ਗ੍ਰਿਫ਼ਤਾਰ SHO ਗੁਰਿੰਦਰਜੀਤ ਨਾਗਰਾ ਦੀ ਅਦਾਲਤ ''ਚ ਪੇਸ਼ੀ, ਮਿਲਿਆ 3 ਦਿਨਾਂ ਦਾ ਰਿਮਾਂਡ

Saturday, Jul 18, 2026 - 06:49 PM (IST)

ਗ੍ਰਿਫ਼ਤਾਰ SHO ਗੁਰਿੰਦਰਜੀਤ ਨਾਗਰਾ ਦੀ ਅਦਾਲਤ ''ਚ ਪੇਸ਼ੀ, ਮਿਲਿਆ 3 ਦਿਨਾਂ ਦਾ ਰਿਮਾਂਡ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਗ੍ਰਿਫ਼ਤਾਰ ਕੀਤੇ ਗਏ ਟਾਂਡਾ ਉੜਮੁੜ ਦੇ ਸਾਬਕਾ ਥਾਣਾ ਮੁਖੀ ਐੱਸ. ਐੱਚ. ਓ. ਗੁਰਜਿੰਦਰਜੀਤ ਸਿੰਘ ਨਾਗਰਾ ਨੂੰ ਅਮਰੀਕਾ ਨਾਲ ਜੁੜੇ ਜਬਰੀ ਵਸੂਲੀ ਮਾਮਲੇ ਦੀ ਜਾਂਚ ਦੌਰਾਨ ਐੱਸ. ਪੀ. (ਦਿਹਾਤੀ) ਜਲੰਧਰ ਦੀ ਕੋਰਟ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਮਗਰੋਂ ਅੱਜ ਦਸੂਹਾ ਸਿਵਲ ਕੋਰਟ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਨਾਗਰਾ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।

ਦੋਸ਼ ਹੈ ਕਿ ਟਾਂਡਾ ਉੜਮੁੜ ਦੇ ਪਿੰਡ ਮਿਆਣੀ ਦੇ ਬਲਵਿੰਦਰ ਸਿੰਘ ਕਤਲ ਕੇਸ 'ਚ ਨਾਮਜ਼ਦ ਵਿਅਕਤੀਆਂ ਨੂੰ ਕੇਸ ਵਿੱਚੋਂ ਬਾਹਰ ਕੱਢਣ ਦੇ ਨਾਂ 'ਤੇ ਲਗਭਗ 4 ਕਰੋੜ ਰੁਪਏ ਦੀ ਜਬਰੀ ਵਸੂਲੀ ਕੀਤੀ ਗਈ। ਜਾਂਚ ਤੋਂ ਬਾਅਦ ਨਾਗਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਐੱਫ਼. ਆਈ. ਆਰ. ਨੰਬਰ 20 ਮਿਤੀ 16-1-2026, ਥਾਣਾ ਟਾਂਡਾ, ਹੁਸ਼ਿਆਰਪੁਰ 'ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 13 ਅਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 308 ਤਹਿਤ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਉੱਧਰ ਨਾਗਰਾ ਦੇ ਵਕੀਲ ਸੰਦੀਪ ਸ਼ਰਮਾ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਅੱਕਲ ਨੂੰ ਬਿਨਾਂ ਠੋਸ ਸਬੂਤਾਂ ਅਤੇ ਤੱਥਾਂ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬਰਿਸਟਾ ਕੈਫੇ ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ! ਵਿਦੇਸ਼ ਬੈਠਾ ਜੱਗਾ ਨਿਕਲਿਆ ਮਾਸਟਰਮਾਈਂਡ

