ਮਾਂ ਦੀ ਮਮਤਾ
Friday, May 17, 2019 - 10:53 AM (IST)

ਸਾਡਾ ਬੇਟਾ ਕੰਧ ਉੱਪਰ ਲਕੀਰਾਂ ਮਾਰੀ ਜਾ ਰਿਹਾ ਸੀ ਕਿ ਅਚਾਨਕ ਮੈਂ ਦੇਖ ਲਿਆ ਤੇ ਮੈਂ ਗੁੱਸੇ ਵਿੱਚ ਆ ਕੇ ਬੋਲਿਆ ,“ਹੱਟਦਾ ਨਹੀਂ ਤੂੰ ਥੱਪੜ ਖਾਣੇ ਆ, ਹਰ ਟਾਈਮ ਸ਼ਰਾਰਤਾਂ ਕਿਸੇ ਟਾਈਮ ਟਿਕ ਵੀ ਜਾਇਆ ਕਰ ਤੂੰ , ਹਰ ਟਾਈਮ ਮਸਤੀ ਹੀ ਮਸਤੀ ਬੱਸ “। ਮੈਂ ਅਜੇ ਉਸ ਨੂੰ ਘੂਰ ਹੀ ਰਿਹਾ ਸੀ ਕਿ ਅਚਾਨਕ ਉਸ ਦੀ ਮਾਂ ਕਿਚਨ ਚੋਂ ਭੱਜੀ ਭੱਜੀ ਆਈ ਤੇ ਕਹਿਣ ਲੱਗੀ,“ ਦੱਸ ਕੀ ਲੋਹੜਾ ਲਿਆਂਦਾ ਕੰਧ ਟੁੱਟ ਤਾਂ ਨਹੀਂ ਚੱਲੀ, ਤੁਸੀਂ ਆਪ ਪਤਾ ਨਹੀਂ ਕੀ ਕੀ ਕੁਝ ਕੀਤਾ ਹੋਣਾ, ਬੱਚੇ ਦਾ ਚਿੜੀ ਜਿੱਡਾ ਦਿਲ ਹੁੰਦਾ, ਬੱਚੇ ਦੇ ਦਿਲ ਤੇ ਅਸਰ ਰਹਿੰਦਾ ਸਾਰੀ ਉਮਰ ਕਈ ਵਾਰ “। ਉਹ ਪਤਾ ਨਹੀਂ ਅਜੇ ਵੀ ਕੀ ਕੀ ਬੋਲੀ ਜਾ ਰਹੀ ਸੀ ਕਿ ਮੈਂ ਉਸ ਨੂੰ ਟੋਕਦੇ ਹੋਏ ਕਿਹਾ ,“ਕੋਈ ਨਾ ਜੀ ਗਲਤੀ ਨਾਲ ਕਿਹਾ ਹੋ ਗਿਆ ਅੱਗੇ ਤੋਂ ਮੈਂ ਪੂਰਾ ਧਿਆਨ ਰਖੂੰਗਾ। ਦੀਪੀ ਕਹਿਣ ਲੱਗੀ,“ਕੋਈ ਨਾ ਜੀ, ਐਵੇਂ ਨਾ ਘੂਰਿਆ ਕਰੋ ਜਵਾਕ ਨੂੰ, ਜੁਆਕ ਤੇ ਅਸਰ ਹੁੰਦਾ ਧਿਆਨ ਰੱਖਿਆ ਕਰੋ “। ਦੀਪੀ ਅਜੇ ਵੀ ਬੁੜਬੁੜ ਕਰੀ ਜਾ ਰਹੀ ਸੀ ਕਿ ਮੈਂ ਉਸ ਨੂੰ ਕਿਹਾ,“ ਬੱਸ ਕਰੋ ਜੀ! ਹੁਣ ਮਾਫ਼ ਵੀ ਕਰਦੋ, ਕੋਈ ਨਾ ਮੈਂ ਨਹੀਂ ਅੱਗੇ ਤੋਂ
