸੁਧਰੀ ਸੀ। ਉਹ ਚੰਚਲ ਅਤੇ ਮਿਲਣਸਾਰ ਹੋ ਗਈ ਸੀ। ਉਸ ਦੀਆਂ ਸਹੇਲੀਆਂ ਦਾ ਘੇਰਾ ਵਧ ਗਿਆ ਸੀ। ਪਹਿਲਾਂ ਵਾਂਗ ਉਹ ਕੰਨਟੀਨ ਵਿੱਚ ਜਾ ਕੇ ਡੋਸੇ ਬਰਗਰ ਨਹੀਂ ਸੀ ਖਾਂਦੀ। ਸਗੋਂ ਲਾਇਬਰੇਰੀ ਵਿੱਚ ਬੈਠ ਕੇ ਉਹ ਸਹੇਲੀਆਂ ਨੂੰ ਯੋਗ ਆਸਣ ਅਤੇ ਧਿਆਨ ਲਾਉਣ ਦੀ ਵਿਧੀ ਅਤੇ ਉਸਦੀ ਮਹੱਤਤਾ ਸਮਝਾਉਂਦੀ ਸੀ।
ਸ਼ੌਂਕ-ਸ਼ੌਂਕ ਵਿੱਚ ਨੇਹਾ ਨੇ ਪਲਵੀ ਤੋਂ ਧਿਆਨ ਲਾਉਣਾ ਸਿੱਖ ਲਿਆ। ਉਸਨੂੰ ਵੀ ਧਿਆਨ ਵਿੱਚ ਕਿਸੇ ਗੈਬੀ-ਸ਼ਕਤੀ ਦੀ ਹੋਂਦ ਮਹਿਸੂਸ ਹੋਣ ਲੱਗੀ। ਜੋ ਤਬਦੀਲੀਆਂ ਪਲਵੀ ਵਿੱਚ ਆਈਆਂ ਸਨ ਉਹੋ ਨੇਹਾ ਮਹਿਸੂਸ ਕਰਨ ਲੱਗੀ।
ਸਹਿਯੋਗ ਸੰਸਥਾ ਦੀ ਇਕਾਈ ਤਿੰਨ ਸਾਲ ਤੋਂ ਮਾਇਆ ਨਗਰ ਵਿੱਚ ਚੱਲ ਰਹੀ ਸੀ। ਇੱਕ ਅਧਿਆਪਕ ਅਤੇ ਉਸਦੀ ਪਤਨੀ ਨੇ ਮਾਤਾ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਸੀ। ਹਰ ਐਤਵਾਰ ਉਹ ਆਪਣੇ ਘਰ ਕੁੰਡਲਣੀ ਜਾਗਰਣ ਦਾ ਅਭਿਆਸ ਕਰਾਉਂਦਾ ਸੀ। ਪਰ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਨਹੀਂ ਸੀ ਹੋ ਰਿਹਾ। ਸਹਿਯੋਗੀਆਂ ਦੀ ਗਿਣਤੀ ਦਸ ਬਾਰਾਂ ਤੋਂ ਵੱਧ ਨਹੀਂ ਸੀ ਰਹੀ। ਜੇ ਦੋ ਨਵੇਂ ਆਉਂਦੇ ਸਨ ਤਾਂ ਤਿੰਨ ਪੁਰਾਣੇ ਛੱਡ ਜਾਂਦੇ ਸਨ। ਨਿਰਾਸ਼ ਹੋਇਆ ਸੰਚਾਲਕ ਮਾਤਾ ਜੀ ਨੂੰ ਵਾਰ-ਵਾਰ ਬੇਨਤੀ ਕਰ ਰਿਹਾ ਸੀ। ਮਾਤਾ ਜੀ ਆਪਣੀ ਛੋਹ ਨਾਲ ਮਾਇਆ ਨਗਰ ਦੀ ਧਰਤੀ ਨੂੰ ਪਵਿੱਤਰ ਕਰਨ। ਉਥੋਂ ਦੀ ਜਨਤਾ ਨੂੰ ਅਸ਼ੀਰਵਾਦ ਦੇਣ। ਪਰ ਮਾਤਾ ਜੀ ਉਸਨੂੰ ਟਾਲ ਰਹੇ ਸਨ। ਉਨ੍ਹਾਂ ਨੂੰ ਉਚਿਤ ਸਮੇਂ ਦੀ ਉਡੀਕ ਸੀ।
ਪਿਛਲੇ ਸ਼ਿਵਰ ਦੌਰਾਨ ਉਨ੍ਹਾਂ ਆਪਣੇ ਭਗਤ ਦੀ ਪਿੱਠ ਥਾਪੜੀ ਸੀ। ਹੁਣ ਸਹਿਯੋਗ ਦਾ ਮਾਇਆ ਨਗਰ ਵਿੱਚ ਵਧਣ ਫੁੱਲਣ ਦਾ ਸਮਾਂ ਆ ਗਿਆ ਸੀ।
ਮਾਤਾ ਜੀ ਨੇ ਪਲਵੀ ਨੂੰ ਅਸ਼ੀਰਵਾਦ ਦਿੱਤਾ। ਉਹ ਮਾਇਆ ਨਗਰ ਵਿੱਚ ਯੁਵਾ ਸ਼ਕਤੀ ਦਾ ਗਠਨ ਕਰੇ।
ਯੁਵਾ ਸ਼ਕਤੀ ਦਾ ਗਠਨ ਹੁੰਦੇ ਹੀ ਸੰਸਥਾ ਵਿੱਚ ਨਵੀਂ ਰੂਹ ਫੂਕੀ ਗਈ। ਸੰਸਥਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੀ।
ਪਹਿਲਾਂ ਨੌਜਵਾਨ ਕੁੜੀਆਂ ਸੰਸਥਾ ਵਿੱਚ ਆਈਆਂ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਮਾਪੇ ਆਉਣ ਲੱਗੇ। ਮਾਪੇ ਅੱਗੇ ਆਪਣੇ ਵਾਕਫਕਾਰਾਂ ਨੂੰ ਲਿਆਉਣ ਲੱਗੇ।
ਪਹਿਲਾਂ ਸਤਿਸੰਗ ਸੰਸਥਾ ਦੇ ਮੋਢੀ ਅਧਿਆਪਕ ਦੇ ਘਰ ਹੁੰਦਾ ਸੀ। ਭਾਰ ਵੰਡਾਉਣ ਲਈ ਇਹ ਜ਼ਿੰਮੇਵਾਰੀ ਸਹਿਯੋਗੀਆਂ ਨੇ ਆਪਸ ਵਿੱਚ ਵੰਡ ਲਈ। ਹਰ ਐਤਵਾਰ ਨਵੇਂ ਮੈਂਬਰ ਦੇ ਘਰ ਸਤਿਸੰਗ ਹੋਣ ਲੱਗਾ। ਇਸ ਦਾ ਇੱਕ ਫ਼ਾਇਦਾ ਇਹ ਹੋਇਆ ਕਿ ਮੈਂਬਰਾਂ ਦੇ ਗੁਆਂਢੀ ਸੰਸਥਾ ਨਾਲ ਜੁੜਨ ਲੱਗੇ।