PunjabKesari

ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਨਵੀਨ ਸਿੰਗਲਾ ਨੇ ਦੱਸਿਆ ਕਿ ਅਮਰੀਕੀ ਸੰਘੀ (ਫੈਡਰਲ) ਇਲਜ਼ਾਮਨਾਮੇ 'ਚ ਇਕ ਭਾਰਤੀ ਪੁਲਸ ਅਧਿਕਾਰੀ 'ਤੇ ਵਸੂਲੀ ਦੇ ਦੋਸ਼ਾਂ ਨਾਲ ਸੰਬੰਧਤ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਣ ਤੋਂ ਬਾਅਦ ਨਾਗਰਾ ਨੂੰ ਪਹਿਲਾਂ ਐੱਸ. ਐੱਚ. ਓ. ਦੇ ਅਹੁਦੇ ਤੋਂ ਹਟਾ ਕੇ ਹੁਸ਼ਿਆਰਪੁਰ ਪੁਲਸ ਲਾਈਨਜ਼ ਭੇਜਿਆ ਗਿਆ ਸੀ। ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਇਸ ਕਤਲ ਮਾਮਲੇ ਦੀ ਜਾਂਚ ਹੁਸ਼ਿਆਰਪੁਰ ਤੋਂ ਬਾਹਰ ਤਾਇਨਾਤ ਇਕ ਆਈ. ਪੀ. ਐੱਸ. ਅਧਿਕਾਰੀ ਨੂੰ ਸੌਂਪੀ ਗਈ। ਡੀ. ਆਈ. ਜੀ. ਮੁਤਾਬਕ ਜਾਂਚ ਦੌਰਾਨ ਹੁਣ ਤੱਕ ਅਜਿਹੇ ਕਾਫ਼ੀ ਸਬੂਤ ਮਿਲੇ ਹਨ, ਜੋ ਨਾਗਰਾ ਨੂੰ ਰਿਸ਼ਵਤ ਦੀ ਮੰਗ ਕਰਨ, ਜ਼ਬਰਦਸਤੀ ਵਸੂਲੀ ਕਰਨ ਅਤੇ ਗੈਰ-ਕਾਨੂੰਨੀ ਤੌਰ 'ਤੇ ਰਕਮ ਲੈਣ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਤਕਨੀਕੀ ਵਿਸ਼ਲੇਸ਼ਣ, ਵਿੱਤੀ ਲੈਣ-ਦੇਣ ਦੇ ਰਿਕਾਰਡ, ਗਵਾਹਾਂ ਦੇ ਬਿਆਨਾਂ ਅਤੇ ਹੋਰ ਸਹਾਇਕ ਸਬੂਤਾਂ ਦੇ ਆਧਾਰ 'ਤੇ ਪੇਸ਼ੇਵਰ ਅਤੇ ਬੜੀ ਬਾਰੀਕੀ ਨਾਲ ਕੀਤੀ ਜਾ ਰਹੀ ਹੈ।

PunjabKesari

ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਨਾਗਰਾ ਨੇ ਅਮਰੀਕਾ 'ਚ ਰਹਿੰਦੇ ਪਰਿਵਾਰ ਤੋਂ 16 ਲੱਖ ਰੁਪਏ ਗੈਰ-ਕਾਨੂੰਨੀ ਰਿਸ਼ਵਤ ਵਜੋਂ ਵਸੂਲੇ। ਨਾਗਰਾ ਨੂੰ ਸ਼ੁੱਕਰਵਾਰ ਨੂੰ ਐੱਫ਼. ਆਈ. ਆਰ. ਨੰਬਰ 20 (16 ਜਨਵਰੀ 2026) ਵਿੱਚ ਮੁਲਜ਼ਮ ਨਾਮਜ਼ਦ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਦੌਰਾਨ ਐੱਫ਼. ਆਈ. ਆਰ. 'ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 13, ਅਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 308 ਵੀ ਸ਼ਾਮਲ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਨਾਗਰਾ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਅਤੇ ਹੋਰ ਪੁੱਛਗਿੱਛ ਲਈ ਪੁਲਸ ਉਸ ਦਾ ਰਿਮਾਂਡ ਮੰਗੇਗੀ। ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ

ਡੀ. ਆਈ. ਜੀ. ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਅਤੇ ਗੈਰ-ਅਨੁਸ਼ਾਸਨ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਨੂੰ ਦਰਸਾਉਂਦੀ ਹੈ। ਇਹ ਮਾਮਲਾ 15 ਜਨਵਰੀ ਨੂੰ ਹੋਏ ਹਾਰਡਵੇਅਰ ਦੁਕਾਨਦਾਰ ਬਲਵਿੰਦਰ ਸਿੰਘ ਦੇ ਕਤਲ ਨਾਲ ਸੰਬੰਧਤ ਹੈ। ਮਿਆਣੀ ਪਿੰਡ ਵਿੱਚ ਸਥਿਤ ਸਤਕਰਤਾਰ ਹਾਰਡਵੇਅਰ ਸ਼ਾਪ 'ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲ਼ੀਆਂ ਚਲਾਈਆਂ ਗਈਆਂ ਸਨ, ਜਿਸ 'ਚ ਬਲਵਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਲਖਵਿੰਦਰ ਸਿੰਘ ਦੇ ਮੋਢੇ ਵਿੱਚ ਗੋਲ਼ੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ ਸੀ।

PunjabKesari

ਪੁਲਸ ਮੁਤਾਬਕ ਤਿੰਨ ਹਮਲਾਵਰ ਮੋਟਰਸਾਈਕਲ 'ਤੇ ਆਏ, ਕਈ ਰਾਊਂਡ ਫਾਇਰ ਕੀਤੇ ਅਤੇ ਫ਼ਰਾਰ ਹੋ ਗਏ। ਸ਼ੁਰੂ ਵਿੱਚ ਇਸ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 333, 103, 109 ਅਤੇ 3(5) ਅਤੇ ਅਸਲਾ ਕਾਨੂੰਨ ਦੀਆਂ ਧਾਰਾਵਾਂ 25, 27, 54 ਅਤੇ 59 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਜਾਂਚ 'ਚ ਸਾਹਮਣੇ ਆਇਆ ਕਿ ਇਹ ਕਤਲ ਕਥਿਤ ਤੌਰ 'ਤੇ ਇਕ ਅਪਰਾਧਿਕ ਸਾਜ਼ਿਸ਼ ਦਾ ਨਤੀਜਾ ਸੀ, ਜਿਸ ਵਿੱਚ ਗੁਰਲਾਲ ਸਿੰਘ ਉਰਫ਼ ਗੋਲੂ (ਜ਼ਿਲ੍ਹਾ ਗੁਰਦਾਸਪੁਰ), ਗੁਰਦੇਵ ਸਿੰਘ ਉਰਫ਼ ਜੱਸਲ (ਜ਼ਿਲ੍ਹਾ ਤਰਨਤਾਰਨ) ਅਤੇ ਚਰਨਜੀਤ ਸਿੰਘ ਉਰਫ਼ ਚੰਨੀ (ਮਿਆਣੀ ਪਿੰਡ) ਸ਼ਾਮਲ ਸਨ। ਇਹ ਤਿੰਨੇ ਘਟਨਾ ਸਮੇਂ ਵਿਦੇਸ਼ ਵਿੱਚ ਰਹਿ ਰਹੇ ਸਨ ਅਤੇ ਅਜੇ ਵੀ ਵਿਦੇਸ਼ ਵਿੱਚ ਹਨ।

ਇਹ ਵੀ ਪੜ੍ਹੋ:  PM ਮੋਦੀ ਦੀ ਜਲੰਧਰ ਫੇਰੀ: ਦੋਆਬਾ ਬਣਿਆ ਭਾਜਪਾ ਲਈ 'ਲਾਂਚਿੰਗ ਪੈਡ', ਪੂਰੇ ਪੰਜਾਬ 'ਤੇ ਫੌਕਸ

