ਪੀ.ਏ.ਯੂ. ਵਿਚ ਕਰਵਾਈ ਗਈ ਝੋਨੇ ਦੀ ਰਹਿੰਦ-ਖੂੰਹਦ ਦੀ ਸੰਭਾਲ ਸੰਬੰਧੀ ਵਰਕਸ਼ਾਪ

Friday, Sep 07, 2018 - 01:08 PM (IST)

ਝੋਨੇ ਦੀ ਪਰਾਲੀ ਦੇ ਸੜਨ ਨਾਲ ਆਲਮੀ ਤਪਸ਼ ਅਤੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ। ਸਰਕਾਰ ਇਸ  ਮੁੱਦੇ ਤੇ ਬੇਹੱਦ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਰੇਨਫੈਡ ਏਰੀਆ ਅਥਾਰਟੀ ਦੇ ਸਾਬਕਾ ਮੁੱਖ ਅਧਿਕਾਰੀ ਅਤੇ ਨੀਤੀ ਆਯੋਗ ਭਾਰਤ ਸਰਕਾਰ ਦੇ ਅਧਿਕਾਰੀ ਡਾ. ਜੇ. ਐੱਸ. ਸਮਰਾ ਨੇ ਕੀਤਾ। ਉਹ ਅੱਜ ਪੀ.ਏ.ਯੂ. ਵਿਖੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਬਾਰੇ ਅਗਾਊਂ ਤਿਆਰੀ ਸੰਬੰਧੀ ਵਰਕਸ਼ਾਪ ਵਿਚ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਸਨ। ਉਨ੍ਹਾਂ ਨੇ, 'ਬਾਇਓ ਸੀਐਨਜੀ (ਮੀਥੇਨ), ਖੇਤੀ ਦੀ ਰਹਿੰਦ-ਖੂੰਹਦ ਤੋਂ ਆਮਦਨ ਅਤੇ ਰੁਜ਼ਗਾਰ ਦੀ ਸੰਭਾਵਨਾ' ਵਿਸ਼ੇ ਤੇ ਆਪਣਾ ਭਾਸ਼ਨ ਦਿੱਤਾ। ਇਹ ਭਾਸ਼ਣ ਰਾਸ਼ਟਰੀ ਖੇਤੀ ਵਿਗਿਆਨ ਅਕਾਦਮੀ (ਨਾਸ) ਦੀ ਪੀ.ਏ.ਯੂ. ਇਕਾਈ ਵੱਲੋਂ ਕਰਵਾਇਆ ਗਿਆ ਜਿਸ ਵਿਚ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ।

ਡਾ. ਸਮਰਾ ਨੇ ਝੋਨੇ ਦੀ ਪਰਾਲੀ ਤੋਂ ਬਾਇਓ ਸੀ.ਐੱਨ.ਜੀ. ਦੇ ਉਤਪਾਦਨ ਦੀ ਗੱਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸੇ ਸੀ.ਐੱਨ.ਜੀ. ਗੈਸ ਨਾਲ ਵਾਹਨ ਵੀ ਚਲਾਏ ਜਾਣਗੇ। ਭਾਰਤ ਸਰਕਾਰ ਨੇ 2018-19 ਦੇ ਬੱਜਟ ਵਿਚ ਬਾਇਓ ਸੀ.ਐੱਨ.ਜੀ. ਦੇ ਬੁਨਿਆਦੀ ਢਾਂਚੇ ਦੇ ਵਪਾਰੀਕਰਨ ਲਈ 7000 ਕਰੋੜ ਰੁਪਏ ਰੱਖੇ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪੰਜਾਬ ਸਰਕਾਰ ਨਾਲ 400 ਤੋਂ ਵਧੇਰੇ ਝੋਨੇ ਦੀ ਪਰਾਲੀ ਤੋਂ ਬਾਇਓ ਸੀ.ਐੱਨ.ਜੀ. ਉਤਪਾਦਕ ਇਕਾਈਆਂ ਰਾਜ ਵਿਚ ਲਾਉਣ ਲਈ ਸੰਧੀ ਕੀਤੀ ਹੈ । ਉਨ੍ਹਾਂ ਨੇ ਖੇਤੀ ਰਹਿੰਦ-ਖੂੰਹਦ ਦੇ ਇਸ ਪੱਖ ਨੂੰ ਵੀ ਆਉਣ ਵਾਲੇ ਸਮੇਂ ਵਿਚ ਆਮਦਨ ਦਾ ਸਾਧਨ ਬਣਨ ਦੀ ਸੰਭਾਵਨਾ ਜ਼ਾਹਿਰ ਕੀਤੀ । 

ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ 'ਝੋਨੇ ਦੀ ਪਰਾਲੀ ਦਾ ਪ੍ਰਬੰਧਨ:ਚੁਣੌਤੀਆਂ, ਹੱਲ ਅਤੇ ਤਜ਼ਰਬੇ' ਵਿਸ਼ੇ ਤੇ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 20 ਮਿਲੀਅਨ ਟਨ ਝੋਨੇ ਦੀ ਪਰਾਲੀ ਹਰ ਵਰ੍ਹੇ ਪੰਜਾਬ ਵਿਚ ਰਹਿੰਦ-ਖੂੰਹਦ ਦੇ ਰੂਪ ਵਿਚ ਪੈਦਾ ਹੁੰਦੀ ਹੈ। ਇਸ ਨੂੰ ਸਾੜਨ ਤੋਂ ਬਾਅਦ ਕੁਦਰਤੀ ਸਰੋਤਾਂ ਦਾ ਨੁਕਸਾਨ, ਸਿਹਤ ਸੰਬੰਧੀ ਸਮੱਸਿਆਵਾਂ ਅਤੇ ਸੜਕੀ ਦੁਰਘਟਨਾਵਾਂ ਵਰਗੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਨੇ ਇਸ ਦਾ ਸਭ ਤੋਂ ਵਧੀਆ ਤਰੀਕਾ ਮਿੱਟੀ ਵਿਚ ਮਿਲਾ ਦੇਣ ਦੀ ਤਕਨੀਕ ਦੇ ਰੂਪ ਵਿਚ ਸੁਝਾਇਆ ਅਤੇ ਪੀ.ਏ.ਯੂ. ਵਲੋਂ ਅਜਿਹੀ ਮਸ਼ੀਨਰੀ ਦਾ ਵੇਰਵਾ ਦਿੱਤਾ, ਜੋ ਪਰਾਲੀ ਨੂੰ ਖੇਤ ਵਿਚ ਅਤੇ ਖੇਤ ਤੋਂ ਬਾਹਰ ਸੰਭਾਲਣ ਵਿਚ ਸਹਾਈ ਹੁੰਦੀ ਹੈ ।
ਬੌਰਲਾਗ ਇੰਸਟੀਚਿਊਟ ਲੁਧਿਆਣਾ ਦੇ ਸੀਨੀਅਰ ਖੋਜ ਇੰਜਨੀਅਰ ਡਾ. ਐੱਚ.ਐੱਸ.ਸਿੱਧੂ ਨੇ ਪੀ.Â.ੇਯੂ. ਹੈਪੀ ਸੀਡਰ ਤਕਨੀਕ ਨੂੰ ਪਰਾਲੀ ਦੀ ਸੰਭਾਲ ਦੀ ਸਭ ਤੋਂ ਵਧੀਆ ਵਿਧੀ ਕਿਹਾ । ਇਸ ਮੌਕੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਡਾ. ਮੰਜੂ ਵਧਵਾ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਅਨਿਲ ਕੁਮਾਰ ਨੇ ਰਹਿੰਦ-ਖੂੰਹਦ ਦੀ ਸੰਭਾਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । 

ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਮਹਿਮਾਨ ਭਾਸ਼ਣ ਕਰਤਾ ਵਲੋਂ ਸੁਝਾਏ ਹੱਲ, ਵਿਗਿਆਨੀਆਂ ਅਤੇ ਮਾਹਿਰਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸ਼ਾ ਕਰਦਿਆਂ ਇਸ ਖੇਤਰ ਵਿਚ ਹੋਰ ਬਹੁਤ ਕੁਝ ਕਰਨ ਦੀ ਸੰਭਾਵਨਾ ਪ੍ਰਗਟਾਈ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਮੁੱਖ ਵਕਤਾ ਦਾ ਸਵਾਗਤ ਕੀਤਾ। ਡੀਨ ਖੇਤੀਬਾੜੀ ਕਾਲਜ ਡਾ. ਐੱਸ.ਐੱਸ. ਕੁੱਕਲ ਨੇ ਧੰਨਵਾਦ ਦੇ ਸ਼ਬਦ ਕਹੇ । ਇਸ ਮੌਕੇ ਹੋਰਨਾਂ ਤੋਂ ਬਿਨਾਂ ਡਾ. ਰਾਜਬੀਰ, ਡਾ. ਐੱਸ.ਕੇ. ਮੰਗਲ, ਡਾ. ਸਰਦਾਰਾ ਸਿੰਘ ਜੌਹਲ, ਡਾ. ਐੱਸ. ਆਰ. ਵਰਮਾਣੀ, ਸ੍ਰੀ ਆਰ.ਐਲ.ਯਾਦਵ, ਸ੍ਰੀ ਐੱਚ ਐੱਸ ਸਿੱਧੂ, ਡੀ. ਐੱਸ ਬਰਾੜ ਤੋਂ ਬਿਨਾਂ ਪੀ.ਏ.ਯੂ. ਦੇ ਰਜਿਸਟਰਾਰ, ਡੀਨ, ਡਾਇਰੈਕਟਰ ਅਤੇ ਪੀ.ਏ.ਯੂ. ਦੇ ਵਿਗਿਆਨੀ ਅਤੇ ਮਾਹਿਰ ਭਾਰੀ ਗਿਣਤੀ ਵਿਚ ਹਾਜ਼ਰ ਸਨ। ਸਮੁੱਚੇ ਸਮਾਗਮ ਦਾ ਸੰਚਾਲਨ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ.ਕੇ. ਛੁਨੇਜਾ ਨੇ ਕੀਤਾ ।
— ਜਗਦੀਸ਼ ਕੌਰ


Related News