ਕੁੱਝ ਵਕੀਲਾਂ, ਇੰਜੀਨੀਅਰਾਂ ਅਤੇ ਸਨਅਤਕਾਰਾਂ ਦੇ ਸਹਿਯੋਗ ਵਿੱਚ ਆਉਣ ਨਾਲ ਪੈਸੇ ਦੀ ਘਾਟ ਦੂਰ ਹੋ ਗਈ।
ਸਹਿਯੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਸੀ। ਮੈਂਬਰਾਂ ਦੇ ਘਰ ਛੋਟੇ ਪੈਣ ਲਗੇ। ਆਪਣੇ ਆਸ਼ਰਮ ਦੀ ਲੋੜ ਮਹਿਸੂਸ ਹੋਣ ਲੱਗੀ।
ਆਸ਼ਰਮ ਦਾ ਵਿਚਾਰ ਆਉਂਦਿਆਂ ਹੀ ਦਾਨੀਆਂ ਨੇ ਦਾਨ ਦੇ ਢੇਰ ਲਾ ਦਿੱਤੇ। ਦਿਨਾਂ ਵਿੱਚ ਆਸ਼ਰਮ ਦੀ ਉਸਾਰੀ ਹੋ ਗਈ।
ਸਹਿਯੋਗੀਆਂ ਨੂੰ ਯਕੀਨ ਸੀ ਇਹ ਸਭ ਕੁੱਝ ਮਾਤਾ ਜੀ ਦੇ ਅਸ਼ੀਰਵਾਦ ਕਾਰਨ ਹੋ ਰਿਹਾ ਸੀ। ਨਹੀਂ ਤੇ ਪਾਪੀਆਂ ਦੀ ਇਸ ਨਗਰੀ ਵਿੱਚ ਕੋਈ ਭਿਖਾਰੀ ਨੂੰ ਪੰਜ ਪੈਸੇ ਤਕ ਨਹੀਂ ਸੀ ਦਿੰਦਾ।
ਆਸ਼ਰਮ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਯੁਵਾ ਸ਼ਕਤੀ ਦੇ ਹੱਥ ਸੀ। ਅਤੇ ਯੁਵਾ ਸ਼ਕਤੀ ਪਲਵੀ ਅਤੇ ਨੇਹਾ ਦੇ ਹੱਥ ਸੀ।
ਸਮੂਹਿਕ ਸਹਿਯੋਗ ਐਤਵਾਰ ਵਾਲੇ ਦਿਨ ਆਸ਼ਰਮ ਵਿੱਚ ਹੁੰਦਾ ਸੀ। ਮੂਰਤੀ ਸਥਾਪਨਾ ਤੋਂ ਲੈ ਕੇ ਚਾਹ ਪਾਣੀ ਤਕ ਦੀ ਸੇਵਾ ਦੀ ਜ਼ਿੰਮੇਵਾਰੀ ਉਨ੍ਹਾਂ ਸਿਰ ਹੁੰਦੀ ਸੀ। ਹੱਸਦੀਆਂ, ਟੱਪਦੀਆਂ, ਚਿੜੀਆਂ ਵਾਂਗ ਚਹਿਕਦੀਆਂ ਉਹ ਮਾਹੌਲ ਨੂੰ ਰੰਗੀਨ ਬਣਾਈ ਰੱਖਦੀਆਂ ਸਨ।
ਸੰਸਥਾ ਦੇ ਕੰਮ ਵਿੱਚ ਰੁਝੀਆਂ ਦਿਨ ਦਾ ਬਹੁਤਾ ਸਮਾਂ ਉਹ ਇਕੱਠੀਆਂ ਰਹਿੰਦੀਆਂ ਸਨ। ਵੱਖ ਹੋ ਕੇ ਉਨ੍ਹਾਂ ਨੂੰ ਇੱਕ ਦੂਜੀ ਦੀ ਯਾਦ ਸਤਾਉਣ ਲੱਗਦੀ ਸੀ। ਉਹ ਆਪਣੇ ਆਪ ਨੂੰ ਦੋ ਸਰੀਰ ਅਤੇ ਇੱਕ ਰੂਹ ਆਖਣ ਲੱਗੀਆਂ ਸਨ।
