ਮਾਂ ਬੋਲੀ ਨੂੰ ਦਰਕਿਨਾਰ ਕਰ ਰਹੀ ਨਵੀਂ ਪੀੜ੍ਹੀ- 'ਹੰਸਾਂ ਦੀ ਤੋਰ ਸਿੱਖਦੇ... ਕਾਗਾਂ ਆਪਣੀ ਵੀ ਗੁਆ ਲਈ'

Friday, Jun 18, 2021 - 02:51 PM (IST)

ਛੋਟੇ ਹੁੰਦਿਆਂ ਨੂੰ  ਦਾਦਾ ਜੀ ਨੇ ਕਹਿਣਾ , 'ਕੁੜ੍ਹੇ ਲ਼ੇਫ਼ ਫੜ੍ਹਾ ' ਦਾਦੀ ਜੀ ਨੇ ਚਾਕੂ ਨੂੰ 'ਕਰਦ' ਕਹਿਣਾ ....ਕਦੇ ਘਰ ਵਿੱਚ 'ਸ਼ਾਅਦੀ' ਲ਼ਫ਼ਜ ਸੁਣਨਾ ਤੇ ਕਦੇ 'ਵਜ਼ਾਅ ਕ਼ਤਾਅ ...'ਕਦੇ  ਪਿਉ ਨੂੰ “ਬਾ” ਕਹਿਣਾ ...ਅਨੇਕਾਂ ਅਜਿਹੇ ਸ਼ਬਦ ਸਨ , ਜੋ ਸਾਡੇ ਘਰਾਂ ਵਿੱਚ ਆਮ ਬੋਲਚਾਲ਼ ਵਿੱਚ ਵਰਤੇ ਜਾਂਦੇ ਸਨ। ਉਦੋਂ ਬੱਚੇ ਹੋਣ ਕਰਕੇ ਡੂੰਘੀਆਂ ਗੱਲਾਂ ਬਾਰੇ ਪਤਾ ਨਹੀਂ ਹੁੰਦਾ ਸੀ ..ਪਰ ਇਹ ਲਫ਼ਜ਼ ਜ਼ਿਹਨ ਵਿੱਚ ਘਰ ਕਰ ਗਏ ਸਨ। 

ਜਿਉਂ ਜਿਉਂ ਬਜ਼ੁਰਗ ਦੁਨੀਆਂ ਨੂੰ ਅਲਵਿਦਾ ਕਹਿੰਦੇ ਗਏ, ਇਹ ਅਲਫ਼ਾਜ ਵੀ ਘਰਾਂ ਵਿੱਚੋਂ ਅਲੋਪ ਹੁੰਦੇ ਗਏ। ਜਦੋਂ ਸਕੂਲ ਜਾਣ ਲੱਗੇ ,ਕਿਤਾਬੀ ਬੋਲੀ ਨਾਲ ਵਾਹ-ਵਾਸਤਾ (ਸਾਂਝ) ਬਣਿਆਂ ਤਾਂ ਨਾਨੀ ਨੂੰ ਪੁੱਛਣਾ ...? 'ਬੇਬੇ! ਜਿਹੜੇ ਆਹ ਸ਼ਬਦ ਤੁਸੀਂ ਬੋਲਦੇ ਹੋ! ਅਸੀਂ ਕਦੇ ਕਿਤਾਬਾਂ ਵਿੱਚ ਤਾਂ ਪੜ੍ਹੇ ਨਹੀਂ 'ਤੁਸੀਂ ਕਿੱਥੋਂ ਲਿਆਂਦੇ ਇਹ ਸ਼ਬਦ ?

ਫਿਰ ਸੋਚਾਂ ਵਿੱਚ ਡੁੱਬ ਜਾਣਾ ...(ਇਹਨਾਂ ਨੇ ਕਿਹੜੀ ਪੜ੍ਹਾਈ  ਕੀਤੀ ...ਜਿਹੜੀ ਸਾਨੂੰ ਆਉਂਦੀ ਨਹੀਂ ।) ਸ਼ਾਇਦ , ਚੇਤ੍ਹਿਆਂ ਚ ‘ ਵੀ ਨਹੀਂ ... ਅੱਗੋਂ ਬੇਬੇ 'ਨਾਨੀ'  ਨੇ ਕੀ ਜਵਾਬ ਦਿੱਤਾ ਹੋਣਾ.. ?