ਕੁਝ ਕਹਿਣਾ ਚਾਹੇ ਸਿਰ 'ਚ ਗਲੀਆਂ ਕਰ ਦੇਵੇ “। ਇਹ ਸੁਣ ਕੇ ਦੀਪੀ ਕੁਝ ਠੰਡੀ ਹੋ ਗਈ ਕਹਿਣ ਲੱਗੀ,“ ਕੋਈ ਨਾ ਜੀ ਹੈ ਘੂਰਿਆ ਨਾ ਕਰੋ ਜਵਾਕ ਨੂੰ, ਧਿਆਨ ਰੱਖਿਆ ਕਰੋ। ਜਵਾਕ ਦੇ ਮਨ ਤੇ ਅਸਰ ਨਾ ਕਰ ਜਾਵੇ ਆਪਣੀ ਘੂਰ ਕਿਤੇ “ਮੈਂ ਕਿਹਾ ਠੀਕ ਹੈ ਜੀ ਅੱਗੇ ਤੋਂ ਮੈਂ ਨਹੀਂ ਘੂਰਨਾ, ਚੱਲੋ ਹੁਣ ਤੁਸੀਂ ਆਪਣਾ ਕੰਮ ਕਰੋ ।ਦੀਪੀ ਸਾਨੂੰ ਸਾਡੇ ਬੇਟੇ ਨੂੰ ਕਹਿਣ ਲੱਗੀ,“ ਚੱਲ ਪੁੱਤ ਆਪਾਂ ਅੰਦਰ ਚੱਲੀਏ, ਤੈਨੂੰ ਟੁਆਇਜ਼ ਦੇਵਾਂ ਮੈਂ ਬਹੁਤ ਸਾਰੇ ਪਾਪਾ ਤਾਂ ਐਵੇਂ ਘੂਰਦੇ ਰਹਿੰਦੇ ਆ ਇਨ੍ਹਾਂ ਨੂੰ ਕੀ ਪਤਾ “।ਦੀਪੀ ਅਗਮ ਨੂੰ ਲੈ ਕੇ ਅੰਦਰ ਚਲੀ ਗਈ । ਦੀਪੀ ਐਵੇਂ ਹੀ ਲੈਕਚਰ ਦਿੰਦੀ ਸੀ ਜਦੋਂ ਕੋਈ ਸਾਡੇ ਬੱਚੇ ਨੂੰ ਘੂਰਦਾ ਸੀ। ਸ਼ਾਇਦ ਇਹ ਮਾਂ ਦੀ ਮਮਤਾ ਸੀ ਉਹ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ।ਉਹ ਕਿਸੇ ਨੂੰ ਵੀ ਅਗਮ ਨੂੰ ਕੁਝ ਵੀ ਕਹਿਣ ਨਹੀਂ ਦਿੰਦੀ । ਐਵੇਂ ਹੀ ਕਈ ਦਿਨ ਲੰਘ ਗਏ ਅੱਜ ਮੈਂ ਦਫ਼ਤਰ ਤੋਂ ਜਲਦੀ ਘਰ ਆ ਗਿਆ ਆ ਕੇ ਮੈਂ ਆਪਣੀ ਵਾਈਫ਼ ਤੇ ਆਪਣੇ ਬੇਟੇ ਨੂੰ ਇੱਧਰ ਉਧਰ ਦੇਖਦਾ ਕਿਚਨ ਵੱਲ ਨੂੰ ਚਲਾ ਗਿਆ ਦੇਖਿਆ ਕਿ ਦੀਪੀ ਅਗਮ ਨੂੰ ਘੂਰਦੇ ਹੋਏ ਕਹਿ ਰਹੀ ਸੀ ,“ਲੈ ਤੂੰ ਕਿੰਨਾ ਸ਼ਰਾਰਤੀ ਹੋ ਗਿਆ, ਕਿੰਨਾ ਦੁਖੀ ਕਰਦਾ, ਕੋਈ ਨਾ ਪਾਪਾ ਨੂੰ ਆਉਣ ਦੀ ਹੀ ਮੈਂ ਕਰਦੀ ਆ ਕੰਪਲੇਂਟ ਤੇਰੀ ਉਹ ਕੰਨ ਖਿੱਚਣਗੇ ਤੇਰੇ ਥੱਪੜ ਪੈਣ ਵਾਲੇ ਆ, ਤੈਨੂੰ ਮੈਂ ਹੀ ਸਿਰ ਤੇ ਚੜ੍ਹਾਇਆ ਹੁਣ ਮੈਂ ਹੀ ਠੀਕ ਕਰੂ ਤੈਨੂੰ “। ਮੈਂ ਜਾ ਕੇ ਕਿਹਾ,“ ਦੀਪੀ ! ਕਿਉਂ ਘੂਰਦੀ ਆ ਮੁੰਡੇ ਨੂੰ ਨਿੱਕਾ ਜਾਂ ਦਿਲ ਆ ਮੁੰਡੇ ਦਾ, ਐਵੇਂ ਸਾਰੀ ਉਮਰ ਅਸਰ ਰਹੂ ਬੱਚੇ ਤੇ , ਬੱਚੇ ਦਾ ਧਿਆਨ ਰੱਖਿਆ ਕਰ, ਐਵੇਂ ਨਾ ਘੂਰਿਆ ਕਰ ਤੈਨੂੰ ਪਤਾ ਹੋਣਾ ਚਾਹੀਦਾ “।ਮੈਂ ਉਸ ਨੂੰ ਉਸੇ ਦੀ ਬੋਲੀ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ। ਦੀਪੀ ਮੇਰੇ ਵੱਲ ਗੁੱਸੇ ਗੁੱਸੇ ਨਾਲ ਦੇਖਦੀ ਹੋਈ ਬੋਲੀ ,“ਅੱਛਾ! ਆਏ ਵੱਡੇ ਮਨੋਵਿਗਿਆਨੀ, ਮੈਂ ਕਦੇ ਘੂਰਿਆ ਏਹਨੂੰ ਐਵੇ ਕਦੇ ਕਦਾਈਂ ਤਾਂ ਕੁੱਝ ਕਹਿਣਾ ਹੀ ਪੈਂਦਾ, ਨਾਲੇ ਤੁਸੀਂ ਘੂਰਦੇ ਰਹਿੰਦੇ ਓ ਬੱਚੇ ਨੂੰ,ਤਾਂਹੀਂ ਤਾਂ ਇਹ ਢੀਠ ਹੋ ਗਿਆ “। ਮੈਂ ਕਿਹਾ,“ ਹੁਣ ਫਿਰ ਤੂੰ ਕਿਉਂ
ਘੂਰ ਰਹੀ ਆਂ ਮੁੰਡੇ ਨੂੰ “।ਦੀਪੀ ਬੋਲੀ, “ ਥੋਨੂੰ ਕੀ ਪਤਾ ਹੈ,ਇਹ ਮਾਂ ਦਾ ਪਿਆਰਾ ਥੋਨੂੰ ਕਦੇ ਸਮਝ ਨਹੀਂ ਆਉਣੀ“। ਮੈਂ ਹੈਰਾਨ ਪ੍ਰੇਸ਼ਾਨ ਇਹ ਸੋਚ ਰਿਹਾ ਸੀ ਵੀ
ਜੇ ਮਾਂ ਦਾ ਪਿਆਰ ਪਿਆਰ ਆ,ਤਾਂ ਪਿਓ ਦਾ ਪਿਆਰ ਪਿਆਰ ਨਹੀਂ ਹੁੰਦਾ । ਇਹ ਸੋਚਦਾ ਮੈਂ ਆਪਣੇ ਬੇਟੇ ਨੂੰ ਲੈ ਕੇ ਬਾਹਰ ਖੇਡਣ ਚਲਾ ਗਿਆ ਸ਼ਾਇਦ ਮਾਂ ਦੀ ਮਮਤਾ ਮਾਂ ਦੀ ਮਮਤਾ ਹੀ ਹੁੰਦੀ ਆ, ਆਪ ਚਾਹੇ ਥੱਪੜ ਮਾਰ ਲਵੇ' ਪਰ ਦੂਜੇ ਨੂੰ ਨਾਮ ਵੀ ਨਹੀਂ ਲੈਣ ਦਿੰਦੀ ਮਾਂ ਦਾ ਪਿਆਰ ਰੱਬ ਦੀ ਵੱਡੀ ਦੇਣ ਹੈ ।