ਹੁਣ ਜਦੋਂ ਨੇਹਾ ਦਾ ਸਰੀਰ ਜ਼ਖ਼ਮੀ ਹੋਇਆ ਸੀ ਤਾਂ ਪਲਵੀ ਦੀ ਆਤਮਾ ਵਲੂੰਧਰੀ ਗਈ ਸੀ।
ਨੇਹਾ ਦੇ ਪਰਿਵਾਰ ਤੇ ਪਈ ਭੀੜ ਇਕੱਲੀ ਉਸ ਪਰਿਵਾਰ ਦੀ ਭੀੜ ਨਹੀਂ ਸੀ। ਇਹ ਸਮੁੱਚੇ ਸਹਿਯੋਗ ਪਰਿਵਾਰ ਤੇ ਪਈ ਭੀੜ ਸੀ।
ਥਾਣੇ, ਕਚਹਿਰੀ, ਹਸਪਤਾਲ ਹਰ ਥਾਂ ਸਹਿਯੋਗੀਆਂ ਨੇ ਉਨ੍ਹਾਂ ਲਈ ਭੱਜ-ਨੱਠ ਕੀਤੀ ਸੀ।
ਇਹ ਇੱਕ ਸਹਿਯੋਗੀ ਪਰਿਵਾਰ ਹੀ ਸੀ, ਜਿਹੜਾ ਨੇਹਾ ਨੂੰ ਆਪਣੀ ਹਿੱਕ ਨਾਲ ਲਾਈ ਬੈਠਾ ਸੀ। ਇਹ ਪਰਿਵਾਰ ਨੇਹਾ ਤੇ ਕੋਈ ਅਹਿਸਾਨ ਨਹੀਂ ਸੀ ਕਰ ਰਿਹਾ। ਇਹ ਮਾਤਾ ਜੀ ਦਾ ਫਰਮਾਨ ਸੀ। ਸਾਰੇ ਸਹਿਯੋਗੀ ਮਾਤਾ ਜੀ ਦੇ ਧੀਆਂ ਪੁੱਤਰ ਸਨ। ਆਪਸ ਵਿੱਚ ਭੈਣ-ਭਰਾ ਸਨ। ਪਰਿਵਾਰ ਦੇ ਇੱਕ ਮੈਂਬਰ ਦਾ ਕਸ਼ਟ ਪਰਿਵਾਰ ਦਾ ਕਸ਼ਟ ਸੀ।
ਪਲਵੀ ਦਾ ਪਰਿਵਾਰ ਮਾਤਾ ਜੀ ਦੇ ਉਪਦੇਸ਼ ਨੂੰ ਅਮਲੀਜਾਮਾ ਪਹਿਣਾ ਰਿਹਾ ਸੀ।
ਨਾਵਲ ਕੌਰਵ ਸਭਾ : ਕਾਂਡ- 27
ਯੂਨੀਵਰਸਿਟੀ ਵਿੱਚ ਹੜਤਾਲ ਚੱਲ ਰਹੀ ਸੀ। ਇਸ ਲਈ ਪਲਵੀ ਘਰ ਰਹਿੰਦੀ ਸੀ। ਪਲਵੀ ਦੀ ਮੰਮੀ ਦਾ ਕਾਲਜ ਵੀ ਬੰਦ ਸੀ। ਹਾਜ਼ਰੀ ਲਾ ਕੇ ਉਹ ਘਰ ਮੁੜ ਆਉਂਦੀ ਸੀ। ਪਲਵੀ ਦੇ ਪਾਪਾ ਦਾ ਡਿਊਟੀ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ। ਮਸ਼ੀਨਰੀ ਵਿੱਚ ਨੁਕਸ ਪੈਣ ਤੇ ਉਸਨੂੰ ਰਾਤ-ਬਰਾਤੇ ਬੁਲਾ ਲਿਆ ਜਾਂਦਾ ਸੀ। ਇਸ ਦਿੱਕਤ ਤੋਂ ਬਚਣ ਲਈ ਉਸਨੇ ਪੰਜ ਦਿਨਾਂ ਦੀ ਛੁੱਟੀ ਲੈ ਲਈ ਸੀ। ਜਿੰਨਾ ਚਿਰ ਨੇਹਾ ਪੂਰੀ ਤਰ੍ਹਾਂ ਨਹੀਂ ਸੰਭਲ ਜਾਂਦੀ, ਉਹ ਘਰ ਰਹਿ ਕੇ ਉਸਦੀ ਦੇਖ-ਭਾਲ ਕਰੇਗਾ।
ਪਹਿਲੇ ਦੋ ਦਿਨ ਨੇਹਾ ਨੇ ਨਾ ਕੁੱਝ ਖਾਧਾ ਨਾ ਪੀਤਾ। ਕਮਲ ਨੂੰ ਯਾਦ ਕਰ ਕਰ ਉਹ ਹੰਝੂ ਵਹਾਉਂਦੀ ਰਹੀ। ਆਪਣੇ ਸਰੀਰ ਉਪਰ ਪਈਆਂ ਖਰੋਚਾਂ ਨੂੰ ਦੇਖ ਦੇਖ ਉਹ ਲਾਲ ਪੀਲੀ ਹੁੰਦੀ ਰਹੀ। ਮਾਂ ਬਾਪ ਦੀ ਦੁਰਦਸ਼ਾ ਸੁਣ-ਸੁਣ ਉਹ ਤੜਫਦੀ ਰਹੀ।
ਪਲਵੀ ਦੇ ਪਰਿਵਾਰ ਦੇ ਸਭ ਜੀਅ ਉਸ ਉਪਰ ਝੁਕੇ ਹੋਏ ਸਨ। ਮਾਤਾ ਜੀ ਦੇ ਭਾਸ਼ਣ ਵਿਚੋਂ ਹਵਾਲੇ ਦੇ ਦੇ ਉਹ ਉਸਨੂੰ ਸਮਝਾਉਣ ਦਾ ਯਤਨ ਕਰ ਰਹੇ ਸਨ।
ਨੇਹਾ ਨੂੰ ਸਭ ਉਪਦੇਸ਼ ਝੂਠੇ ਲੱਗਦੇ ਸਨ। ਕਦੇ-ਕਦੇ ਉਸਨੂੰ ਮਾਤਾ ਜੀ ਵੀ ਝੂਠੀ ਜਾਪਦੀ ਸੀ।
ਧਿਆਨ ਸਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਹਰ ਸਹਿਯੋਗੀ ਇੱਕ ਬੰਧਨ ਲਿਆ ਕਰਦਾ ਸੀ। ਇਸ ਕਿਰਿਆ ਦੌਰਾਨ ਉਹ ਸੱਤ ਵਾਰ ਮਾਤਾ ਜੀ ਕੋਲੋਂ ਆਪਣੇ ਸਰੀਰ ਦੇ ਸੱਤਾਂ ਚੱਕਰਾਂ ਦੀ ਸੁਰੱਖਿਆ ਦੀ ਮੰਗ ਕਰਦਾ ਸੀ। ਮਾਤਾ ਜੀ ਇਸ ਪ੍ਰਾਰਥਨਾ ਨੂੰ ਸਵੀਕਾਰ ਕਰਕੇ ਸਹਿਯੋਗੀ ਨੂੰ ਸੁਰੱਖਿਆ ਪ੍ਰਦਾਨ ਕਰਦੇ ਸਨ। ਇਸ ਸੁਰੱਖਿਆ ਨੂੰ ਮਾਤਾ ਜੀ ਨੇ ਦੁਰਗਾ ਕਵਚ ਦਾ ਨਾਂ ਦਿੱਤਾ ਸੀ। ਇਸ ਕਵਚ ਵੱਲ ਦੁਨੀਆਂ ਦੀ ਕੋਈ ਬੁਰੀ ਤਾਕਤ ਝਾਕ ਨਹੀਂ ਸੀ ਸਕਦੀ। ਨੇਹਾ ਨੇ ਇਸ ਪ੍ਰਾਰਥਨਾ ਵਿੱਚ ਕੁੱਝ ਵਾਧਾ ਕੀਤਾ ਸੀ। ਆਪਣੀ ਸੁਰੱਖਿਆ ਬਾਅਦ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕਰਦੀ ਸੀ। ਫੇਰ ਸਾਰੇ ਸੰਸਾਰ ਦੀ। ਉਹ ਮਾਤਾ ਜੀ ਤੋਂ ਪੁੱਛ ਰਹੀ ਸੀ। ਉਸਦੀ ਲਾਡਲੀ ਧੀ ਦਾ ਕਵਚ ਕਿਉਂ ਕੱਚ ਵਾਂਗ ਟੁੱਟ ਗਿਆ? ਉਸ ਦੇ ਭਰਾ ਨੂੰ ਸੁਰੱਖਿਆ ਕਿਉਂ ਨਹੀਂ ਮਿਲੀ? ਉਸਦੇ ਪਰਿਵਾਰ ਨੂੰ ਕਿਸ ਪਾਪ ਦੀ ਸਜ਼ਾ ਦਿੱਤੀ ਗਈ ਸੀ? ਪਰ ਮਾਤਾ ਜੀ ਚੁੱਪ ਸਨ।
ਸਹਿਯੋਗੀਆਂ ਦੀ ਇੱਕ ਹੋਰ ਧਾਰਨਾ ਸੀ। ਮਾਤਾ ਜੀ ਸਹਿਯੋਗੀ ਦੇ ਹਰ ਪ੍ਰਸ਼ਨ ਦਾ ਉੱਤਰ ਦਿੰਦੇ ਸਨ। ਪ੍ਰਸ਼ਨ ਮਨ ਵਿੱਚ ਧਾਰ ਕੇ ਆਪਣੇ ਕੰਮੀਂ ਜੁੱਟ ਜਾਓ। ਦੇਰ ਸਵੇਰ ਮਾਤਾ ਜੀ ਖ਼ੁਦ ਪ੍ਰਸ਼ਨ ਦਾ ਉੱਤਰ ਸੁਝਾਉਂਦੇ ਸਨ। ਪਹਿਲਾਂ ਇਸ ਧਾਰਨਾ ਦਾ ਪ੍ਰਚਾਰ
ਪਲਵੀ ਕਰਦੀ ਸੀ। ਫੇਰ ਨੇਹਾ ਕਰਦੀ ਰਹੀ ਸੀ। ਉਹ ਝੂਠਾ ਪ੍ਰਚਾਰ ਨਹੀਂ ਸੀ ਕਰਦੀ। ਉਸਨੂੰ ਆਪਣੇ ਪ੍ਰਸ਼ਨਾਂ ਦਾ ਉੱਤਰ ਮਿਲਦਾ ਰਿਹਾ ਸੀ।
ਹੁਣ ਉਹ ਵਾਰ ਵਾਰ ਮਾਤਾ ਜੀ ਤੋਂ ਇਹ ਪ੍ਰਸ਼ਨ ਪੁੱਛ ਰਹੀ ਸੀ। ਪਰ ਉਸਨੂੰ ਕੋਈ ਉੱਤਰ ਨਹੀਂ ਸੀ ਮਿਲ ਰਿਹਾ।
ਮਾਤਾ ਜੀ ਦੀ ਇਸ ਖ਼ਾਮੋਸ਼ੀ ਤੇ ਨੇਹਾ ਨੂੰ ਕਮਲ ਦੀ ਯਾਦ ਆਉਣ ਲੱਗਦੀ ਸੀ।