ਪੁਲਸ ਦਾ ਦੋਸ਼ ਹੈ ਕਿ ਚਰਨਜੀਤ ਸਿੰਘ, ਜੋ ਮ੍ਰਿਤਕ ਦਾ ਰਿਸ਼ਤੇਦਾਰ ਸੀ, ਨੇ ਆਪਣੀ ਧੀ ਅਤੇ ਬਲਵਿੰਦਰ ਸਿੰਘ ਦੇ ਪੁੱਤਰ ਦੇ ਤਲਾਕ ਤੋਂ ਬਾਅਦ ਪੈਦਾ ਹੋਏ ਪਰਿਵਾਰਕ ਵਿਵਾਦ ਕਾਰਨ ਇਸ ਕਤਲ ਦੀ ਸਾਜ਼ਿਸ਼ ਰਚੀ। ਉਸ ਨੇ ਗੁਰਲਾਲ ਸਿੰਘ ਰਾਹੀਂ ਸ਼ੂਟਰਾਂ ਦਾ ਪ੍ਰਬੰਧ ਕਰਵਾਇਆ। ਤਿੰਨੇ ਕਥਿਤ ਸ਼ੂਟਰ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਜੇਲ੍ਹ ਵਿੱਚ ਬੰਦ ਹਨ।

ਪੰਜਾਬ ਪੁਲਸ ਨੇ 8 ਜੁਲਾਈ ਨੂੰ ਨਾਗਰਾ ਨੂੰ ਟਾਂਡਾ ਥਾਣੇ ਤੋਂ ਹਟਾ ਕੇ ਪੁਲਿ ਲਾਈਨਜ਼ ਭੇਜ ਦਿੱਤਾ ਸੀ ਅਤੇ ਅਮਰੀਕੀ ਫੈਡਰਲ ਇਲਜ਼ਾਮਨਾਮੇ 'ਚ ਆਏ ਦੋਸ਼ਾਂ ਦੇ ਮੱਦੇਨਜ਼ਰ ਜਾਂਚ ਦੇ ਹੁਕਮ ਦਿੱਤੇ ਸਨ। ਬਾਅਦ ਵਿੱਚ ਸਬੂਤ ਮਿਲਣ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 7 ਜੁਲਾਈ ਨੂੰ ਲਾਂਸ ਏਂਜਲਸ 'ਚ ਜਨਤਕ ਕੀਤੇ ਗਏ ਅਮਰੀਕੀ ਫੈਡਰਲ ਇਲਜ਼ਾਮਨਾਮੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਭਾਰਤ ਦੀ ਜੇਲ੍ਹ ਤੋਂ ਆਪਣੇ ਗਿਰੋਹ ਦਾ ਸੰਚਾਲਨ ਕਰ ਰਿਹਾ ਸੀ। ਇਸ 'ਚ ਇਹ ਵੀ ਦੋਸ਼ ਲਗਾਇਆ ਗਿਆ ਕਿ ਪੰਜਾਬ ਪੁਲਸ ਦੇ ਅਧਿਕਾਰੀ ਵਜੋਂ ਦਰਸਾਏ ਗਏ ਗੁਰਿੰਦਰਜੀਤ ਸਿੰਘ ਨੇ ਅਮਰੀਕਾ ਵਿੱਚ ਰਹਿੰਦੇ ਇੱਕ ਪਰਿਵਾਰ ਨੂੰ ਭਾਰਤ 'ਚ ਝੂਠੇ ਕਤਲ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਤੋਂ 4 ਲੱਖ ਅਮਰੀਕੀ ਡਾਲਰ (USD 400,000) ਦੀ ਉਗਰਾਹੀ ਕੀਤੀ।

ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ ਦੇ 15 PPS ਅਧਿਕਾਰੀਆਂ ਨੂੰ ਦਿੱਤੀ ਗਈ ਤਰੱਕੀ, ਲਿਸਟ 'ਚ ਵੇਖੋ ਨਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News