ਪੀਏਯੂ ਨੂੰ ਮਿਲਿਆ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ 20 ਕਰੋੜ ਦਾ ਪ੍ਰੋਜੈਕਟ

Sunday, Apr 07, 2019 - 04:29 PM (IST)

ਪੀਏਯੂ ਨੂੰ ਮਿਲਿਆ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ 20 ਕਰੋੜ ਦਾ ਪ੍ਰੋਜੈਕਟ

ਫ਼ਸਲ ਉਤਪਾਦਨ ਦੇ ਨਾਲ-ਨਾਲ ਪੀ ਏ ਯੂ ਦੀ ਖੋਜ ਦੀ ਦਿਸ਼ਾ ਵਰਤਮਾਨ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਖੇਤੀ ਰਹਿੰਦ-ਖੂੰਹਦ ਦੇ ਵਾਤਾਵਰਨ ਪੱਖੀ ਪ੍ਰਬੰਧ ਕਰਨ ਵੱਲ ਰਹੀ ਹੈ । ਇਸੇ ਪ੍ਰਸੰਗ ਵਿੱਚ ਪੀ ਏ ਯੂ ਦੇ ਭੂਮੀ ਵਿਗਿਆਨ ਵਿਭਾਗ ਦੀ ਅਗਵਾਈ ਵਿੱਚ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਪਾਣੀ ਅਤੇ ਭੂਮੀ ਇੰਜਨੀਅਰਿੰਗ ਵਿਭਾਗ, ਫ਼ਸਲ ਵਿਗਿਆਨ ਵਿਭਾਗ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਫ਼ਸਲ ਵਿਗਿਆਨ ਅਤੇ ਵਾਤਾਵਰਨ ਬਦਲਾਅ, ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਆਦਿ ਦੇ ਸਹਿਯੋਗ ਨਾਲ ਇੱਕ ਵੱਕਾਰੀ ਪ੍ਰੋਜੈਕਟ ਮਿਲਿਆ ਹੈ । 20 ਕਰੋੜ ਰੁਪਏ ਰਾਸ਼ੀ ਵਾਲੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਰਾਸ਼ਟਰੀ ਖੇਤੀ ਉਚ ਸਿੱਖਿਆ ਪ੍ਰੋਜੈਕਟ (ਐਨ ਏ ਐਚ ਈ ਪੀ) ਲਈ 'ਸਕੂਲ ਆਫ਼ ਨੈਚੂਰਲ ਰਿਸੋਰਸ ਮੈਨੇਜਮੈਂਟ ਫਾਰ ਸਸਟੇਨਏਬਲ ਐਗਰੀਕਲਚਰ' ਦਾ ਗਠਨ ਕੀਤਾ ਗਿਆ। ਪੀਏਯੂ ਦੇ ਵਾਈਸ ਚਾਂਸਲਰ ਪਦਮਸ੍ਰੀ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਪ੍ਰੋਜੈਕਟ ਦੇ ਸੰਬੰਧ ਵਿੱਚ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੀ ਏ ਯੂ ਨੇ ਬੀਤੇ ਸਮੇਂ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਜ਼ਿਕਰਯੋਗ ਕੰਮ ਕੀਤਾ ਹੈ । ਬੀਤੇ ਸਾਉਣੀ ਸੀਜ਼ਨ ਦੌਰਾਨ ਹੀ ਪੀਏਯੂ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਬੇਹੱਦ ਕਮੀ ਦਰਜ ਕੀਤੀ ਗਈ । ਉਹਨਾਂ ਇਹ ਵੀ ਕਿਹਾ ਕਿ ਇਹ ਪ੍ਰੋਜੈਕਟ ਅਕਾਦਮਿਕ ਮਾਹੌਲ ਨੂੰਗਤੀਸ਼ੀਲ ਬਣਾ ਕੇ ਵਿਦਿਆਰਥੀਆਂ ਅਤੇ ਨੌਜਵਾਨ ਅਧਿਆਪਕਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਤਨਦੇਹੀ ਨਾਲ ਜੁਟ ਜਾਣ ਲਈ ਪ੍ਰੇਰਿਤ ਕਰੇਗਾ । ਇਸ ਪ੍ਰੋਜੈਕਟ ਦੇ ਨੋਡਲ ਅਫ਼ਸਰ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦੇਸ਼ ਸਰੋਤਾਂ ਦਾ ਵਿਕਾਸ ਅਤੇ ਕੁਦਰਤੀ ਸਰੋਤਾਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਮੂਲ ਢਾਂਚਾ ਮੁਹੱਈਆ ਕਰਾਉਣਾ ਹੈ । ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਕਿਹਾ ਕਿ ਇਹ ਪ੍ਰੋਜੈਕਟ ਖੇਤੀ-ਤਕਨਾਲੋਜੀਕਲ ਵਿਧੀਆਂ ਦੇ ਵਿਕਾਸ ਰਾਹੀਂ ਰਾਜ ਵਿੱਚ ਖੇਤੀ ਸਥਿਰਤਾ ਨੂੰ ਉਭਾਰਨ ਵਿੱਚ ਸਹਾਈ ਹੋਵੇਗਾ । ਡੀਨ ਖੇਤੀਬਾੜੀ ਕਾਲਜ ਡਾ. ਐਸ ਐਸ ਕੁੱਕਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਉਚ ਪੱਧਰੀ ਅਤੇ ਵਿਕਸਿਤ ਖੋਜ ਦੇ ਵਿਕਾਸ ਲਈ ਆਧੁਨਿਕ ਸਹੂਲਤਾਂ ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਨੂੰ ਮੁਹੱਈਆ ਕਰਾਈਆਂ ਜਾਣਗੀਆਂ ਅਤੇ ਇਹ ਪ੍ਰੋਜੈਕਟ ਅਧਿਆਪਨ ਅਤੇ ਖੋਜ ਦੇ ਖੇਤਰ ਵਿੱਚ ਨੌਜਵਾਨ ਤਬਕੇ ਨੂੰ ਅਗਵਾਈ ਦੇਣ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ਦੇ ਮਾਹਿਰਾਂ ਨਾਲ ਸੰਵਾਦ ਦਾ ਰਸਤਾ ਵੀ ਖੋਲੇਗਾ । ਇਸ ਪ੍ਰੋਜੈਕਟ ਦੇ ਕੁਆਰਡੀਨੇਟਰ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਇਸ ਖੇਤਰ ਦੀਆਂ ਸਿਖਲਰੀਆਂ ਤਕਨੀਕਾਂ ਨਾਲ ਕੁਦਰਤੀ ਸਰੋਤਾਂ ਦੀ ਵਰਤੋਂ ਅਤੇ ਯੋਗਤਾ ਵਧਾਈ ਜਾ ਸਕੇਗੀ ਜਿਸ ਨਾਲ ਕਣਕ ਅਤੇ ਝੋਨੇ ਦੀ ਸਿੰਚਾਈ ਦੀਆਂ ਸਹੂਲਤਾਂ ਬਿਹਤਰ ਹੋਣਗੀਆਂ ਅਤੇ ਖੇਤ ਵਿੱਚ ਹੀ ਰਹਿੰਦ-ਖੂੰਹਦ ਦੀ ਸੰਭਾਲ ਦੇ ਬੇਹਤਰ ਰਾਹ ਖੁੱਲ੍ਹਣਗੇ ।

ਪਦਮਸ੍ਰੀ ਡਾ. ਢਿੱਲੋਂ


author

Aarti dhillon

Content Editor

Related News