ਜਦੋਂ ਕਾਲਜ ਦੀ ਪੜ੍ਹਾਈ ਦੌਰਾਨ ਡਿਗਰੀ ਕਰਨ ਲੱਗੇ ਤਾਂ ਪੰਜਾਬੀ ਸਾਹਿਤ ਵਿਚ ਲੇਖਕਾਂ ਨੇ ਕਈ ਸ਼ਬਦ ਅਲੱਗ-ਅਲੱਗ ਭਾਸ਼ਾਵਾਂ ਸੰਸਕ੍ਰਿਤ ,ਉਰਦੂ ਤੇ ਫ਼ਾਰਸੀ ਆਦਿ ਦੇ ਵਰਤੇ ਹੁੰਦੇ ਸਨ।ਉਦੋਂ ਲਫਜ਼ ਵਖਰੇਵਾਂ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਸਾਡੀ ਪੰਜਾਬੀ ਬੋਲੀ ਵਿੱਚ ਉਰਦੂ ਭਾਸ਼ਾ ਦਾ ਕਿੰਨਾ ਅਸਰ ਸੀ। 1947 'ਚ ਹੋਈ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੇ ਮਦਰੱਸਿਆਂ ਵਿੱਚ ਮਾਧਿਅਮ ਉਰਦੂ ਦਾ ਬੋਲਬਾਲਾ ਸੀ। ਪੰਜਾਬੀ ਨਾਮ ਮਾਤਰ ਸੀ। ਸਾਡੇ ਬਜ਼ੁਰਗ ਉਰਦੂ ਭਾਸ਼ਾ ਦੇ ਜਾਣਕਾਰ ਸਨ ਤੇ ਸਾਰੇ ਦਫ਼ਤਰੀ ਕੰਮ ਵੀ ਉਰਦੂ ਵਿੱਚ ਸਨ।

ਵੰਡ ਤੋਂ ਇੱਕਦਮ ਬਾਅਦ ਉਰਦੂ ਨੂੰ ਪੰਜਾਬ ਦੇ ਸਕੂਲਾਂ ਵਿੱਚੋਂ ਪੰਜਾਬ ਨਿਕਾਲਾ ਦਿੱਤਾ ਗਿਆ। ਪੰਜਾਬੀ ਪ੍ਰਫੁੱਲਤ ਹੋਣ ਲੱਗੀ। ਸਾਡੇ ਮਾਪਿਆਂ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀ ਮੁਹਾਰਤ ਲਈ। ਅਸੀਂ ਵਿਚਕਾਰਲੀ ਪੀੜ੍ਹੀ ਪੰਜਾਬੀ ਭਾਸ਼ਾ ਦੇ ਨਾਲ-ਨਾਲ ਅੰਗਰੇਜ਼ੀ ਦੇ ਅਸਰ ਥੱਲੇ ਆ ਗਏ। ਸਿਰਫ਼ ਦੋ ਪੀੜ੍ਹੀਆਂ ਗੁਰਮੁਖੀ  ਨੇ ਚੜ੍ਹਦੇ ਪੰਜਾਬ ਵਿਚ ਧਾਂਕ ਜਮਾਈ। ਹੁਣ ਆਧੁਨਿਕ ਪੀੜ੍ਹੀ ਬਿਲਕੁਲ ਪੰਜਾਬੀ ਤੋਂ ਪਾਸਾ ਮੋੜਦੀ ਨਜ਼ਰ ਆ ਰਹੀ ਹੈ।
 
