ਮਨ ਦਾ ਪਛਤਾਵਾ
Thursday, Aug 09, 2018 - 05:49 PM (IST)

ਇਕ ਵਾਰ ਤਾਇਆ ਬਚਨ ਸਿਓਂ ਦੇ ਰੀੜ ਦੀ ਹੱਡੀ ਵਿਚ ਕੁਝ ਦਰਦ ਜਿਹਾ ਰਹਿੰਦਾ ਸੀ। ਕਿਸੇ ਨੇ ਉਸਨੂੰ ਲੱਕ ਤੇ ਬੈਲਟ ਲਗਾਉਣ ਅਤੇ ਦੂਰ ਦੇ ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣ ਦੀ ਸਲਾਹ ਦਿੱਤੀ। ਗੁਰਪ੍ਰੀਤ ਨੇ ਇਕ ਦਿਨ ਦਫਤਰੋਂ ਛੁੱਟੀ ਕਰ, ਤਾਏ ਨੂੰ ਉਸ ਸ਼ਹਿਰ ਡਾਕਟਰ ਨੂੰ ਦਿਖਾਉਣ ਦਾ ਫੈਸਲਾ ਕੀਤਾ ਅਤੇ ਬਚਨ ਸਿਓਂ ਨੂੰ ਆਪਣੀ ਕਾਰ ਵਿਚ ਬਿਠਾ, ਰੇਲਵੇ ਸਟੇਸ਼ਨ ਤੇ ਪਹੁੰਚ ਗਿਆ।
ਕਮਰ ਦੇ ਦਰਦ ਦੌਰਾਨ ਤਾਇਆ ਹੌਲੀ-ਹੌਲੀ ਚਲਦਾ ਸੀ ਤਾਂ ਪਲੇਟ ਫਾਰਮ ਤੇ ਲੱਗੇ ਬੈਂਚ ਤੇ ਤਾਏ ਨੂੰ ਬਿਠਾਉਣ ਦੀ ਸੋਚ, ਗੁਰਪ੍ਰੀਤ ਨੇ ਬੈਂਚ 'ਤੇ ਪਹਿਲਾਂ ਹੀ ਬੈਠੇ ਇਕ ਵਿਅਕਤੀ ਨੂੰ ਤਾਏ ਲਈ ਜਗ੍ਹਾ ਦੇਣ ਲਈ ਕਿਹਾ ਪਰ ਉਹ ਵਿਅਕਤੀ ਟੱਸ ਤੋਂ ਮੱਸ ਨਾ ਹੋਇਆ, ਸਗੋਂ ਕੌੜਾ-ਕੌੜਾ ਜਿਹਾ ਦੇਖਣ ਲੱਗਿਆ। ਗੁਰਪ੍ਰੀਤ ਨੇ ਮਨ ਵਿਚ ਗੁੱਸਾ ਕੀਤਾ ਪਰ ਚੁੱਪ ਕਰ ਰਿਹਾ ਅਤੇ ਤਾਏ ਨੂੰ ਨਾਲ ਦੇ ਬੈਂਚ ਪਰ ਬਿਠਾ ਦਿੱਤਾ।
ਥੋੜ੍ਹੀ ਦੇਰ ਬਾਅਦ ਉਹ ਵਿਅਕਤੀ “ਉੱਠਿਆ ਅਤੇ ਚੱਲਣ ਲੱਗਾ ਤਾਂ ਗੁਰਪ੍ਰੀਤ ਦੇਖ ਕੇ ਹੈਰਾਨ ਹੋਇਆ ਕਿ ਉਹ ਵਿਅਕਤੀ ਤਾਂ ਇਕ ਲੱਤ ਤੋਂ ਅਪਾਹਜ ਸੀ ਅਤੇ ਮੁਸ਼ਕਲ ਨਾਲ ਲੰਗੜਾ ਰਿਹਾ ਸੀ। ਉਸ ਦਾ ਸਾਰਾ ਗੁੱਸਾ ਠੰਢਾ ਪੈ ਗਿਆ ਅਤੇ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗਾ ਕਿ ਮੈਂ ਖਾਹਮ-ਖਾਹ ਹੀ ਉਸ ਮਜ਼ਬੂਰ ਵਿਅਕਤੀ ਤੇ ਗੁੱਸਾ ਕੀਤਾ। ਹੁਣ ਗ੍ਰਰਪ੍ਰੀਤ ਆਪਣੀ ਕਰਨੀ ਤੇ ਮਨ ਹੀ ਮਨ ਪਛਤਾਅ ਰਿਹਾ ਸੀ।
ਬਹਾਦਰ ਸਿੰਘ ਗੋਸਲ
ਮੋਬਾ : 9876452223