ਉਹ ਆਖਦਾ ਹੁੰਦਾ ਸੀ। ਪ੍ਰਸ਼ਨਾਂ ਦੇ ਉੱਤਰ ਕੋਈ ਗੈਬੀ-ਸ਼ਕਤੀ ਨਹੀਂ ਦਿੰਦੀ। ਜੇ ਕੋਈ ਵਿਅਕਤੀ ਮਨ ਵਿੱਚ ਪੈਦਾ ਹੋਏ ਸ਼ੰਕਿਆਂ ਦਾ ਸਮਾਧਾਨ ਇਕਾਗਰ-ਚਿੱਤ ਹੋ ਕੇ ਸੋਚਣ ਲੱਗੇ ਤਾਂ ਦਿਮਾਗ਼ ਆਪਣੇ ਅੰਦਰ ਜਮ੍ਹਾਂ ਗਿਆਨ ਦੇ ਆਧਾਰ ਤੇ ਉੱਤਰ ਸੁਝਾਅ
ਦਿੰਦਾ ਸੀ। ਕੋਈ ਇਨ੍ਹਾਂ ਉੱਤਰਾਂ ਨੂੰ ਆਤਮਾ ਦੀ ਅਵਾਜ਼ ਆਖ ਲਏ ਜਾਂ ਮਾਤਾ ਜੀ ਵੱਲੋਂ ਦਿੱਤਾ ਆਦੇਸ਼ ਇਸ ਵਿੱਚ ਕੋਈ ਫ਼ਰਕ ਨਹੀਂ ਸੀ।
ਦੁਰਗਾ ਕਵਚ ਦੀ ਧਾਰਨਾ ਨੂੰ ਵੀ ਉਹ ਮਨੋ-ਵਿਗਿਆਨਕ ਚਲਾਕੀ ਆਖਦਾ ਸੀ। ਪ੍ਰਾਰਥਨਾ ਵਿਅਕਤੀ ਨੂੰ ਵਿਸ਼ਵਾਸ ਦਿਵਾ ਦਿੰਦੀ ਸੀ ਕਿ ਉਹ ਸੁਰੱਖਿਅਤ ਹੈ। ਬੱਸ ਉਹ ਨਿਡਰ ਹੋ ਜਾਂਦਾ ਸੀ। ਦੁਰਗਾ ਕਵਚ ਪਾ ਕੇ ਚੱਲਣ ਵਾਲੇ ਵਿਅਕਤੀਆਂ ਦੇ ਨਫ਼ੇ ਨੁਕਸਾਨ ਵੀ ਓਨੇ ਹੀ ਹੁੰਦੇ ਸਨ, ਜਿੰਨੇ ਸਾਧਾਰਨ ਵਿਅਕਤੀਆਂ ਦੇ।
ਪਲਵੀ ਦੇ ਆਖੇ ਨੇਹਾ ਨੇ ਇੱਕ ਦੋ ਵਾਰ ਧਿਆਨ ਲਾਉਣ ਦਾ ਯਤਨ ਕੀਤਾ ਸੀ। ਉਸਦੀਆਂ ਹਥੇਲੀਆਂ ਵਿਚੋਂ ਨਿਕਲਦੀਆਂ ਠੰਡੀਆਂ ਤਰੰਗਾਂ ਗਾਇਬ ਸਨ।
ਉਲਟਾ ਜਦੋਂ ਉਸ ਨੂੰ ਗੁੱਸਾ ਆਉਂਦਾ ਸੀ ਉਸਦਾ ਸਾਰਾ ਸਰੀਰ ਭੱਖਣ ਲਗਦਾ ਸੀ। ਉਸਦੇ ਸਰੀਰ ਵਿਚੋਂ ਭਾਫਾਂ ਨਿਕਲਣ ਲੱਗਦੀਆਂ ਸਨ। ਮਾਤਾ ਜੀ ਦਾ ਅਖਾਣ ਸੀ, ਗਰਮ ਹਵਾਵਾਂ ਭੈੜੀਆਂ ਆਤਮਾਵਾਂ ਵਿਚੋਂ ਨਿਕਲਦੀਆਂ ਹਨ। ਤਾਂ ਕੀ ਨੇਹਾ ਰਾਤੋ-ਰਾਤ ਭੈੜੀ ਆਤਮਾ ਬਣ ਗਈ ਸੀ?
