ਸੱਭਿਆਚਾਰ ਇਕ ਪਿੰਜਰਾ ਤੇ ਮਨੁੱਖ ‘ਮਿੱਠੂ ਰਾਮ’

03/21/2019 6:54:30 PM

ਸੱਭਿਆਚਾਰ ਕਿਸੇ ਵੱਡੇ ਪਿੰਜਰੇ ਵਾਂਗ ਹੁੰਦਾ ਹੈ ਅਤੇ ਮਨੁੱਖ ਇਸ ਪਿੰਜਰੇ ਵਿਚ ਹੀ ਜੰਮੇ-ਪਲ਼ੇ ਕਿਸੇ ਤੋਤੇ ਵਾਂਗ । ਇਸ ਪਿੰਜਰੇ ਵਿਚ ਅਤੇ ਇਸ ਦੇ ਆਲੇ-ਦੁਆਲੇ ਜਿਹੋ ਜਿਹਾ ਮਾਹੌਲ ਹੁੰਦਾ ਹੈ, ਤੋਤਾ (ਮਿੱਠੂ ਰਾਮ) ਉਹੋ ਜਿਹੀਆਂ ਪਾੜਤਾਂ ਪੜ੍ਹ ਜਾਂਦਾ ਹੈ। ਨਿੱਕੇ ਹੁੰਦਿਆਂ ਇਹ ਤੋਤਾ ਜੋ ਪੜ੍ਹਾਈ ਪੜ੍ਹਦਾ ਹੈ, ਵੱਡੇ ਹੋ ਕੇ ਉਹੀ ਪੜ੍ਹਾਈ ਆਪਣੇ ਤੋਂ ਨਿੱਕੇ ਤੋਤਿਆਂ ਨੂੰ ਪੜ੍ਹਾਉਣ ਲੱਗ ਜਾਂਦਾ ਹੈ। ਰਾਮ-ਰਾਮ, ਅੱਲਾ-ਅੱਲਾ, ਵਾਹਿਗੁਰੂ-ਵਾਹਿਗੁਰੂ, ਰਹਿਣ-ਸਹਿਣ ਅਤੇ ਜੀਵਨ ਨਾਲ ਜੁੜੀਆਂ ਹੋਰ ਸਭ ਪਾੜਤਾਂ ਮਿੱਠੂ ਰਾਮ ਨੇ ਪਿੰਜਰੇ 'ਚ ਰਹਿੰਦਿਆਂ ਸਿੱਖੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਪਿੰਜਰੇ 'ਚ ਲਗਾਤਾਰ ਰਹਿੰਦਿਆਂ ਮਿੱਠੂ ਰਾਮ ਖੁਦ ਨੂੰ 'ਪੰਜਾਬੀ' 'ਹਿੰਦੀ' 'ਬੰਗਾਲੀ' 'ਗੁਜਰਾਤੀ' 'ਮਰਾਠੀ' ਆਦਿ ਵੀ ਸਮਝਣ ਲੱਗ ਜਾਂਦਾ ਹੈ, ਜੋ ਸੁਭਾਵਿਕ ਪ੍ਰਕਿਰਿਆ ਹੈ। ਉਹ ਪੰਜਾਬੀ, ਬੰਗਾਲੀ ਆਦਿ ਹੋਰ ਪਿੰਜਰਈ ਖਿੱਤੇ ਦੇ ਮਾਣ ਅਤੇ ਆਕੜ ਵਰਗੇ ਸੰਕਲਪ ਵੀ ਇੱਥੇ ਰਹਿੰਦਿਆਂ ਹੀ ਸਿੱਖਦਾ ਹੈ। ਇਸ ਮਾਣ ਵਿਚ ਫੁੱਲੇ ਰਹਿਣਾ ਅਤੇ ਧਰਤੀ ਤੋਂ ਗਿੱਠ-ਗਿੱਠ ਉਚੇ ਹੋ-ਹੋ ਤੁਰਨਾ ਵੀ ਇਸੇ ਸੱਭਿਆਚਾਰਕ ਪਿੰਜਰੇ ਦੀ ਹੀ ਸਿਖਾਵਟ ਹੁੰਦੀ ਹੈ | 