ਇਸ ਨਵੀਂ ਪੀੜ੍ਹੀ ਨੇ ਪੰਜਾਬੀ ਦਾ ਬਹੁਤ ਨੁਕਸਾਨ ਕੀਤਾ ਹੈ। ਅਜੋਕੇ ਦੌਰ ਵਿੱਚ ਪੰਜਾਬੀ ਦੀ ਲਿਖਣ ਸ਼ੈਲੀ ਤੋਂ ਅਸਮਰੱਥ ਬੱਚੇ ਇੱਕ ਸਤਰ ਵਿੱਚ ਕਈ-ਕਈ ਗ਼ਲਤੀਆਂ ਕਰਦੇ ਹਨ। ਭਾਵ ਨਵੀਂ ਪੀੜ੍ਹੀ ਪੰਜਾਬੀ ਨੂੰ ਚੰਗੀ ਤਰ੍ਹਾਂ ਸਿੱਖ ਨਹੀਂ ਸਕੀ ਤੇ ਅੰਗਰੇਜ਼ੀ ਦੇ ਅਸਰ ਹੇਠ ਪੂਰੀ ਤਰਾਂ ਭਿੱਜ ਗਈ। ਅੱਜ ਸਾਡੇ ਟੀਵੀ ਸਕਰੀਨ ਅਤੇ ਅਖ਼ਬਾਰਾਂ ਵਿੱਚ ਪੰਜਾਬੀ ਭਾਸ਼ਾ ਦੀ ਹਾਲਤ ਵਧੇਰੇ ਤਰਸਯੋਗ ਨਜ਼ਰ ਆਉਂਦੀ ਹੈ। ਪੰਜਾਬੀ ਪੈਂਤੀ ਅੱਖਰੀ ਤਾਂ ਬੱਚਿਆਂ ਨੂੰ ਆਉਂਦੀ ਹੀ ਨਹੀਂ। ਪੰਜਾਬੀ ਦਾ ਧੁਰਾ ਮੁਹਾਰਨੀ ਦਾ ਉੱਕਾ ਪਤਾ ਨਹੀਂ। ਕਿੱਥੇ ਸਿਹਾਰੀ, ਬਿਹਾਰੀ ਤੇ ਕਿੱਥੇ ਟਿੱਪੀ, ਬਿੰਦੀ ਆਉਣੀ ਕੋਈ ਇਲਮ ਨਹੀਂ।

ਪੰਜਾਬੀ ਦੇ ਅੱਖਰ ਨ, ਣ, ਡ, ਢ,ਦ, ਧ ਵਿੱਚ ਉੱਕਾ ਅੰਤਰ ਨਹੀਂ ਸਮਝ ਸਕਦੇ। ਬਹੁਤ ਦੁੱਖ ਹੁੰਦਾ, ਜਦੋਂ ਬੱਚੇ ਪੰਜਾਬੀ ਦੇ ਸੌਖੇ ਸ਼ਬਦਾਂ ਦੇ ਅਰਥ ਵੀ ਨਹੀਂ ਸਿੱਖ ਸਕੇ ਤੇ ਪੁੱਛਦੇ ਹਨ। ਕਹਿੰਦੇ ਹਨ, ਇੱਕ ਬਜ਼ੁਰਗ ਜਹਾਨ ਤੋਂ ਤੁਰ ਜਾਵੇ ਤਾਂ ਸਮਝੋ ਇੱਕ ਲਾਇਬਰੇਰੀ ਖ਼ਤਮ ਹੋ ਜਾਂਦੀ ਹੈ.. ਪਰ ਅਸੀਂ ਸੁਚੇਤ ਪੰਜਾਬੀ ਆਪਣੀ ਜ਼ੁਬਾਨ ਦਾ ਵਿਗੜਦਾ ਮੁਹਾਂਦਰਾ ਵੇਖ ਬਿਲਕੁਲ ਵੀ ਚਿੰਤਾਤੁਰ ਨਹੀਂ ਹੁੰਦੇ। ਪੰਜਾਬੀ ਦੀ ਪੰਜਾਬ ਵਿੱਚ ਅਹਿਮੀਅਤ ਨੂੰ ਘਟਾਉਣ ਦਾ ਯੋਗਦਾਨ ਸਰਕਾਰਾਂ ਅਤੇ ਸਾਡੇ ਮਾਪਿਆਂ ਦਾ ਰਲਵਾਂ ਹੈ। ਸਰਕਾਰਾਂ ਪੰਜਾਬੀ ਸਰਕਾਰੀ ਸਕੂਲਾਂ ਦੇ ਸਟੈਂਡਰਡ ਨਹੀਂ ਬਣਾ ਸਕੀਆਂ...ਸਰਕਾਰੀ ਮਹਿਕਮਿਆਂ ਵਿੱਚ ਪੰਜਾਬੀ ਨੂੰ ਪੂਰੀ ਤਰਾਂ ਲਾਗੂ ਨਹੀਂ ਕਰ ਸਕੀਆਂ ਅਤੇ ਅਸੀਂ ਅੰਗਰੇਜ਼ੀ ਦੇ ਗੁਲਾਮ ਮਾਪੇ ਨਿੱਜੀ ਵਿੱਦਿਅਕ ਅਦਾਰਿਆਂ ਨੂੰ ਪਹਿਲ ਦਿੰਦੇ ਰਹੇ...ਜਿਨ੍ਹਾਂ  ਨੇ ਮਹਿੰਗੀ ਵਿੱਦਿਆ ਦੇ ਹੇਠ ਅੱਜ ਦੀ ਪੀੜ੍ਹੀ  ਨੂੰ ਪੰਜਾਬੀ ਤੋਂ ਪਰ੍ਹੇ ਕਰ ਦਿੱਤਾ। 