ਨੇਹਾ ਨਾਲ ਜੋ ਵਾਪਰਿਆ ਸੀ ਉਸ ਵਿੱਚ ਨੇਹਾ ਦਾ ਕੋਈ ਦੋਸ਼ ਨਹੀਂ ਸੀ। ਜੋ ਕੁੱਝ ਹੋਇਆ ਸੀ ਉਸ ਦੀ ਇੱਛਾ ਦੇ ਵਿਰੁਧ ਹੋਇਆ ਸੀ। ਅਣ-ਚਾਹੀ ਘਟਨਾ ਦੀ ਸਜ਼ਾ ਉਸ ਨੂੰ ਕਿਉਂ ਦਿੱਤੀ ਜਾ ਰਹੀ ਸੀ? ਮਾਤਾ ਜੀ ਜਾਣੀ-ਜਾਣ ਸਨ। ਉਨ੍ਹਾਂ ਨੂੰ ਨੇਹਾ ਨੂੰ ਭੈੜੀ ਆਤਮਾ ਬਣਨ ਤੋਂ ਰੋਕਣਾ ਚਾਹੀਦਾ ਸੀ। ਜਿਉਂ ਹੀ ਉਹ ਮਾਤਾ ਜੀ ਦੀ ਕਿਸੇ ਧਾਰਨਾ ਤੇ ਕਿੰਤੂ ਕਰਦੀ ਸੀ, ਉਸਨੂੰ ਕਮਲ ਯਾਦ ਆ ਜਾਂਦਾ ਸੀ।
ਉਹ ਆਖਦਾ ਹੁੰਦਾ ਸੀ ਨੇਹਾ ਸੁਖਾਵੇਂ ਮਾਹੌਲ ਵਿੱਚ ਪਲੀ ਸੀ। ਦੁੱਖ ਤਕਲੀਫ਼ ਉਸਦੇ ਨੇੜੇ ਨਹੀਂ ਸੀ ਢੁੱਕਾ। ਉਸਦੇ ਬੋਲ ਪੁੱਗਦੇ ਸਨ। ਨੇਹਾ ਨੇ ਸੁੱਖ ਹੀ ਸੁੱਖ ਦੇਖਿਆ ਸੀ। ਉਸਨੂੰ ਦੁੱਖ ਤਕਲੀਫ਼ ਅਤੇ ਤੰਗੀਆਂ ਤੁਰਸ਼ੀਆਂ ਦਾ ਅਨੁਭਵ ਨਹੀਂ ਸੀ। ਇਹੋ ਹਾਲ ਪਲਵੀ ਦਾ ਸੀ। ਇਸ ਲਈ ਉਨ੍ਹਾਂ ਦੇ ਮਨ ਸ਼ਾਂਤ ਸਨ। ਮਨ ਸ਼ਾਂਤ ਹੋਣ ਤਾਂ ਸਰੀਰ ਸ਼ਾਂਤ ਰਹਿੰਦੇ ਸਨ। ਸ਼ਾਂਤ ਤਨ ਵਿਚੋਂ ਠੰਡਕ ਹੀ ਨਿਕਲਦੀ ਸੀ। ਅਭਿਆਸ ਅਤੇ ਮਜ਼ਬੂਤ ਇੱਛਾ ਸ਼ਕਤੀ ਕਾਰਨ ਜੇ ਸਰੀਰ ਵਿਚੋਂ ਠੰਡੀਆਂ ਤਰੰਗਾਂ ਦਾ ਅਨੁਭਵ ਹੁੰਦਾ ਸੀ ਤਾਂ ਇਹ ਕੋਈ ਅਲੋਕਾਰੀ ਗੱਲ ਨਹੀਂ ਸੀ।
ਤਾਂ ਕੀ ਨੇਹਾ ਦੇ ਸਰੀਰ ਦੀ ਠੰਡਕ ਉਸਦੀ ਬੇਚੈਨੀ ਨੇ ਹਰ ਲਈ ਸੀ!
ਕਮਲ ਠੀਕ ਸੀ ਜਾਂ ਮਾਤਾ ਜੀ। ਉਸਨੂੰ ਕੁੱਝ ਸਮਝ ਨਹੀਂ ਸੀ ਆ ਰਿਹਾ।
ਬੱਸ ਉਸ ਨੂੰ ਆਪਣੀ ਅਧਿਆਤਮਕ ਸ਼ਕਤੀ ਦੇ ਖੁੱਸ ਜਾਣ ਦਾ ਗ਼ਮ ਸੀ।