ਇਸ ਪਿੰਜਰੇ 'ਚ ਰਹਿੰਦਿਆਂ ਹੀ ਉਹ ਪੁਰਾਣੇ ਪੜ੍ਹੇ ਤੋਤਿਆਂ ਦੁਆਰਾ ਪੜ੍ਹਾਏ ਗਏ, ਸਹੀ-ਗਲਤ, ਸੱਚ-ਝੂਠ, ਗੈਰਤ-ਬਗੈਰਤ ਅਤੇ ਊਚ-ਨੀਚ ਆਦਿ ਵਰਗੇ ਅਨੇਕਾਂ ਸੰਕਲਪ ਸਿੱਖਦਾ ਹੈ। ਇਹਨਾਂ ਸਿੱਖੇ ਹੋਏ ਸੰਕਲਪਾਂ 'ਤੇ ਮਿੱਠੂ ਰਾਮ ਤਾਉਮਰ ਡਟ ਕੇ ਪਹਿਰਾ ਦਿੰਦਾ ਹੈ। ਇਹਨਾਂ ਸੰਕਲਪਾਂ ਦੀ ਖਾਤਰ ਉਹ ਕਈ ਵਾਰ ਉਹ ਆਪਣੀ ਜਾਨ ਤਕ ਵੀ ਵਾਰ ਦਿੰਦਾ ਹੈ। ਇੱਥੇ ਬੱਸ ਨਹੀਂ ਇਨ੍ਹਾਂ ਸੰਕਲਪਾਂ ਦਾ ਮੁਰੀਦ ਹੋਇਆ ਮਿੱਠੂ ਰਾਮ ਇਸ ਸੰਕਲਪਾਂ ਨੂੰ ਤੋੜਨ ਵਾਲਿਆਂ ਦੀਆਂ ਜਾਨਾਂ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦਾ ।
ਮਿੱਠੂ ਰਾਮ ਇਸ ਪਿੰਜਰੇ 'ਚ ਰਹਿੰਦਿਆਂ-ਰਹਿੰਦਿਆਂ ਪਿੰਜਰੇ ਦਾ ਏਨਾ ਆਦੀ ਹੋ ਜਾਂਦਾ ਹੈ ਕਿ ਉਹ ਕਦੇ ਪਿੰਜਰੇ ਤੋਂ ਬਾਹਰ ਜਾਣ ਦੀ ਸੋਚਦਾ ਤਕ ਨਹੀਂ। ਦੂਜਾ ਪਾਸੇ ਇਹ ਪਿੰਜਰਾ ਏਨਾ ਮਜਬੂਤ ਹੁੰਦਾ ਹੈ ਕਿ ਮਿੱਠੂ ਰਾਮ ਦੀ ਕੀ ਮਜਾਲ ਕਿ ਇਸ ਨੂੰ ਤੋੜ ਦੇਵੇ ਜਾਂ ਫਿਰ ਕਿਸੇ ਖੁੱਲ੍ਹੀ-ਟੁੱਟੀ ਸਲਾਖ ਚੋਂ ਬਾਹਰ ਨਿਕਲਣ ਦੀ ਹਿਮਾਕਤ ਕਰੇ। ਜੇਕਰ ਕਦੇ ਕੋਈ ਅਜਿਹੀ ਹਿਮਾਕਤ ਕਰ ਵੀ ਬੈਠਦਾ ਹੈ, ਭਾਵ ਬਾਗੀ ਹੋ ਜਾਂਦਾ ਹੈ ਤਾਂ ਦੂਸਰੇ ਪਿੰਜਰਿਆਂ 'ਚ ਵੀ ਉਸ ਨੂੰ ਪਰਵਾਨ ਨਹੀਂ ਕੀਤਾ ਜਾਂਦਾ। ਬਾਗੀ ਮਿੱਠੂ ਰਾਮ ਚਾਰ ਦਿਨ ਖੁੱਲ੍ਹੇ ਅਸਮਾਨ ਦੀਆਂ ਉਡਾਰੀਆਂ ਮਾਰ, ਕਦੇ ਇਸ ਆਕਾਸ਼ ਤੇ ਕਦੇ ਉਸ ਪਤਾਲ ਨੂੰ ਗਾਹ ਕੇ ਕਈ ਵਾਰ ਆਪ ਹੀ ਥੱਕ ਹਾਰ ਕੇ ਮੁੜ ਪਿੰਜਰੇ 'ਚ ਆ ਜਾਂਦਾ । ਜੋ ਨਹੀਂ ਮੁੜਦਾ ਉਸ ਦਾ ਗਾਹੇ-ਬਗਾਹੇ ਟੈਂ-ਟੈਂ ਕਰਦਿਆਂ ਪੱਠੀਆਂ-ਸਿੱਧੀਆਂ ਲੋਟਣੀਆਂ ਮਾਰਦਿਆਂ ਦਾ ਰਾਮ ਨਾਮ ਸਤਿ ਬੋਲ ਜਾਂਦਾ ਹੈ।

ਜਸਬੀਰ ਵਾਟਾਂ ਵਾਲੀ

PunjabKesari


Aarti dhillon

Content Editor

Related News