ਅਸੀਂ ਪੰਜਾਬੀ ਆਪਣੇ ਸੂਬੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਵੀ ਨਹੀਂ ਦਵਾ ਸਕੇ ...ਦੇ ਵੀ ਨਹੀਂ ਸਕੇ ਤੇ ਪੰਜਾਬੀ ਨੂੰ ਬੋਲਣਾ ਹੱਤਕ ਸਮਝਦੇ ਹਾਂ। ਅੱਜ ਬਹੁਤ ਸਵਾਲ ਹਨ, ਜੋ ਜਵਾਬ ਮੰਗਦੇ  ਹਨ :-ਜਦੋਂ 1947 ਦੀ ਵੰਡ ਹੋਈ ਸਾਡੇ ਘਰਾਂ ਵਿੱਚ, ਦਫ਼ਤਰਾਂ ਵਿੱਚ, ਵਹੀ ਖਾਤੇ ਅਤੇ ਹੋਰ ਇਕਰਾਰਨਾਮੇ ਸਭ ਉਰਦੂ ਵਿੱਚ ਮੌਜੂਦ ਸਨ। ਉਰਦੂ ਇੱਕਦਮ ਬੰਦ ਕਰ ਦਿੱਤਾ। ਚਾਹੀਦਾ ਤਾਂ ਇਹ ਸੀ ਇੱਕ ਵਾਧੂ ਵਿਸ਼ੇ ਦੇ ਤੌਰ 'ਤੇ ਸਾਡੇ ਸਿਲੇਬਸਾਂ ਵਿੱਚ ਉਰਦੂ ਸ਼ਾਮਿਲ ਕੀਤਾ ਜਾਂਦਾ ...ਜਿਸ ਨਾਲ ਸਾਡੇ ਘਰਾਂ ਵਿੱਚੋਂ ਉਰਦੂ ਖ਼ਤਮ ਨਾ ਹੁੰਦਾ। ਅਸੀਂ ਉਹ ਮੌਜੂਦ ਲਿਖਤਾਂ ਪੜ੍ਹਾਉਣ ਲਈ ਬਾਹਰੀ ਸਹਾਰਾ ਨਾ ਲੈਂਦੇ। ਅਸੀਂ ਸਾਂਝੀ ਤੇ ਮਿੱਠੀ ਜ਼ੁਬਾਨ..  ਉਰਦੂ ਨੂੰ ਕਾਇਮ ਰੱਖ ਸਕਦੇ। ਹੁਣ ਅਸੀਂ ਉਰਦੂ ਦੀ ਮੁਹਾਰਤ ਲਈ ਫਿਰ ਤੋਂ ਕੋਸ਼ਿਸ਼ਾਂ ਕਰਦੇ ਹਾਂ ਅਤੇ ਪਛਤਾਉਂਦੇ ਵੀ ਹਾਂ ਕਿ ਉਰਦੂ ਤੋਂ ਸੱਖਣੇ ਕਿਉਂ ਹਾਂ? ਉਦੋਂ ਦੀ ਕਾਹਲ ਤੇ ਹੁਣ ਦੀ ਸਮਝਦਾਰੀ ਘੱਟ ਕੰਮ ਕਰਦੀ ਨਜ਼ਰ ਆ ਰਹੀ ਹੈ। ਹਰ ਇਨਸਾਨ ਨੂੰ ਜਿੰਨਾਂ ਮਰਜ਼ੀ ਗਿਆਨ ਹੋਵੇ, ਉਹ ਕਦੇ ਸੰਪੂਰਨ ਨਹੀਂ ਹੁੰਦਾ ਪਰ ਸਿੱਖਦੇ ਰਹਿਣਾ ...ਜ਼ਿੰਦਗੀ ਦਾ ਵਡੇਰਾ ਗੁਣ ਹੈ। ਵੰਡ ਦੌਰਾਨ ਅਸੀਂ ਪਹਿਲਾਂ ਹੀ ਬਹੁਤ ਕੁਝ ਗੁਆ ਚੁੱਕੇ ਹਾਂ। ਜੋ ਸਾਡੇ ਕੋਲ ਬਚਿਆ ਹੈ, ਉਹੀ ਸੰਭਾਲ ਲਈਏ ਤਾਂ ਚੰਗਾ ਹੋਵੇਗਾ।

ਪਹਿਲਾਂ ਉਰਦੂ ਤੋਂ ਸੱਖਣੇ ਤੇ ਹੁਣ ਸਾਡੀ ਮਾਂ ਬੋਲੀ ਨੂੰ ਵੀ ਬੇਦਖ਼ਲ ਕਰ ਰਹੇ ਹਾਂ। ਅੱਜ ਸਾਡੀ ਵਿਚਕਾਰਲੀ ਪੀੜ੍ਹੀ ਕੋਲ ਪੰਜਾਬੀ ਦਾ ਪੂਰਨ ਗਿਆਨ ਹੈ ...ਪਰ ਕੱਲ੍ਹ... ਇਹ ਸਾਡੇ ਬੱਚਿਆਂ ਕੋਲ ਹਰਗਿਜ਼ ਨਹੀਂ ਹੋਵੇਗਾ। ਸੋ ਪੰਜਾਬੀ ਨੂੰ ਜ਼ਿੰਦਾ ਰੱਖਣ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੀਏ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਉਰਦੂ ਦੀ ਤਰਾਂ ਬੇਮੁੱਖ ਹੋ ਜਾਣਗੀਆਂ ਤੇ ਵਿਰਲੇ ਟਾਂਵੇ ਕੋਲ ਇਸ ਦੀ ਮੁਹਾਰਤ ਹੋਵੇਗੀ । ਸਾਡੀ ਪੀੜ੍ਹੀ ਨੇ ਆਧੁਨਿਕ ਹੋਣ ਦੀ ਦੌੜ ਵਿੱਚ ਮਾਂ ਬੋਲੀ ਨੂੰ ਆਪਣੇ ਦਿਲਾਂ ਤੋਂ ਦੂਰ ਕਰ ਦਿੱਤਾ। ਸਰਕਾਰਾਂ ਦੀਆਂ ਨਲਾਇਕੀਆਂ ਤੇ ਪੰਜਾਬ ਪ੍ਰਤੀ ਸਿਆਸਤਦਾਨਾਂ ਦੀਆਂ ਘਟੀਆ ਨੀਤੀਆਂ ਨੇ ਪੰਜਾਬ ਅਤੇ ਪੰਜਾਬੀ ਜ਼ੁਬਾਨ ਨੂੰ ਡਾਵਾਂਡੋਲ ਕਰ ਦਿੱਤਾ। ਮਹਿੰਗੀ ਵਿੱਦਿਆ ਨੇ ਨਾ ਪੰਜਾਬੀ ਪੁੱਤ ਡੀਸੀ ਬਣਾਏ , ਮਾਪੇ ਕਰਜ਼ਾਈ ਵੀ ਹੋਏ... ਆਪਣਾ ਵਿਰਸਾ ਵੀ ਦਾਅ 'ਤੇ ਲਾ ਦਿੱਤਾ। ਮਜਬੂਰਨ ਬੇਵੱਸ ਲੋਕਾਂ ਨੇ ਵਿਦੇਸ਼ਾਂ ਨੂੰ ਰੁਖ਼ ਕਰ ਲਿਆ। 

ਮਹਿਲਾਂ ਵਰਗੇ ਘਰ ਕਬੂਤਰਾਂ ਦੀ ਰਿਹਾਇਸ਼ ਬਣ ਰਹੇ ਹਨ। ਬਜ਼ੁਰਗ ਰੁਲ ਰਹੇ ਹਨ। ਪੰਜਾਬ ਵਿੱਚ ਰਹਿੰਦਿਆਂ ਪੰਜਾਬੀ ਭਾਸ਼ਾ ਨੂੰ ਬੇਗਾਨੀ ਕਰ ਦਿੱਤਾ। ਅੱਜ ਅਸੀਂ ਸਾਂਝੇ ਪੰਜਾਬ ਦੇ ਦਰਦ ਨੂੰ ਮਹਿਸੂਸ ਕਰਦੇ ਹਾਉਕੇ ਭਰਦੇ ਹਾਂ ਤੇ ਆਉਣ ਵਾਲੇ ਦਸਾਂ ਸਾਲਾਂ ਨੂੰ ਆਪਣੇ ਪੰਜਾਬ ਅਤੇ ਪੰਜਾਬੀ ਨੂੰ ਵੀ ਤਰਸਦੇ, ਪਛਤਾਵਾ ਵੀ ਕਰ ਰਹੇ ਹੋਵਾਂਗੇ ...ਹੰਝੂ ਵੀ ਵਹਾਅ ਰਹੇ ਹੋਵਾਂਗੇ ...ਵਿਦੇਸ਼ਾਂ ਵਿੱਚ ਬੈਠ।  ਆਪਣੇ ਵਿਰਸੇ ਨੂੰ ਯਾਦ ਕਰਦੇ ਹੋਏ ਆਉ ਉਰਦੂ ਤੇ ਪੰਜਾਬੀ ਨੂੰ ਸੰਭਾਲਣ ਦਾ ਯਤਨ ਕਰੀਏ। ਇਹ ਕਹਾਵਤ ਬਿਲਕੁਲ ਸਾਡੇ ਤੇ ਢੁੱਕਦੀ  ਹੈ ...

“ਹੰਸਾਂ ਦੀ ਤੋਰ ਸਿੱਖਦੇ... ਕਾਗਾਂ ਆਪਣੀ ਵੀ ਗੁਆ ਲਈ...”
ਲਹਿੰਦੇ ਪੰਜਾਬ ਵਿੱਚ ਪੰਜਾਬੀ ਦੀ ਮਿੱਠੀ  ਜ਼ੁਬਾਨ ਦਾ ਰਾਜ਼ ਵੀ ਉਰਦੂ ਭਾਸ਼ਾ ਦੇ ਘਰੋੜ ਕੇ ਬੋਲੇ ਜਾਣਾ ਹੀ ਪੰਜਾਬੀ ਦੀ ਬੋਲਚਾਲ ਨੂੰ ਨਿਖਾਰਦਾ ਹੈ। ਗੁਰਮੁਖੀ ਸਰਲ ਤੇ ਸਪਸ਼ਟ ਜ਼ਿਆਦਾ ਹੋਣ ਕਰਕੇ ਵਹਾਅ ਤੇਜ਼ ਹੈ ਰਵਾਨੀ ਹੈ ਤੇ ਆਪਣੇ ਆਪ ਵਿੱਚ ਸੰਪੂਰਨ ਹੈ ।

ਰਾਜਵਿੰਦਰ ਕੌਰ ਵਿੜਿੰਗ
ਪਿੰਡ ਦੀਪ ਸਿੰਘ ਵਾਲਾ 
ਫਰੀਦਕੋਟ


Harnek Seechewal

Content Editor

Related News